ਜਲੰਧਰ, (ਗੁਰਪ੍ਰੀਤ)- ਨਗਰ ਨਿਗਮ ਜਲੰਧਰ ਪ੍ਰਸ਼ਾਸਨ ਦੀ ਕਥਿਤ ਲਾਪ੍ਰਵਾਹੀ ਤੇ ਬੇਧਿਆਨੀ ਕਾਰਨ ਮਾਡਲ ਹਾਊਸ ਨਾਲ ਲੱਗਦੇ ਇਲਾਕਿਆਂ ’ਚ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਗ੍ਰਹਿਣ ਲੱਗ ਗਿਆ ਹੈ। ਹਾਲਾਂਕਿ ਇਸ ਸਬੰਧੀ ਪਹਿਲਾਂ ਕਈ ਵਾਰ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਨਾਜਾਇਜ਼ ਰੇਹੜੀਆਂ ਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਦੇ ਮਤੇ ਵੀ ਪਾਸ ਕੀਤੇ ਜਾਂਦੇ ਰਹੇ ਹਨ ਪਰ ਅਜੇ ਤਾਈਂ ਇਹ ਸਮੱਸਿਆ ਬਰਕਰਾਰ ਹੈ।
ਕਈ ਥਾਵਾਂ ’ਤੇ ਤਾਂ ਦੁਕਾਨਦਾਰਾਂ ਨੇ ਆਪਣੀ ਸਹੂਲਤ ਲਈ ਫੁੱਟਪਾਥਾਂ ਸਮੇਤ ਨਾਲ ਲੱਗਦੀ ਸਰਕਾਰੀ ਜ਼ਮੀਨ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਸਥਾਨਕ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਨਾਜਾਇਜ਼ ਰੇਹੜੀਆਂ ਦੇ ਮੁੱਦੇ ’ਤੇ ਨਗਰ ਨਿਗਮ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵਿਆਪਕ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ ਤਾਂ ਜੋ ਸ਼ਹਿਰ ਵਾਸੀਆਂ ਦੇ ਪੱਲੇ ਪਈਆਂ ਦੁਸ਼ਵਾਰੀਆਂ ਨੂੰ ਸਮੇਟਿਆ ਜਾ ਸਕੇ।
ਸਥਾਨਕ ਲੋਕਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਦਾ ਦੌਰਾ ਕਰਨ ’ਤੇ ਪਤਾ ਲੱਗਦਾ ਹੈ ਕਿ ਚਾਰ-ਚੁਫੇਰੇ ਸ਼ਹਿਰ ਅੰਦਰ ਸੜਕਾਂ ਕਿਨਾਰੇ, ਫੁੱਟਪਾਥਾਂ ਤੇ ਪਾਰਕਿੰਗਾਂ ’ਚ ਨਾਜਾਇਜ਼ ਰੇਹੜੀਆਂ ਦੀ ਭਰਮਾਰ ਹੈ। ਸਮਾਜਿਕ ਕਾਰਜਕਰਤਾ ਪੰਕਜ ਧਵਨ ਨੇ ਕਿਹਾ ਕਿ ਫੁੱਟਪਾਥਾਂ ’ਤੇ ਚੱਲਦੀਆਂ ਗ਼ੈਰ-ਕਾਨੂੰਨੀ ਦੁਕਾਨਾਂ, ਸ਼ਹਿਰ ਦੇ ਹਰ ਚੌਕ-ਚੌਰਾਹੇ ’ਤੇ ਲੱਗਦੀਆਂ ਨਾਜਾਇਜ਼ ਤੇ ਬੇਤਰਤੀਬੀਆਂ ਰੇਹੜੀਆਂ, ਰੋਡ ਬਰਮ ਤੇ ਪਾਰਕਾਂ ’ਚ ਰਸੂਖਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਤੇ ਸ਼ੋਅਰੂਮਾਂ ਤੇ ਮਾਰਕੀਟਾਂ ਦੇ ਵਰਾਂਡਿਆਂ ’ਚ ਦੁਕਾਨਦਾਰਾਂ ਵੱਲੋਂ ਕਥਿਤ ਤੌਰ ’ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਲਈ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਗਰ ਨਿਗਮ ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕੀ। ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਦੌਰਾਨ ਸ਼ਹਿਰ ’ਚੋਂ ਫੁੱਟਪਾਥਾਂ ਤੇ ਹੋਰਾਂ ਥਾਵਾਂ ਤੋਂ ਨਾਜਾਇਜ਼ ਕਬਜ਼ੇ ਨਹੀਂ ਹਟਾਏ ਗਏ ਤਾਂ ਉਹ ਨਗਰ ਨਿਗਮ ਦੇ ਖ਼ਿਲਾਫ਼ ਜਨ-ਅੰਦੋਲਨ ਸ਼ੁਰੂ ਕਰਨਗੇ।
ਲੰਮਾ ਪਿੰਡ ਚੌਕ ਦੇ ਕੋਲ ਗੰਨ ਪੁਆਇੰਟ ’ਤੇ ਲੁੱਟੀ ਆਈ ਟਵੰਟੀ ਕਾਰ
NEXT STORY