ਜਲੰਧਰ (ਖੁਰਾਣਾ)- ਕੁਝ ਹਫ਼ਤੇ ਪਹਿਲਾਂ ‘ਜਗ ਬਾਣੀ’ ਨੇ ਕਾਲਾ ਸੰਘਿਆਂ ਰੋਡ ’ਤੇ ਘਟੀਆ ਢੰਗ ਨਾਲ ਲੱਗ ਰਹੀਆਂ ਇੰਟਰਲਾਕਿੰਗ ਟਾਈਲਾਂ ਦੇ ਸਕੈਂਡਲ ਦਾ ਪਰਦਾਫਾਸ਼ ਕੀਤਾ ਸੀ। ਹੁਸ਼ਿਆਰਪੁਰ ਦੇ ਇਕ ਠੇਕੇਦਾਰ ਕੋਲ ਇਥੇ 98 ਲੱਖ ਰੁਪਏ ਦਾ ਕੰਮ ਸੀ ਪਰ ਇਥੇ ਨਾ ਸਿਰਫ਼ ਬਹੁਤ ਲਾਪ੍ਰਵਾਹੀ ਨਾਲ ਟਾਈਲਾਂ ਲਾਈਆਂ ਜਾ ਰਹੀਆਂ ਸਨ, ਸਗੋਂ ਤਕ ਬੇਸ ਨਹੀਂ ਬਣਾਇਆ ਜਾ ਰਿਹਾ ਸੀ ਅਤੇ ਮਿੱਟੀ ਦੇ ਉੱਪਰ ਹੀ ਟਾਈਲਾਂ ਥੋਪੀਆਂ ਜਾ ਰਹੀਆਂ ਸਨ। ਮਾਮਲਾ ਅਖ਼ਬਾਰਾਂ ਵਿਚ ਉਛਲਣ ਤੋਂ ਬਾਅਦ ਨਿਗਮ ਅਧਿਕਾਰੀਆਂ ਨੂੰ ਕੰਮ ਦੀ ਜਾਂਚ ਕਰਨ ਦੀ ਯਾਦ ਆਈ ਅਤੇ ਫਿਰ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਸਾਈਟ ਦਾ ਦੌਰਾ ਕੀਤਾ ਅਤੇ ਘਟੀਆ ਢੰਗ ਨਾਲ ਕੀਤੇ ਜਾ ਰਹੇ ਕੰਮ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ। ਉਸ ਮਾਮਲੇ ਵਿਚ ਨਗਰ ਨਿਗਮ ਪ੍ਰਸ਼ਾਸਨ ਨੇ ਠੇਕੇਦਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਠੇਕੇਦਾਰ ਦੇ ਹੌਸਲੇ ਖੁੱਲ੍ਹਦੇ ਚਲੇ ਗਏ ਅਤੇ ਹੁਣ ਉਸੇ ਠੇਕੇਦਾਰ ਨੇ ਅਵਤਾਰ ਨਗਰ ਦੀ ਗਲੀ ਨੰਬਰ 9 ਵਿਚ ਵੀ ਘਟੀਆ ਸੜਕ ਬਣਾ ਦਿੱਤੀ ਹੈ।
ਸੜਕ ਇੰਨੀ ਘਟੀਆ ਬਣੀ ਹੈ ਕਿ ਲੋਕਾਂ ਦੇ ਵਿਰੋਧ ਅਤੇ ਕੌਂਸਲਰ ਦੀ ਟੋਕਾਟਾਕੀ ਕਾਰਨ ਹੁਣ ਉਸੇ ਠੇਕੇਦਾਰ ਨੇ ਮਹੀਨਾ ਪਹਿਲਾਂ ਖੁਦ ਵੱਲੋਂ ਬਣਾਈ ਗਈ ਸੜਕ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਨਵੀਂ ਬਣਾਈ ਗਈ ਸੜਕ ਦਾ ਲੈਵਲ ਠੀਕ ਨਹੀਂ ਸੀ ਜਾਂ ਸੜਕ ਵਿਚਾਲਿਓਂ ਧਸ ਗਈ ਸੀ, ਜਿਸ ਕਾਰਨ ਉਥੇ ਬਰਸਾਤੀ ਪਾਣੀ ਖੜ੍ਹਾ ਹੋਣ ਲੱਗਾ ਸੀ।
ਇਹ ਵੀ ਪੜ੍ਹੋ: ਦੋਸਤ ਬਣਿਆ ਜਾਨ ਦਾ ਦੁਸ਼ਮਣ, ਭਗਤਾ ਭਾਈ ਵਿਖੇ ਦੋਸਤ ਦਾ ਬੇਰਹਿਮੀ ਨਾਲ ਕੀਤਾ ਕਤਲ
ਰਾਤ ਦੇ ਹਨੇਰੇ ’ਚ ਬਣਾਈ ਗਈ ਸੀ ਸੜਕ
ਇਸ ਸੜਕ ਦੇ ਸਬੰਧ ਵਿਚ ਜਦੋਂ ਕੌਂਸਲਰ ਦੇ ਬੇਟੇ ਹਰੀਸ਼ ਢੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੀਬ 1 ਮਹੀਨਾ ਪਹਿਲਾਂ ਠੇਕੇਦਾਰ ਨੇ ਇਸ ਸੜਕ ’ਤੇ ਸੀਮੈਂਟ-ਬੱਜਰੀ ਪਾਈ ਸੀ ਅਤੇ ਇਹ ਕੰਮ ਰਾਤੀਂ ਸਾਢੇ 10 ਵਜੇ ਸ਼ੁਰੂ ਕਰ ਕੇ ਲਗਭਗ 4 ਵਜੇ ਪੂਰਾ ਕੀਤਾ ਗਿਆ ਸੀ। ਕੰਮ ਬਹੁਤ ਲਾਪ੍ਰਵਾਹੀ ਨਾਲ ਕੀਤਾ ਗਿਆ ਸੀ ਅਤੇ ਲੈਵਲ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਸੀ, ਜਿਸ ਕਾਰਨ ਲੋਕ ਇਸ ਨਵੀਂ ਬਣੀ ਸੜਕ ਤੋਂ ਖੁਸ਼ ਨਹੀਂ ਸਨ। ਜ਼ਿਕਰਯੋਗ ਹੈ ਕਿ ਇਸ ਨਵੀਂ ਬਣੀ ਸੜਕ ਤੋਂ ਬੱਜਰੀ ਦਿਸਣੀ ਸ਼ੁਰੂ ਹੋ ਗਈ ਹੈ। ਠੇਕੇਦਾਰ ਨੇ ਪਹਿਲਾਂ ਵੀ ਕਈ ਮਹੀਨੇ ਸੜਕ ਤੋੜੀ ਰੱਖੀ ਸੀ ਅਤੇ ਹੁਣ ਫਿਰ ਭੰਨ-ਤੋੜ ਕਰ ਕੇ ਨਾ ਸੜਕ ਬਣਾਈ ਜਾ ਰਹੀ ਹੈ ਅਤੇ ਨਾ ਹੀ ਮਲਬਾ ਚੁੱਕਿਆ ਜਾ ਰਿਹਾ ਹੈ।
ਭਾਜਪਾ ਦੇ ਲੇਬਲ ਵਾਲੇ ਠੇਕੇਦਾਰ ਕਰਵਾ ਰਹੇ ਕਾਂਗਰਸ ਦੀ ਬਦਨਾਮੀ
ਪੂਰੇ ਸ਼ਹਿਰ ਵਿਚ ਇਨ੍ਹੀਂ ਦਿਨੀਂ ਚਰਚਾ ਹੈ ਕਿ ਨਗਰ ਨਿਗਮ ਦੇ ਉਹ ਠੇਕੇਦਾਰ, ਜਿਨ੍ਹਾਂ ’ਤੇ ਭਾਜਪਾ ਦਾ ਲੇਬਲ ਲੱਗਿਆ ਹੋਇਆ ਹੈ, ਇਨ੍ਹੀਂ ਦਿਨੀਂ ਕਾਂਗਰਸ ਦੀ ਬਦਨਾਮੀ ਕਰਵਾ ਰਹੇ ਹਨ ਕਿਉਂਕਿ ਚੋਣਾਂ ਬਹੁਤ ਨੇੜੇ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਹੁਸ਼ਿਆਰਪੁਰ ਦੇ ਠੇਕੇਦਾਰਾਂ ਨੇ ਜਲੰਧਰ ਨਿਗਮ ਵਿਚ ਐਂਟਰੀ ਕੀਤੀ ਸੀ, ਜਦੋਂ ਅਕਾਲੀ-ਭਾਜਪਾ ਦਾ ਸ਼ਾਸਨ ਹੁੰਦਾ ਸੀ। ਉਸ ਸਮੇਂ ਕਈ ਠੇਕੇਦਾਰ ਭਾਜਪਾ ਆਗੂਆਂ ਦੇ ਬਹੁਤ ਨਜ਼ਦੀਕੀ ਸੀ, ਇਸ ਲਈ ਉਨ੍ਹਾਂ ਦੀਆਂ ਮਨਮਾਨੀਆਂ ਚੱਲ ਜਾਂਦੀਆਂ ਸਨ ਪਰ ਕਾਂਗਰਸ ਸਰਕਾਰ ਦੇ ਆਉਣ ਤੋਂ ਬਾਅਦ ਵੀ ਇਨ੍ਹਾਂ ਭਾਜਪਾ ਆਗੂਆਂ ਦੇ ਲੇਬਲ ਲੱਗੇ ਠੇਕੇਦਾਰਾਂ ਦੀਆਂ ਮਨਮਾਨੀਆਂ ਬਰਕਰਾਰ ਹਨ, ਜਿਸ ਕਾਰਨ ਸ਼ਹਿਰ ਦੇ ਕਾਂਗਰਸੀ ਆਗੂਆਂ ’ਤੇ ਪ੍ਰਸ਼ਨ ਚਿੰਨ੍ਹ ਖੜ੍ਹਾ ਹੋ ਰਿਹਾ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕਸ ਦੀਆਂ ਖੇਡਾਂ ਵੇਖ ਸੁਖਬੀਰ ਨੂੰ ਆਏ ਪੁਰਾਣੇ ਦਿਨ ਯਾਦ, ਪੋਸਟ ਪਾ ਕੇ ਖ਼ਿਡਾਰੀਆਂ ਦਾ ਵਧਾਇਆ ਹੌਂਸਲਾ
ਕਾਲਾ ਸੰਘਿਆਂ ਰੋਡ ਤੋਂ ਅਜੇ ਵੀ ਆ ਰਹੀਆਂ ਹਨ ਸ਼ਿਕਾਇਤਾਂ
ਕਾਲਾ ਸੰਘਿਆਂ ਰੋਡ ਦੀ ਗੱਲ ਕਰੀਏ ਤਾਂ ਅਜੇ ਵੀ ਇਸ ਖੇਤਰ ਤੋਂ ਘਟੀਆ ਕੰਮ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਪਰ ਇਸ ਮਾਮਲੇ ਵਿਚ ਵਿਧਾਇਕ ਸੁਸ਼ੀਲ ਰਿੰਕੂ ਵੀ ਬੇਵੱਸ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਅਵਤਾਰ ਨਗਰ ਵਿਚ ਹੁਸ਼ਿਆਰਪੁਰ ਦੇ ਠੇਕੇਦਾਰ ਵੱਲੋਂ ਬਣਾਈ ਗਈ ਮਾੜੀ ਸੜਕ ਦੀ ਸ਼ਿਕਾਇਤ ਵਿਧਾਇਕ ਰਿੰਕੂ ਕੋਲ ਵੀ ਪਹੁੰਚੀ ਸੀ, ਜਿਸ ਕਾਰਨ ਉਨ੍ਹਾਂ ਠੇਕੇਦਾਰ ਨੂੰ ਬੁਲਾ ਕੇ ਝਿੜਕਿਆ ਵੀ ਸੀ ਅਤੇ ਕੰਮ ਸਹੀ ਢੰਗ ਨਾਲ ਕਰਨ ਲਈ ਕਿਹਾ, ਫਿਰ ਵੀ ਠੇਕੇਦਾਰ ਵੱਲੋਂ ਥੋੜ੍ਹੀ ਜਿਹੀ ਗਲੀ ਨੂੰ ਤੋੜ ਕੇ ਹੀ ਬਣਾਇਆ ਜਾ ਰਿਹਾ ਹੈ, ਜਦੋਂ ਕਿ ਵਿਧਾਇਕ ਦੀ ਇੱਛਾ ਸੀ ਕਿ ਲੋਕਾਂ ਦੇ ਕਹਿਣ ਅਨੁਸਾਰ ਪੂਰੀ ਗਲੀ ਦੀ ਸੜਕ ਦੁਬਾਰਾ ਬਣਾਈ ਜਾਵੇ। ਇਸੇ ਠੇਕੇਦਾਰ ਵੱਲੋਂ ਕਾਲਾ ਸੰਘਿਆਂ ਰੋਡ ’ਤੇ ਕੀਤੇ ਗਏ ਕੰਮ ਨੂੰ ਭਾਵੇਂ ਨਗਰ ਨਿਗਮ ਦੇ ਅਧਿਕਾਰੀ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਵੀ ਉਥੇ ਜਿਹੜਾ ਟਾਈਲਾਂ ਦਾ ਕੰਮ ਚੱਲ ਰਿਹਾ ਹੈ, ਉਸ ਤੋਂ ਲੋਕ ਖੁਸ਼ ਨਹੀਂ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਬੇਸ ਬਣਾਏ ਅਤੇ ਲੈਵਲ ਕੱਢੇ ਹੀ ਫਿਰ ਇੰਟਰਲਾਕਿੰਗ ਟਾਈਲਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਸੜਕ ਤੋਂ ਪਾਣੀ ਦੀ ਨਿਕਾਸੀ ਦਾ ਕੰਮ ਪ੍ਰਭਾਵਿਤ ਹੋਵੇਗਾ ਅਤੇ ਟਾਈਲਾਂ ਬੈਠ ਜਾਣਗੀਆਂ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸ਼ਾਹਕੋਟ: ਸਤਲੁਜ ਦਰਿਆ ਕੋਲੋਂ ਨਾਜਾਇਜ਼ ਸ਼ਰਾਬ, 1630 ਕਿਲੋ ਲਾਹਣ ਤੇ 5 ਚਾਲੂ ਭੱਠੀਆਂ ਫੜੀਆਂ
NEXT STORY