ਜਲੰਧਰ (ਸ਼ੋਰੀ)–ਸੂਬੇ ਦਾ ਸਭ ਤੋਂ ਵੱਡਾ ਸਿਵਲ ਹਸਪਤਾਲ ਜਲੰਧਰ ਅੱਜ ਸੂਬੇ ਦਾ ਸਭ ਤੋਂ ਵੱਡਾ ਵਿਵਾਦਿਤ ਹਸਪਤਾਲ ਬਣ ਚੁੱਕਾ ਹੈ। ਇਥੇ ਆਏ ਦਿਨ ਲਾਪ੍ਰਵਾਹੀਆਂ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਸਨ ਪਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ, ਜਿਸ ਵਿਚ ਵੈਂਟੀਲੇਟਰ ’ਤੇ ਇਲਾਜ ਅਧੀਨ 3 ਮਰੀਜ਼ਾਂ ਦੀ ਆਕਸੀਜਨ ਨਾ ਮਿਲਣ ਕਾਰਨ ਮੌਤ ਹੋ ਗਈ ਹੈ, ਜਿਸ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ। ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿਵਲ ਹਸਪਤਾਲ ਵਿਚ ਹਰ ਵਾਰ ਆਉਂਦੇ ਹਨ ਅਤੇ ਐਲਾਨ ਕਰਦੇ ਹਨ ਪਰ ਪੂਰਾ ਇਕ ਵੀ ਨਹੀਂ ਹੁੰਦਾ। ਸਿਵਲ ਹਸਪਤਾਲ ਦੇ ਖ਼ਰਾਬ ਹਾਲਾਤ ਨੂੰ ਲੈ ਕੇ ਹਲਕਾ ਇੰਚਾਰਜ ਕਪੂਰਥਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐੱਚ. ਐੱਸ. ਵਾਲੀਆ ਨੇ ਦੱਸਿਆ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਬਣੇ ਹਨ, ਉਦੋਂ ਤੋਂ ਹਸਪਤਾਲ ਦੇ ਹਾਲਾਤ ਖ਼ਰਾਬ ਹੋਣ ਲੱਗੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 3 ਡਾਕਟਰਾਂ 'ਤੇ ਡਿੱਗੀ ਗਾਜ, ਹੋਏ ਸਸਪੈਂਡ

ਵਾਲੀਆ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਗਰਮੀਆਂ ਦੇ ਦਿਨਾਂ ਵਿਚ ਡਾ. ਬਲਬੀਰ ਸਿੰਘ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਐਮਰਜੈਂਸੀ ਵਿਚ ਚੈਕਿੰਗ ਦੌਰਾਨ ਵੇਖਿਆ ਕਿ ਮਰੀਜ਼ ਗਰਮੀ ਵਿਚ ਤੜਫ਼ ਰਹੇ ਹਨ। ਮੰਤਰੀ ਨੇ ਐਲਾਨ ਕੀਤਾ ਕਿ ਜਲਦ ਐਮਰਜੈਂਸੀ ਵਾਰਡ ਨੂੰ ਫੁੱਲ ਏਅਰ ਕੰਡੀਸ਼ਨਡ ਬਣਾ ਦਿੱਤਾ ਜਾਵੇਗਾ ਤਾਂ ਕਿ ਮਰੀਜ਼ ਏ. ਸੀ. ਦੀ ਠੰਢੀ ਹਵਾ ਨਾਲ ਰਾਹਤ ਪਾ ਸਕਣ ਪਰ ਮੰਤਰੀ ਦਾ ਐਲਾਨ ਸਿਰਫ਼ ਕਾਗਜ਼ਾਂ ਵਿਚ ਹੀ ਸੀਮਤ ਰਿਹਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਤਾਇਨਾਤ ਇਕ ਡਾਕਟਰ ਨੇ ਕਿਸੇ ਪ੍ਰਾਈਵੇਟ ਸੰਸਥਾ ਨਾਲ ਸੰਪਰਕ ਕੀਤਾ ਅਤੇ ਡੋਨੇਸ਼ਨ ਵਿਚ ਇਕ ਏ. ਸੀ. ਲਿਆ, ਜਿਸ ਨੂੰ ਐਮਰਜੈਂਸੀ ਵਾਰਡ ਵਿਚ ਲਾਇਆ ਗਿਆ ਸੀ। ਉਕਤ ਏ. ਸੀ. ਨੂੰ ਦੇਖ ਕੇ ਮੰਤਰੀ ਸਾਹਿਬ ਦੀ ਵਾਰਡ ਨੂੰ ਫੁੱਲ ਏਅਰ ਕੰਡੀਸ਼ਨਡ ਬਣਾਉਣ ਵਾਲੀ ਗੱਲ ਯਾਦ ਆ ਜਾਂਦੀ ਹੈ। ਇਸ ਤੋਂ ਇਲਾਵਾ ਹੁਣ ਮਰੀਜ਼ਾਂ ਦੇ ਬੈੱਡਾਂ ਲਈ ਨਵੀਆਂ ਚਾਦਰਾਂ ਵਾਸਤੇ ਹਸਪਤਾਲ ਦੇ ਅਧਿਕਾਰੀ ਅਮੀਰ ਉਦਯੋਗਪਤੀਆਂ ਨੂੰ ਅਪੀਲ ਕਰਦੇ ਹਨ। ਜੇਕਰ ਸਰਕਾਰ ਕੋਲ ਫੰਡ ਨਹੀਂ ਹਨ ਤਾਂ ਐਲਾਨ ਕਿਉਂ ਕੀਤੇ ਜਾਂਦੇ ਹਨ। ਸਿਵਲ ਹਸਪਤਾਲ ਵਿਚ ਬਿਹਤਰ ਇਲਾਜ ਦੇਣ ਦੇ ਦਾਅਵਿਆਂ ਦੀ ਹਵਾ ਤਾਂ ਤਿੰਨ ਲੋਕਾਂ ਦੀ ਮੌਤ ਨੇ ਕੱਢ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਵਿਚ ਦੁਖਦਾਈ ਗੱਲ ਇਹ ਹੈ ਕਿ ਹਸਪਤਾਲ ਵਿਚ ਮੌਜੂਦਾ ਸਮੇਂ ਕੰਮ ਸਿਰਫ ਡੋਨੇਸ਼ਨ ਨਾਲ ਹੋ ਰਹੇ ਹਨ ਅਤੇ ਸਰਕਾਰ ਕੋਲ ਹਸਪਤਾਲ ਨੂੰ ਦੇਣ ਲਈ ਫੰਡ ਨਹੀਂ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਚੋਅ 'ਚ ਵੱਡਾ ਹਾਦਸਾ! ਵੀਡੀਓ ਵੇਖ ਖੜ੍ਹੇ ਜਾਣਗੇ ਰੌਂਗਟੇ
ਸਿਵਲ ਸਰਜਨ ਦਫ਼ਤਰ ਜਲਦੀ ਸ਼ਿਫ਼ਟ ਕਰਨਾ ਵੀ ਵੱਡੀ ਗਲਤੀ
ਸਿਵਲ ਹਸਪਤਾਲ ਦੇ ਨਾਲ ਲੱਗਦੇ ਪੁਰਾਣੇ ਸਿਵਲ ਸਰਜਨ ਦਫ਼ਤਰ ਵਿਚ ਕ੍ਰਿਟੀਕਲ ਕੇਅਰ ਯੂਨਿਟ ਬਣ ਰਿਹਾ ਹੈ ਅਤੇ ਸਿਵਲ ਸਰਜਨ ਦਫ਼ਤਰ ਨੂੰ ਜਲਦਬਾਜ਼ੀ ਵਿਚ ਦੂਜੀ ਜਗ੍ਹਾ ਸ਼ਿਫ਼ਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਵਿਚ ਬੈਠੇ ਉੱਚ ਅਧਿਕਾਰੀਆਂ ਅਤੇ ਸਿਹਤ ਮੰਤਰੀ ਨੇ ਫ਼ੈਸਲਾ ਲਿਆ ਕਿ ਸਿਵਲ ਹਸਪਤਾਲ ਕੰਪਲੈਕਸ ਵਿਚ ਸਥਿਤ ਪੁਰਾਣੇ ਹੱਡੀਆਂ ਵਾਲੇ ਵਾਰਡ ਵਿਚ ਦਫਤਰ ਸ਼ਿਫ਼ਟ ਕੀਤਾ ਜਾਵੇ। ਦਫ਼ਤਰ ਤਾਂ ਸ਼ਿਫ਼ਟ ਹੋ ਗਿਆ ਪਰ ਉਥੇ ਬੈਠਣ ਵਾਲੇ ਸੀਨੀਅਰ ਅਧਿਕਾਰੀਆਂ ਅਤੇ ਸਟਾਫ਼ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਦਬੂ ਤੋਂ ਇਲਾਵਾ ਛੋਟੇ ਕਮਰਿਆਂ ਵਿਚ ਬੈਠੇ ਅਧਿਕਾਰੀ ਪ੍ਰੇਸ਼ਾਨ ਹਨ। ਜ਼ਿਕਰਯੋਗ ਹੈ ਕਿ ਸਿਵਲ ਸਰਜਨ ਦਫ਼ਤਰ ਦੇ ਸਟਾਫ਼ ਦੀ ਮੰਗ ਸੀ ਕਿ ਮੰਤਰੀ ਜੀ ਕਿਸੇ ਵਧੀਆ ਸਥਾਨ ’ਤੇ ਉਨ੍ਹਾਂ ਦਾ ਦਫ਼ਤਰ ਸ਼ਿਫ਼ਟ ਕਰਨ ਪਰ ਕੋਈ ਸੁਣਵਾਈ ਨਹੀਂ ਹੋਈ।
ਹਾਊਸ ਸਰਜਨ ਨੂੰ ਦੇ ਰਹੇ 70 ਹਜ਼ਾਰ, ਬਾਕੀ ਸਟਾਫ਼ ਪ੍ਰੇਸ਼ਾਨ
ਹਸਪਤਾਲ ਵਿਚ ਤਾਇਨਾਤ ਨਰਸਿੰਗ ਸਟਾਫ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਸਿਹਤ ਮੰਤਰੀ ਨੂੰ ਨਿੰਦਦਿਆਂ ਕਿਹਾ ਕਿ ਸਿਵਲ ਹਸਪਤਾਲ ਵਿਚ ਪਹਿਲਾਂ ਤੋਂ ਹੀ ਡਾਕਟਰ ਹਨ ਅਤੇ ਡੀ. ਐੱਨ. ਬੀ. ਕਰਨ ਵਾਲੇ ਡਾਕਟਰ ਵੀ ਹੁਣ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਸਿਹਤ ਮੰਤਰੀ ਨੇ ਪੰਜਾਬ ਭਰ ਵਿਚ ਹਾਊਸ ਸਰਜਨ ਡਾਕਟਰਾਂ ਨੂੰ 70 ਹਜ਼ਾਰ ਮਹੀਨਾ ਦੇਣਾ ਸ਼ੁਰੂ ਕੀਤਾ ਹੈ, ਜੋ ਕਿ ਖ਼ੁਸ਼ੀ ਦੀ ਗੱਲ ਹੈ ਪਰ ਦੁਖ਼ਦਾਈ ਗੱਲ ਇਹ ਵੀ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਨਹੀਂ ਹੈ ਅਤੇ ਜਿੱਥੇ ਹਾਊਸ ਸਰਜਨ ਲਾਉਣ ਦੀ ਥਾਂ ਜੇਕਰ 70 ਹਜ਼ਾਰ ਵਿਚ ਠੇਕੇ ’ਤੇ ਹੀ ਨਰਸਿੰਗ ਸਟਾਫ਼, ਵਾਰਡ ਅਟੈਂਡੈਂਟ, ਸਵੀਪਰ ਆਦਿ ਰੱਖੇ ਜਾਂਦੇ ਤਾਂ ਅੱਜ ਹਸਪਤਾਲ ਦੇ ਹਾਲਾਤ ਵਧੀਆ ਹੁੰਦੇ। ਇਸ ਬਾਰੇ ਵੀ ਸਿਹਤ ਮੰਤਰੀ ਜੀ ਸੋਚਣ ਅਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਲੱਗ ਗਈਆਂ ਮੌਜਾਂ
ਪੀੜਤ ਕਰਦੀ ਰਹੀ ਸ਼ਿਕਾਇਤਾਂ, ਮੰਤਰੀ ਜੀ ਆਸ਼ੀਰਵਾਦ ਦੇ ਕੇ ਚੱਲਦੇ ਬਣੇ : ਰਾਜੇਸ਼ ਭੱਟੀ
ਕਾਂਗਰਸ ਦੇ ਸੀਨੀਅਰ ਆਗੂ ਰਾਜੇਸ਼ ਭੱਟੀ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ, ਜਿਸ ਦੀ ਮਿਸਾਲ ਸਿਵਲ ਹਸਪਤਾਲ ਵਿਚ ਵੇਖਣ ਨੂੰ ਮਿਲੀ। ਜੇਕਰ ਮੌਜੂਦਾ ਸਿਹਤ ਮੰਤਰੀ ਫੰਡ ਨਹੀਂ ਦੇਣਗੇ ਤਾਂ ਕੰਮ ਕਿਵੇਂ ਚੱਲੇਗਾ? ਹਾਲਾਤ ਤਾਂ ਇਹ ਬਣ ਚੁੱਕੇ ਹਨ ਕਿ ਹਸਪਤਾਲ ਵਿਚ ਦਵਾਈਆਂ ਖ਼ਤਮ ਹੋਣ ਦੇ ਕੰਢੇ ’ਤੇ ਹਨ। ਖ਼ੁਦ ਮੰਤਰੀ ਇਕ ਜ਼ਿਲ੍ਹੇ ਵਿਚ ਚੈਕਿੰਗ ਕਰਨ ਲਈ ਪਹੁੰਚੇ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਕ ਔਰਤ ਸ਼ਰੇਆਮ ਮੰਤਰੀ ਨੂੰ ਦੱਸਦੀ ਹੈ ਕਿ ਸਰਕਾਰੀ ਹਸਪਤਾਲ ਵਿਚ ਉਹ ਡਿਲਿਵਰੀ ਲਈ ਆਈ ਸੀ ਅਤੇ ਹੁਣ ਬੱਚਾ ਬੀਮਾਰ ਹੈ। ਸਟਾਫ਼ ਨੇ ਗੱਲ ਨਹੀਂ ਪੁੱਛੀ ਅਤੇ ਚਾਹ ਪੀਣ ਸਮੇਂ ਹੱਥ ਵਿਚ ਫੜਿਆ ਬਿਸਕੁਟ ਤਕ ਨਹੀਂ ਛੱਡਿਆ। ਚਾਹ ਅਤੇ ਬਿਸਕੁਟ ਖ਼ਤਮ ਹੋਣ ’ਤੇ ਜਦੋਂ ਡਾਕਟਰ ਆਇਆ ਤਾਂ ਬੱਚਾ ਉਸ ਦੀਆਂ ਅੱਖਾਂ ਦੇ ਸਾਹਮਣੇ ਮਰ ਗਿਆ। ਉਹ ਡਾਕਟਰ ਨੂੰ ਪਛਾਣ ਵੀ ਸਕਦੀ ਹੈ। ਉਸ ਸਮੇਂ ਸਿਹਤ ਮੰਤਰੀ ਨੇ ਕਿਹਾ ਸੀ ਕਿ ਉਹ ਕੈਮਰੇ ਚੈੱਕ ਕਰਵਾਉਣਗੇ ਅਤੇ ਝੂਠੇ ਵਾਅਦੇ ਕਰਕੇ ਚਲੇ ਗਏ। ਜੇਕਰ ਉਨ੍ਹਾਂ ਕੋਈ ਸਖ਼ਤ ਕਾਰਵਾਈ ਕਰਨੀ ਹੁੰਦੀ ਤਾਂ ਔਰਤ ਨੂੰ ਉਸੇ ਸਮੇਂ ਸਰਕਾਰੀ ਹਸਪਤਾਲ ਲੈ ਕੇ ਜਾਂਦੇ ਅਤੇ ਡਾਕਟਰ ਦੀ ਪਛਾਣ ਕਰਵਾਉਂਦੇ, ਜਿਸ ਨੇ ਇਲਾਜ ਦੌਰਾਨ ਕੋਤਾਹੀ ਵਰਤੀ ਪਰ ਸਿਹਤ ਮੰਤਰੀ ਔਰਤ ਦੇ ਸਿਰ ’ਤੇ ਹੱਥ ਰੱਖ ਕੇ ਆਸ਼ੀਰਵਾਦ ਦੇ ਕੇ ਚੱਲਦੇ ਬਣੇ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਘਟਨਾ! ਨਹਿਰ 'ਚ ਰੁੜੇ ਆਉਂਦੇ ਮਾਸੂਮ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਉਂ ਆਮ ਕਿਸਾਨ ਦੇ ਟਰੈਕਟਰ-ਟਰਾਲੀ ਸੜਕ 'ਤੇ ਲਿਆਉਣ 'ਤੇ ਹੁੰਦੈ ਚਲਾਨ : ਨਿਮਿਸ਼ਾ ਮਹਿਤਾ
NEXT STORY