ਜਲੰਧਰ (ਸ਼ੋਰੀ)– ਪੰਜਾਬ ਵਿਚ ਭਾਵੇਂ ਕਾਂਗਰਸ ਸਰਕਾਰ ਹੋਵੇ ਜਾਂ ਅਕਾਲੀ-ਭਾਜਪਾ ਜਾਂ ਫਿਰ ਆਮ ਆਦਮੀ ਪਾਰਟੀ, ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿਚ ਤਾਇਨਾਤ ਕੁਝ ਸਟਾਫ਼ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਸਰਕਾਰ ਨੇ ਭਾਵੇਂ ਗਰਭਵਤੀ ਔਰਤਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਫ੍ਰੀ ਕੀਤਾ ਹੋਇਆ ਹੈ ਪਰ ਜਲੰਧਰ ਦੇ ਸਿਵਲ ਹਸਪਤਾਲ ਵਿਚ ਵੱਖ ਰੂਲਜ਼ ਲਾਗੂ ਹੁੰਦੇ ਹਨ। ਇਥੇ ਗਰਭਵਤੀ ਔਰਤਾਂ ਨੂੰ ਡਿਲਿਵਰੀ ਤੋਂ ਬਾਅਦ ਵਧਾਈ ਵਜੋਂ ਰਿਸ਼ਵਤ ਦੇਣੀ ਹੀ ਪੈਂਦੀ ਹੈ ਕਿਉਂਕਿ ਜਦੋਂ ਵਧਾਈ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਸਟਾਫ਼ ਮੈਂਬਰ ਨਵਜੰਮਿਆ ਬੱਚਾ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਹੀਂ ਕਰਦੇ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਸਿਵਲ ਹਸਪਤਾਲ ਦਾ ਜੱਚਾ-ਬੱਚਾ ਹਸਪਤਾਲ ਵਧਾਈਆਂ ਮੰਗਣ ਸਬੰਧੀ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਰਹਿ ਚੁੱਕਾ ਹੈ। ਹੁਣ ਤਾਂ ਇਥੇ ਰੇਟ ਹੀ ਫਿਕਸ ਹੋ ਚੁੱਕੇ ਹਨ। ਬੇਟਾ ਪੈਦਾ ਹੋਣ ’ਤੇ 1100 ਰੁਪਏ ਅਤੇ ਬੇਟੀ ਪੈਦਾ ਹੋਣ ’ਤੇ 500 ਰੁਪਏ ਧੱਕੇ ਨਾਲ ਲਏ ਜਾਂਦੇ ਹਨ। ਅੱਜ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਵਧਾਈ ਦਾ ਵਿਰੋਧ ਕੀਤਾ ਅਤੇ ਮਾਮਲਾ ਮੈਡੀਕਲ ਸੁਪਰਿੰਟੈਂਡੈਂਟ ਦੇ ਨੋਟਿਸ ਵਿਚ ਵੀ ਲਿਆਂਦਾ। ਵਾਰਡ ਵਿਚ ਹੰਗਾਮਾ ਤੱਕ ਦੇਖਣ ਨੂੰ ਮਿਲਿਆ ਅਤੇ ਹਸਪਤਾਲ ਵਿਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਮਾਮਲਾ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 5 ਨਵੰਬਰ ਨੂੰ ਪ੍ਰਾਈਵੇਟ ਤੇ ਸਰਕਾਰੀ ਸਕੂਲ-ਕਾਲਜਾਂ 'ਚ ਰਹੇਗੀ ਅੱਧੇ ਦਿਨ ਦੀ ਛੁੱਟੀ
ਕੇਸ ਨੰਬਰ 1 : ਵਧਾਈ ਲੈਣ ਤੋਂ ਬਾਅਦ ਵੀ ਗੰਦੀ ਚਾਦਰ ਨਹੀਂ ਬਦਲੀ
ਨੂਰਮਹਿਲ ਦੇ ਪਿੰਡ ਗੁਮਟਾਲੀ ਤੋਂ ਆਈ ਪ੍ਰੀਤੀ ਗਿੱਲ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਗਰਭਵਤੀ ਹਾਲਤ ਵਿਚ ਸਿਵਲ ਹਸਪਤਾਲ ਲਿਆਏ, ਜਿੱਥੇ ਉਸ ਨੂੰ ਪਹਿਲੀ ਮੰਜ਼ਿਲ ’ਤੇ ਸਥਿਤ ਲੇਬਰ ਰੂਮ (ਜਿਥੇ ਡਲਿਵਰੀ ਹੁੰਦੀ ਹੈ) ਵਿਚ ਸ਼ਿਫਟ ਕੀਤਾ। ਡਲਿਵਰੀ ਤੋਂ ਬਾਅਦ ਬੇਟੀ ਪੈਦਾ ਹੋਣ ’ਤੇ ਸਟਾਫ਼ ਨੇ 500 ਰੁਪਏ ਵਧਾਈ ਵਜੋਂ ਮੰਗੇ ਪਰ ਉਸ ਕੋਲੋਂ 200 ਰੁਪਏ ਸਨ। ਪੈਸੇ ਲੈਣ ਤੋਂ ਬਾਅਦ ਨਵਜੰਮੀ ਬੱਚੀ ਉਨ੍ਹਾਂ ਨੂੰ ਸੌਂਪੀ ਗਈ। ਇਸ ਤੋਂ ਬਾਅਦ ਵਾਰਡ ਵਿਚ ਸ਼ਿਫਟ ਕੀਤਾ ਗਿਆ ਤਾਂ ਸਫਾਈ ਕਰਮਚਾਰੀ ਨੇ ਵੀ ਪਤੀ ਕੋਲੋਂ 100 ਰੁਪਏ ਧੱਕੇ ਨਾਲ ਲੈ ਲਏ ਪਰ ਇਸ ਦੇ ਬਾਅਦ ਤੋਂ ਸਫ਼ਾਈ ਕਰਮਚਾਰੀ ਉਸ ਦੀ ਚਾਦਰ ਅਤੇ ਯੂਰਿਨ ਬੈਗ ਨੂੰ ਖਾਲੀ ਕਰਨ ਤੱਕ ਨਹੀਂ ਆਈ। ਉਨ੍ਹਾਂ ਨੂੰ ਖੁਦ ਹੀ ਇਹ ਕੰਮ ਕਰਨੇ ਪੈ ਰਹੇ ਹਨ।
ਇਹ ਵੀ ਪੜ੍ਹੋ : 43 ਸਾਲ ਦੀਆਂ ਸੇਵਾਵਾਂ ਦੇਣ ਮਗਰੋਂ ‘ਰਿਟਾਇਰਡ’ ਹੋਇਆ ਜਲੰਧਰ ਦਾ ਮਸ਼ਹੂਰ ਟੀ. ਵੀ. ਟਾਵਰ, ਜਾਣੋ ਕੀ ਰਹੀ ਵਜ੍ਹਾ
ਕੇਸ ਨੰਬਰ 2 : ਸਫਾਈ ਕਰਮਚਾਰੀ ਨੂੰ ਵਧਾਈ ਨਹੀਂ ਦਿੱਤੀ ਤਾਂ ਉਲ ਟਾ ਉਸਨੂੰ 50 ਰੁਪਏ ਦੇਣ ਲੱਗੀ
ਹਸਪਤਾਲ ਵਿਚ ਵਧਾਈ ਲੈਣ ਲਈ ਸਟਾਫ਼ ਲੋਕਾਂ ਨਾਲ ਗਲਤ ਢੰਗ ਨਾਲ ਗੱਲ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਸੰਤੋਖਪੁਰਾ ਦੇ ਰਹਿਣ ਵਾਲੇ ਨਿਹੰਗ ਯੋਧਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਕਾਲ ਕੌਰ ਹਸਪਤਾਲ ਵਿਚ ਦਾਖਲ ਸੀ। ਡਲਿਵਰੀ ਤੋਂ ਬਾਅਦ ਆਸ਼ਾ ਵਰਕਰ ਬੋਲੀ ਸਟਾਫ ਨੂੰ ਵਧਾਈ ਦੇਣੀ ਹੈ, ਉਸ ਦੀ ਜੇਬ ਵਿਚ 600 ਰੁਪਏ ਸਨ। 500 ਰੁਪਏ ਉਸ ਕੋਲੋਂ ਜ਼ਬਰਦਸਤੀ ਲੈ ਲਏ ਗਏ। ਇਸ ਤੋਂ ਬਾਅਦ ਪਤਨੀ ਨੂੰ ਵਾਰਡ ਵਿਚ ਸ਼ਿਫਟ ਕੀਤਾ ਗਿਆ ਅਤੇ ਨਾਲ ਹੀ ਉਸ ਦੇ ਨਵਜੰਮੇ ਬੇਟੇ ਨੂੰ। ਸਫ਼ਾਈ ਕਰਮਚਾਰੀ ਆਈ ਅਤੇ ਉਸ ਕੋਲੋਂ ਵਧਾਈ ਮੰਗਣ ਲੱਗੀ। ਜਦੋਂ ਉਸ ਨੇ ਦੱਸਿਆ ਕਿ ਉਸ ਕੋਲ 100 ਰੁਪਏ ਹੀ ਰਹਿ ਗਏ ਹਨ ਤਾਂ ਸਫ਼ਾਈ ਕਰਮਚਾਰੀ ਉਸ ਨਾਲ ਝਗੜਾ ਕਰਨ ਲੱਗੀ ਅਤੇ ਉਸਨੂੰ 50 ਰੁਪਏ ਦੇਣ ਦੀ ਗੱਲ ਕਹਿਣ ਲੱਗੀ। ਇਸ ਨਾਲ ਹੀ ਉਹ ਬਜ਼ਾਰੋਂ ਗਲੂਕੋਜ਼, ਦਵਾਈਆਂ ਆਦਿ ਲੈ ਕੇ ਆਇਆ ਕਿਉਂਕਿ ਹਸਪਤਾਲ ਵਿਚ ਸਟਾਕ ਖ਼ਤਮ ਹੋ ਚੁੱਕਾ ਹੈ।
ਕੇਸ ਨੰਬਰ 3 : ਬੀਟਾਡੀਨ ਤੱਕ ਬਾਹਰੋਂ ਖਰੀਦਣੀ ਪਈ
ਜਮਸ਼ੇਰ ਦੀ ਰਹਿਣ ਵਾਲੀ ਅਨੀਤਾ ਨੇ ਦੱਸਿਆ ਕਿ ਉਸ ਦੀ ਧੀ ਮੋਨਿਕਾ ਪਤਨੀ ਧਰਮਵੀਰ ਨੂੰ ਉਹ ਇਸ ਆਸ ਨਾਲ ਸਿਵਲ ਹਸਪਤਾਲ ਲੈ ਕੇ ਪਹੁੰਚੀ ਸੀ ਕਿ ਉਸਨੇ ਸੁਣਿਆ ਸੀ ਕਿ ਜਦੋਂ ਤੋਂ ‘ਆਪ’ ਸਰਕਾਰ ਆਈ ਹੈ, ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦਾ ਇਲਾਜ ਵਧੀਆ ਅਤੇ ਫ੍ਰੀ ਹੁੰਦਾ ਹੈ।
ਬੀਤੇ ਸ਼ਨੀਵਾਰ ਮੋਨਿਕਾ ਨੂੰ ਦਾਖ਼ਲ ਕਰਵਾਇਆ। ਪ੍ਰਸੂਤਾ ਪੀੜਾਂ ਵਧਣ ’ਤੇ ਉਸਨੂੰ ਲੇਬਰ ਰੂਮ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਬਾਜ਼ਾਰੋਂ ਬੀਟਾਡੀਨ ਅਤੇ ਕੁਝ ਹੋਰ ਦਵਾਈਆਂ ਖਰੀਦ ਕੇ ਲਿਆਉਣ ਨੂੰ ਕਿਹਾ। ਡਲਿਵਰੀ ਤੋਂ ਬਾਅਦ ਸਟਾਫ ਨੇ 1100 ਰੁਪਏ ਲਏ ਅਤੇ ਵਾਰਡ ਵਿਚ ਮਰੀਜ਼ ਨੂੰ ਸ਼ਿਫਟ ਕਰ ਦਿੱਤਾ। ਕੁਝ ਸਮੇਂ ਬਾਅਦ ਸਫਾਈ ਕਰਮਚਾਰੀ ਵੀ ਵਧਾਈ ਮੰਗਣ ਲਈ ਆ ਗਈ।
ਕੇਸ ਨੰਬਰ 4 : ਬੇਟਾ ਪੈਦਾ ਹੋਣ ’ਤੇ ਦੇਣੀ ਪਈ ਵਧਾਈ
ਸ਼ਹੀਦ ਬਾਬੂ ਲਾਭ ਸਿੰਘ ਨਗਰ ਨਿਵਾਸੀ ਰਾਜਵਿੰਦਰ ਪਤਨੀ ਅਮਨਦੀਪ ਦੇ ਘਰ ਬੇਟਾ ਪੈਦਾ ਹੋਇਆ। ਇਸ ਤੋਂ ਬਾਅਦ ਇਕ ਔਰਤ ਆਈ ਅਤੇ ਉਸ ਕੋਲੋਂ 500 ਰੁਪਏ ਮੰਗ ਕੀਤੀ ਪਰ ਉਸ ਕੋਲ 200 ਰੁਪਏ ਸਨ, ਜਿਹੜੇ ਲੈ ਕੇ ਉਹ ਚਲੀ ਗਈ। ਬਾਅਦ ਵਿਚ ਕਿਸੇ ਕੋਲੋਂ ਪਤਾ ਲੱਗਾ ਕਿ ਉਹ ਸਫਾਈ ਕਰਨ ਵਾਲੀ ਔਰਤ ਹੈ।
ਸਫ਼ਾਈ ਕਰਮਚਾਰੀ ਨੇ ਵੀ ਮੰਨਿਆ-ਸਾਰੇ ਲੈਂਦੇ ਹਨ ਪੈਸੇ
ਵਾਰਡ ਵਿਚ ਵਧਾਈ ਦੇਣ ਵਾਲੇ ਪਰਿਵਾਰਕ ਮੈਂਬਰਾਂ ਨੇ ਜਦੋਂ ਹੰਗਾਮਾ ਕੀਤਾ ਤਾਂ ਇਸੇ ਵਿਚਕਾਰ ਵਾਰਡ ਵਿਚ ਸਫ਼ਾਈ ਕਰਨ ਵਾਲੀ ਔਰਤ ਪਹੁੰਚੀ, ਜਿਸ ਨੇ ਆਪਣਾ ਨਾਂ ਸ਼ਮਾ ਦੱਸਿਆ। ਲੋਕ ਉਸ ਨੂੰ ਬੋਲੇ ਕਿ ਵਾਰਡ ਵਿਚ ਸਫ਼ਾਈ ਕਿਉਂ ਨਹੀਂ ਹੈ ਤਾਂ ਉਸਨੇ ਕਿਹਾ ਕਿ ਸਟਾਫ਼ ਘੱਟ ਹੈ ਅਤੇ ਉਹ ਆਪਣਾ ਕੰਮ ਪੂਰੀ ਲਗਨ ਨਾਲ ਕਰਦੀ ਹੈ। ਇਸੇ ਦੌਰਾਨ ਜਦੋਂ ਉਸ ਕੋਲੋਂ ਪੁੱਛਿਆ ਕਿ ਡਿਲਿਵਰੀ ਤੋਂ ਬਾਅਦ ਸਟਾਫ ਵਧਾਈ ਲੈਂਦਾ ਹੈ ਤਾਂ ਉਹ ਬੋਲੀ ਸਾਰੇ ਮਿਲ ਕੇ ਵਧਾਈ ਲੈਂਦੇ ਹਨ। ਇਸ ਤੋਂ ਬਾਅਦ ਉਹ ਬੋਲੀ ਕਿ ਵੀਰ ਮੈਂ ਕੁਝ ਨਹੀਂ ਦੱਸ ਸਕਦੀ ਪਰ ਸ਼ਮਾ ਨੂੰ ਇਹ ਨਹੀਂ ਪਤਾ ਸੀ ਕਿ ਜੋ ਉਹ ਕਹਿ ਰਹੀ ਹੈ, ਉਸ ਦੀ ਪੂਰੀ ਵੀਡੀਓ ਬਣ ਰਹੀ ਹੈ।
ਇਹ ਵੀ ਪੜ੍ਹੋ : ਗ਼ਰੀਬ ਮਾਂ ਨੇ ਕਰਜ਼ ਚੁੱਕ ਦੁਬਈ ਭੇਜੀ ਧੀ, ਔਖੇ ਹੋਏ ਸਹੁਰਾ ਪਰਿਵਾਰ ਨੇ ਕੁੱਟ-ਕੁੱਟ ਪਾ ਦਿੱਤੇ ਨੀਲ
ਵਧਾਈ ਰੂਪੀ ਭ੍ਰਿਸ਼ਟਾਚਾਰ ਸਹਿਣ ਨਹੀਂ ਕਰਾਂਗਾ: ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ
ਦੂਜੇ ਪਾਸੇ ਇਸ ਬਾਰੇ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਹਸਪਤਾਲ ਦਾ ਚਾਰਜ ਸੰਭਾਲਿਆ ਹੈ, ਉਸ ਦਿਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਹਸਪਤਾਲ ਵਿਚ ਕਾਫੀ ਸੁਧਾਰ ਕੀਤੇ ਹਨ। ਡਲਿਵਰੀ ਤੋਂ ਬਾਅਦ ਔਰਤਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਧੱਕੇ ਨਾਲ ਵਧਾਈ ਰੂਪੀ ਭ੍ਰਿਸ਼ਟਾਚਾਰ ਨੂੰ ਉਹ ਸਹਿਣ ਨਹੀਂ ਕਰਨਗੇ। ਪੂਰੇ ਮਾਮਲੇ ਦੀ ਜਾਂਚ ਲਈ ਉਹ ਇਕ ਕਮੇਟੀ ਦਾ ਗਠਨ ਕਰਨਗੇ। ਜੇਕਰ ਕਿਸੇ ਸਟਾਫ਼ ਮੈਂਬਰ ਦੀ ਇਸ ਮਾਮਲੇ ਵਿਚ ਭੂਮਿਕਾ ਸਾਹਮਣੇ ਆਈ ਤਾਂ ਉਹ ਉਸ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਰਿਪੋਰਟ ਤਿਆਰ ਕਰਕੇ ਚੰਡੀਗੜ੍ਹ ਆਪਣੇ ਸੀਨੀਅਰ ਉੱਚ ਅਧਿਕਾਰੀਆਂ ਨੂੰ ਭੇਜਣਗੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਕੋਰੋਨਾ ਸਰਵੇ ਦੇ ਬਹਾਨੇ ਮਰਦ ਤੇ ਔਰਤ ਨੇ ਕੀਤੀ ਘਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼, ਸ਼ਿਕਾਇਤ ਦਰਜ
NEXT STORY