ਬਲਾਚੌਰ, (ਅਸ਼ਵਨੀ)- ਅੱਜ ਦੁਪਹਿਰੇ ਇੱਥੇ ਵਾਰਡ-3 ਦੇ ਇਕ ਘਰ ਵਿਚ ਚੋਰਾਂ ਵੱਲੋਂ ਦਿਨ-ਦਿਹਾਡ਼ੇ ਲੱਖਾਂ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਘਰ ਦੇ ਗੇਟ ਦਾ ਤਾਲਾ ਤੋਡ਼ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀ ਤੋਡ਼ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਜਦੋਂ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਵੇਲੇ ਮੀਂਹ ਪੈ ਰਿਹਾ ਸੀ। ਘਰ ਦੇ ਮਾਲਕ ਕੇਵਲ ਸਿੰਘ ਜੋ ਟੀਚਰ ਹਨ ਨੇ ਦੱਸਿਆ ਕਿ ਉਹ ਕੌਲਗਡ਼੍ਹ ਸਕੂਲ ਵਿਖੇ ਡਿਊਟੀ ’ਤੇ ਸਨ ਕਿ 12 ਵਜੇ ਦੇ ਬਾਅਦ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੇ ਘਰ ਦਾ ਗੇਟ ਖੁੱਲ੍ਹਾ ਹੈ। ਉਹ ਉਸ ਵੇਲੇ ਘਰ ਪੁੱਜੇ ਅਤੇ ਆਪਣੀ ਪਤਨੀ ਜੋ ਘਮੌਰ ਵਿਖੇ ਟੀਚਰ ਹੈ ਨੂੰ ਫੋਨ ਕੀਤਾ। ਘਰ ਦੇ ਗੇਟ ਅਤੇ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਪਏ ਸਨ। ਪਿਛਲੇ ਕਮਰੇ ਵਿਚ ਪਈ ਅਲਮਾਰੀ ਤੋਡ਼ੀ ਗਈ ਸੀ ਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰਾਂ ਨੇ ਅਲਮਾਰੀ ਦਾ ਲਾਕਰ ਤੋਡ਼ ਕੇ ਉਸ ਵਿਚ ਪਏ ਲਗਭਗ 14 ਤੋਲੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਨਕਦ ਚੋਰੀ ਕਰ ਲਏ। ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਸਿਟੀ ਥਾਣਾ ਨੂੰ ਦਿੱਤੀ। ਪੁਲਸ ਨੇ ਤੁਰੰਤ ਪਹੁੰਚਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਗੁਆਂਢ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਉਸ ਵਿਚ 5 ਨੌਜਵਾਨ ਸਾਹਮਣੇ ਆਏ। ਗੁਆਂਢੀਆਂ ਨੇ ਦੱਸਿਆ ਕਿ ਮੀਂਹ ਤੋਂ ਪਹਿਲਾਂ ਕੁਝ ਨੌਜਵਾਨ ਮੌਟਰਸਾਈਕਲਾਂ ’ਤੇ ਮੁਹੱਲੇ ਵਿਚ ਘੁੰਮਦੇ ਵੇਖੇ ਗਏ ਸਨ। ਇਸ ਨਾਲ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਹੈ। ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ।
ਪੌਂਗ ਡੈਮ ’ਚ ਪਾਣੀ ਦਾ ਪੱਧਰ ਘਟਿਆ, ਬੀ. ਬੀ. ਐੱਮ. ਬੀ. ਨਹੀਂ ਛੱਡੇਗਾ ਪਾਣੀ
NEXT STORY