ਜਲੰਧਰ (ਖੁਰਾਣਾ)— ਨਗਰ ਨਿਗਮ ਜਲੰਧਰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਸ ਜਿੰਦਲ ਕੰਪਨੀ ਨਾਲ ਕਾਨੂੰਨੀ ਜੰਗ ਲੜੀ ਜਾ ਰਹੀ ਹੈ, ਜਿਸ ਨੇ ਸ਼ਹਿਰ 'ਚ ਸਾਲਿਡ ਵੇਸਟ ਮੈਨੇਜਮੈਂਟ ਦਾ ਕਾਂਟਰੈਕਟ ਲਿਆ ਸੀ। ਅੱਜ ਸ਼ਹਿਰ ਦੀਆਂ 65,000 ਤੋਂ ਵੱਧ ਸਟ੍ਰੀਟ ਲਾਈਟਾਂ ਨੂੰ ਐੱਲ. ਈ. ਡੀ. ਲਾਈਟਾਂ 'ਚ ਬਦਲਣ ਦਾ 274 ਕਰੋੜ ਰੁਪਏ ਦਾ ਕਾਂਟਰੈਕਟ ਲੈਣ ਵਾਲੀ ਕੰਪਨੀ ਪੀ. ਸੀ. ਪੀ. ਇੰਟਰਨੈਸ਼ਨਲ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿਚ ਚਲੀ ਗਈ ਹੈ। ਪੀ. ਸੀ. ਪੀ. ਕੰਪਨੀ ਨੇ ਹਾਈ ਕੋਰਟ ਵਿਚ ਅਰਜ਼ੀ ਦਾਖਲ ਕਰ ਕੇ ਨਿਗਮ ਅਤੇ ਕੰਪਨੀ ਦਰਮਿਆਨ ਆਰਬੀਟ੍ਰੇਸ਼ਨ ਦੀ ਮੰਗ ਕੀਤੀ ਹੈ ਤਾਂ ਜੋ ਦੋਵਾਂ ਧਿਰਾਂ 'ਚ ਪੇਮੈਂਟ ਦਾ ਵਿਵਾਦ ਸੁਲਝਾਇਆ ਜਾ ਸਕੇ।
ਮੇਨ ਸੜਕਾਂ 'ਤੇ ਲੱਗ ਚੁੱਕੀਆਂ ਹਨ ਲਗਭਗ 5000 ਲਾਈਟਾਂ
ਪੀ. ਸੀ. ਪੀ. ਇੰਟਰਨੈਸ਼ਨਲ ਨੂੰ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਤਤਕਾਲੀਨ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਐੱਲ. ਈ. ਡੀ. ਪ੍ਰਾਜੈਕਟ ਅਲਾਟ ਹੋਇਆ ਸੀ। ਸ਼ੁਰੂਆਤੀ ਪੜਾਅ 'ਚ ਕੰਪਨੀ ਨੇ ਹੌਲੀ ਰਫਤਾਰ ਨਾਲ ਕੰਮ ਕੀਤਾ ਅਤੇ ਕਾਂਗਰਸ ਸਰਕਾਰ ਬਣ ਜਾਣ ਤੋਂ ਬਾਅਦ ਵੀ ਕੰਪਨੀ ਨੇ ਸ਼ਹਿਰ ਦੀਆਂ ਮੇਨ ਸੜਕਾਂ 'ਤੇ ਕੁਲ 5000 ਦੇ ਕਰੀਬ ਐੱਲ. ਈ. ਡੀ. ਲਾਈਟਾਂ ਲਗਾ ਦਿੱਤੀਆਂ।
ਕੁਝ ਮਹੀਨੇ ਪਹਿਲਾਂ ਕਾਂਗਰਸੀ ਕੌਂਸਲਰ ਰੋਹਣ ਸਹਿਗਲ ਨੇ ਐੱਲ. ਈ. ਡੀ. ਪ੍ਰਾਜੈਕਟ ਨੂੰ ਵੱਡਾ ਘਪਲਾ ਦੱਸ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਮਾਮਲਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੱਕ ਪਹੁੰਚਾ ਦਿੱਤਾ। ਸਿੱਧੂ ਨੇ ਐਕਸ਼ਨ ਲੈਂਦਿਆਂ ਐੱਲ. ਈ. ਡੀ. ਪ੍ਰਾਜੈਕਟ ਰੁਕਵਾ ਦਿੱਤਾ ਅਤੇ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਨਿਗਮ ਨੇ ਕੰਪਨੀ ਨੂੰ ਕਿਹਾ ਕਿ ਜਿੰਨਾ ਕੰਮ ਕੰਪਨੀ ਕਰ ਚੁੱਕੀ ਹੈ, ਓਨੀ ਪੇਮੈਂਟ ਲੈ ਜਾਵੇ। ਨਿਗਮ ਨੁਮਾਇੰਦਿਆਂ ਅਤੇ ਕੰਪਨੀ ਨੁਮਾਇੰਦਿਆਂ ਵੱਲੋਂ ਹੁਣ ਤੱਕ ਹੋਏ ਕੰਮ ਦੀ ਪੇਮੈਂਟ 'ਚ ਕਰੋੜਾਂ ਦਾ ਫਰਕ ਆ ਰਿਹਾ ਹੈ। ਨਿਗਮ ਜਿੰਨੀ ਰਕਮ ਦੇਣ ਨੂੰ ਤਿਆਰ ਹੈ, ਕੰਪਨੀ ਉਸ ਤੋਂ ਕਿਤੇ ਵੱਧ ਮੰਗ ਰਹੀ ਹੈ। ਹੁਣ ਕੰਪਨੀ ਨੇ ਹਾਈ ਕੋਰਟ ਦੀ ਸ਼ਰਨ ਲੈ ਕੇ ਨਿਗਮ ਨੂੰ ਕਾਨੂੰਨੀ ਦਾਅ-ਪੇਚਾਂ ਵਿਚ ਫਸਾ ਲਿਆ ਹੈ।
5000 'ਚੋਂ 4500 ਐੱਲ. ਈ. ਡੀ. ਲਾਈਟਾਂ ਪਈਆਂ ਹਨ ਬੰਦ
ਪੀ. ਸੀ. ਪੀ. ਕੰਪਨੀ ਨੇ ਪਿਛਲੇ ਸਾਲ ਸ਼ਹਿਰ ਵਿਚ ਜੋ 5000 ਦੇ ਕਰੀਬ ਐੱਲ. ਈ. ਡੀ. ਲਾਈਟਾਂ ਲਾਈਆਂ, ਉਨ੍ਹਾਂ ਵਿਚੋਂ ਕਰੀਬ 4500 ਐੱਲ. ਈ. ਡੀ. ਲਾਈਟਾਂ ਅੱਜਕਲ ਬੰਦ ਪਈਆਂ ਹਨ, ਜਿਸ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਸਾਰੀ ਰਾਤ ਹਨੇਰੇ ਵਿਚ ਡੁੱਬੀਆਂ ਰਹਿੰਦੀਆਂ ਹਨ। ਨਿਗਮ ਕਈ ਵਾਰ ਪੀ. ਸੀ. ਪੀ. ਕੰਪਨੀ ਨੂੰ ਇਨ੍ਹਾਂ ਲਾਈਟਾਂ ਨੂੰ ਠੀਕ ਕਰਨ ਲਈ ਕਹਿ ਚੁੱਕੀ ਹੈ ਪਰ ਕੰਪਨੀ ਕੋਈ ਦਿਲਚਸਪੀ ਵਿਖਾ ਰਹੀ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਨੇ ਐੱਲ. ਈ. ਡੀ. ਲਾਈਟਾਂ ਤੋਂ ਇਲਾਵਾ ਕੁਝ ਟਾਈਮਰ ਅਤੇ ਸਟਾਰਟਰ ਆਦਿ ਵੀ ਲਾਏ ਹੋਏ ਹਨ, ਜਿਨ੍ਹਾਂ ਨੂੰ ਕੰਪਨੀ ਨੁਮਾਇੰਦੇ ਹੀ ਚਾਲੂ ਜਾਂ ਠੀਕ ਕਰ ਸਕਦੇ ਹਨ। ਇਸ ਕਾਰਨ ਸਟ੍ਰੀਟ ਲਾਈਟਾਂ ਬੰਦ ਰਹਿਣ ਦੀ ਸਮੱਸਿਆ ਆ ਰਹੀ ਹੈ।
ਦੀਵਾਲੀ ਤੋਹਫੇ ਵਾਲੀਆਂ ਐੱਲ. ਈ. ਡੀ. ਲਾਈਟਾਂ ਅਜੇ ਤੱਕ ਨਹੀਂ ਮਿਲੀਆਂ
ਐੱਲ. ਈ. ਡੀ. ਪ੍ਰਾਜੈਕਟ ਬੰਦ ਹੋਣ ਤੋਂ ਬਾਅਦ ਸ਼ਹਿਰ ਦੇ ਜ਼ਿਆਦਾਤਰ ਕੌਂਸਲਰਾਂ 'ਚ ਕਾਫੀ ਮਾਯੂਸੀ ਦੇਖੀ ਗਈ ਸੀ, ਜੋ ਇਸ ਪ੍ਰਾਜੈਕਟ ਦੇ ਤਹਿਤ ਆਪਣੇ-ਆਪਣੇ ਵਾਰਡਾਂ ਨੂੰ ਜਗਮਗਾ ਕੇ ਮਾਈਲੇਜ ਲੈਣਾ ਚਾਹੁੰਦੇ ਸਨ। ਕੌਂਸਲਰਾਂ ਦੇ ਦਬਾਅ ਹੇਠ ਮੇਅਰ ਜਗਦੀਸ਼ ਰਾਜਾ ਨੇ ਪਿਛਲੇ ਸਾਲ ਦੀਵਾਲੀ ਗਿਫਟ ਦੇ ਤੌਰ 'ਤੇ ਸਾਰੇ ਪੁਰਸ਼ ਕੌਂਸਲਰਾਂ ਨੂੰ 20-20 ਅਤੇ ਮਹਿਲਾ ਕੌਂਸਲਰਾਂ ਨੂੰ 25-25 ਐੱਲ. ਈ. ਡੀ. ਸਟ੍ਰੀਟ ਲਾਈਟਾਂ ਦੇਣ ਦਾ ਐਲਾਨ ਕੀਤਾ ਹੈ। ਇਸ ਕੰਮ ਦੇ ਟੈਂਡਰ ਲਾਏ ਗਏ, ਜਿਸ ਨੂੰ ਹੁਸ਼ਿਆਰਪੁਰ ਦੇ ਠੇਕੇਦਾਰ ਨੇ ਲਿਆ ਵੀ ਪਰ ਅਜ ਤੱਕ ਜ਼ਿਆਦਾਤਰ ਕੌਂਸਲਰਾਂ ਨੂੰ ਇਕ ਵੀ ਐੱਲ. ਈ. ਡੀ. ਲਾਈਟ ਨਹੀਂ ਮਿਲੀ। ਪਿਛਲੇ ਦਿਨੀਂ ਵਿਧਾਇਕ ਸੁਸ਼ੀਲ ਰਿੰਕੂ ਨੇ ਵੀ ਠੇਕੇਦਾਰ ਨੂੰ ਫੋਨ ਕਰਕੇ ਆਪਣੇ ਹਲਕੇ ਦੇ ਕੌਂਸਲਰਾਂ ਨੂੰ ਲਾਈਟਾਂ ਨਾ ਦੇਣ ਬਾਰੇ ਨਾਰਾਜ਼ਗੀ ਦਿਖਾਈ ਸੀ। ਹੁਣ ਮੇਅਰ ਜਗਦੀਸ਼ ਰਾਜਾ ਨੇ ਸਬੰਧਤ ਠੇਕੇਦਾਰ ਨੂੰ ਕਿਹਾ ਹੈ ਕਿ ਸਾਰੇ 80 ਵਾਰਡਾਂ 'ਚ 20-20 ਸਟ੍ਰੀਟ ਲਾਈਟਾਂ ਤੁਰੰਤ ਪਹੁੰਚਾਈਆਂ ਜਾਣ ਅਤੇ ਕੱਲ ਤੱਕ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ।
25 ਸਾਲਾਂ ਤੋਂ ਪਿੱਛੇ ਰਹੇ ਦੇਸ਼ ਨੂੰ ਮੋਦੀ ਨੇ ਦਿੱਤੀ ਨਵੀਂ ਸੇਧ : ਅਟਵਾਲ
NEXT STORY