ਕਪੂਰਥਲਾ (ਭੂਸ਼ਣ, ਮਹਾਜਨ)-ਸ਼ਹਿਰ ’ਚ ਦੀਵਾਲੀ ਦੀ ਰਾਤ ਕੁਝ ਅਪਰਾਧਕ ਅਨਸਰਾਂ ਨੇ ਮਾਮੂਲੀ ਗੱਲ ਨੂੰ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਹਾਈਕੋਰਟ ਦੇ ਇਕ ਸੀਨੀਅਰ ਐਡਵੋਕੇਟ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਥਾਣਾ ਅਰਬਨ ਅਸਟੇਟ ਤੋਂ ਸਿਰਫ਼ 300 ਗਜ ਦੀ ਦੂਰੀ ’ਤੇ ਹੋਈ ਇਸ ਵਾਰਦਾਤ ਨੂੰ ਗੰਭੀਰ ਜ਼ਖ਼ਮੀ ਹੋਏ ਸੀਨੀਅਰ ਐਡਵੋਕੇਟ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਇਸ ਮਾਮਲੇ ’ਚ ਸ਼ਾਮਲ ਅਣਪਛਾਤੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੁਲਸ ਨੇ ਇਸ ਮਾਮਲੇ ’ਚ ਛਾਪੇਮਾਰੀ ਦੌਰਾਨ ਵਾਰਦਾਤ ’ਚ ਸ਼ਾਮਲ 3 ਮੁਲਜ਼ਮਾਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪ੍ਰਭਜੀਤ ਸਿੰਘ ਖਿੰਡਾ ਪੁੱਤਰ ਜਗਬੀਰ ਸਿੰਘ ਵਾਸੀ 61/2, ਬਾਬਾ ਪੀਰ ਚੌਧਰੀ ਰੋਡ, ਥਾਣਾ ਅਰਬਨ ਅਸਟੇਟ ਕਪੂਰਥਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਆਪਣਾ ਬਿਜਨੈੱਸ ਕਰਦਾ ਹੈ ਤੇ 12 ਨਵੰਬਰ 2023 ਦੀ ਰਾਤ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਆਪਣੇ ਪਰਿਵਾਰ ਦੇ ਨਾਲ ਆਪਣੀ ਜ਼ਮੀਨ, ਜੋ ਕਿ ਕਾਂਜਲੀ ਮਾਰਗ ’ਤੇ ਪੈਂਦੀ ਹੈ, ’ਚ ਦੀਵਾਲੀ ਦਾ ਦੀਵਾ ਜਗਾ ਕੇ ਵਾਪਸ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਰਾਤ ਕਰੀਬ 7.40 ਵਜੇ ਜਦੋਂ ਉਹ ਪੁਲਸ ਲਾਈਨ ਦੇ ਨੇੜੇ ਕਾਂਜਲੀ ਮਾਰਗ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇਕ ਆਲਟੋ ਕਾਰ ਜੋ ਕਿ ਬਹੁਤ ਤੇਜ਼ ਰਫਤਾਰ ਨਾਲ ਆ ਰਹੀ ਸੀ, ਨੇ ਉਸ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ।
ਇਹ ਵੀ ਪੜ੍ਹੋ: ਗੋਰਾਇਆ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਗਲੀ-ਸੜੀ ਲਾਸ਼, ਮੰਜ਼ਰ ਵੇਖ ਸਹਿਮੇ ਲੋਕ
ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੀ ਗੱਡੀ ਤੋਂ ਬਾਹਰ ਆਇਆ ਤਾਂ ਉਕਤ ਆਲਟੋ ਕਾਰ ’ਚ ਸਵਾਰ ਡਰਾਈਵਰ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਕਾਰ ’ਚ ਸ਼ਰਾਬ ਦੀ ਬੋਤਲ ਪਈ ਹੋਈ ਸੀ, ਜਦੋਂ ਉਸ ਨੇ ਗੱਡੀ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਇਸ ਸਬੰਧ ’ਚ ਪੁੱਛਿਆ ਤਾਂ ਉਸਦੇ ਪਰਿਵਾਰ ਦੇ ਨਾਲ ਗਾਲੀ-ਗਲੋਚ ਕਰਨ ਲੱਗਾ, ਜਦੋਂ ਉਸ ਨੇ ਇਸਦਾ ਵਿਰੋਧ ਕੀਤਾ ਤਾਂ ਉਸਨੇ ਆਪਣੀ ਗੱਡੀ ’ਚ ਪਏ ਇਕ ਦੇਸੀ ਪਿਸਟਲ ਟਾਈਪ ਹਥਿਆਰ ਦਿਖਾ ਕੇ ਧਮਕੀ ਦਿੱਤੀ ਕਿ ਮੈਂ ਤੇਰੇ ਪਰਿਵਾਰ ਨੂੰ ਹੁਣੇ ਖਤਮ ਕਰ ਦੇਵਾਂਗਾ, ਤੂੰ ਮੈਨੂੰ ਜਾਣਦਾ ਨਹੀਂ ਹੈ। ਪ੍ਰਭਜੀਤ ਸਿੰਘ ਖਿੰਡਾ ਨੇ ਕਿਹਾ ਕਿ ਇਸ ਦੌਰਾਨ ਉਕਤ ਮੁਲਜ਼ਮ ਆਪਣਾ ਮੋਬਾਇਲ ਕੱਢ ਕੇ ਆਪਣੇ ਸਾਥੀਆਂ ਨੂੰ ਬੁਲਾਉਣ ਲੱਗਾ ਅਤੇ ਉਸ ਨੇ ਵੀ 100 ਨੰਬਰ ’ਤੇ ਫੋਨ ਕੀਤਾ ਪਰ ਉਹ ਲੱਗਾ ਨਹੀਂ, ਜਿਸ ਤੋਂ ਬਾਅਦ ਉਸ ਨੇ ਆਪਣੇ ਦੋਸਤ ਗੁਰਜੀਤ ਸਿੰਘ ਚੀਮਾ ਵਾਸੀ ਜੱਟਪੁਰਾ ਕਪੂਰਥਲਾ ਅਤੇ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਕਰਮ ਆਨੰਦ ਪੁੱਤਰ ਦੀਪਕ ਆਨੰਦ ਵਾਸੀ ਪੀਰ ਚੌਧਰੀ ਕਪੂਰਥਲਾ ਨੂੰ ਆਪਣੀ ਮਦਦ ਲਈ ਮੌਕੇ ’ਤੇ ਆਉਣ ਨੂੰ ਕਿਹਾ ਅਤੇ ਪੁਲਸ ਨੂੰ ਸੂਚਨਾ ਦੇਣ ਦੀ ਵੀ ਗੱਲ ਕਹੀ।
ਪ੍ਰਭਜੀਤ ਸਿੰਘ ਨੇ ਕਿਹਾ ਕਿ ਇੰਨੀ ਦੇਰ ’ਚ ਮੁਲਜ਼ਮ ਕਾਰ ਚਾਲਕ ਵੱਲੋਂ ਬੁਲਾਏ ਗਏ 7-8 ਅਣਪਛਾਤੇ ਵਿਅਕਤੀ, ਜੋ ਕਿ ਤੇਜ਼ਧਾਰ ਹਥਿਆਰਾਂ ਤੇ ਤਲਵਾਰਾਂ ਨਾਲ ਲੈਸ ਸੀ, ਮੌਕੇ ’ਤੇ ਆ ਗਏ ਤੇ ਉਨ੍ਹਾਂ ਸਾਰੇ ਮੁਲਜ਼ਮਾਂ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਉਧਰ, ਉਸਦਾ ਦੋਸਤ ਗੁਰਜੀਤ ਚੀਮਾ ਤੇ ਐਡਵੋਕੇਟ ਵਿਕਰਮ ਆਨੰਦ ਵੀ ਆਪਣੀ ਇਨੋਵਾ ’ਚ ਆਪਣੇ ਡਰਾਈਵਰ ਨਾਲ ਮੌਕੇ ’ਤੇ ਆ ਗਏ, ਜਿਨ੍ਹਾਂ ਨੇ ਮਾਮਲੇ ਨੂੰ ਸੁਲਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਐਡਵੋਕੇਟ ਵਿਕਰਮ ਆਨੰਦ ਨੇ ਕਿਹਾ ਕਿ ਪੁਲਸ ਨੂੰ ਇਸ ਪੂਰੇ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਐਡਵੋਕੇਟ ਵਿਕਰਮ ਆਨੰਦ ਨੇ ਮੇਰੇ ਪਰਿਵਾਰ ਨੂੰ ਉਕਤ ਮੁਲਜ਼ਮਾਂ ਤੋਂ ਬਚਾਉਣ ਦੇ ਲਈ ਆਪਣੀ ਗੱਡੀ ’ਚ ਬੈਠਣ ਨੂੰ ਕਿਹਾ ਤਾਂ ਉਕਤ ਮੁਲਜ਼ਮਾਂ ਨੇ ਲਲਕਾਰ ਮਾਰਦੇ ਹੋਏ ਕਿਹਾ ਕਿ ਤੁਸੀਂ ਬਹੁਤ ਵੱਡੇ ਵਕੀਲ ਬਣਦੇ ਹੋ, ਪਹਿਲਾਂ ਇਸ ਵੱਡੇ ਵਕੀਲ ਨੂੰ ਮਜਾ ਚਖਾਉਂਦੇ ਹਾਂ। ਜਿਸ ਦੌਰਾਨ ਉਕਤ ਮੁਲਜ਼ਮਾਂ ਨੇ ਉਸ ਦੇ ਦੋਸਤ ਐਡਵੋਕੇਟ ਵਿਕਰਮ ਆਨੰਦ ’ਤੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਦਾਤਰ ਅਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਐਡਵੋਕੇਟ ਵਿਕਰਮ ਆਨੰਦ ਖੂਨ ਨਾਲ ਲੱਥਪੱਥ ਹੋ ਗਏ ਤੇ ਉਨ੍ਹਾਂ ਐਡਵੋਕੇਟ ਵਿਕਰਮ ਆਨੰਦ ਦੀ ਜੇਬ ’ਚੋਂ ਪੈਸੇ ਵੀ ਕੱਢ ਲਏ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ
ਇਸ ਪੂਰੇ ਘਟਨਾਕ੍ਰਮ ਦੌਰਾਨ ਐਡਵੋਕੇਟ ਵਿਕਰਮ ਆਨੰਦ ਜ਼ਮੀਨ ’ਤੇ ਡਿੱਗ ਪਏ, ਜਿਸ ਨੂੰ ਗੁਰਜੀਤ ਚੀਮਾ ਤੇ ਐਡਵੋਕੇਟ ਵਿਕਰਮ ਆਨੰਦ ਦੇ ਡਰਾਈਵਰ ਨੇ ਹਸਪਤਾਲ ਲੈ ਕੇ ਜਾਣ ਲਈ ਜਦੋਂ ਗੱਡੀ ’ਚ ਬਿਠਾਇਆ ਤਾਂ ਉਕਤ ਮੁਲਜ਼ਮਾਂ ਨੇ ਫਿਰ ਲਲਕਾਰੇ ਮਾਰੇ ਕਿ ਅੱਜ ਐਡਵੋਕੇਟ ਵਿਕਰਮ ਆਨੰਦ ਨੂੰ ਇੱਥੋਂ ਜਿਉਂਦਾ ਨਹੀਂ ਜਾਣ ਦੇਣਾ ਤੇ ਉਕਤ ਮੁਲਜ਼ਮਾਂ ਨੇ ਐਡਵੋਕੇਟ ਵਿਕਰਮ ਆਨੰਦ ਦੀ ਗੱਡੀ ਇਨੋਵਾ ’ਤੇ ਦਾਤਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਗੱਡੀ ਨੂੰ ਪੂਰੀ ਤਰ੍ਹਾਂ ਨਾਲ ਤੋੜ ਦਿੱਤਾ।
ਇਸ ਦੌਰਾਨ ਐਡਵੋਕੇਟ ਵਿਕਰਮ ਆਨੰਦ ਦੇ ਡਰਾਈਵਰ ਨੇ ਵੱਡੀ ਮੁਸ਼ਕਿਲ ਨਾਲ ਗੱਡੀ ਨੂੰ ਮੌਕੇ ਤੋਂ ਕੱਢਿਆ, ਜਿਸ ’ਤੇ ਉਕਤ ਹਮਲਾਵਰਾਂ ਨੇ ਐਡਵੋਕੇਟ ਵਿਕਰਮ ਆਨੰਦ ਦੀ ਗੱਡੀ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ ਤੇ ਮੈਂ ਤੇ ਮੇਰੀ ਪਤਨੀ ਤੇ ਮੇਰਾ ਦੋਸਤ ਗੁਰਜੀਤ ਚੀਮਾ ਵੀ ਮੌਕੇ ਤੋਂ ਜਾਨ ਬਚਾ ਕੇ ਆਪਣੀ ਐਕਸੀਡੈਂਟ ਹੋਈ ਕਾਰ ’ਚ ਸਵਾਰ ਹੋ ਕੇ ਥਾਣੇ ਵੱਲ ਚੱਲ ਪਏ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਐਡਵੋਕੇਟ ਵਿਕਰਮ ਆਨੰਦ ਨੂੰ ਕਪੂਰਥਲਾ ਸਿਵਲ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਸ ਸਮੇਂ-ਸਿਰ ਪੁੱਜ ਜਾਂਦੀ ਤਾਂ ਨਾ ਵਾਪਰਦੀ ਘਟਨਾ
ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ’ਚ ਲੈ ਕੇ ਜਦੋਂ ਐਡਵੋਕੇਟ ਵਿਕਰਮ ਆਨੰਦ ਨੂੰ ਫੋਨ ਆਇਆ ਸੀ ਤਾਂ ਐਡਵੋਕੇਟ ਨੇ ਆਪਣੇ ਘਰ ਤੋਂ ਆਪਣੀ ਕਾਰਨ ’ਤੇ ਰਵਾਨਾ ਹੋਣ ਤੋਂ ਪਹਿਲਾਂ ਇਸਦੀ ਸੂਚਨਾ ਪੁਲਸ ਨੂੰ ਦੇ ਕੇ ਘਟਨਾਕ੍ਰਮ ’ਤੇ ਪਹੁੰਚਣ ਦੇ ਕਿਹਾ ਸੀ ਪਰ ਪੁਲਸ ਦੇ ਦੇਰੀ ਨਾਲ ਪਹੁੰਚਣ ’ਤੇ ਇੰਨਾ ਵੱਡਾ ਘਟਨਾਕ੍ਰਮ ਹੋ ਗਿਆ। ਗੌਰ ਹੋਵੇ ਕਿ ਇਸ ਵਾਰਦਾਤ ਵਾਲੀ ਥਾਂ ਤੋਂ ਥਾਣਾ ਅਰਬਨ ਅਸਟੇਟ ਤੇ ਪੁਲਸ ਲਾਈਨ 100 ਗਜ ਦੀ ਦੂਰੀ ’ਤੇ ਹੈ। ਜੇਕਰ ਪੁਲਸ ਘਟਨਾ ਵਾਲੀ ਥਾਂ ’ਤੇ ਤਤਕਾਲ ਪਹੁੰਚ ਜਾਂਦੀ ਤਾਂ ਸ਼ਾਇਦ ਇੰਨੀ ਵੱਡੀ ਘਟਨਾ ਨੂੰ ਟਾਲਿਆ ਜਾ ਸਕਦਾ ਸੀ। ਦੀਵਾਲੀ ਦੀ ਰਾਤ ਹੋਈ ਇਸ ਗੰਭੀਰ ਵਾਰਦਾਤ ਦੇ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਪੁਲਸ ਨੇ 3 ਨੂੰ ਕੀਤਾ ਗ੍ਰਿਫਤਾਰ, ਮਾਮਲੇ ’ਚ ਲਾਈਆਂ ਗੈਰ-ਜ਼ਮਾਨਤੀ ਧਾਰਾਵਾਂ
ਉਧਰ, ਮਾਮਲੇ ’ਚ ਤੁਰੰਤ ਹਰਕਤ ਵਿਚ ਆਉਂਦਿਆਂ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਛਾਪੇਮਾਰੀ ਕਰਕੇ ਵਾਰਦਾਤ ’ਚ ਸ਼ਾਮਲ 3 ਮੁਲਜ਼ਮਾਂ ਲੱਕੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਵਿਲਾ ਕੋਠੀ ਥਾਣਾ ਕੋਤਵਾਲੀ ਕਪੂਰਥਲਾ, ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸਤਨਾਮ ਸਿੰਘ ਵਾਸੀ ਵਿਲਾ ਕੋਠੀ ਥਾਣਾ ਕੋਤਵਾਲੀ ਕਪੂਰਥਲਾ ਅਤੇ ਰਘਵੀਰ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਵਿਲਾ ਕੋਠੀ ਥਾਣਾ ਕੋਤਵਾਲੀ ਕਪੂਰਥਲਾ ਨੂੰ ਛਾਪਾਮਾਰੀ ਦੌਰਾਨ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਮਾਮਲੇ ’ਚ ਸ਼ਾਮਲ 4-5 ਹੋਰ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਮਾਮਲੇ ’ਚ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਦੇਸ਼ ਅਤੇ ਸਮਾਜ ਦੀ ਤਰੱਕੀ ’ਚ ਮਜ਼ਦੂਰ ਵਰਗ ਅਤੇ ਕਾਰੀਗਰਾਂ ਦਾ ਅਹਿਮ ਯੋਗਦਾਨ : ਬ੍ਰਹਮ ਸ਼ੰਕਰ ਜਿੰਪਾ
NEXT STORY