ਰੂਪਨਗਰ, (ਕੈਲਾਸ਼)- ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਨੂੁੰ ਮਿਲਣ ਵਾਲੀਆਂ ਮੁਫਤ ਦਵਾਈਆਂ ਦੀ ਸੁਵਿਧਾ ਦੇ ਸਰਕਾਰੀ ਦਾਅਵੇ ਦਵਾਈਆਂ ਦੀ ਭਾਰੀ ਕਮੀ ਕਾਰਨ ਖੋਖਲੇ ਸਿੱਧ ਹੋ ਰਹੇ ਹਨ।
ਜਦੋਂ ਕਿ ਸਿਹਤ ਪ੍ਰਸ਼ਾਸਨ ਵੀ ਦਵਾਈਆਂ ਦੀ ਕਮੀ ਕਾਰਨ ਜਿੱਥੇ ਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਿਹਾ ਹੈ ਉੱਥੇ ਉਨ੍ਹਾਂ ਨੂੰ ਦਵਾਈਆਂ ਦੀ ਖੇਪ ਪਹੁੰਚਣ ਦਾ ਇੰਤਜ਼ਾਰ ਵੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਉਪਲੱਬਧ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਹਸਪਤਾਲਾਂ ’ਚ ਦਵਾਈਆਂ ਦੀ ਮੌਜਦੂਗੀ ਦੇ ਰਹਿੰਦੇ ਡਾਕਟਰਾਂ ਨੂੰ ਵੀ ਹਦਾਇਤਾਂ ਹਨ ਕਿ ਉਹ ਰੋਗੀਆਂ ਨੂੰ ਬਾਜ਼ਾਰੀ ਦਵਾਈਆਂ ਨਾ ਲਿਖਣ ਪਰ ਹੁਣ ਹਸਪਤਾਲ ’ਚ ਦਵਾਈਆਂ ਦੀ ਕਮੀ ਸਿਹਤ ਵਿਭਾਗ, ਡਾਕਟਰਾਂ ਅਤੇ ਰੋਗੀਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਇਸ ਸਬੰਧ ’ਚ ਅੱਜ ਹਸਪਤਾਲ ’ਚ ਪਹੁੰਚੇ ਅਲੱਗ-ਅਲੱਗ ਮਰੀਜ਼ਾਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਦਵਾਈਆਂ ਡਾਕਟਰਾਂ ਵਲੋਂ ਲਿਖੀਆਂ ਗਈਆਂ ਉਹ ਹਸਪਤਾਲ ਦੇ ਸਟਾਕ ’ਚ ਨਹੀਂ ਸਨ, ਜਦੋਂ ਕਿ ਡਾਕਟਰਾਂ ਨੇ ਹੀ ਕਿਹਾ ਸੀ ਕਿ ਉਨ੍ਹਾਂ ਨੂੰ ਦਵਾਈ ਹਸਪਤਾਲ ਤੋਂ ਮਿਲਣਗੀਆਂ। ਪਰ ਦਵਾਈਆਂ ਦਾ ਸਟਾਕ ਨਾ ਰਹਿਣ ਦੇ ਕਾਰਨ ਉਨ੍ਹਾਂ ਨੂੰ ਬਾਜ਼ਾਰ ਤੋਂ ਮਹਿੰਗੀਆਂ ਦਵਾਈਆਂ ਖਰੀਦਣੀਆਂ ਪਈਆਂ।
ਗਰਭਵਤੀ ਮਹਿਲਾਵਾਂ ਲਈ ਵੀ ਨਹੀਂ ਹਨ ਆਇਰਨ, ਫੌਲਿਕ ਐਸਿਡ ਦੀਆਂ ਗੋਲੀਆ : ਪ੍ਰਸ਼ਾਸਨ ਵਲੋਂ ਗਰਭਵਤੀ ਮਹਿਲਾਵਾਂ ਨੂੰ ਸਰਕਾਰੀ ਹਸਪਤਾਲਾਂ ’ਚ ਜਿੱਥੇ ਡਲਿਵਰੀ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਉਨ੍ਹਾਂ ਨੂੰ ਹਸਪਤਾਲਾਂ ’ਚ ਮਿਲਣ ਵਾਲੀਆਂ ਆਇਰਨ, ਫੌਲਿਕ ਐਸਿਡ ਦੀਆਂ ਗੋਲੀਆਂ ਵੀ ਖਤਮ ਹੋਣ ਦੇ ਕਾਰਨ ਨਹੀਂ ਮਿਲ ਰਹੀਆਂ।
ਸ਼ੂਗਰ ਰੋਗੀਆਂ ਨੂੰ ਨਹੀਂ ਮਿਲ ਰਹੀ ਦਵਾਈ : ਪੰਜਾਬ ਸਰਕਾਰ ਵਲੋਂ ਸ਼ੂਗਰ ਰੋਗੀਆਂ ਲਈ ਪੰਜ ਪ੍ਰਕਾਰ ਦੀਆਂ ਦਵਾਈਆਂ ਦੀ ਸੂਚੀ ਦਵਾਈਆਂ ਦੀ ਲਿਸਟ ’ਚ ਸ਼ਾਮਲ ਕੀਤੀ ਗਈ ਹੈ, ਪਰ ਸ਼ੂਗਰ ਰੋਗੀਆਂ ਨੂੰ ਹਸਪਤਾਲ ਤੋਂ ਕੋਈ ਦਵਾਈ ਨਹੀਂ ਮਿਲ ਰਹੀ ਅਤੇ ਉਨ੍ਹਾਂ ਨੂੰ ਦਵਾਈਆਂ ਮਾਰਕੀਟ ਤੋਂ ਹੀ ਖਰੀਦਣੀ ਪੈ ਰਹੀਆਂ ਹਨ।
ਸਮਾਜ ਸੇਵੀਆਂ ਨੇ ਜਤਾਇਆ ਰੋਸ : ਸਿਵਲ ਹਸਪਤਾਲ ’ਚ ਦਵਾਈਆਂ ਦੀ ਕਮੀ ਕਾਰਨ ਸਮਾਜ ਸੇਵੀ ਬਲਦੇਵ ਅਰੋਡ਼ਾ ਜਨਰਲ ਸਕੱਤਰ ਗੋਪਾਲ ਗਊਸ਼ਾਲਾ, ਮਹਿੰਦਰ ਸਿੰਘ ਉਬਰਾਏ ਸਕੱਤਰ ਗੁਰਦੁਆਰਾ ਕਲਗੀਧਰ ਕੰਨਿਆ ਪਾਠਸ਼ਾਲਾ, ਆਰ. ਕੇ. ਭੱਲਾ ਜਨਰਲ ਸਕੱਤਰ ਸਿਟੀਜ਼ਨ ਵੈੱਲਫੇਅਰ ਕੌਂਸਲ, ਮਦਨ ਗੁਪਤਾ ਸਾਬਕਾ ਕੌਂਸਲਰ ਅਤੇ ਪ੍ਰਧਾਨ ਸਿਟੀਜ਼ਨ ਵੈੱਲਫੇਅਰ ਕੌਂਸਲ, ਐਡਵੋਕੇਟ ਚੇਤਨ ਸ਼ਰਮਾ ਨੇ ਕਿਹਾ ਕਿ ਸਰਕਾਰੀ ਦਵਾਈਆਂ ਦੇ ਬਾਵਜੂਦ ਸਰਕਾਰੀ ਹਸਪਤਾਲਾਂ ’ਚ ਰੋਗੀਆਂ ਨੂੰ ਦਵਾਈਆਂ ਨਾ ਮਿਲਣਾ ਉਨ੍ਹਾਂ ਦੀ ਸਿਹਤ ਨਾਲ ਜਿੱਥੇ ਖਿਲਵਾਡ਼ ਹੈ ਉੱਥੇ ਉਨ੍ਹਾਂ ਦਾ ਆਰਥਕ ਸ਼ੋਸ਼ਣ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲ ਦੇ ਅਾਧਾਰ ’ਤੇ ਹਸਪਤਾਲ ’ਚ ਮਿਲਣ ਵਾਲੀਆਂ ਦਵਾਈਆਂ ਨੂੰ ਉਪਲੱਬਧ ਕਰਵਾਉਣਾ ਚਾਹੀਦਾ ਹੈ।
ਕੀ ਕਹਿੰਦੇ ਨੇ ਐੱਸ.ਐੱਮ.ਓ. : ਇਸ ਸਬੰਧ ’ਚ ਜਦੋਂ ਹਸਪਤਾਲ ਦੇ ਐੱਸ.ਅੈੱਮ.ਓ. ਡਾ. ਤਰਸੇਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ’ਚ ਰੋਗੀਆਂ ਨੂੰ ਮਿਲਣ ਵਾਲੀਆਂ 98 ਜ਼ਰੂਰੀ ਦਵਾਈਆਂ ’ਚੋਂ 56 ਦਵਾਈਆਂ ਮੌਜੂਦ ਹਨ। ਇਸੇ ਪ੍ਰਕਾਰ ਕੁਲ 218 ਦੀ ਸੂਚੀ ’ਚੋਂ ਕਰੀਬ 140 ਪ੍ਰਕਾਰ ਦੀਆਂ ਦਵਾਈਆਂ ਰੋਗੀਆਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ। ਦਵਾਈਆਂ ਦੀ ਡਿਮਾਂਡ ਪੰਜਾਬ ਸਰਕਾਰ ਦੇ ਖਰਡ਼ ਸਥਿਤ ਡਿਪੂ ’ਚ ਭੇਜੀ ਗਈ ਹੈ ਪਰ ਕੁਝ ਤਬਦੀਲੀਆਂ ਦੇ ਕਾਰਨ ਉਥੇ ਵੀ ਦਵਾਈਆਂ ਦੀ ਕਮੀ ਹੈ, ਜਲਦ ਹੀ ਇਹ ਸੁਵਿਧਾ ਰੋਗੀਆਂ ਲਈ ਦੁਬਾਰਾ ਸ਼ੁਰੂ ਹੋ ਜਾਵੇਗੀ।
15 ਗ੍ਰਾਮ ਹੈਰੋਇਨ ਸਣੇ ਔਰਤ ਗ੍ਰਿਫਤਾਰ
NEXT STORY