ਜਲੰਧਰ (ਪੁਨੀਤ)–ਸਰਕਾਰ ’ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਵੱਲੋਂ 16 ਘੰਟਿਆਂ ਤਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਿਆ ਗਿਆ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰੋਡਵੇਜ਼, ਪਨਬੱਸ-ਪੀ. ਆਰ. ਟੀ. ਸੀ. ਦੀਆਂ 3000 ਤੋਂ ਜ਼ਿਆਦਾ ਬੱਸਾਂ ਦੇ ਪਹੀਏ ਰੁਕ ਜਾਣ ਕਾਰਨ ਸਰਕਾਰੀ ਬੱਸਾਂ ਦੇ 2700 ਤੋਂ ਜ਼ਿਆਦਾ ਕਾਊਂਟਰ ਟਾਈਮ ਮਿਸ ਹੋਏ। ਇਸ ਕਾਰਨ ਵਿਭਾਗ ਨੂੰ 2.75 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਉਠਾਉਣਾ ਪਿਆ।
ਹੜਤਾਲ ਦੌਰਾਨ ਲੰਮੇ ਰੂਟ ਦੀਆਂ ਬੱਸਾਂ ਨਾ ਮਿਲ ਸਕਣ ਕਾਰਨ ਕਈ ਯਾਤਰੀ ਬੱਸ ਅੱਡੇ ਤੋਂ ਵਾਪਸ ਚਲੇ ਗਏ। ਉਥੇ ਹੀ, ਪ੍ਰਾਈਵੇਟ ਬੱਸਾਂ ਵਿਚ ਸੀਟਾਂ ਤੋਂ ਜ਼ਿਆਦਾ ਯਾਤਰੀ ਹੋਣ ਕਾਰਨ ਲੋਕਾਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਹੜਤਾਲ ਕਾਰਨ 3000 ਤੋਂ ਜ਼ਿਆਦਾ ਬੱਸਾਂ ਡਿਪੂਆਂ ਵਿਚ ਖੜ੍ਹੀਆਂ ਰਹੀਆਂ, ਜਿਸ ਕਾਰਨ ਸਾਰੇ ਰੂਟਾਂ ’ਤੇ ਬੱਸਾਂ ਦੀ ਭਾਰੀ ਸ਼ਾਰਟੇਜ ਦੇਖਣ ਨੂੰ ਮਿਲੀ। ਉਥੇ ਹੀ ਆਪਣੇ ਰੂਟ ਦੀਆਂ ਬੱਸਾਂ ਲਈ ਯਾਤਰੀਆਂ ਨੂੰ ਬੱਸ ਅੱਡੇ ਦੇ ਕਾਊਂਟਰਾਂ ’ਤੇ ਲੰਮੀ ਉਡੀਕ ਕਰਦਿਆਂ ਦੇਖਿਆ ਗਿਆ।
ਮੰਗਲਵਾਰ ਰਾਤ 12 ਵਜੇ ਸ਼ੁਰੂ ਹੋਈ ਹੜਤਾਲ ਦੇ ਕ੍ਰਮ ਵਿਚ ਅੱਜ ਸਵੇਰੇ ਬੱਸ ਅੱਡੇ ਵਿਚ ਰੋਸ ਰੈਲੀ ਕੱਢ ਕੇ ਸਰਕਾਰ ਅਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਸ਼ੁਰੂ ਹੋਏ ਰੋਸ ਪ੍ਰਦਰਸ਼ਨ ਦੌਰਾਨ ਜਲੰਧਰ ਦੇ ਦੋਵਾਂ ਡਿਪੂਆਂ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ ਗਈ ਅਤੇ ਬੱਸ ਅੱਡਿਆਂ ’ਚ ਧਰਨਾ ਦਿੱਤਾ ਗਿਆ। ਯੂਨੀਅਨ ਨੇਤਾ ਚਾਨਣ ਸਿੰਘ ਚੰਨਾ, ਸਤਪਾਲ ਸਿੰਘ ਸੱਤਾ, ਗੁਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਗੁਰਪ੍ਰਕਾਰ ਸਿੰਘ ਵੱਲੋਂ ਸੰਬੋਧਿਤ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਜਤਾਇਆ ਗਿਆ।
ਇਹ ਵੀ ਪੜ੍ਹੋ- 'ਬਾਬੇ ਨਾਨਕ' ਦੇ ਵਿਆਹ ਪੁਰਬ ਮੌਕੇ ਸੁਲਤਾਨਪੁਰ ਲੋਧੀ ਤੋਂ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ
ਹੜਤਾਲ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਯੂਨੀਅਨ ਦੇ ਵਫਦ ਨਾਲ ਚੰਡੀਗੜ੍ਹ ਵਿਚ ਮੀਟਿੰਗ ਕੀਤੀ ਗਈ। ਪੈਨਲ ਮੀਟਿੰਗ ਵਿਚ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਸਰਪ੍ਰਸਤ ਕਮਲ ਕੁਮਾਰ, ਹਰਕੇਸ਼ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਪੰਨੂ ਆਦਿ ਸ਼ਾਮਲ ਹੋਏ। ਟਰਾਂਸਪੋਰਟ ਮੰਤਰੀ ਸਾਹਮਣੇ ਠੇਕਾ ਕਰਮਚਾਰੀਆਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਉਠਾਈਆਂ ਗਈਆਂ। ਇਸ ਦੌਰਾਨ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਦੁਪਹਿਰ 2 ਵਜੇ ਤੋਂ ਬਾਅਦ ਸ਼ੁਰੂ ਹੋਈ ਮੀਟਿੰਗ ਦੌਰਾਨ ਯੂਨੀਅਨ ਦੀਆਂ ਵੱਖ-ਵੱਖ ਮੰਗਾਂ ਮੰਨ ਲਈਆਂ ਗਈਆਂ, ਜਦਕਿ ਕੁਝ ਮੰਗਾਂ ਪੈਂਡਿੰਗ ਰਹਿ ਗਈਆਂ। ਮੁੱਖ ਤੌਰ ’ਤੇ ਕਰਮਚਾਰੀਆਂ ਦੀ ਤਨਖਾਹ ਵਿਚ 5 ਫ਼ੀਸਦੀ ਵਾਧੇ ਨੂੰ ਜਾਰੀ ਰੱਖਣ ਲਈ ਹਰੀ ਝੰਡੀ ਦਿੱਤੀ ਗਈ। ਨੇਤਾਵਾਂ ਨੇ ਦੱਸਿਆ ਕਿ ਕਾਂਗਰਸ ਸਮੇਂ 5 ਫ਼ੀਸਦੀ ਤਨਖ਼ਾਹ ਵਧਾਈ ਗਈ ਸੀ ਪਰ ਸਰਕਾਰ ਬਦਲਣ ਦੇ ਕੁਝ ਮਹੀਨੇ ਬਾਅਦ ਵਧੀ ਹੋਈ ਤਨਖ਼ਾਹ ਰੋਕ ਦਿੱਤੀ ਗਈ। ਹੁਣ ਫਿਰ 5 ਫੀਸਦੀ ਵਾਧੇ ਨਾਲ ਤਨਖਾਹ ਜਾਰੀ ਕੀਤੀ ਜਾਵੇਗੀ। ਉਥੇ ਹੀ ਸਸਪੈਂਡ ਚੱਲ ਰਹੇ ਲਗਭਗ 400 ਕਰਮਚਾਰੀਆਂ ਨੂੰ ਬਹਾਲ ਕਰਨ ’ਤੇ ਵੀ ਸਹਿਮਤੀ ਬਣੀ ਹੈ, ਜਿਸ ਨਾਲ ਕਰਮਚਾਰੀਆਂ ਵਿਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਇਸ ਦੌਰਾਨ ਸਸਪੈਂਡ ਚੱਲ ਰਹੇ ਕਰਮਚਾਰੀ ਦੁਬਾਰਾ ਨੌਕਰੀ ’ਤੇ ਆ ਸਕਣਗੇ।
ਯੂਨੀਅਨ ਦੇ ਵਫ਼ਦ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ 29 ਸਤੰਬਰ ਦਾ ਸਮਾਂ ਦਿੱਤਾ ਗਿਆ। ਮੀਟਿੰਗ ਉਪਰੰਤ ਜਲੰਧਰ ਪਹੁੰਚੇ ਯੂਨੀਅਨ ਦੇ ਨੇਤਾਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਦੇ ਮੱਦੇਨਜ਼ਰ 29 ਸਤੰਬਰ ਤਕ ਲਈ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਵੱਡੇ ਪੱਧਰ ’ਤੇ ਹੜਤਾਲ ਹੋਵੇਗੀ। ਬੱਸ ਅੱਡੇ ਵਿਚ ਹੋਏ ਯੂਨੀਅਨ ਦੇ ਰੋਸ ਪ੍ਰਦਰਸ਼ਨ ਦੌਰਾਨ ਦਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੌਰਵ ਸ਼ਰਮਾ ਸਮੇਤ ਕਈ ਨੇਤਾਵਾਂ ਵੱਲੋਂ ਸੰਬੋਧਿਤ ਕੀਤਾ ਗਿਆ। ਕਰਮਚਾਰੀਆਂ ਦੀ ਹੜਤਾਲ 16 ਘੰਟਿਆਂ ਬਾਅਦ ਖਤਮ ਹੋਈ ਹੈ ਅਤੇ ਜਲੰਧਰ ਬੱਸ ਅੱਡੇ ਤੋਂ 4 ਵਜੇ ਤੋਂ ਬਾਅਦ ਇਹ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ- ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ ਨੇ ਲਿਆ ਸਖ਼ਤ ਐਕਸ਼ਨ
ਮੁਫ਼ਤ ਸਫ਼ਰ ਦਾ ਲਾਭ ਨਾ ਮਿਲਣ ਕਾਰਨ ਖ਼ਰੀਦਣੀ ਪਈ ਟਿਕਟ
ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦਿੱਤੀ ਜਾ ਰਹੀ ਹੈ ਪਰ ਹੜਤਾਲ ਦੌਰਾਨ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਾ ਲਾਭ ਨਹੀਂ ਮਿਲ ਸਕਿਆ। ਬੱਸ ਅੱਡਿਆਂ ਵਿਚ ਇੱਕਾ-ਦੁੱਕਾ ਸਰਕਾਰੀ ਬੱਸਾਂ ਨਜ਼ਰ ਆ ਰਹੀਆਂ ਸਨ ਅਤੇ ਹਰੇਕ ਬੱਸ ਵਿਚ ਕਾਫੀ ਭੀੜ ਸੀ। ਇਸ ਦੌਰਾਨ ਕਈ ਕੰਡਕਟਰਾਂ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਲਈ ਮਨ੍ਹਾ ਕਰ ਦਿੱਤਾ ਗਿਆ। ਉਥੇ ਹੀ, 90 ਫ਼ੀਸਦੀ ਤੋਂ ਜ਼ਿਆਦਾ ਯਾਤਰੀਆਂ ਨੂੰ ਸਰਕਾਰੀ ਬੱਸਾਂ ਨਾ ਮਿਲਣ ਕਾਰਨ ਪ੍ਰਾਈਵੇਟ ਬੱਸਾਂ ਵਿਚ ਸਫ਼ਰ ਕਰਨਾ ਪਿਆ। ਇਸ ਕਾਰਨ ਔਰਤਾਂ ਅਤੇ ਲੜਕੀਆਂ ਨੂੰ ਟਿਕਟ ਖ਼ਰੀਦ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਹੜਤਾਲ ਖੁੱਲ੍ਹਣ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਲਾਭ ਨਹੀਂ ਮਿਲ ਸਕਿਆ।
6500 ਕਰਮਚਾਰੀਆਂ ਦੀ ਹੜਤਾਲ ਕਾਰਨ ਅਸਤ-ਵਿਅਸਤ ਹੋਇਆ ਸਿਸਟਮ
ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਦੇ ਪ੍ਰਦਰਸ਼ਨ ਦੌਰਾਨ 6500 ਤੋਂ ਜ਼ਿਆਦਾ ਠੇਕਾ ਕਰਮਚਾਰੀ ਹੜਤਾਲ ’ਤੇ ਰਹੇ ਅਤੇ ਬੱਸਾਂ ਦੀ ਆਵਾਜਾਈ ਨਹੀਂ ਹੋਈ। ਕੰਮਕਾਜ ਛੱਡ ਕੇ ਧਰਨਾ-ਪ੍ਰਦਰਸ਼ਨ ਕਰ ਰਹੇ ਠੇਕਾ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਰਮਚਾਰੀਆਂ ਨੇ ਕਿਹਾ ਕਿ ਭਵਿੱਖ ਵਿਚ ਸਰਕਾਰ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਸਾਰੇ ਕਰਮਚਾਰੀ ਹੜਤਾਲ ਦੌਰਾਨ ਚੰਡੀਗੜ੍ਹ ਰੋਸ ਪ੍ਰਦਰਸ਼ਨ ਕਰਨਗੇ। ਇਸ ਹੜਤਾਲ ਦੌਰਾਨ ਡਿਪੂਆਂ ਦਾ ਪੂਰਾ ਸਿਸਟਮ ਅਸਤ-ਵਿਅਸਤ ਨਜ਼ਰ ਆਇਆ।
ਇਹ ਵੀ ਪੜ੍ਹੋ- ਵਿਵਾਦਾਂ ਵਿਚ ਘਿਰਿਆ ਜਲੰਧਰ ਦਾ ਮਸ਼ਹੂਰ ਕੱਪਲ, ਇਤਰਾਜ਼ਯੋਗ ਵੀਡੀਓ ਹੋਈ ਵਾਇਰਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕਾਂਗਰਸ ਚੌਕਸ, ਪਾਰਟੀ ਜਾਣਦੀ ਹੈ ਕਿ ਖੇਤਰਵਾਦੀ ਭਾਵਨਾ ਉਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ
NEXT STORY