ਫਗਵਾੜਾ, (ਜਲੋਟਾ)- ਫਗਵਾੜਾ ’ਚ ਆਏ ਦਿਨ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਫਗਵਾੜਾ ਗੈਂਗਲੈਂਡ ਬਣਿਆ ਹੋਵੇ। ਦੂਜੇ ਪਾਸੇ ਜ਼ਿਲਾ ਪੁਲਸ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੋਇਆ ਹੈ। ਅੱਜ ਤੜਕੇ-ਤੜਕੇ ਸਥਾਨਕ ਹੁਸ਼ਿਆਰਪੁਰ ਰੋਡ ’ਤੇ ਮਸ਼ਹੂਰ ਐੱਸ. ਸੁਧੀਰ ਸਵੀਟਸ ਦੀ ਦੁਕਾਨ ’ਤੇ ਹੋਈ ਅੰਨ੍ਹੇਵਾਹ ਫਾਇਰਿੰਗ ਤੋਂ ਬਾਅਦ ਲੋਕ ਗੋਲੀਆਂ ਦੀਆਂ ਆਵਾਜ਼ਾਂ ਨਾਲ ਕੰਬੇ ਉੱਠੇ।
ਉਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਲੋਕਾਂ ਨੇ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਸ਼ਹਿਰ ’ਚ ਚੱਲੀਆਂ ਗੋਲੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੇ ਕੁ ਸੁਰੱਖਿਅਤ ਹਨ ਅਤੇ ਜ਼ਿਲਾ ਪੁਲਸ ਪ੍ਰਸ਼ਾਸਨ ਆਪਣੀ ਡਿਊਟੀ ਪ੍ਰਤੀ ਕਿੰਨਾ ਕੁ ਸਜੀਦਾ ਹੈ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਅੰਦਾਜ਼ ’ਚ ਗੋਲੀਕਾਂਡ ਨੂੰ ਹਮਲਾਵਰਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ, ਉਸਨੇ ਇਹ ਤੱਤ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਕੁਝ ਵੀ ਹੋਇਆ ਹੈ, ਉਹ ਬੇਹੱਦ ਪਲੈਨਿੰਗ ਅਤੇ ਰੇਕੀ ਕਰਨ ਤੋਂ ਬਾਅਦ ਹੀ ਅੰਜਾਮ ਦਿੱਤਾ ਗਿਆ ਜਾਪ ਰਿਹਾ ਹੈ।
ਗੋਲੀਕਾਂਡ ’ਚ ਸਭ ਤੋਂ ਅਹਿਮ ਇਹ ਗੱਲ ਰਹੀ ਹੈ ਕਿ ਹਮਲਾਵਰਾਂ ਵੱਲੋਂ ਮਿਠਾਈ ਵਿਕ੍ਰੇਤਾ ਦੀ ਦੁਕਾਨ ’ਤੇ ਹਮਲਾ ਠੀਕ ਉਸ ਵੇਲੇ ਕੀਤਾ ਗਿਆ, ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਫਗਵਾੜਾ ’ਚ ਕੁਝ ਸਮਾਂ ਬਾਅਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਉਣਾ ਹੈ ਅਤੇ ਇਕ ਦਿਨ ਬਾਅਦ ਲੋਹੜੀ ਦਾ ਪਵਿੱਤਰ ਦਿਹਾੜਾ ਹੈ।
ਇਸ ਤੋਂ ਬਾਅਦ ਹਮਲਾਵਰਾਂ ਨੇ ਤੜਕਸਾਰ ਸਮਾਂ ਚੁਣਿਆ, ਜਦ ਉਨ੍ਹਾਂ ਨੂੰ ਪਤਾ ਸੀ ਕਿ ਦੁਕਾਨ ਖੁੱਲ੍ਹਣ ਤੋਂ ਬਾਅਦ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਬੰਦ ਹੋਣਗੀਆਂ ਅਤੇ ਦੁਕਾਨ ਦੇ ਅੰਦਰ ਜ਼ਿਆਦਾਤਰ ਸਟਾਫ ਹੀ ਮੌਜੂਦ ਹੋਵੇਗਾ ਅਤੇ ਲੋਕਾਂ ਦੀ ਭੀੜ ਨਹੀਂ ਹੋਵੇਗੀ। ਹਮਲਾਵਰਾਂ ਨੂੰ ਇਹ ਵੀ ਪਤਾ ਸੀ ਕਿ ਫਾਈਰਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਿੰਜ ਅਤੇ ਕਿਸ ਰਾਹ ਦੀ ਵਰਤੋਂ ਕਰ ਫਰਾਰ ਹੋਣਾ ਹੈ।
ਉਨ੍ਹਾਂ ਨੂੰ ਇਸ ਗੱਲ ਤੋਂ ਵੀ ਚੰਗੀ ਤਰਾਂ ਨਾਲ ਜਾਣੂ ਸਨ ਕਿ ਮਿਠਾਈ ਦੀ ਦੁਕਾਨ ਦੇ ਬਾਹਰ ਅਤੇ ਆਸ ਪਾਸ ਸੀ. ਸੀ. ਟੀ. ਵੀ. ਕੈਮਰਿਆਂ ਦਾ ਵੱਡਾ ਜਾਲ ਮੌਜੂਦ ਹੈ। ਇਹੋ ਉਹ ਵੱਡਾ ਕਾਰਨ ਹੈ ਕਿ ਉਹ ਪਿੱਛੋਂ ਤੋਂ ਹੀ ਨਕਾਬਪੋਸ਼ ਹੋ ਕੇ ਦੁਕਾਨ ਦੇ ਮੁੱਖ ਗੇਟ ਤੱਕ ਪੁੱਜੇ ਸਨ।
ਹਮਲਾਵਰਾਂ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਜਿਸ ਦੁਕਾਨ ਦੇ ਸ਼ੀਸ਼ਿਆਂ ’ਤੇ ਉਨ੍ਹਾਂ ਨੂੰ ਫਾਇਰਿੰਗ ਕਰਨੀ ਹੈ, ਉਹ ਆਮ ਸ਼ੀਸ਼ਾ ਨਹੀਂ ਹਨ ਅਤੇ ਇਹ ਪੂਰੀ ਤਰ੍ਹਾਂ ਦੇ ਨਾਲ ਟਫਨ ਗਲਾਸ ਹੈ। ਹੋਰ ਤਾਂ ਹੋਰ ਜੇਕਰ ਹਮਲਾਵਰ ਚਾਹੁੰਦੇ ਤਾਂ ਉਹ ਦੁਕਾਨ ਦੇ ਅੰਦਰ ਆ ਕੇ ਬੇਹੱਦ ਆਸਾਨੀ ਨਾਲ ਕਿਸੇ ਵੀ ਵਿਅਕਤੀ ਜਾਂ ਦੁਕਾਨ ਦੇ ਮਾਲਕ ਦੇ ਪੁੱਤਰ ਜਾਂ ਸਟਾਫ ’ਤੇ ਗੋਲੀਆਂ ਚਲਾ ਸਕਦੇ ਸਨ ਪਰ ਉਨ੍ਹਾਂ ਜਾਣਬੁਝ ਕੇ ਇਹੋ ਜਿਹਾ ਕੁਝ ਨਹੀਂ ਕੀਤਾ ਅਤੇ ਦੁਕਾਨ ਦੇ ਬਾਹਰ ਖੜੇ ਹੋ ਕਿ ਟਫਨ ਸ਼ੀਸ਼ਿਆਂ ’ਤੇ ਅੰਨ੍ਹੇਵਾਹ ਇਕ ਤੋਂ ਬਾਅਦ ਇਕ ਕਰ 7 ਗੋਲੀਆਂ ਚਲਾਈਆਂ ਅਤੇ ਬੇਖੌਫ ਹੋ ਫਿਲਮੀ ਸਟਾਈਲ ਉਥੋਂ ਫਰਾਰ ਹੋ ਗਏ।
ਅਹਿਮ ਇਹ ਵੀ ਹੈ ਕਿ ਗੋਲੀਕਾਂਡ ਨੂੰ ਅੰਜਾਮ ਦੇ ਕੇ ਗਏ ਹਮਲਾਵਰ ਮੌਕੇ ’ਤੇ ਨਾ ਤਾਂ ਫਿਰੌਤੀ ਦੀ ਮੰਗ ਰੱਖ ਕੋਈ ਚਿੱਠੀ ਜਾਂ ਚਿੱਟ ਆਦੀ ਸੁੱਟ ਕੇ ਗਏ ਹਨ, ਜਿਸ ’ਚ ਉਨ੍ਹਾਂ ਨੇ ਫਰੌਤੀ ਦੀ ਮੰਗ ਕੀਤੀ ਹੋਵੇ।
ਹਾਲਾਂਕਿ ਪੁਲਸ ਜਾਂਚ ਦੇ ਦੌਰਾਨ ਜਾਂ ਆਣ ਵਾਲੇ ਕੁਝ ਘੰਟਿਆਂ ’ਚ ਦੋਸ਼ੀਆਂ ਵੱਲੋਂ ਦੁਕਾਨ ਦੇ ਮਾਲਕ ਪਾਸੋਂ ਪੈਸਿਆਂ ਦੀ ਮੰਗ ਰੱਖ ਫਿਰੌਤੀ ਦੀ ਮੰਗ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਪਰ ਜਾਣਕਾਰਾਂ ਅਤੇ ਸੂਤਰਾਂ ਤੇ ਜੇਕਰ ਵਿਸ਼ਵਾਸ ਕੀਤਾ ਜਾਏ ਤੇ ਇਹ ਮਾਮਲਾ ਕੁਝ ਹੋਰ ਕਹਾਣੀ ਬਿਆਨ ਕਰ ਰਿਹਾ ਹੈ।
ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਗੋਲੀਕਾਂਡ ਨੂੰ ਅੰਜਾਮ ਦੇਣ ਦੇ ਪਿੱਛੇ ਹਮਲਾਵਰਾਂ ਨੇ ਐੱਸ. ਸੁਧੀਰ ਸਵੀਟਸ ਦੇ ਮਾਲਕਾਂ ਨੂੰ ਡਰਾਉਂਦੇ ਹੋਏ ਇਨ੍ਹਾਂ ਦੇ ਸੰਪਰਕ ’ਚ ਰਹੇ ਕਿਸੇ ਵਿਅਕਤੀ ਨੂੰ ਗੋਲੀਕਾਂਡ ਨੂੰ ਅੰਜਾਮ ਦੇ ਕੇ ਇਹ ਸਖਤ ਸੁਨੇਹਾ ਦਿੱਤਾ ਹੋ ਸਕਦਾ ਹੈ ਕਿ ਉਨ੍ਹਾਂ ਤੋਂ ਕੁਝ ਵੀ ਲੁਕਿਆ ਛੁਪਿਆ ਹੋਇਆ ਨਹੀਂ ਹੈ ਪਰ ਇਹ ਵਿਅਕਤੀ ਆਖਰ ਕੌਣ ਹੋ ਸਕਦਾ ਹੈ, ਇਹ ਆਪਣੇ-ਆਪ ’ਚ ਵੱਡੀ ਬੁਝਾਰਤ ਹੀ ਹੈ?
ਗੋਲੀਕਾਂਡ ਦੀ ਜਾਂਚ ਕਰ ਰਹੀ ਫਗਵਾੜਾ ਪੁਲਸ ਦੀ ਟੀਮ ਨੂੰ ਮੌਕੇ ਤੋਂ 9 ਐੱਮ. ਐੱਮ. ਦੇ ਅੱਧਾ ਦਰਜਨ ਦੇ ਕਰੀਬ ਖਾਲੀ ਖੋਲ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਪੁਲਸ ਨੇ ਦੁਕਾਨ ’ਚ ਲੱਗੇ ਹੋਏ ਡੀ. ਵੀ. ਆਰ. ਜਿਸ ’ਚ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਆਦੀ ਰਿਕਾਰਡ ਹੋਈ ਹੈ, ਨੂੰ ਆਪਣੇ ਕਬਜ਼ੇ ’ਚ ਲੈ ਕੇ ਫੋਰੈਂਸਿਕ ਜਾਂਚ ਲਈ ਸਰਕਾਰੀ ਲੈਬ ਚ ਭੇਜ ਦਿੱਤਾ ਹੈ।
ਪੁਲਸ ਵੱਲੋਂ ਦੁਕਾਨ ਦੇ ਅੰਦਰ ਪਏ ਸਾਮਾਨ ਆਦਿ ਦੀ ਵੀ ਸੰਘਣੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਕਾਂਡ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਅਣਪਛਾਤੇ ਹਮਲਾਵਰਾਂ ਖਿਲਾਫ ਇਰਾਦਾ ਕਤਲ ਅਤੇ ਆਰਮਜ਼ ਐਕਟ ਦੇ ਤਹਿਤ ਪੁਲਸ ਕੇਸ ਦਰਜ ਕੀਤਾ ਜਾ ਰਿਹਾ ਹੈ।
ਗੋਲੀਕਾਂਡ ਤੋਂ ਬਾਅਦ ਐੱਸ. ਐੱਸ. ਪੀ. ਗੌਰਵ ਤੂਰਾ ਐੱਸਪੀ ਫਗਵਾਡ਼ਾ ਸ਼੍ਰੀਮਤੀ ਮਾਧਵੀ ਸ਼ਰਮਾ ਸਮੇਤ ਹੋਰ ਪੁਲਸ ਅਧਿਕਾਰੀਆਂ ਜਿਨ੍ਹਾਂ ’ਚ ਮੁੱਖ ਤੌਰ ’ਤੇ ਐੱਸ. ਐੱਚ. ਓ. ਥਾਣਾ ਸਿਟੀ ਸ਼੍ਰੀਮਤੀ ਊਸ਼ਾ ਆਦੀ ਸ਼ਾਮਲ ਹਨ, ਨੂੰ ਲੈ ਕੇ ਐੱਸ ਸੁਧੀਰ ਸਵੀਟਸ ਦਾ ਤੂਫਾਨੀ ਦੌਰਾ ਕੀਤਾ ਗਿਆ ਹੈ।
ਇਸ ਦੌਰਾਨ ਐੱਸ. ਐੱਸ. ਪੀ. ਤੂਰਾ ਤੇ ਐੱਸਪੀ ਸ਼੍ਰੀਮਤੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਗੋਲੀਕਾਂਡ ਦੇ ਦੋਸ਼ੀਆਂ ਨੂੰ ਪੁਲਸ ਵੱਲੋਂ ਜਲਦ ਗ੍ਰਿਫਤਾਰ ਕਰ ਸਾਰੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਪਰ ਹਮਲਾਵਰ ਕੌਣ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਫਰਾਰ ਹੋਏ ਹਨ, ਇਸ ਨੂੰ ਲੈ ਕੇ ਹਾਲੇ ਪੁਲਸ ਜਾਂਚ ਜਾਰੀ ਜਾਰੀ ਹੈ। ਐੱਸ. ਐੱਸ. ਪੀ. ਤੂਰਾ ਨੇ ਕਿਹਾ ਕਿ ਗੋਲੀਕਾਂਡ ਦੇ ਦੌਰਾਨ 7 ਰਾਊਂਡ ਫਾਇਰਿੰਗ ਕੀਤੀ ਗਈ ਹੈ ਅਤੇ ਪੁਲਸ ਨੂੰ ਮੌਕੇ ਤੋਂ 9 ਐੱਮ. ਐੱਮ. ਦੇ ਖਾਲੀ ਖੋਲ ਬਰਾਮਦ ਹੋਏ ਹਨ।
ਦਰਵੇਸ਼ ਪਿੰਡ ’ਚ ਹੋਏ ਗੋਲੀਕਾਂਡ ਤੇ ਐੱਸ. ਸੁਧੀਰ ਸਵੀਟਸ ’ਤੇ ਹੋਈ ਫਾਇਰਿੰਗ ਆਪਸ ’ਚ ਮੇਲ ਨਹੀਂ ਖਾ ਰਹੀ
ਦੱਸਣਯੋਗ ਹੈ ਕਿ ਫਗਵਾੜਾ ਦੇ ਦਰਵੇਸ਼ ਪਿੰਡ ’ਚ ਬੀਤੇ ਸਾਲ 2025 ਦੇ ਨਵੰਬਰ ਮਹੀਨੇ ਦੇ ਆਖਰੀ ਹਫਤੇ ‘ਆਪ’ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ ਦੇ ਘਰ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ 23 ਰਾਉਂਡ ਫਾਇਰਿੰਗ ਕੀਤੀ ਗਈ ਸੀ। ਇਸ ਗੋਲੀਕਾਂਡ ਸਬੰਧੀ ਹਾਲਾਂਕਿ ਫਗਵਾੜਾ ਪੁਲਸ ਨੇ ਖਤਰਨਾਕ ਕਾਲਾ ਰਾਣਾ ਗੈਂਗ ਦੇ ਸ਼ਾਰਪ ਸ਼ੂਟਰ ਸ਼ੁਭਮ ਸਮੇਤ ਉਸਦੇ ਸਾਥੀਆਂ ਦੇ ਖਿਲਾਫ ਪੁਲਸ ਕੇਸ ਦਰਜ ਕਰ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਫਗਵਾੜਾ ’ਚ ਅੱਜ ਐੱਸ. ਸੁਧੀਰ ਸਵੀਟਸ ਦੀ ਦੁਕਾਨ ’ਤੇ ਹੋਈ ਫਾਇਰਿੰਗ ਦਾ ਪੈਟਰਨ ਅਤੇ ਹਮਲਾਵਰਾਂ ਦੀ ਰਣਨੀਤੀ ’ਚ ਬਹੁਤ ਵੱਡਾ ਅੰਤਰ ਸਾਫ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ।
ਇਸਦੇ ਤਹਿਤ ਜਿੱਥੇ ਪਿੰਡ ਦਰਵੇਸ਼ ਪਿੰਡ ’ਚ ਹੋਏ ਗੋਲੀਕਾਂਡ ਨੂੰ ਅੱਧੀ ਰਾਤ ਤੋਂ ਬਾਅਦ ਚੁੱਪ ਚੁਪੀਤੇ ਉਸ ਵੇਲੇ ਅੰਜਾਮ ਦਿੱਤਾ ਗਿਆ ਸੀ, ਜਦੋਂ ਪਿੰਡ ਵਾਸੀ ਰਾਤ ਨੂੰ ਆਰਾਮ ਕਰ ਰਹੇ ਸਨ, ਉੱਥੇ ਅੱਜ ਫਗਵਾੜਾ ’ਚ ਵਾਪਰੇ ਇਸ ਨਵੇਂ ਗੋਲੀਕਾਂਡ ’ਚ ਦੋਸ਼ੀਆਂ ਨੇ ਇਸਦੀ ਟਾਈਮਿੰਗ ਤੜਕਸਾਰ ਰੱਖੀ ਹੈ।
ਇਸ ਤੋਂ ਬਾਅਦ ਵੱਡਾ ਸਵਾਲ ਇਹੋ ਹੈ ਕਿ ਆਖਰ ਉਹ ਕੀ ਵਜਾਹ ਰਹੀ ਹੋ ਸਕਦੀ ਹੈ ਕਿ 3 ਅਣਪਛਾਤੇ ਹਮਲਾਵਰ ਤੜਕਸਰ ਮਿਠਾਈ ਦੀ ਦੁਕਾਨ ਖੁੱਲ੍ਹਦੇ ਹੀ ਅੰਨ੍ਹੇਵਾਹ ਫਾਇਰਿੰਗ ਕਰਕੇ ਚਲੇ ਜਾਂਦੇ ਹਨ। ਜਾਣਕਾਰਾਂ ਦੀ ਰਾਇ ’ਚ ਕੋਈ ਵੀ ਵਾਰਦਾਤ ਬਿਨਾਂ ਕਿਸੇ ਮੋਟਿਵ ਤੋਂ ਅੰਜਾਮ ਨਹੀਂ ਦਿੱਤੀ ਜਾਂਦੀ ਹੈ। ਇਸ ਦੌਰਾਨ ਫਗਵਾੜਾ ’ਚ ਭਾਰੀ ਚਰਚਾ ਦਾ ਵਿਸ਼ਾ ਬਣੇ ਹੋਏ ਸ਼ਹਿਰ ਦੇ ਸਭ ਤੋਂ ਮਸ਼ਹੂਰ ਮਿਠਾਈ ਵਿਕਰੇਤਾ ਦੀ ਦੁਕਾਨ ਤੇ ਹੋਏ ਗੋਲੀ ਕਾਂਡ ਦੇ ਪਿੱਛੇ ਦੀ ਅਸਲੀ ਵਜ੍ਹਾ ਅਤੇ ਮੰਤਬ ਕੀ ਰਿਹਾ ਹੈ ਇਹ ਡੂੰਘੀ ਪੁਲਸ ਜਾਂਚ ਦਾ ਵਿਸ਼ਾ ਹੈ।
ਕੀ ਖਤਰਾ ਟਲ ਗਿਆ ਹੈ?
ਵੱਡਾ ਸਵਾਲ ਤਾਂ ਇਹੋ ਹੈ ਕਿ ਕਿ ਇਸ ਗੋਲੀਕਾਂਡ ਤੋਂ ਬਾਅਦ ਐੱਸ. ਸੁਧੀਰ ਸਵੀਟਸ ਦੇ ਮਾਲਕਾਂ ’ਤੇ ਖਤਰਾ ਟਲ ਗਿਆ ਹੈ? ਸ਼ਾਇਦ ਨਹੀਂ ਕਿਉਂਕਿ ਪੁਲਸ ਦਾਅਵੇ ਭਲੇ ਜਿੰਨੇ ਮਰਜੀ ਕਰ ਲਏ ਪਰ ਸੱਚਾਈ ਤਾਂ ਇਹੋ ਹੈ ਕਿ ਹਾਲੇ ਤੱਕ ਚਲੀ ਜਾਂਚ ’ਚ ਨਾ ਤਾਂ 3 ਹਮਲਾਵਰਾਂ ਦੀ ਅਸਲੀ ਪਛਾਣ ਸਬੰਧੀ ਪੁਲਸ ਕੁੱਛ ਵੀ ਪਤਾ ਲੱਗਾ ਪਾਈ ਹੈ ਅਤੇ ਨਾ ਹੀ ਗੋਲੀਕਾਂਡ ਦੇ ਪਿੱਛੇ ਰਹੇ ਮੋਟਿਵ ਨੂੰ ਲੈ ਕੇ ਪੁਲਸ ਦੇ ਹੱਥ ਕੁਝ ਵੱਡੀ ਲੀਡ ਆਈ ਹੈ।
ਕੁੱਲ ਮਿਲਾ ਕੇ ਜਦ ਇਹ ਪਤਾ ਹੀ ਨਹੀਂ ਹੈ ਕਿ ਹਮਲਾਵਰ ਕੌਣ ਹਨ ਅਤੇ ਕਿੱਥੋਂ ਆਏ ਸਨ ਅਤੇ ਉਨ੍ਹਾਂ ਨੂੰ ਕਿਸ ਨੇ ਭੇਜਿਆ ਹੈ ਤਾਂ ਫਿਰ ਗੱਲਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਓ ਹਕੀਕਤ ਤਾਂ ਇਹੋ ਹੈ ਕਿ ਖਤਰਾ ਹਾਲੇ ਟਲਿਆ ਨਹੀਂ ਹੈ?
ਇਸ ਦੀ ਮਿਸਾਲ ਦਰਵੇਸ਼ ਪਿੰਡ ’ਚ ਆਪ ਆਗੂ ਦੇ ਘਰ ’ਤੇ ਹੋਈ 23 ਰਾਉਂਡ ਫਾਇਰਿੰਗ ਤੋ ਹੀ ਮਿਲ ਰਿਹਾ ਹੈ, ਜਿੱਥੇ ਪੁਲਸ ਦਾ ਦਾਅਵਾ ਹੈ ਕਿ ਦੋਸ਼ੀਆਂ ਦੀ ਅਸਲੀ ਪਛਾਣ ਵੀ ਹੋ ਗਈ ਹੈ ਅਤੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਪਰ ਹਕੀਕਤ ਇਹ ਹੈ ਕਿ ਉਹ 2 ਸ਼ਾਰਪ ਸੂਟਰ ਕੌਣ ਸਨ, ਜਿਨ੍ਹਾਂ ਨੇ ‘ਆਪ’ ਆਗੂ ਦੇ ਘਰ ਪੁੱਜ ਕੇ ਫਾਇਰਿੰਗ ਕੀਤੀ ਸੀ? ਇਹ ਹਾਲੇ ਤੱਕ ਵੱਡੀ ਬੁਝਾਰਤ ਹੀ ਬਣਿਆ ਹੋਇਆ ਹੈ।
ਹੋਰ ਤਾਂ ਹੋਰ ਖੁਦ ‘ਆਪ’ ਨੇਤਾ ਮੀਡੀਆ ਦਾ ਸਹਾਰਾ ਲੈ ਕੇ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਸਮੇਤ ਮੁੱਖ ਮੰਤਰੀ ਪੰਜਾਬ ਨੂੰ ਚਿੱਠੀਆਂ ਲਿਖ ਕੇ ਇਹ ਆਖ ਰਹੇ ਹਨ ਕਿ ਉਸਦੀ ਜਾਨ ਅਤੇ ਪਰਿਵਾਰ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ। ‘ਆਪ’ ਆਗੂ ਤਾਂ ਇਹ ਵੀ ਦਾਅਵਾ ਕਰ ਰਿਹਾ ਹੈ ਕਿ ਗੋਲੀਕਾਂਡ ਤੋਂ ਬਾਅਦ ਅਣਪਛਾਤੇ ਲੋਕਾਂ ਵੱਲੋਂ ਉਸ ਨੂੰ ਫੋਨ ’ਤੇ ਕਈ ਤਰ੍ਹਾਂ ਦੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
'ਤੇਰਾ ਤੇਰਾ ਹੱਟੀ' ਨੇ ਧੂਮਧਾਮ ਨਾਲ ਮਨਾਈ ਧੀਆਂ ਦੀ ਲੋਹੜੀ, 13 ਲੜਕੀਆਂ ਨੂੰ ਭੇਟ ਕੀਤੀ ਗਈ ਸਮੱਗਰੀ
NEXT STORY