ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪੱਛਮ ਵੱਲੋਂ ਉੱਠਦੀ ਜ਼ਹਿਰੀ ਹਵਾ ਰੰਗਲੇ ਦੁਪੱਟਿਆਂ ਨੂੰ ਉਡਾ ਕੇ ਸ਼ਮਸ਼ਾਨਾਂ ਵੱਲ ਲਿਜਾ ਰਹੀ ਹੈ, ਜਿਨ੍ਹਾਂ ਦੀ ਜਗ੍ਹਾ ਚਿੱਟੀਆਂ ਚੁੰਨੀਆਂ ਲੈ ਰਹੀਆਂ ਹਨ। ਕਦੀ ਅੱਤਵਾਦ ਅਤੇ ਕਦੀ ਗੋਲੀਬਾਰੀ ਦੇ ਰੂਪ 'ਚ ਪਾਕਿਸਤਾਨ ਦੀ ਧਰਤੀ ਤੋਂ ਵਰ੍ਹ ਰਹੇ ਕਹਿਰ ਨੇ ਕਈ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਬੁਝਾ ਦਿੱਤੀ ਹੈ। ਰੋਜ਼ ਬਲਦੇ ਸਿਵਿਆਂ ਦੀ ਅੱਗ ਪੀੜਤ ਖੇਤਰਾਂ ਦੀ ਹੋਣੀ ਦਾ ਸੰਦੇਸ਼ ਦਿੰਦੀ ਜਾਪਦੀ ਹੈ। ਇਹੀ ਹੋਣੀ ਕਠੂਆ ਤੋਂ ਬਾਰਾਮੂਲਾ ਤੱਕ, ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ, ਭਾਰਤੀ ਖੇਤਰਾਂ 'ਚ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਦੀ ਬਣ ਚੁੱਕੀ ਹੈ। ਕੋਈ ਪਿੰਡ ਅਜਿਹਾ ਨਹੀਂ, ਜਿਥੇ ਇਸ ਅੱਗ ਦਾ ਸੇਕ ਨਾ ਪਹੁੰਚਿਆ ਹੋਵੇ। ਇਸ ਸੇਕ ਦਾ ਦਰਦ ਤਾਂ ਉੱਥੋਂ ਦੇ ਹਰ ਬਾਸ਼ਿੰਦੇ ਦੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਹੈ।
ਜਦੋਂ ਰੰਗਲੇ ਚੂੜੇ ਭੰਨ ਕੇ ਸੱਖਣੀਆਂ ਬਾਹਵਾਂ ਨਾਲ ਸਿਵਿਆਂ ਦੀ ਰਾਖ ਫਰੋਲਣੀ ਪਵੇ ਤਾਂ ਸ਼ਾਇਦ ਇਸ ਤੋਂ ਵੱਡਾ ਸੰਤਾਪ, ਦੁੱਖ ਕੋਈ ਹੋਰ ਨਹੀਂ ਹੋ ਸਕਦਾ। ਕਈ ਵਾਰ ਤਾਂ ਅਜਿਹਾ ਵੀ ਹੁੰਦਾ ਹੈ ਕਿ ਪਰਿਵਾਰ 'ਚ ਅਰਥੀ ਨੂੰ ਮੋਢਾ ਦੇਣ ਵਾਲਾ ਵੀ ਨਹੀਂ ਬਚਦਾ। ਇਹ ਦੁੱਖਾਂ ਦੀ ਇੰਤਹਾ ਹੈ, ਜਿਸ ਨੂੰ ਸੁਣ ਕੇ, ਦੇਖ ਕੇ ਵੀ ਉਸ ਪੀੜ ਦੀ ਤਹਿ ਤੱਕ ਨਹੀਂ ਪਹੁੰਚਿਆ ਜਾ ਸਕਦਾ। ਪਿਛਲੇ ਦਿਨ ਸਾਂਬਾ ਸੈਕਟਰ ਦੇ ਇਕ ਅਜਿਹੇ ਪਿੰਡ ਰੰਗੂਰ ਵਿਚ 539ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਜਾਣਾ ਪਿਆ, ਜਿਸ ਦੀਆਂ ਗਲੀਆਂ 'ਚੋਂ ਉਨ੍ਹਾਂ ਗੋਲਿਆਂ ਦੀ ਦਹਿਸ਼ਤ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ, ਜਿਨ੍ਹਾਂ ਕਾਰਨ ਇਕ ਘਰ ਦੇ ਬੂਹੇ ਹਮੇਸ਼ਾ ਲਈ ਬੰਦ ਹੋ ਗਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਵਰ੍ਹਾਏ ਜਾਂਦੇ ਗੋਲੇ ਪਿਛਲੇ ਸਾਲਾਂ 'ਚ ਇਕ ਹੀ ਘਰ 'ਤੇ ਦੋ ਵਾਰ ਡਿੱਗੇ ਅਤੇ ਉਸ ਦੇ ਪੰਜ ਜੀਆਂ ਨੂੰ ਖਾ ਗਏ। ਜਿਹੜੇ ਮੈਂਬਰ ਬਾਕੀ ਬਚੇ ਸਨ, ਉਹ ਦਹਿਸ਼ਤ ਕਾਰਣ ਪਿੰਡ ਛੱਡ ਕੇ ਚਲੇ ਗਏ ਅਤੇ ਹੁਣ ਦਰਵਾਜ਼ੇ 'ਤੇ ਲਟਕਦਾ ਤਾਲਾ ਹੀ ਉਸ ਦੁਖਾਂਤ ਦੀ ਕਹਾਣੀ ਕਹਿੰਦਾ ਜਾਪਦਾ ਹੈ। ਆਸੇ-ਪਾਸੇ ਹੋਰ ਥਾਵਾਂ ਅਤੇ ਘਰਾਂ 'ਤੇ ਵੀ ਗੋਲੀਬਾਰੀ ਹੋਈ, ਜਿਸ ਦੌਰਾਨ ਇਕ ਹੋਰ ਵਿਅਕਤੀ ਵੀ ਮਾਰਿਆ ਗਿਆ ਅਤੇ ਕੁਝ ਜ਼ਖਮੀ ਵੀ ਹੋ ਗਏ। ਇਸ ਇਲਾਕੇ ਨੂੰ ਅੱਤਵਾਦੀ ਵੀ ਅਕਸਰ ਨਿਸ਼ਾਨਾ ਬਣਾਉਣ ਦੇ ਯਤਨ ਕਰਦੇ ਰਹਿੰਦੇ ਹਨ। ਪੰਜਾਬ ਕੇਸਰੀ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਪਿੰਡ ਰੰਗੂਰ 'ਚ ਜੁੜੇ ਵੱਖ-ਵੱਖ ਪਿੰਡਾਂ ਦੇ 300 ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ (ਆਟਾ, ਚਾਵਲ, ਘਿਓ, ਖੰਡ, ਸਾਬਣ ਆਦਿ) ਮੁਹੱਈਆ ਕਰਵਾਇਆ ਗਿਆ। ਇਹ ਸਾਮਾਨ ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਯਤਨਾਂ ਸਦਕਾ ਭਿਜਵਾਇਆ ਗਿਆ ਸੀ।
ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼੍ਰੀ ਚੰਦਰ ਪ੍ਰਕਾਸ਼ ਗੰਗਾ ਨੇ ਕਿਹਾ ਕਿ ਰੰਗੂਰ ਅਤੇ ਆਸ-ਪਾਸ ਦੇ ਹੋਰ ਪਿੰਡਾਂ 'ਚ ਰਹਿਣ ਵਾਲਿਆਂ ਨੇ ਅੱਤਵਾਦ ਵਿਰੁੱਧ ਜ਼ੋਰਦਾਰ ਲੜਾਈ ਲੜੀ ਹੈ। ਇਸ ਖੇਤਰ ਦੇ ਲੋਕ ਗੋਲੀਬਾਰੀ ਜਾਂ ਅੱਤਵਾਦ ਦੇ ਡਰ ਕਾਰਣ ਘਰ ਛੱਡ ਕੇ ਨਹੀਂ ਦੌੜੇ, ਸਗੋਂ ਉਨ੍ਹਾਂ ਨੇ ਅੱਤਵਾਦੀਆਂ ਨੂੰ ਮੂੰਹ-ਤੋੜ ਜੁਆਬ ਦਿੱਤਾ ਹੈ। ਸ਼੍ਰੀ ਗੰਗਾ ਨੇ ਇੰਕਸ਼ਾਫ ਕੀਤਾ ਕਿ ਇਨ੍ਹਾਂ ਪਿੰਡਾਂ 'ਤੇ ਹਮਲਾ ਕਰਨ ਲਈ ਜਿੰਨੇ ਵੀ ਅੱਤਵਾਦੀ ਆਏ, ਸਭ ਨੂੰ ਫੜ ਕੇ ਲੋਕਾਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਲੋਕਾਂ ਨੇ ਬਹਾਦਰੀ ਦੀ ਇਕ ਮਿਸਾਲ ਕਾਇਮ ਕੀਤੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਇਹ ਲੋਕ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ ਪਰ ਬਦਕਿਸਮਤੀ ਦੀ ਗੱਲ ਹੈ ਕਿ ਅੱਤਵਾਦ ਅਤੇ ਗੋਲੀਬਾਰੀ ਦੇ ਦੋਹਰੇ ਹਮਲਿਆਂ ਕਾਰਣ ਇਹ ਪਰਿਵਾਰ ਗਰੀਬੀ ਦੀ ਮਾਰ ਵੀ ਸਹਿਣ ਕਰ ਰਹੇ ਹਨ। ਥੋੜ੍ਹੇ ਜਿਹੇ ਰਾਸ਼ਨ ਜਾਂ ਹੋਰ ਮਦਦ ਲਈ ਇਹ ਲੋਕ ਘੰਟਿਆਂਬੱਧੀ ਇੰਤਜ਼ਾਰ ਕਰਦੇ ਹਨ ਤਾਂ ਇਸ ਤੋਂ ਹੀ ਇਨ੍ਹਾਂ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਜਿਸ ਤਰ੍ਹਾਂ ਇਨ੍ਹਾਂ ਪੀੜਤ ਪਰਿਵਾਰਾਂ ਦੀ ਬਾਂਹ ਫੜੀ ਹੈ, ਇਹ ਦੇਸ਼ ਦੀਆਂ ਹੋਰ ਸੰਸਥਾਵਾਂ ਅਤੇ ਅਦਾਰਿਆਂ ਲਈ ਵੀ ਇਕ ਸੁਨੇਹਾ ਹੈ। ਉਨ੍ਹਾਂ ਨੂੰ ਵੀ ਪੀੜਤਾਂ ਦੀ ਮਦਦ ਲਈ ਅੱਗੇ ਵਧਣਾ ਚਾਹੀਦਾ ਹੈ।
ਵਿਜੇ ਜੀ ਨੇ ਪੜ੍ਹਾਇਆ ਸਮਾਜ ਸੇਵਾ ਦਾ ਪਾਠ : ਰਜਿੰਦਰ ਸ਼ਰਮਾ
ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਟਰੱਕ ਲੈ ਕੇ ਪੁੱਜੇ ਨੋਬਲ ਫਾਊਂਡੇਸ਼ਨ ਦੇ ਮੋਢੀ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਨਸਾਨ ਸੰਗਤ ਤੋਂ ਬਹੁਤ ਕੁਝ ਸਿੱਖਦਾ ਹੈ। ਚੰਗੇ ਅਤੇ ਨੇਕ ਇਨਸਾਨਾਂ ਦੀ ਸੰਗਤ ਦੇ ਅਸਰ ਕਾਰਣ ਵਿਅਕਤੀ ਚੰਗੇ ਰਸਤੇ 'ਤੇ ਚੱਲਦਾ ਹੈ, ਜਦੋਂਕਿ ਬੁਰੇ ਲੋਕਾਂ ਦੀ ਸੰਗਤ ਦੂਜਿਆਂ ਨੂੰ ਵੀ ਵਿਗਾੜ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਦਰਯੋਗ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸੰਗਤ ਕਾਰਣ ਹੀ ਸਮਾਜ-ਸੇਵਾ ਦਾ ਸਬਕ ਸਿੱਖਿਆ ਹੈ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਅੱਜ ਅਨੇਕਾਂ ਲੋਕ ਦੀਨ-ਦੁਖੀਆਂ ਅਤੇ ਵਿਧਵਾਵਾਂ ਦਾ ਦੁੱਖ-ਦਰਦ ਵੰਡਾਉਣ ਦੇ ਰਾਹ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਲਈ ਤਾਂ ਜਾਨਵਰ ਵੀ ਸੋਚ ਲੈਂਦੇ ਹਨ ਪਰ ਦੂਜਿਆਂ ਦਾ ਭਲਾ ਮੰਗਣ ਵਾਲਾ ਹੀ ਮਹਾਨ ਹੁੰਦਾ ਹੈ।
ਨੋਬਲ ਫਾਊਂਡੇਸ਼ਨ ਦੀ ਸ਼੍ਰੀਮਤੀ ਅਨੀਤਾ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕ ਵੀ ਫੌਜੀਆਂ ਵਾਂਗ ਦੇਸ਼ ਦੀ ਰਖਵਾਲੀ 'ਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜਦੋਂ ਸਾਰੇ ਦੇਸ਼ ਦੇ ਲੋਕ ਸੁਖ-ਚੈਨ ਦੀ ਨੀਂਦ ਸੌਂ ਰਹੇ ਹੁੰਦੇ ਹਨ ਤਾਂ ਇਥੇ ਰਹਿਣ ਵਾਲੇ ਉਦੋਂ ਵੀ ਖ਼ਤਰਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਾਸੀਆਂ ਨੂੰ ਇਨ੍ਹਾਂ 'ਫੌਜੀਆਂ' ਦੀ ਬਹਾਦਰੀ ਦਾ ਸਨਮਾਨ ਕਰਨ ਲਈ ਇੱਥੇ ਵੱਧ ਤੋਂ ਵੱਧ ਸਹਾਇਤਾ ਪਹੁੰਚਾਉਣੀ ਚਾਹੀਦੀ ਹੈ। ਸ਼੍ਰੀਮਤੀ ਸ਼ਰਮਾ ਨੇ ਕਿਹਾ ਕਿ ਦੇਸ਼ ਵਿਚ ਕਿਸੇ ਵੀ ਵਿਅਕਤੀ ਨੂੰ ਭੁੱਖ ਜਾਂ ਦੁੱਖ (ਰੋਗ) ਤੋਂ ਪੀੜਤ ਨਹੀਂ ਹੋਣਾ ਚਾਹੀਦਾ। ਇਸ ਲਈ ਸਾਨੂੰ ਵਧ-ਚੜ੍ਹ ਕੇ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ।
ਗੋਲਿਆਂ ਅਤੇ ਗੜਿਆਂ ਨੇ ਮਚਾਈ ਤਬਾਹੀ : ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਰੰਗੂਰ ਅਤੇ ਇਲਾਕੇ ਦੇ ਹੋਰ ਪਿੰਡਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਪਿਛਲੇ ਦਿਨੀਂ, ਭਾਰੀ ਬਰਸਾਤ ਅਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ। ਇਕ ਪਾਸੇ ਪਾਕਿਸਤਾਨ ਵੱਲੋਂ ਕੁਝ ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਨੇ ਸਰਹੱਦੀ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ ਅਤੇ ਦੂਜੇ ਪਾਸੇ ਬਰਸਾਤ ਅਤੇ ਗੜਿਆਂ ਨੇ ਭਾਰੀ ਤਬਾਹੀ ਮਚਾ ਕੇ ਬਾਸਮਤੀ ਦੇ ਖੇਤ ਝੰਬ ਦਿੱਤੇ ਹਨ। ਇਸ ਨਾਲ ਪਹਿਲਾਂ ਤੋਂ ਹੀ ਗਰੀਬੀ ਅਤੇ ਆਰਥਕ ਮੰਦਹਾਲੀ ਦੇ ਸ਼ਿਕਾਰ ਕਿਸਾਨਾਂ ਨੂੰ ਹੋਰ ਵੱਡੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਅਜਿਹੀ ਵਿਵਸਥਾ ਨਹੀਂ ਹੈ ਕਿ ਕਿਸਾਨਾਂ ਦੇ ਪੂਰੇ ਨੁਕਸਾਨ ਦੀ ਪੂਰਤੀ ਹੋ ਸਕੇ। ਇਸ ਦੇ ਨਤੀਜੇ ਵਜੋਂ ਇਕ ਫਸਲ ਬਰਬਾਦ ਹੋਣ ਦਾ ਅਸਰ ਆਉਣ ਵਾਲੀਆਂ ਕਈ ਫਸਲਾਂ 'ਤੇ ਵੀ ਪੈਂਦਾ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਮੁਸ਼ਕਲਾਂ, ਤੰਗੀਆਂ ਅਤੇ ਆਰਥਕ ਮੰਦਹਾਲੀ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਨੋਬਲ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਵੱਡਾ ਰੋਲ ਨਿਭਾਅ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ। ਇਸ ਨਜ਼ਰੀਏ ਤੋਂ ਦੇਸ਼ ਦੇ ਦਾਨਵੀਰਾਂ ਅਤੇ ਸੰਸਥਾਵਾਂ ਨੂੰ ਵਧ-ਚੜ੍ਹ ਕੇ ਸੇਵਾ ਕਰਨੀ ਚਾਹੀਦੀ ਹੈ।
ਭਾਰਤ ਵਿਕਾਸ ਪ੍ਰੀਸ਼ਦ ਜੰਮੂ ਦੇ ਰਣਧੀਰ ਸਿੰਘ ਰਾਏਪੁਰੀਆ ਨੇ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਸ਼ੁਰੂ ਤੋਂ ਹੀ ਲੋੜਵੰਦਾਂ ਅਤੇ ਗਰੀਬਾਂ ਦੀ ਮਦਦ ਲਈ ਵਿਸ਼ੇਸ਼ ਕਦਮ ਚੁੱਕਦਾ ਰਿਹਾ ਹੈ। ਸਵਰਗੀ ਲਾਲ ਜਗਤ ਨਾਰਾਇਣ ਜੀ ਨੇ ਮਜ਼ਲੂਮਾਂ ਅਤੇ ਦੁਖੀਆਂ ਦੀ ਆਵਾਜ਼ ਬੁਲੰਦ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਣ ਦਾ ਜੋ ਰਾਹ ਚੁਣਿਆ ਸੀ, ਅੱਜ ਸਾਰਾ ਪਰਿਵਾਰ ਉਸੇ ਮਾਰਗ 'ਤੇ ਚੱਲ ਰਿਹਾ ਹੈ।
ਇਸ ਮੌਕੇ 'ਤੇ ਨੋਬਲ ਫਾਊਂਡੇਸ਼ਨ ਦੇ ਫਾਇਨਾਂਸ ਕੰਟਰੋਲਰ ਸ਼੍ਰੀਮਤੀ ਰਸ਼ਮੀ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ ਦੇ ਜਗਦੀਸ਼ ਸਿੰਘ ਸਲਾਥੀਆ, ਰਜਿੰਦਰ ਸਿੰਘ ਸਲਾਥੀਆ, ਰਾਮਗੜ੍ਹ ਦੇ ਭਾਜਪਾ ਆਗੂ ਸਰਬਜੀਤ ਸਿੰਘ ਜੌਹਲ, ਭਾਜਪਾ ਦੀ ਮਹਿਲਾ ਨੇਤਾ ਮੁਨੀਰਾ ਬੇਗਮ, ਸ਼ਮੀਮਾ ਬਾਨੋ, ਪਿੰਡ ਰੰਗੂਰ ਦੇ ਸਰਪੰਚ ਕਾਲੀ ਦਾਸ, ਪ੍ਰਵੀਨ ਕੁਮਾਰ, ਟੋਨੀ ਚੌਧਰੀ, ਵਿਜੇਪੁਰ ਤੋਂ ਪ੍ਰਤੀਨਿਧੀ ਅਜੇ ਕੁਮਾਰ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।
25 ਤੋਂ ਬਾਅਦ ਹੋਵੇਗਾ ਨਵੇਂ ਪੰਜਾਬ ਭਾਜਪਾ ਦੇ ਪ੍ਰਧਾਨ ਦਾ ਐਲਾਨ
NEXT STORY