ਜਲੰਧਰ (ਜ. ਬ., ਸੁਨੀਲ)– 66 ਫੁੱਟੀ ਰੋਡ ’ਤੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਵਾਕਰ ਦੇ ਸਹਾਰੇ ਜਾ ਰਹੇ ਪ੍ਰਵਾਸੀ ਨੂੰ ਪਿੱਛਿਓਂ ਆਈ ਤੇਜ਼ ਰਫ਼ਤਾਰ ਕਰੇਨ ਨੇ ਕੁਚਲ ਦਿੱਤਾ। ਕਰੇਨ ਦਾ ਟਾਇਰ ਪ੍ਰਵਾਸੀ ਦੇ ਸਿਰ ’ਤੇ ਚੜ੍ਹ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਡਰਾਈਵਰ ਕਰੇਨ ਛੱਡ ਕੇ ਫ਼ਰਾਰ ਹੋ ਗਿਆ। ਰਾਤੀਂ ਲਗਭਗ 10 ਵਜੇ ਪੁਲਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਸੀ। ਮ੍ਰਿਤਕ ਦੀ ਪਛਾਣ ਸੀਤਾ ਰਾਮ (36) ਪੁੱਤਰ ਅਵਤਾਰ ਨਿਵਾਸੀ ਬਹਿਰਾਈਚ (ਯੂ. ਪੀ.) ਹਾਲ ਨਿਵਾਸੀ ਨਜ਼ਦੀਕ ਕਿਊਰੋ ਮਾਲ ਵਜੋਂ ਹੋਈ ਹੈ।
ਹਾਦਸੇ ਤੋਂ ਕੁਝ ਸਮਾਂ ਬਾਅਦ ਹੀ ਉਥੋਂ ਲੰਘ ਰਹੇ ਡੀ. ਸੀ. ਪੀ. ਟਰੈਫਿਕ ਅਤੇ ਸਕਿਓਰਿਟੀ ਨਰੇਸ਼ ਡੋਗਰਾ ਨੇ ਥਾਣਾ ਨੰਬਰ 7 ਦੀ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਨੰਬਰ 7 ਦੇ ਸਬ-ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਸੀਤਾ ਰਾਮ ਦੀ ਇਕ ਹਾਦਸੇ ਵਿਚ ਲੱਤ ਟੁੱਟ ਗਈ ਸੀ, ਜਿਸ ਕਾਰਨ ਉਹ ਵਾਕਰ ਦੇ ਸਹਾਰੇ ਚੱਲਦਾ ਸੀ। ਸ਼ੁੱਕਰਵਾਰ ਦੇਰ ਸ਼ਾਮ ਉਹ 66 ਫੁੱਟੀ ਰੋਡ ’ਤੇ ਪੈਟਰੋਲ ਪੰਪ ਨੇੜੇ ਜਾ ਰਿਹਾ ਸੀ ਕਿ ਪਿੱਛਿਓਂ ਆਈ ਤੇਜ਼ ਰਫ਼ਤਾਰ ਕਰੇਨ (ਐੱਚ ਪੀ 3219) ਨੇ ਉਸ ਨੂੰ ਕੁਚਲ ਦਿੱਤਾ। ਕਰੇਨ ਦਾ ਟਾਇਰ ਸੀਤਾ ਰਾਮ ਦੇ ਸਿਰ ’ਤੇ ਚੜ੍ਹ ਗਿਆ, ਜਿਸ ਕਾਰਨ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਕਰੇਨ ਦਾ ਡਰਾਈਵਰ ਹਾਦਸੇ ਤੋਂ ਬਾਅਦ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਪੁੱਜਾ ਅਕਾਲੀ ਦਲ ਦਾ ਵਫ਼ਦ, ਬੀਬੀ ਬਾਦਲ ਨੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ਼ ਕੀਤਾ ਸਾਂਝਾ
ਐੱਸ. ਆਈ. ਕਮਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਛਾਣ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਉਹ ਵੀ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਸੀਤਾ ਰਾਮ ਪਹਿਲਾਂ ਰਿਕਸ਼ਾ ਚਲਾਉਂਦਾ ਸੀ। ਲਗਭਗ 3 ਮਹੀਨੇ ਪਹਿਲਾਂ ਇਕ ਸੜਕ ਹਾਦਸੇ ਵਿਚ ਉਸਦੀ ਲੱਤ ਟੁੱਟ ਗਈ ਸੀ ਅਤੇ ਉਹ ਹੁਣ ਕੋਈ ਕੰਮ ਨਹੀਂ ਕਰਦਾ ਸੀ ਅਤੇ ਵਾਕਰ ਦੇ ਸਹਾਰੇ ਹੀ ਚੱਲਦਾ ਸੀ। ਪੁਲਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਪਛਾਣ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਜਗ੍ਹਾ ’ਤੇ ਇਹ ਹਾਦਸਾ ਹੋਇਆ, ਉਥੇ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਸੜਕ ਨੂੰ ਤੋੜ ਕੇ ਨਿਰਮਾਣ ਕਾਰਜ ਵੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਲਾਲਸਾ ਰਿਸ਼ਤਿਆਂ ’ਤੇ ਪਈ ਭਾਰੀ, ਦੋਸਤਾਂ ਨਾਲ ਮਿਲ ਕੇ ਪੁੱਤ ਨੇ ਕੀਤਾ ਪਿਤਾ ਦਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਲੰਧਰ 'ਚ 50 ਕਰੋੜ ਦੇ ਪ੍ਰਾਜੈਕਟ ਦੇ ਬਾਵਜੂਦ ਗ੍ਰਾਂਟ ਨਾਲ ਵੀ ਲੁਆਈਆਂ ਜਾ ਰਹੀਆਂ ਹਨ LED ਲਾਈਟਾਂ
NEXT STORY