ਸੁਲਤਾਨਪੁਰ ਲੋਧੀ (ਧੀਰ)-ਪੱਛਮੀ ਡਿਸਟਰਬੈਂਸ ਕਾਰਨ ਬੀਤੀ ਰਾਤ ਤੋਂ ਹੋ ਰਹੀ ਬਾਰਿਸ਼ ਨੇ ਕਿਸਾਨਾਂ ਦੇ ਸੁਫ਼ਨੇ ਚਕਨਾਚੂਰ ਕਰ ਦਿੱਤੇ ਹਨ। ਜਨਵਰੀ ਮਹੀਨਾ ਤਕਰੀਬਨ ਸਾਰਾ ਹੀ ਖ਼ਰਾਬ ਰਹਿਣ ਤੋਂ ਬਾਅਦ ਬੀਤੇ 3-4 ਦਿਨਾਂ ਤੋਂ ਨਿਕਲ ਰਹੀ ਧੁੱਪ ਕਾਰਨ ਮੌਸਮ ਦੇ ਖੁੱਲ੍ਹਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਪਰ ਫਰਵਰੀ ਮਹੀਨੇ ਦੇ ਸ਼ੁਰੂ ’ਚ ਮੌਸਮ ’ਚ ਹੋਏ ਪਰਿਵਰਤਨ ਕਾਰਨ ਸ਼ੁਰੂ ਹੋਈ ਬਾਰਿਸ਼ ਅੱਜ ਸਾਰਾ ਦਿਨ ਰੁਕ-ਰੁਕ ਕੇ ਪੈਂਦੀ ਰਹੀ, ਜਿਸ ਕਾਰਨ ਤਾਪਮਾਨ ਇਕ ਵਾਰ ਫਿਰ ਹੇਠਾਂ ਆ ਗਿਆ। ਤਾਪਮਾਨ ਦੇ ਹੇਠਾਂ ਡਿਗਣ ਕਾਰਨ ਠੰਡ ਨੇ ਇਕ ਵਾਰ ਫਿਰ ਜ਼ੋਰ ਫੜ ਲਿਆ ਅਤੇ ਲੋਕ ਠੰਡ ਤੋਂ ਬਚਾਅ ਲਈ ਅੱਜ ਸਾਰਾ ਦਿਨ ਘਰਾਂ ’ਚ ਹੀ ਰਹੇ।
ਬਾਰਿਸ਼ ਨੇ ਜਿੱਥੇ ਜਨ-ਜੀਵਨ ਨੂੰ ਬਹੁਤ ਪ੍ਰਭਾਵਤ ਕੀਤਾ ਹੈ, ਉੱਥੇ ਫਸਲਾਂ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਕਣਕ ਦੀ ਫਸਲ ਪਹਿਲਾਂ ਹੀ ਬਾਰਿਸ਼ ਤੋਂ ਪ੍ਰਭਾਵਿਤ ਹੈ। ਜਨਵਰੀ ਮਹੀਨੇ ’ਚ ਪਈ ਬਾਰਿਸ਼ ਉਪਰੰਤ ਨਿਕਲੀ ਧੁੱਪ ਕਾਰਨ ਜ਼ਮੀਨ ’ਚ ਨਮੀ ਹੋਣ ’ਤੇ ਕਣਕ ਦੀ ਫਸਲ ਨੂੰ ਕਈ ਥਾਵਾਂ ’ਤੇ ਸੋਕਾ ਪੈਣਾ ਸ਼ੁਰੂ ਹੋ ਗਿਆ ਸੀ। ਪਿੰਡ ਸ਼ੇਰਪੁਰ ਸੱਧਾ, ਵਾਟਾਂਵਾਲੀ, ਚੰਨਣ ਵਿੰਡੀ, ਮੀਰਪੁਰ, ਕਾਹਨਾ, ਮਿੱਠਡ਼ਾ, ਕਾਲਰੂ ਆਦਿ ’ਚ ਕਣਕ ਦੀ ਫਸਲ ਦਾ ਜ਼ਿਆਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਿਸ ਨਾਲ ਕਣਕ ਦੇ ਝਾੜ ’ਤੇ ਵੀ ਸਿੱਧਾ ਅਸਰ ਪਵੇਗਾ। ਪਹਿਲਾਂ ਹੀ ਬਾਰਿਸ਼ ਤੋਂ ਆਲੂਆਂ ਦੀ ਫਸਲ ਦੇ ਹੋਏ ਨੁਕਸਾਨ ਤੋਂ ਕਿਸਾਨ ਚਿੰਤਤ ਸਨ ਪਰ ਅੱਜ ਪਈ ਬਾਰਸ਼ ਨੇ ਬਚੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।
ਆਲੂਆਂ ਦੀ ਫਸਲ ਪੂਰੀ ਤਰ੍ਹਾਂ ਗਲ਼ਣੀ ਸ਼ੁਰੂ ਹੋ ਚੁੱਕੀ ਹੈ। ਫ਼ਸਲੀ ਵਿਭਿੰਨਤਾ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਬਹੁਤ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਗਾਜਰ ਦੀ ਫਸਲ ਨੂੰ ਵੀ ਬਾਰਿਸ਼ ਨੇ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਕੀਤਾ ਹੈ ਤੇ ਗਾਜਰ ਵੀ ਪੂਰੀ ਤਰ੍ਹਾਂ ਨਾਲ ਗਲ਼ਣੀ ਸ਼ੁਰੂ ਹੋ ਗਈ ਹੈ। ਰੇਟ ਘੱਟ ਹੋਣ ਨਾਲ ਵੀ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਰਹੀ ਕਸਰ ਹੁਣ ਬਾਰਿਸ਼ ਨੇ ਪੂਰੀ ਕਰ ਦਿੱਤੀ ਹੈ। ਰਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਫ਼ਸਲਾਂ ਬੀਜਣ ਦੀ ਸਲਾਹ ਦੇਣ ਵਾਲੀ ਸਰਕਾਰ ਤੇ ਖੇਤੀਬਾੜੀ ਵਿਭਾਗ ਵੀ ਹੁਣ ਕਿਸਾਨਾਂ ਨੂੰ ਹੋਏ ਇਸ ਨੁਕਸਾਨ ’ਤੇ ਚੁੱਪੀ ਧਾਰ ਕੇ ਬੈਠਾ ਹੈ। ਕਿਸਾਨਾਂ ਵੱਲੋਂ ਹੋਏ ਇਸ ਨੁਕਸਾਨ ਲਈ ਪ੍ਰਸ਼ਾਸਨ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਜਲਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ।
ਬਾਰਿਸ਼ ਨੇ ਮਜ਼ਦੂਰ ਵਰਗ ਨੂੰ ਵੀ ਦਬੋਚਿਆ
ਬੇਮੌਸਮੀ ਬਾਰਿਸ਼ ਨੇ ਜਿੱਥੇ ਹਰੇਕ ਵਰਗ ਕਿਸਾਨ, ਵਪਾਰੀ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਹੈ। ਬਾਰਿਸ਼ ਕਾਰਨ ਸਾਰਾ ਦਿਨ ਗਾਹਕੀ ਠੱਪ ਰਹੀ ਅਤੇ ਦੁਕਾਨਦਾਰ ਵਿਹਲੇ ਬੈਠ ਕੇ ਹੀਟਰ ਜਾਂ ਅੱਗ ਬਾਲ ਕੇ ਸੇਕਣ ਤੇ ਠੰਡ ਤੋਂ ਆਪਣੇ-ਆਪ ਨੂੰ ਬਚਾਉਂਦੇ ਵੇਖੇ ਗਏ। ਬਾਰਿਸ਼ ਕਾਰਨ ਅੱਜ ਰੋਜ਼ਾਨਾ ਮਜ਼ਦੂਰੀ ਕਰ ਕੇ ਪਰਿਵਾਰ ਦਾ ਪੇਟ ਭਰਨ ਵਾਲਾ ਪ੍ਰਵਾਸੀ ਮਜ਼ਦੂਰ ਵੀ ਅੱਜ ਕੋਈ ਕੰਮ ਨਾ ਮਿਲਣ ਕਾਰਨ ਵਿਹਲਾ ਘਰ ਨੂੰ ਤੁਰ ਗਿਆ।
ਕਿਸਾਨ ਸੰਘਰਸ਼ ਕਮੇਟੀ ਨੇ ਕੀਤੀ ਮੁਆਵਜ਼ੇ ਦੀ ਮੰਗ
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਬਾਊਪੁਰ ਆਦਿ ਨੇ ਬੇਮੌਸਮੀ ਬਾਰਿਸ਼ ਤੋਂ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਜਲਦ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਡਾਵਾਂਡੋਲ ਹੈ ਤੇ ਬਾਕੀ ਕਸਰ ਹੁਣ ਕੁਦਰਤ ਨੇ ਵੀ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਪ੍ਰਸ਼ਾਸਨ ਤੇ ਵਿਭਾਗ ਨੂੰ ਹੁਕਮ ਦੇ ਕੇ ਜਲਦ ਪ੍ਰਭਾਵਿਤ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨ ਸੰਘਰਸ਼ ਕਮੇਟੀ ਇਸ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਛੇੜਨ ਲਈ ਮਜਬੂਰ ਹੋਵੇਗੀ।
ਕੀ ਕਹਿਣੈ ਖੇਤੀਬਾੜੀ ਮਾਹਿਰਾਂ ਦਾ
ਖੇਤੀਬਾੜੀ ਅਧਿਕਾਰੀ ਡਾ. ਜਸਪਾਲ ਸਿੰਘ ਤੇ ਪਰਮਿੰਦਰ ਕੁਮਾਰ ਨੇ ਕਿਹਾ ਕਿ ਕੁਦਰਤ ਦੇ ਅੱਗੇ ਕਿਸ ਦਾ ਜ਼ੋਰ ਚੱਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਾਰਿਸ਼ ਫਸਲਾਂ ਦਾ ਕਾਫੀ ਨੁਕਸਾਨ ਕਰ ਚੁੱਕੀ ਹੈ ਤੇ ਬਾਕੀ ਕਸਰ ਹੁਣ ਇਸ ਬਾਰਿਸ਼ ਨੇ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜੋ ਪਹਿਲਾਂ ਹੀ ਪੀਲੀ ਕੁੰਗੀ ਦਾ ਸ਼ਿਕਾਰ ਸੀ ਤੇ ਹੁਣ ਝਾੜ ਵੀ ਕਾਫੀ ਘੱਟ ਹੋਣ ਦਾ ਅਨੁਮਾਨ ਹੈ।
ਵਿਧਾਨ ਸਭਾ ਚੋਣਾਂ : ਜਨਰਲ, ਖਰਚਾ ਅਤੇ ਪੁਲਸ ਆਬਜ਼ਰਵਰਾਂ ਦੇ ਸੰਪਰਕ ਨੰਬਰ ਜਾਰੀ
NEXT STORY