ਜਲੰਧਰ (ਚੋਪੜਾ)–ਅਫ਼ਰੀਕਨ ਸਵਾਈਨ ਫੀਵਰ ਤੋਂ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ। ਉਕਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿਚ ਆਈ. ਸੀ. ਏ. ਆਰ.-ਰਾਸ਼ਟਰੀ ਉੱਚ ਰੱਖਿਆ ਪਸ਼ੂ ਰੋਗ ਸੰਸਥਾ ਵਿਭਾਗ ਵੱਲੋਂ ਅਫ਼ਰੀਕਨ ਸਵਾਈਨ ਫੀਵਰ (ਏ. ਐੱਸ. ਐੱਫ.) ਦੀ ਪੁਸ਼ਟੀ ਹੋਣ ਤੋਂ ਬਾਅਦ ਪੂਰੇ ਪੰਜਾਬ ਨੂੰ ‘ਕੰਟਰੋਲਡ ਇਲਾਕਾ’ ਐਲਾਨ ਦਿੱਤਾ ਗਿਆ ਹੈ ਤਾਂ ਕਿ ਸਵਾਈਨ ਫੀਵਰ ਦੀ ਰੋਕਥਾਮ, ਕੰਟਰੋਲ ਅਤੇ ਖਾਤਮੇ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧ ’ਚ ਪਸ਼ੂ ਪਾਲਣ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਿਗਆ ਹੈ, ਜਿਸ ਅਨੁਸਾਰ ਕਿਸੇ ਵੀ ਸੂਰ ਜਾਂ ਉਸ ਨਾਲ ਸਬੰਧਤ ਸਾਮਾਨ ਦੀ ਅੰਤਰਰਾਜੀ ਆਵਾਜਾਈ ’ਤੇ ਰੋਕ ਲਾਈ ਗਈ ਹੈ।
ਜਲੰਧਰ ਜ਼ਿਲ੍ਹੇ ’ਚ ਅਫ਼ਰੀਕਨ ਸਵਾਈਨ ਫੀਵਰ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਬੀਮਾਰੀ ਦੇ ਕਾਰਨਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪਾਲਤੂ ਸੂਰਾਂ ’ਚ ਇਹ ਬੀਮਾਰੀ ਇਕ ਵਾਇਰਸ ਕਾਰਨ ਹੁੰਦੀ ਹੈ, ਜਿਹੜਾ ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ ਜ਼ਰੀਏ, ਜੰਗਲੀ ਸੂਰਾਂ ਤੋਂ ਚਿੱਚੜਾਂ ਜ਼ਰੀਏ ਪਾਲਤੂ ਸੂਰਾਂ ’ਚ, ਬੀਮਾਰ ਸੂਰ ਤੋਂ ਅੱਗੇ ਤੰਦਰੁਸਤ ਸੂਰ ’ਚ ਅਤੇ ਵੇਸਟ ਖਾਣੇ (ਜਿਸ ’ਚ ਸੂਰ ਦਾ ਕੱਚਾ ਮਾਸ ਹੋਵੇ) ਤੋਂ ਹੋ ਸਕਦੀ ਹੈ। ਉਨ੍ਹਾਂ ਸੂਰ ਪਾਲਕਾਂ ਨੂੰ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਰਾਂ ਨੂੰ ਬੁਖਾਰ, ਭੁੱਖ ਨਾ ਲੱਗਣਾ, ਸਾਹ ਲੈਣ ’ਚ ਮੁਸ਼ਕਲ, ਨੱਕ ਅਤੇ ਅੱਖਾਂ ’ਚੋਂ ਪਾਣੀ ਵਗਣਾ, ਚਮੜੀ ’ਤੇ ਲਾਲ, ਨੀਲੇ ਜਾਂ ਬੈਂਗਣੀ ਰੰਗ ਦੇ ਧੱਬੇ, ਉਲਟੀ, ਲੜਖੜਾਉਣਾ, ਮਲ-ਦੁਆਰ ਅਤੇ ਨੱਕ ’ਚੋਂ ਖੂਨ ਵਗਣਾ ਆਦਿ ਇਸ ਬੀਮਾਰੀ ਦੇ ਲੱਛਣਾਂ ’ਚ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਸੂਰ ਪਾਲਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸੂਰਾਂ ਵਿਚ ਉਪਰੋਕਤ ਲੱਛਣ ਦਿਖਾਈ ਦੇਣ ਜਾਂ ਸ਼ੱਕ ਹੋਣ ’ਤੇ ਤੁਰੰਤ ਨਜ਼ਦੀਕੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਕਰੋ। ਫਾਰਮ ਵਿਚ ਜੈਵ ਸੁਰੱਖਿਆ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਨਾਲ-ਨਾਲ ਸੂਰਾਂ ਨੂੰ ਵਿਅਰਥ ਪਦਾਰਥ ਪਾਉਣ ਤੋਂ ਗੁਰੇਜ਼ ਕੀਤਾ ਜਾਵੇ ਜਾਂ ਵਿਅਰਥ ਪਦਾਰਥ ਨੂੰ 30 ਮਿੰਟ ਤੱਕ ਉਬਾਲਣ ਤੋਂ ਬਾਅਦ ਸੂਰਾਂ ਨੂੰ ਪਾਇਆ ਜਾਵੇ। ਇਸ ਤੋਂ ਇਲਾਵਾ ਤੰਦਰੁਸਤ ਸੂਰਾਂ ਨੂੰ ਕਲਾਸੀਕਲ ਸਵਾਈਨ ਫੀਵਰ ਦਾ ਟੀਕਾ ਲਾਇਆ ਜਾਣਾ ਚਾਹੀਦਾ ਹੈ।
ਟਰੈਫਿਕ ਜ਼ਿਆਦਾ ਹੋਣ ਕਾਰਨ ਗੇਟਮੈਨ ਨੂੰ ਫਾਟਕ ਬੰਦ ਕਰਨ ’ਚ ਆਈ ਦਿੱਕਤ, ਰੋਕਣੀ ਪਈ ਸ਼ਤਾਬਦੀ ਐਕਸਪ੍ਰੈੱਸ
NEXT STORY