ਭੁਲੱਥ (ਰਜਿੰਦਰ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਦੀ ਤਰਜ਼ ’ਤੇ ਵਿਕਸਿਤ ਕਰੇਗੀ, ਜਿਸ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉਹ ਅੱਜ ਭੁਲੱਥ ਹਲਕੇ ਦੇ ਪਿੰਡ ਲੱਖਣ ਕੇ ਪੱਡੇ ਵਿਖੇ ਲੱਗਭਗ 6.39 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖਣ ਮੌਕੇ ਗੱਲ ਕਰ ਰਹੇ ਸਨ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੀ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਔਖੀ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਹਾਲ ਹੀ ਵਿਚ ਮੀਂਹ ਕਾਰਨ ਖਰਾਬ ਹੋਈ ਕਣਕ ਤੇ ਹੋਰ ਫਸਲਾਂ ਦੇ ਖਰਾਬੇ ਲਈ ਗਿਰਦਾਵਰੀ ਦਾ ਕੰਮ ਮੁਕੰਮਲ ਕਰਕੇ ਅਬੋਹਰ ਤੋਂ 13 ਅਪ੍ਰੈਲ ਤੋਂ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਅਹਿਮ ਬਿਆਨ, ‘ਅਜੇ 2 ਸੂਬਿਆਂ ’ਚ ਹੈ ‘ਆਪ’ ਸਰਕਾਰ, ਪਾਰਟੀ ਛੇਤੀ ਹੀ 130 ਕਰੋੜ ਲੋਕਾਂ ਤੱਕ ਪਹੁੰਚੇਗੀ’
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਦੀ ਮੁਆਵਜਾ ਰਾਸ਼ੀ ’ਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਅਤੇ ਕਣਕ ਤੋਂ ਇਲਾਵਾ ਜਿਹੜੀਆਂ ਫਸਲਾਂ ਬਾਰਿਸ਼ ਕਾਰਨ ਖਰਾਬ ਹੋਈਆਂ ਹਨ, ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੇਂਡੂ ਵਿਕਾਸ ਵਿਭਾਗ ਵੱਲੋਂ ਪਿੰਡਾਂ ਅੰਦਰ ਸ਼ਹਿਰਾਂ ਵਾਂਗ ਸਹੂਲਤਾਂ ਦੇਣ ਲਈ ਸੀਵਰੇਜ, ਪੀਣ ਵਾਲੇ ਪਾਣੀ, ਪੱਕੀਆਂ ਗਲੀਆਂ, ਸਟ੍ਰੀਟ ਲਾਈਟਾਂ ਤੇ ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਪਿੰਡ ਲੱਖਣ ਕੇ ਪੱਡਾ ਵਿਖੇ ਕੈਬਨਿਟ ਮੰਤਰੀ ਵੱਲੋਂ 1.07 ਕਰੋੜ ਰੁਪਏ ਦੀ ਲਾਗਤ ਨਾਲ ਦਾਣਾ ਮੰਡੀ ਦੇ ਫੜ੍ਹ ਦੇ ਵਿਸਥਾਰ ਤੇ ਅੰਦਰੂਨੀ ਸੜਕਾਂ ਦੇ ਨਵੀਨੀਕਰਨ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ ਗਈ। ਇਸ ਤੋਂ ਇਲਾਵਾ ਮੰਡੀ ਵਿਖੇ 86 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਦੇ ਨਵੇਂ 75-200 ਵਰਗ ਫੁੱਟ ਦੇ ਸ਼ੈੱਡ ਦੀ ਉਸਾਰੀ ਦੇ ਕੰਮ ਦੀ ਵੀ ਆਰੰਭਤਾ ਕਰਵਾਈ ਗਈ, ਜਿਸ ਨਾਲ ਨੇੜਲੇ 10 ਪਿੰਡਾਂ ਦੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਸਿੱਧਾ ਲਾਭ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਆਪਣੀ ਫਸਲ ਆਸਾਨੀ ਨਾਲ ਵੇਚਣ ਦੇ ਨਾਲ-ਨਾਲ ਮੌਸਮ ਦੀ ਖ਼ਰਾਬੀ ਵੇਲੇ ਵੀ ਫਸਲ ਦੀ ਸਾਂਭ-ਸੰਭਾਲ ਦੀ ਸਹੂਲਤ ਮਿਲੇਗੀ ।
ਇਸ ਤੋਂ ਇਲਾਵਾ ਪਿੰਡ ਦੇ ਛੱਪੜ ਨੂੰ ਥਾਪਰ ਮਾਡਲ ਤਹਿਤ ਵਿਕਸਿਤ ਕਰਕੇ ਉਸਦਾ ਪਾਣੀ ਸਿੰਚਾਈ ਲਈ ਵਰਤਣ ਸਬੰਧੀ ਪ੍ਰਾਜੈਕਟ ਦਾ ਵੀ ਖੇਤੀ ਮੰਤਰੀ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਪਿੰਡ ਵਿਖੇ ਛੱਪੜ ਦੇ ਨਵੀਨੀਕਰਨ ਲਈ 33 ਲੱਖ ਰੁਪਏ, ਸੀਵਰੇਜ ਦੀ ਉਸਾਰੀ ਦੇ ਲਈ 3.57 ਕਰੋੜ, ਤਰਲ ਵੇਸਟ ਮੈਨੇਜਮੈਂਟ ਤਹਿਤ ਛੱਪੜ ਦੀ ਸਫਾਈ, ਡੂੰਘਾਈ, ਖੂਹ ਬਣਾਉਣ ਅਤੇ ਪੱਕਾ ਕਰਨ ਆਦਿ ਦੇ ਲਈ 20 ਲੱਖ ਰੁਪਏ, ਸਾਲਿਡ ਵੇਸਟ ਮੈਨੇਜਮੈਂਟ ਪਿੱਟ, ਗੇਟ, ਚਾਰਦੀਵਾਰੀ, ਫਰਸ਼ ਅਤੇ ਸ਼ੈੱਡ ਦੇ ਲਈ 20 ਲੱਖ, ਸੋਲਰ ਲਾਈਟਾਂ ਦੇ ਲਈ 4 ਲੱਖ, ਸੱਥ ਦੀ ਉਸਾਰੀ ਲਈ 9 ਲੱਖ ਅਤੇ ਪੰਚਾਇਤਘਰ ਲਈ 9 ਲੱਖ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਮਜੀਤ ਕੌਰ, ਐੱਸ. ਡੀ. ਐੱਮ. ਲਾਲ ਵਿਸ਼ਵਾਸ ਬੈਂਸ , ਜ਼ਿਲ੍ਹਾ ਮਾਲ ਅਫ਼ਸਰ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ, ਡੀ. ਡੀ. ਪੀ. ਓ. ਹਰਜਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਬਲਬੀਰ ਚੰਦ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
CM ਮਾਨ ਦਾ ਅਹਿਮ ਬਿਆਨ, ‘ਅਜੇ 2 ਸੂਬਿਆਂ ’ਚ ਹੈ ‘ਆਪ’ ਸਰਕਾਰ, ਪਾਰਟੀ ਛੇਤੀ ਹੀ 130 ਕਰੋੜ ਲੋਕਾਂ ਤੱਕ ਪਹੁੰਚੇਗੀ’
NEXT STORY