ਮੁੰਬਈ- 19 ਸਤੰਬਰ ਨੂੰ ਸਿਨੇਮਾਘਰਾਂ ਵਿਚ ਅਨੁਰਾਗ ਕਸ਼ਯਪ ਵੱਲੋਂ ਨਿਰਦੇਸ਼ਤ ਫਿਲਮ ‘ਨਿਸ਼ਾਨਚੀ’ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਵਿਚ ਮੋਨਿਕਾ ਪਵਾਰ, ਐਸ਼ਵਰਿਆ ਠਾਕਰੇ, ਵੈਦਿਕੀ ਪਿੰਟੋ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਕਾਨ੍ਹਪੁਰੀ ਟੱਚ ਵਾਲੀ ਇਸ ਫਿਲਮ ਰਾਹੀਂ ਬਾਲਾ ਸਾਹਿਬ ਠਾਕਰੇ ਦਾ ਪੋਤਾ ਐਸ਼ਵਰਿਆ ਠਾਕਰੇ ਫਿਲਮੀ ਕਰੀਅਰ ਸ਼ੁਰੂ ਕਰਨ ਜਾ ਰਿਹਾ ਹੈ। ਫਿਲਮ ਬਾਰੇ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਸੰਦੇਸ਼ ਔਲਖ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼...
ਅਨੁਰਾਗ ਕਸ਼ਯਪ
ਪ੍ਰ. ਫਿਲਮ ਦੀ ਸਕ੍ਰਿਪਟ ਤੁਸੀਂ 2016 ਵਿਚ ਲਿਖੀ ਸੀ। ਇੰਨੀ ਲੰਬੀ ਦੇਰੀ ਕਿਉਂ ਹੋਈ ਅਤੇ ਇਸ ਦੀ ਪ੍ਰੇਰਨਾ ਕਿੱਥੋਂ ਮਿਲੀ?
ਬਹੁਤ ਸਾਰੀਆਂ ਕਹਾਣੀਆਂ ਸਾਲਾਂ ਤੱਕ ਪਈਆਂ ਰਹਿੰਦੀਆਂ ਹਨ। ਇਸ ਸਕ੍ਰਿਪਟ ਨੂੰ ਅਸੀਂ ਬਹੁਤ ਸੰਜੋ ਕੇ ਰੱਖਿਆ। ਅਸੀਂ ਗ਼ਲਤ ਤਰੀਕੇ ਨਾਲ ਇਸ ਨੂੰ ਬਣਾਉਣਾ ਨਹੀਂ ਚਾਹੁੰਦੇ ਸੀ। ਸਹੀ ਮਾਹੌਲ, ਸਹੀ ਲੋਕ ਅਤੇ ਸਹੀ ਕਲਾਕਾਰ ਮਿਲਣ ਦੀ ਉਡੀਕ ਸੀ। ਪ੍ਰੇਰਨਾ ਮੈਨੂੰ ਹਮੇਸ਼ਾ ਕਿਸੇ ਘਟਨਾ, ਕਿਤਾਬ ਜਾਂ ਕਹਾਣੀ ਤੋਂ ਮਿਲਦੀ ਹੈ। ਜਿਵੇਂ ਇਸ ਵਾਰ ਕਹਾਣੀ ਵਿਚ ‘ਦੀਵਾਰ’ ਦੇ ਦੋਵਾਂ ਬੱਚਿਆਂ ਦੀ ਤਰ੍ਹਾਂ ਇਕ ਪਾਤਰ ਕਾਨੂੰਨ ਦੇ ਇਸ ਪਾਰ ਹੈ ਅਤੇ ਦੂਜਾ ਉਸ ਪਾਰ। ਜਦੋਂ ਅਸੀਂ ਸੋਚਿਆ ਕਿ ਇਸ ਨੂੰ ਕਾਨ੍ਹਪੁਰ ਵਿਚ ਸੈੱਟ ਕਰਾਂਗੇ ਤਾਂ ਉੱਥੇ ਹੀ ਮਿੱਟੀ, ਬੋਲੀ ਅਤੇ ਮਾਹੌਲ ਨਾਲ ਕਹਾਣੀ ਨੂੰ ਅਸਲੀ ਰੰਗ ਮਿਲਿਆ। ਫਿਰ ਹੌਲੀ-ਹੌਲੀ ਕਲਾਕਾਰ ਜੁੜਦੇ ਗਏ। ਸਹੀ ਐਕਟਰ ਮਿਲਣ ਵਿਚ ਸਮਾਂ ਲੱਗਿਆ ਪਰ ਜਦੋਂ ਮਿਲ ਗਏ ਤਾਂ ਉਨ੍ਹਾਂ ਨੇ ਵੀ 3-4 ਸਾਲ ਦਾ ਸਮਾਂ ਮੈਨੂੰ ਦਿੱਤਾ। ਇਹੀ ਕਾਰਨ ਹੈ ਕਿ ਫਿਲਮ ਬਣਾਉਣ ਵਿਚ ਲੰਬਾ ਸਮਾਂ ਲੱਗਿਆ।
ਪ੍ਰ. ਤੁਹਾਡੀਆਂ ਫਿਲਮਾਂ ਵਿਚ ਹਮੇਸ਼ਾ ਇਕ ਵੱਖਰਾ ਵਰਲਡ ਨਜ਼ਰ ਆਉਂਦਾ ਹੈ। ਇਸ ਵਾਰ ਕੀ ਨਵਾਂ ਦੇਖਣ ਨੂੰ ਮਿਲੇਗਾ?
ਮੈਂ ਖ਼ੁਦ ਆਬਜੈਕਟਿਵ ਹੋ ਕੇ ਇਹ ਨਹੀਂ ਕਹਿ ਸਕਦਾ। ਦਰਸ਼ਕ ਜਦੋਂ ਦੇਖਣਗੇ, ਉਦੋਂ ਅਸਲੀ ਫ਼ਰਕ ਦੱਸ ਸਕਣਗੇ। ਮੈਂ ਬਸ ਇੰਨਾ ਕਹਿ ਸਕਦਾ ਹਾਂ ਕਿ ਮੈਂ ਫਾਰਮੂਲਾ ਨਹੀਂ ਫਾਲੋ ਕਰਦਾ। ਮੈਂ ਉਹੀ ਕਹਾਣੀਆਂ ਸੁਣਦਾ ਹਾਂ, ਜੋ ਮੈਨੂੰ ਪਸੰਦ ਆਉਂਦੀਆਂ ਹਨ ਅਤੇ ਜੋ ਅਸਲੀਅਤ ਦੇ ਕਰੀਬ ਹੁੰਦੀਆਂ ਹਨ।
ਪ੍ਰ. ਤੁਹਾਡੀਆਂ ਫਿਲਮਾਂ ਦੀ ਲੋਕੇਸ਼ਨ ਅਤੇ ਕਾਸਟਿੰਗ ਹਮੇਸ਼ਾ ਰੀਅਲ ਲੱਗਦੀ ਹੈ। ਇਸ ਦਾ ਰਾਜ਼ ਕੀ ਹੈ?
ਮੈਂ ਕਾਸਟਿੰਗ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ। ਸਹੀ ਐਕਟਰ ਮਿਲ ਜਾਵੇ ਤਾਂ ਅੱਧਾ ਕੰਮ ਆਸਾਨ ਹੋ ਜਾਂਦਾ ਹੈ ਪਰ ਮੈਂ ਕਿਸੇ ਐਕਟਰ ਨੂੰ ਕਦੇ ਇਹ ਨਹੀਂ ਦੱਸਦਾ ਕਿ ਐਕਟਿੰਗ ਕਿਵੇਂ ਕਰਨੀ ਹੈ। ਮੈਂ ਉਨ੍ਹਾਂ ਨੂੰ ਹੋਮਵਰਕ ਦਿੰਦਾ ਹਾਂ ਤਾਂ ਕਿ ਉਹ ਪੂਰੀ ਤਰ੍ਹਾਂ ਕਿਰਦਾਰ ਵਿਚ ਢਲ ਜਾਣ। ਜਿਵੇਂ ਐਸ਼ਵਰਿਆ ਨੂੰ ਕਿਹਾ ਕਿ ਕਾਨ੍ਹਪੁਰੀਆ ਬਣਨਾ ਪਵੇਗਾ ਅਤੇ ਉਸ ਨੇ ਪੂਰੀ ਮਿਹਨਤ ਕੀਤੀ। ਸੈੱਟ ’ਤੇ ਮੈਂ ਸਕ੍ਰਿਪਟ ਲਾਈਨ-ਬਾਏ-ਲਾਈਨ ਨਹੀਂ ਪੜ੍ਹਵਾਉਂਦਾ। ਉੱਥੇ ਸੀਨ ਉਸੇ ਦਿਨ, ਉਸੇ ਫਲੋਅ ’ਚ ਬਣਦਾ ਹੈ। ਮੈਂ ਚਾਹੁੰਦਾ ਹਾਂ ਕਿ ਚੀਜ਼ਾਂ ਨੈਚੁਰਲ ਨਿਕਲਣ। ਇਹੀ ਮੇਰਾ ਤਰੀਕਾ ਹੈ।
ਪ੍ਰ. ਤੁਹਾਡੀਆਂ ਫਿਲਮਾਂ ਵਿਚ ਅਕਸਰ ਖ਼ੂਨ-ਖਰਾਬਾ, ਗਾਲ੍ਹਾਂ ਤੇ ਰੀਅਲਿਸਟਿਕ ਹਿੰਸਾ ਦਿਖਾਈ ਦਿੰਦੀ ਹੈ। ਇਸ ’ਤੇ ਤੁਸੀਂ ਕੀ ਕਹੋਗੇ?
ਇਹ ਸਭ ਧਾਰਨਾ ਹੈ। ਮੇਰੀ ਹਰ ਫਿਲਮ ਵਿਚ ਅਜਿਹਾ ਨਹੀਂ ਹੁੰਦਾ। ਜਿਵੇਂ ‘ਮਨਮਰਜ਼ੀਆਂ’ ਜਾਂ ‘ਮੁੱਕੇਬਾਜ਼’, ਇਨ੍ਹਾਂ ਵਿਚ ਕਿੱਥੇ ਖ਼ੂਨ-ਖਰਾਬਾ ਹੈ ਪਰ ‘ਗੈਂਗਸ ਆਫ ਵਾਸੇਪੁਰ’ ’ਚ ਹਿੰਸਾ ਸੀ ਪਰ ਮੈਂ ਉਸ ਨੂੰ ਗਲੋਰੀਫਾਈ ਨਹੀਂ ਕੀਤਾ। ਨਾ ਸਲੋਅ ਮੋਸ਼ਨ, ਨਾ ਓਵਰਡ੍ਰਾਮੈਟਿਕ ਇਫੈਕਟਸ। ਮੈਂ ਚਾਹੁੰਦਾ ਸੀ ਕਿ ਹਿੰਸਾ ਉਸ ਤਰ੍ਹਾਂ ਦਿਸੇ ਜਿਵੇਂ ਅਸਲ ਵਿਚ ਹੁੰਦੀ ਹੈ। ਭਾਸ਼ਾ ਦੀ ਗੱਲ ਕਰੀਏ ਤਾਂ ਜਿੱਥੇ ਜੋ ਬੋਲੀ ਹੈ, ਉਹੀ ਵਰਤਦਾ ਹਾਂ। ਅਸਲੀ ਮਾਹੌਲ ਨਾਲ ਸਮਝੌਤਾ ਨਹੀਂ ਕਰਦਾ।
ਪ੍ਰ. ਤੁਹਾਡੀਆਂ ਫਿਲਮਾਂ ਦਾ ਸੰਗੀਤ ਹਮੇਸ਼ਾ ਤਾਜ਼ਾ ਤੇ ਵੱਖਰਾ ਹੁੰਦਾ ਹੈ। ਇਹ ਸੰਤੁਲਨ ਕਿਵੇਂ ਬਣਾਉਂਦੇ ਹੋ?
ਸੰਗੀਤ ’ਚ ਅਸੀਂ ਕਦੇ ਮਾਰਕੀਟ ਟ੍ਰੈਂਡ ਫਾਲੋ ਨਹੀਂ ਕਰਦੇ। ਅਸੀਂ ਉਹ ਗੀਤ ਬਣਾਉਂਦੇ ਹਾਂ, ਜੋ ਕਹਾਣੀ ਦੇ ਹਿਸਾਬ ਨਾਲ ਸਹੀ ਲੱਗੇ। ਟਾਈਮਲੈੱਸ ਮਿਊਜ਼ਿਕ ਬਣਾਉਣ ਲਈ ਤੁਹਾਨੂੰ ਇਮੋਸ਼ਨ ਫੜਨਾ ਪੈਂਦਾ ਹੈ। ‘ਇਮੋਸ਼ਨਲ ਅੱਤਿਆਚਾਰ’ ਨੂੰ ਹੀ ਦੇਖ ਲਵੋ, ਜਦੋਂ ਬਣਾ ਰਹੇ ਸੀ ਉਦੋਂ ਸਾਨੂੰ ਡਰ ਸੀ ਕਿ ਇਹ ਚੱਲੇਗਾ ਜਾਂ ਨਹੀਂ ਪਰ 16 ਸਾਲ ਬਾਅਦ ਵੀ ਵਿਆਹਾਂ ਵਿਚ ਵੱਜਦਾ ਹੈ। ਇਸ ਦਾ ਮਤਲਬ ਹੈ ਕਿ ਅਸਲੀ ਚੀਜ਼ ਸਮੇਂ ਦੀ ਕਸੌਟੀ ’ਤੇ ਟਿਕਦੀ ਹੈ।
ਪ੍ਰ. ‘ਸੱਤਿਆ’ ਤੋਂ ਲੈ ਕੇ ਅੱਜ ਤੱਕ ਤੁਹਾਡੀ ਫੈਨ ਫਾਲੋਇੰਗ ਬਰਕਰਾਰ ਹੈ। ਤੁਸੀਂ ਨਵੇਂ, ਨੌਜਵਾਨ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਕੀ ਸਟ੍ਰੈਟਜ਼ੀ ਬਣਾਉਂਦੇ ਹੋ?
ਕੋਈ ਖ਼ਾਸ ਸਟ੍ਰੈਟਜ਼ੀ ਨਹੀਂ। ਮੈਂ ਬਸ ਉਹੀ ਬਣਾਉਂਦਾ ਹਾਂ, ਜੋ ਮੈਨੂੰ ਚੰਗਾ ਲੱਗੇ। ਜਦੋਂ ਮੈਨੂੰ ਮਜ਼ਾ ਆਉਂਦਾ ਹੈ ਤਾਂ ਦਰਸ਼ਕਾਂ ਨੂੰ ਵੀ ਮਜ਼ਾ ਆਉਂਦਾ ਹੈ। ਅੱਜ ਦੇ ਨੌਜਵਾਨ ਦਰਸ਼ਕ ਵੀ ਈਮਾਨਦਾਰੀ ਨਾਲ ਬਣੀਆਂ ਫਿਲਮਾਂ ਨੂੰ ਸਮਝਦੇ ਤੇ ਸਲਾਹੁੰਦੇ ਹਨ।
ਪ੍ਰ. ਦੱਖਣੀ ਭਾਰਤ ਦੀ ਫਿਲਮ ਇੰਡਸਟਰੀ ਲਗਾਤਾਰ ਨਵੇਂ ਵਰਲਡ ਰਿਕਾਰਡ ਬਣਾ ਰਹੀ ਹੈ। ਹਿੰਦੀ ਸਿਨੇਮਾ ਦੇ ਮੁਕਾਬਲੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਦੱਖਣ ਦੇ ਫਿਲਮਕਾਰ ਲਗਾਤਾਰ ਤਜਰਬੇ ਕਰ ਰਹੇ ਹਨ। ਉੱਥੇ ਹੀ ਹਿੰਦੀ ਸਿਨੇਮਾ ਅਕਸਰ ਫਾਰਮੂਲੇ ਵਿਚ ਫਸਿਆ ਰਹਿੰਦਾ ਹੈ। ਇੱਥੇ ਲੋਕ ਜ਼ਿਆਦਾ ਰਿਕਾਰਡ ਤੋੜਨ ਅਤੇ ਬਾਕਸ ਆਫਿਸ ਸੋਚ ਵਿਚ ਲੱਗੇ ਰਹਿੰਦੇ ਹਨ। ਅਸਲੀ ਸਿਰਜਣਾਤਮਿਕਤਾ ਉਦੋਂ ਆਉਂਦੀ ਹੈ, ਜਦੋਂ ਤੁਸੀਂ ਫਾਰਮੂਲੇ ਤੋਂ ਬਾਹਰ ਨਿਕਲੋ।
ਪ੍ਰ. ਤੁਹਾਡੇ ਭਵਿੱਖੀ ਪ੍ਰਾਜੈਕਟ ਕੀ ਹਨ?
ਮੈਂ ਆਪਣੇ ਪ੍ਰਾਜੈਕਟਾਂ ਬਾਰੇ ਪਹਿਲਾਂ ਤੋਂ ਗੱਲ ਕਰਨਾ ਪਸੰਦ ਨਹੀਂ ਕਰਦਾ। ਜਦੋਂ ਫਿਲਮ ਤਿਆਰ ਹੁੰਦੀ ਹੈ ਜਾਂ ਫੈਸਟੀਵਲ ਲਈ ਚੁਣੀ ਜਾਂਦੀ ਹੈ, ਉਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ। ਮੈਂ ਸਰਪ੍ਰਾਈਜ਼ ਦੇਣਾ ਪਸੰਦ ਕਰਦਾ ਹਾਂ। ਫ਼ਿਲਹਾਲ ਬਸ ਇੰਨਾ ਹੀ ਕਹਾਂਗਾ ਕਿ ਮੈਂ ਈਮਾਨਦਾਰੀ ਨਾਲ ਕੰਮ ਕਰਦਾ ਰਹਾਂਗਾ।
ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਨਾਲ ਗੂੰਜਿਆ ਕੰਗਨਾ ਰਣੌਤ ਦਾ ਘਰ
NEXT STORY