ਮੁੰਬਈ- ਅੱਜਕੱਲ੍ਹ ਦਰਸ਼ਕ ਸਾਦਗੀ ਭਰੇ ਕੰਟੈਂਟ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ ਤੇ ‘ਬਕੈਤੀ’ ਉਸੇ ਸਾਦਗੀ ਤੇ ਰਿਸ਼ਤਿਆਂ ਦੇ ਤਾਣੇ-ਬਾਣੇ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ। ਅਮਿਤ ਗੁਪਤਾ ਦੀ ਇਹ ਸੀਰੀਜ਼ ਪਰਿਵਾਰਕ ਡਰਾਮੇ ’ਤੇ ਆਧਾਰਤ ਹੈ। ਇਹ ਸੀਰੀਜ਼ ਕਟਾਰੀਆ ਪਰਿਵਾਰ ਦੀ ਕਹਾਣੀ ਹੈ, ਜੋ ਆਪਣੇ ਸੰਘਰਸ਼ਾਂ ਨਾਲ ਲੜਦਿਆਂ ਇਕ-ਦੂਜੇ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ। ‘ਬਕੈਤੀ’ ’ਚ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਰਾਜੇਸ਼ ਤੈਲੰਗ, ਸ਼ੀਬਾ ਚੱਢਾ, ਤਾਨੀਆ ਸ਼ਰਮਾ ਅਤੇ ਆਦਿੱਤਿਆ ਸ਼ੁਕਲਾ। ਇਹ ਸੀਰੀਜ਼ 1 ਅਗਸਤ ਨੂੰ ਜ਼ੀ 5 ’ਤੇ ਰਿਲੀਜ਼ ਹੋਣ ਜਾ ਰਹੀ ਹੈ। ਸੀਰੀਜ਼ ਦੀ ਸਟਾਰ ਕਾਸਟ ਰਾਜੇਸ਼ ਤੈਲੰਗ, ਸ਼ੀਬਾ ਚੱਢਾ ਅਤੇ ਆਦਿੱਤਿਆ ਸ਼ੁਕਲਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਮੁੱਖ ਅੰਸ਼ ...
ਸ਼ੀਬਾ ਚੱਢਾ
ਮੈਨੂੰ ਬਚਪਨ ਤੋਂ ਹੀ ਪਤਾ ਸੀ ਕਿ ਮੈਂ ਵਿੱਤੀ ਤੌਰ ’ਤੇ ਆਜ਼ਾਦ ਬਣਨਾ ਹੈ
ਪ੍ਰ. ਅਜਿਹਾ ਕਦੇ ਹੋਇਆ ਹੋਵੇ ਕਿ ਲੋਕ ਤੁਹਾਡੇ ਬਾਰੇ ਕੁਝ ਸੋਚਦੇ ਹੋਣ ਪਰ ਮਿਲਣ ਤੋਂ ਬਾਅਦ ਉਨ੍ਹਾਂ ਦੀ ਰਾਏ ਬਦਲ ਗਈ ਹੋਵੇ?
-ਲੋਕ ਸੋਚਦੇ ਹਨ ਕਿ ਮੈਂ ਬਹੁਤ ਸਖ਼ਤ ਹਾਂ ਪਰ ਮਿਲਣ ’ਤੇ ਕਹਿੰਦੇ ਹਨ ਕਿ ਅਜਿਹਾ ਤਾਂ ਨਹੀਂ ਸੀ ਅਤੇ ਜੇ ਮੈਂ ਤੁਹਾਨੂੰ ਰਾਜੇਸ਼ ਜੀ ਬਾਰੇ ਦੱਸਾਂ ਤਾਂ ਲੋਕ ਉਨ੍ਹਾਂ ਨੂੰ ਬਹੁਤ ਹੀ ਗੰਭੀਰ ਕਿਸਮ ਦਾ ਵਿਅਕਤੀ ਸਮਝਦੇ ਹਨ ਪਰ ਅਸਲੀਅਤ ਵਿਚ ਬਿਲਕੁਲ ਉਲਟ ਹੈ।
ਪ੍ਰ. ਜਦੋਂ ਤੁਸੀਂ ਲੋਕ ਵੱਡੇ ਹੋ ਰਹੇ ਸੀ ਤਾਂ ਕੀ ਘਰ ਵਿਚ ਇਹ ਧਾਰਨਾ ਸੀ ਕਿ ਤੁਹਾਨੂੰ ਐਕਟਿੰਗ ’ਚ ਨਹੀਂ ਜਾਣਾ ਚਾਹੀਦਾ?
-ਅਸੀਂ ਰੈਗੂਲਰ ਮਿਡਲ ਕਲਾਸ ਬਿਜਨੈੱਸ ਫੈਮਿਲੀ ਤੋਂ ਸੀ। ਐਕਟਿੰਗ ਤਾਂ ਬਹੁਤ ਦੂਰ ਦੀ ਗੱਲ ਸੀ ਪਰ ਸਾਡੇ ਪਰਿਵਾਰ ਵਿਚ ਕਦੇ ਵਿਆਹ ਜਾਂ ਕੁੜੀਆਂ ਨੂੰ ਘਰ ਤਕ ਸੀਮਤ ਰੱਖਣ ਦੀ ਸੋਚ ਨਹੀਂ ਸੀ।
ਮੇਰੀ ਮਾਂ ਕੰਮਕਾਜੀ ਔਰਤ ਸੀ ਅਤੇ ਮੈਨੂੰ ਬਹੁਤ ਛੋਟੀ ਉਮਰ ਤੋਂ ਹੀ ਪਤਾ ਸੀ ਕਿ ਮੈਂ ਵਿੱਤੀ ਤੌਰ ’ਤੇ ਆਜ਼ਾਦ ਬਣਨਾ ਹੈ।
ਪ੍ਰ. ਇਸ ਸੀਰੀਜ਼ ’ਚ ਆਪਣੇ ਕਿਰਦਾਰ ਬਾਰੇ ਦੱਸੋ?
-‘ਬਕੈਤੀ’ ਵਿਚ ਮੇਰੇ ਕਿਰਦਾਰ ਦਾ ਨਾਂ ਸੁਸ਼ਮਾ ਹੈ, ਜੋ ਇਕ ਘਰੇਲੂ ਔਰਤ ਹੈ। ਮੈਨੂੰ ਇਹ ਕਿਰਦਾਰ ਇਸ ਲਈ ਪਸੰਦ ਆਇਆ ਕਿਉਂਕਿ ਉਹ ਘਰ-ਪਰਿਵਾਰ ਤੋਂ ਅੱਗੇ ਦੀ ਸੋਚਦੀ ਹੈ ਅਤੇ ਵਿੱਤੀ ਤੌਰ ’ਤੇ ਆਜ਼ਾਦ ਬਣਨਾ ਚਾਹੁੰਦੀ ਹੈ, ਜਿਸ ਲਈ ਉਸ ਦੇ ਬੱਚੇ ਉਸ ਨੂੰ ਉਤਸ਼ਾਹਿਤ ਕਰਦੇ ਹਨ।
ਰਾਜੇਸ਼ ਤੈਲੰਗ
ਐਕਟਿੰਗ ਲਈ ਘਰੋਂ ਬਹੁਤ ਹਮਾਇਤ ਮਿਲੀ, ਬਹੁਤ ਮਿਹਨਤ ਕਰਨੀ ਪਈ ਸੀ
ਪ੍ਰ. ਐਕਟਿੰਗ ਕਰੀਅਰ ਬਾਰੇ ਤੁਹਾਡੇ ਪਰਿਵਾਰ ਦੀ ਕੀ ਧਾਰਨਾ ਸੀ?
-ਘਰੋਂ ਐਕਟਿੰਗ ਲਈ ਬਹੁਤ ਹਮਾਇਤ ਮਿਲੀ। ਜਿਵੇਂ ਘਰ ਵਿਚ ਕੋਈ ਇੰਜੀਨੀਅਰਿੰਗ ਦੀ ਤਿਆਰੀ ਕਰ ਰਿਹਾ ਹੋਵੇ ਅਤੇ ਮਿਹਨਤ ਨਾ ਕਰੇ ਤਾਂ ਝਿੜਕਾਂ ਪੈਂਦੀਆਂ ਹਨ, ਉਸੇ ਤਰ੍ਹਾਂ ਮੈਨੂੰ ਵੀ ਸਖ਼ਤ ਮਿਹਨਤ ਕਰਨੀ ਪਈ।
ਪ੍ਰ. ਅਜਿਹਾ ਕਿਉਂ ਕਿਹਾ ਜਾਂਦਾ ਹੈ ਕਿ ਕਾਮੇਡੀ ਮੁਸ਼ਕਿਲ ਜਾਨਰ ਹੈ?
-ਮੈਨੂੰ ਲਗਦਾ ਹੈ ਕਿ ਕਾਮੇਡੀ ਫੇਕ ਨਹੀਂ ਕੀਤੀ ਜਾ ਸਕਦੀ ਤੇ ਉਸ ਦਾ ਨਤੀਜਾ ਵੀ ਤੁਹਾਨੂੰ ਤੁਰੰਤ ਮਿਲੇਗਾ। ਤੁਸੀਂ ਸੀਰੀਅਸ ਹੋਣਾ ਥੋੜ੍ਹਾ ਫੇਕ ਕਰ ਸਕਦੇ ਹੋ ਅਤੇ ਉਸ ਨੂੰ ਮਿਊਜ਼ਿਕ ਨਾਲ ਕਵਰ ਵੀ ਕੀਤਾ ਜਾ ਸਕਦਾ ਹੈ। ਕਾਮਿਕ ਟਾਈਮਿੰਗ ਤੁਹਾਡੀ ਚੰਗੀ ਹੋਣੀ ਚਾਹੀਦੀ ਹੈ। ਮੈਂ ਇਕ ਗੱਲ ਨੋਟਿਸ ਕੀਤੀ ਹੈ ਕਿ ਜੋ ਵੀ ਚੰਗੇ ਕਾਮੇਡੀਅਨ ਹੁੰਦੇ ਹਨ, ਉਨਾਂ ਦੀ ਮਿਊਜ਼ਿਕ ਸੈਂਸ ਬਹੁਤ ਵਧੀਆ ਹੁੰਦੀ ਹੈ।
ਪ੍ਰ. ਕੀ ਤੁਸੀਂ ਮਾਨੀਟਰ ’ਤੇ ਆਪਣਾ ਸੀਨ ਦੇਖ ਕੇ ਖ਼ੁਦ ਦਾ ਮੁਲਾਂਕਣ ਕਰਦੇ ਹੋ?
ਮੈਂ ਮਾਨੀਟਰ ਬਹੁਤ ਘੱਟ ਦੇਖਦਾ ਹਾਂ। ਤਕਨੀਕੀ ਚੀਜ਼ਾਂ ਲਈ ਦੇਖ ਲੈਂਦਾ ਹਾਂ, ਨਹੀਂ ਤਾਂ ਨਹੀਂ। ਇਕ ਵਾਰ ਇਕ ਥੀਏਟਰ ਐਕਟਰ ਨੇ ਕਿਹਾ ਸੀ ਕਿ ਅਸੀਂ ਥੀਏਟਰ ’ਚ ਵੀ ਖ਼ੁਦ ਨੂੰ ਨਹੀਂ ਦੇਖ ਸਕਦੇ ਪਰ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਹੋ ਜਿਹਾ ਕੀਤਾ ਹੈ, ਇਸ ਲਈ ਦੇਖਣ ਦੀ ਕੋਈ ਲੋੜ ਨਹੀਂ ਹੁੰਦੀ।
ਪ੍ਰ. ਸੀਰੀਜ਼ ’ਚ ਆਪਣੀ ਭੂਮਿਕਾ ਬਾਰੇ ਦੱਸੋ।
-ਮੈਂ ਇਕ ਵਕੀਲ ਦੀ ਭੂਮਿਕਾ ਨਿਭਾਅ ਰਿਹਾ ਹਾਂ, ਜਿਸ ਦਾ ਨਾਂ ਸੰਜੇ ਕਟਾਰੀਆ ਹੈ। ਉਂਝ ਤਾਂ ਮੈਨੂੰ ਅਕਸਰ ਗੰਭੀਰ ਭੂਮਿਕਾਵਾਂ ਨਿਭਾਉਣ ਨੂੰ ਮਿਲਦੀਆਂ ਹਨ ਪਰ ਕਟਾਰੀਆ ਇਕ ਵੱਖਰੀ ਦੁਨੀਆ ਦਾ ਕਿਰਦਾਰ ਹੈ, ਸੀਮਤ ਸੋਚ ਵਾਲਾ, ਖ਼ੁਦ ਨੂੰ ਹੀ ਸਹੀ ਮੰਨਣ ਵਾਲਾ। ਉਹ ਗੱਲ ਮੈਨੂੰ ਦਿਲਚਸਪ ਲੱਗੀ।
ਆਦਿੱਤਿਆ ਸ਼ੁਕਲਾ
ਰੀਲਾਂ ਬਣਾਉਣ ਨਾਲ ਮੇਰੀ ਸੰਗ ਘੱਟ ਹੋਈ, ਫੀਡਬੈਕ ਤੋਂ ਬਹੁਤ ਸਿੱਖਿਆ
ਪ੍ਰ. ਜਦੋਂ ਸੈੱਟ ’ਤੇ ਇੰਨੇ ਸੀਨੀਅਰ ਕਲਾਕਾਰਾਂ ਵਿਚਕਾਰ ਹੁੰਦੇ ਹੋ ਤਾਂ ਵੈਲੀਡੇਸ਼ਨ (ਪੁਸ਼ਟੀਕਰਨ) ਲਈ ਤੁਸੀਂ ਕਿਸ ’ਤੇ ਭਰੋਸਾ ਕਰਦੇ ਹੋ?
- ਇਹ ਮੇਰੀ ਪਹਿਲੀ ਵੱਡੀ ਭੂਮਿਕਾ ਹੈ ਇੰਨੇ ਵੱਡੇ ਕਲਾਕਾਰਾਂ ਨਾਲ। ਜੇ ਵੈਲੀਡੇਸ਼ਨ ਦੀ ਗੱਲ ਕਰਾਂ ਤਾਂ ਮੈਂ ਆਪਣੇ ਭਰਾ ਤੋਂ ਫੀਡਬੈਕ ਲੈਂਦਾ ਸੀ ਅਤੇ ਸੈੱਟ ’ਤੇ ਅਮਿਤ ਸਰ ਬਹੁਤ ਗਾਈਡ ਕਰਦੇ ਸਨ। ਕਈ ਵਾਰ ਮੈਨੂੰ ਆਪਣੇ ਬਾਰੇ ਸ਼ੱਕ ਹੁੰਦਾ ਸੀ ਤਾਂ ਉਨ੍ਹਾਂ ਤੋਂ ਸਲਾਹ ਲੈਂਦਾ ਸੀ। ਮੈਨੂੰ ਮੇਰੇ ਐਕਟ ਲਈ ਫੀਡਬੈਕ ਮਿਲੇ ਹਨ, ਇਸ ਲਈ ਮੈਂ ਕੋਸ਼ਿਸ਼ ਕਰਾਂਗਾ ਕਿ ਭਵਿੱਖ ਵਿਚ ਉਨ੍ਹਾਂ ਨੂੰ ਵਧੀਆ ਢੰਗ ਨਾਲ ਕਰਾਂ।
ਪ੍ਰ. ਤੁਸੀਂ ਇੰਸਟਾਗ੍ਰਾਮ ’ਤੇ ਰੀਲ ਵੀ ਬਣਾਉਂਦੇ ਹੋ। ਕੀ ਇਹ ਲਾਂਗ ਫਾਰਮੈਟ ਪ੍ਰਾਜੈਕਟਾਂ ’ਚ ਤੁਹਾਡੀ ਮਦਦ ਕਰਦਾ ਹੈ?
- ਹਾਂ, ਰੀਲਾਂ ਬਣਾਉਣ ਨਾਲ ਮੇਰੀ ਸੰਗ ਘੱਟ ਹੋਈ ਪਰ ਸ਼ਾਰਟ ਫਾਰਮ ਅਤੇ ਲਾਂਗ ਫਾਰਮ ’ਚ ਬਹੁਤ ਅੰਤਰ ਹੁੰਦਾ ਹੈ। ਸ਼ਾਰਟ ਫਾਰਮ ’ਚ ਤੁਸੀਂ ਸਭ ਕੁਝ ਖ਼ੁਦ ਕਰਦੇ ਹੋ - ਐਕਟਿੰਗ ਤੋਂ ਲੈ ਕੇ ਸ਼ੂਟਿੰਗ ਅਤੇ ਲਾਈਟਿੰਗ ਤਕ ਪਰ ਸੈੱਟ ’ਤੇ ਸਿਰਫ਼ ਐਕਟਿੰਗ ਹੁੰਦੀ ਹੈ। ਉੱਥੇ ਵਿਭਾਗ ਵੰਡੇ ਹੁੰਦੇ ਹਨ ਅਤੇ ਸਾਨੂੰ ਐਕਟਿੰਗ ’ਤੇ ਹੀ ਫੋਕਸ ਕਰਨਾ ਹੁੰਦਾ ਹੈ।
ਪ੍ਰ. ਆਪਣੇ ਕਿਰਦਾਰ ਬਾਰੇ ਦੱਸੋ।
-ਮੇਰੇ ਕਿਰਦਾਰ ਦਾ ਨਾਂ ਭਰਤ ਹੈ ਪਰ ਸਾਰੇ ਉਸ ਨੂੰ ਬੰਟੀ ਕਹਿੰਦੇ ਹਨ। ਬੰਟੀ ਫਨੀ ਹੈ, ਮੂੰਹਫਟ ਹੈ ਅਤੇ ਆਪਣੀ ਭੈਣ ਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ। ਬਹੁਤ ਹੀ ਰਿਲੇਟੇਬਲ ਲੱਗਦਾ ਹੈ।
ਐਮੀ ਵਿਰਕ ਨੇ ਪੰਜਾਬੀ ਸਿਨੇਮਾ 'ਚ ਪੂਰੇ ਕੀਤੇ 10 ਸਾਲ
NEXT STORY