ਐਂਟਰਟੇਨਮੈਂਟ ਡੈਸਕ- ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਰੇਮੋ ਡਿਸੂਜ਼ਾ ਡਾਂਸ ਨਾਲ ਜੁੜੀਆਂ ਕਈ ਸਫ਼ਲ ਫਿਲਮਾਂ ਬਣਾ ਚੁੱਕੇ ਹਨ। ਰੇਮੋ ਡਿਸੂਜ਼ਾ ਦੇ ਨਿਰਦੇਸ਼ਨ ’ਚ ਬਣੀ ਅਜਿਹੀ ਹੀ ਇਕ ਹੋਰ ਫਿਲਮ ‘ਬੀ ਹੈਪੀ’ 14 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਦੇ ਟ੍ਰੇਲਰ ’ਚ ਇਕ ਬੱਚੀ ਦੇ ਡਾਂਸ ਦੇ ਸੁਪਨਿਆਂ ਤੇ ਉਸ ਦੇ ਸੰਘਰਸ਼ ਦੀ ਕਹਾਣੀ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ’ਚ ਅਭਿਸ਼ੇਕ ਬੱਚਨ ਤੇ ਨੋਰਾ ਫ਼ਤੇਹੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਇਕ ਛੋਟੀ ਬੱਚੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਡਾਂਸਰ ਬਣਨ ਦਾ ਸੁਪਨਾ ਦੇਖਦੀ ਹੈ। ਅਭਿਸ਼ੇਕ ਬੱਚਨ ਇਸ ਫਿਲਮ ’ਚ ਬੱਚੀ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਆਪਣੀ ਬੇਟੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਖ਼ੁਦ ਡਾਂਸ ਸਿੱਖਦੇ ਹਨ। ਫਿਲਮ ਬਾਰੇ ਰੇਮੋ ਡਿਸੂਜ਼ਾ ਅਤੇ ਅਭਿਸ਼ੇਕ ਬੱਚਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਰੇਮੋ ਡਿਸੂਜ਼ਾ
ਕਲੀਮੈਕਸ ’ਚ ਨੋਰਾ ਦਾ ਸੀਨ ਬੇਹੱਦ ਖ਼ਾਸ
ਪ੍ਰ. ਇਹ ਇਕ ਹਾਈ ਐਨਰਜ਼ੀ ਤੇ ਡਾਂਸ ’ਤੇ ਅਧਾਰਿਤ ਫਿਲਮ ਲੱਗਦੀ ਹੈ। ਨਾਲ ਹੀ ਇਮੋਸ਼ਨਲ ਟਚ ਵੀ ਦਿਖਾ ਰਹੀ ਹੈ, ਉਹ ਵੀ ਬਹੁਤ ਪ੍ਰਭਾਵਸ਼ਾਲੀ ਹੈ। ਕੀ ਕਹੋਗੇ?
-ਫਿਲਮ ’ਚ ਇਮੋਸ਼ਨ ਅਤੇ ਡਰਾਮਾ ਹੈ। ਮੈਂ ਪੂਰੀ ਤਰ੍ਹਾਂ ਨਹੀਂ ਕਹਿ ਸਕਦਾ ਕਿ ਇਹ ਫਿਲਮ ਡਾਂਸ ’ਤੇ ਆਧਾਰਿਤ ਹੈ। ਡਾਂਸ ਇਸ ਦਾ ਬੈਕਡ੍ਰਾਪ ਹੈ। ਮੁੱਖ ਫੋਕਸ ਕਹਾਣੀ ’ਤੇ ਹੈ, ਜੋ ਕਿ ਪਿਤਾ ਅਤੇ ਬੇਟੀ ਦੀ ਜਰਨੀ ’ਤੇ ਆਧਾਰਿਤ ਹੈ। ਟਰੇਲਰ ਤੋਂ ਹੀ ਇਹ ਸਾਫ਼ ਹੋ ਜਾਂਦਾ ਹੈ ਕਿ ਇਮੋਸ਼ਨ ਅਤੇ ਡਾਂਸ ਦੋਵਾਂ ਦਾ ਵਧੀਆ ਮਿਸ਼ਰਣ ਹੈ। ਟਰੇਲਰ ’ਚ ਦਿਖਾਇਆ ਗਿਆ ਇਮੋਸ਼ਨਲ ਗ੍ਰਾਫ ਫਿਲਮ ’ਚ ਹੋਰ ਵੀ ਡੂੰਘਾਈ ਨਾਲ ਦੇਖਣ ਨੂੰ ਮਿਲੇਗਾ।
ਪ੍ਰ. ਫਿਲਮ ’ਚ ਨੋਰਾ ਦਾ ਕੋਈ ਅਜਿਹਾ ਸੀਨ ਹੈ, ਜਿਸ ਨੂੰ ਤੁਸੀਂ ਸਭ ਤੋਂ ਖ਼ਾਸ ਮੰਨਦੇ ਹੋ?
-ਡਾਂਸਿੰਗ ’ਚ ਤੁਸੀਂ ਜਾਣਦੇ ਹੀ ਹੋ ਪਰ ਐਕਟਿੰਗ ’ਚ ਪਹਿਲੀ ਵਾਰ ਨੋਰਾ ਨੇ ਸ਼ਾਨਦਾਰ ਕੰਮ ਕੀਤਾ ਹੈ। ਜੇਕਰ ਤੁਸੀਂ ਮੇਰੇ ਕੋਲੋਂ ਪੁੱਛੋ ਕਿ ਅਜਿਹਾ ਕਿਹੜਾ ਸੀਨ ਹੈ, ਜੋ ਖ਼ਾਸ ਹੈ ਤਾਂ ਮੈਨੂੰ ਲੱਗਦਾ ਹੈ ਕਿ ਕਲਾਈਮੈਕਸ ’ਚ ਉਨ੍ਹਾਂ ਦਾ ਇਕ ਸੀਨ ਬਹੁਤ ਖ਼ਾਸ ਸੀ। ਉਸ ਸੀਨ ’ਚ ਉਨ੍ਹਾਂ ਨੇ ਬਹੁਤ ਕੁਝ ਬਿਨਾਂ ਬੋਲੇ ਸਿਰਫ਼ ਆਪਣੀਆਂ ਭਾਵਨਾਵਾਂ ਨਾਲ ਐਕਸਪ੍ਰੈੱਸ ਕੀਤਾ, ਜੋ ਮੇਰੇ ਲਈ ਸਭ ਤੋਂ ਵਧੀਆ ਸੀ।
ਪ੍ਰ. ਡਾਂਸ ਨੂੰ ਫ਼ਿਲਮ ’ਚ ਕਿਵੇਂ ਇੰਟੀਗ੍ਰੇਟ ਕਰਦੇ ਹੋ? ਡਾਂਸ ਦਾ ਇਹ ਜਾਨਰ ਜੋ ਤੁਸੀਂ ਬਣਾਇਆ ਹੈ, ਉਹ ਕਿੱਥੋਂ ਆਇਆ?
-ਜਦੋਂ ਏ. ਬੀ. ਸੀ. ਡੀ. ਫ਼ਿਲਮ ਆਈ ਸੀ, ਉਸ ਤੋਂ ਬਾਅਦ ਮੈਂ ਡਾਂਸ ਨੂੰ ਫਿਲਮ ’ਚ ਇਕ ਨਵਾਂ ਜਾਨਰ ਬਣਾ ਦਿੱਤਾ। ਇਸ ਤੋਂ ਪਹਿਲਾਂ ਡਾਂਸ ’ਤੇ ਕੋਈ ਫਿਲਮ ਨਹੀਂ ਬਣੀ ਸੀ। ਮੈਂ ਜਦੋਂ ਰਿਐਲਿਟੀ ਸ਼ੋਅ ਕਰ ਰਿਹਾ ਸੀ, ਉਦੋਂ ਹੀ ਮੈਨੂੰ ਡਾਂਸ ’ਤੇ ਫਿਲਮ ਬਣਾਉਣ ਦਾ ਵਿਚਾਰ ਆਇਆ ਸੀ। ਫਿਰ ਇਕ ਫਿਲਮ ਆਈ ‘ਚਾਂਸ’, ਜੋ ਡਾਂਸ ’ਤੇ ਆਧਾਰਿਤ ਸੀ, ਤਾਂ ਮੈਨੂੰ ਲੱਗਾ ਕਿ ਹੁਣ ਮੇਰਾ ਡਾਂਸ ਫਿਲਮ ਦਾ ਸੁਪਨਾ ਤਾਂ ਟੁੱਟ ਗਿਆ ਪਰ ਉਸ ਫਿਲਮ ’ਚ ਡਾਂਸ ਦੀ ਬਜਾਏ ਕਹਾਣੀ ’ਤੇ ਜ਼ਿਆਦਾ ਫੋਕਸ ਸੀ। ਇਸ ਤੋਂ ਬਾਅਦ ਮੈਂ ‘ਏ.ਬੀ.ਸੀ.ਡੀ.’ ਬਣਾਈ ਅਤੇ ਡਾਂਸ ਨੂੰ ਇਕ ਵੱਖਰੇ ਜਾਨਰ ਵਜੋਂ ਸਥਾਪਿਤ ਕੀਤਾ। ਇਸ ਫ਼ਿਲਮ ’ਚ ਡਾਂਸ ਤਾਂ ਹੈ ਪਰ ਇਹ ਸਿਰਫ਼ ਇਕ ਡਾਂਸ ਫ਼ਿਲਮ ਨਹੀਂ ਹੈ, ਇਹ ਇਕ ਡਾਂਸ ਡਰਾਮਾ ਹੈ, ਜਿਸ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਕਹਾਣੀ ਨਾਲ ਜੋੜਿਆ ਗਿਆ ਹੈ।
ਅਭਿਸ਼ੇਕ ਬੱਚਨ
ਚੰਗੇ ਲੋਕ ਚੰਗੀਆਂ ਫਿਲਮਾਂ ਬਣਾਉਂਦੇ ਹਨ
ਪ੍ਰ. ਰੇਮੋ ਸਰ ਨਾਲ ਤਜਰਬਾ ਕਿਵੇਂ ਦਾ ਰਿਹਾ?
- ਰੇਮੋ ਨਾਲ ਮੈਂ ਕਈ ਸਾਲ ਕੰਮ ਕੀਤਾ ਹੈ ਪਰ ਹੁਣ ਤੱਕ ਕੋਰੀਓਗ੍ਰਾਫਰ ਵਜੋਂ ਕੰਮ ਕੀਤਾ ਸੀ। ਪਹਿਲੀ ਵਾਰ ਉਹ ਮੈਨੂੰ ਡਾਇਰੈਕਟ ਕਰ ਰਹੇ ਸਨ। ਉਨ੍ਹਾਂ ਨਾਲ ਕੰਮ ਕਰਨਾ ਬਹੁਤ ਚੰਗਾ ਲੱਗਾ। ਉਹ ਬਹੁਤ ਚੰਗੇ ਵਿਅਕਤੀ ਹਨ ਅਤੇ ਮੇਰਾ ਮੰਨਣਾ ਹੈ ਕਿ ਚੰਗੇ ਲੋਕ ਹੀ ਚੰਗੀਆਂ ਫਿਲਮਾਂ ਬਣਾਉਂਦੇ ਹਨ ਕਿਉਂਕਿ ਉਨ੍ਹਾਂ ਦਾ ਦਿਲ ਸਾਫ਼ ਹੁੰਦਾ ਹੈ। ਉਹ ਬਹੁਤ ਸੂਝਵਾਨ ਵਿਅਕਤੀ ਹਨ। ਉਨ੍ਹਾਂ ਨਾਲ ਕੰਮ ਕਰ ਕੇ ਮੈਨੂੰ ਬਹੁਤ ਚੰਗਾ ਲੱਗਾ।
ਪ੍ਰ. ਤੁਸੀਂ ਇਕ ਇਮੋਸ਼ਨਲ ਪਿਤਾ ਦੀ ਭੂਮਿਕਾ ਨਿਭਾ ਰਹੇ ਹੋ। ਕਿਵੇਂ ਤਿਆਰੀ ਕੀਤੀ ਅਤੇ ਇਹ ਕਿਰਦਾਰ ਤੁਹਾਡੇ ਬਾਕੀ ਕਿਰਦਾਰਾਂ ਤੋਂ ਕਿਵੇਂ ਵੱਖਰਾ ਸੀ?
-ਇਹ ਇਕ ਸਿੰਗਲ ਪਿਤਾ ਦੀ ਭੂਮਿਕਾ ਹੈ, ਜੋ ਆਪਣੀ ਬੇਟੀ ਨਾਲ ਆਪਣੀ ਜਰਨੀ ’ਤੇ ਹੈ। ਇਸ ਰੋਲ ਲਈ ਸਾਨੂੰ ਬਹੁਤੀ ਖ਼ਾਸ ਤਿਆਰੀ ਦੀ ਲੋੜ ਨਹੀਂ ਪਈ ਕਿਉਂਕਿ ਫਿਲਮ ਬਹੁਤ ਸਾਧਾਰਨ ਸੀ। ਇਹ ਇਕ ਇਮੋਸ਼ਨਲ ਕਹਾਣੀ ਹੈ ਅਤੇ ਇਕ ਪਿਤਾ ਅਤੇ ਬੇਟੀ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ। ਇਸ ਵਿਚ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਸੀ, ਤੁਹਾਨੂੰ ਸਿਰਫ਼ ਆਪਣੀਆਂ ਭਾਵਨਾਵਾਂ ਨਾਲ ਸੱਚਾਈ ਦਿਖਾਉਣੀ ਹੁੰਦੀ ਹੈ।
ਪ੍ਰ. ਇਸ ਫ਼ਿਲਮ ਨੂੰ ਚੁਣਨ ਦਾ ਕਾਰਨ ਕੀ ਸੀ?
-ਮੈਨੂੰ ਇਸ ਫਿਲਮ ਦੀ ਕਹਾਣੀ ਬਹੁਤ ਖਾਸ ਲੱਗੀ। ਕਹਾਣੀ ਨੇ ਮੇਰੇ ਦਿਲ ਨੂੰ ਛੂਹ ਲਿਆ। ਅਸੀਂ ਅਕਸਰ ਫਿਲਮਾਂ ’ਚ ਮਾਂ-ਪੁੱਤ ਦੇ ਰਿਸ਼ਤੇ ਨੂੰ ਦਿਖਾਉਂਦੇ ਹਾਂ ਪਰ ਪਿਓ-ਧੀ ਦੇ ਰਿਸ਼ਤੇ ਨੂੰ ਉਸ ਡੂੰਘਾਈ ’ਚ ਨਹੀਂ ਦਿਖਾਉਂਦੇ। ਇਸ ਫਿਲਮ ’ਚ ਇਹ ਬਹੁਤ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ ਅਤੇ ਇਹੀ ਕਾਰਨ ਸੀ ਕਿ ਮੈਂ ਇਸ ਨੂੰ ਕਰਨ ਦਾ ਫ਼ੈਸਲਾ ਕੀਤਾ।
ਪ੍ਰ. ਇਨਾਇਤ ਇੰਨੀ ਪਿਆਰੀ ਅਤੇ ਸ਼ਾਨਦਾਰ ਡਾਂਸ ਕਰਦੀ ਹੈ। ਕੀ ਕਦੇ ਸੈੱਟ ’ਤੇ ਉਹ ਤੁਹਾਨੂੰ ਪ੍ਰੇਸ਼ਾਨ ਕਰਦੀ ਸੀ?
-ਨਹੀਂ, ਬਿਲਕੁਲ ਨਹੀਂ। ਮੈਂ ਇਨਾਇਤ ਨੂੰ ਬਚਪਨ ਤੋਂ ਜਾਣਦਾ ਹਾਂ। ਇਸ ਤੋਂ ਪਹਿਲਾਂ ਅਸੀਂ ‘ਲੂਡੋ’ ’ਚ ਵੀ ਇਕੱਠੇ ਕੰਮ ਕੀਤਾ ਸੀ। ਉਹ ਬਹੁਤ ਚੰਗੀ ਲੜਕੀ ਹੈ, ਉਸ ਦਾ ਸੁਭਾਅ ਅਤੇ ਕਲਾ ਬਹੁਤ ਹੀ ਸ਼ਾਨਦਾਰ ਹੈ। ਸੈੱਟ ’ਤੇ ਉਹ ਇਕਦਮ ਪ੍ਰੋਫੈਸ਼ਨਲ ਰਹਿੰਦੀ ਹੈ। ਹਮੇਸ਼ਾ ਪੂਰੀ ਤਰ੍ਹਾਂ ਤਿਆਰ ਹੋ ਕੇ ਆਉਂਦੀ ਹੈ। ਉਸ ਨੂੰ ਕਦੇ ਵੀ ਸੈੱਟ ’ਤੇ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਅਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਉਂਦੀ ਹੈ। ਉਹ ਸੱਚਮੁੱਚ ਇਕ ਸ਼ਾਨਦਾਰ ਕਲਾਕਾਰ ਹੈ।
ਕੰਗਨਾ ਰਣੌਤ ਨੇ ਆਰ ਮਾਧਵਨ ਨਾਲ ਥ੍ਰਿਲਰ ਫਿਲਮ ਦੀ ਸ਼ੂਟਿੰਗ ਕੀਤੀ ਪੂਰੀ
NEXT STORY