ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਨੂੰ ਐਤਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਦਿਲੀਪ ਕੁਮਾਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਕਾਫ਼ੀ ਨਾਜੁਕ ਹੈ। ਇਸ ਤੋਂ ਇਲਾਵਾ ਦਿਲੀਪ ਕੁਮਾਰ ਦੀ ਮੌਤ ਦੀ ਖ਼ਬਰ ਵੀ ਫੈਲ ਗਈ ਸੀ, ਜਿਸ 'ਤੇ ਸਾਇਰਾ ਬਾਨੋ ਨੇ ਆਪਣਾ ਬਿਆਨ ਦਿੱਤਾ ਸੀ ਅਤੇ ਦਿਲੀਪ ਦੀ ਸਿਹਤ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਹਾਲਾਂਕਿ ਦਿਲੀਪ ਕੁਮਾਰ ਦੇ ਟਵਿੱਟਰ ਅਕਾਊਂਟ ਤੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਨਵੀਂ ਅਪਡੇਟ ਦਿੱਤੀ ਗਈ ਹੈ। ਇਸ ਅਪਡੇਟ ਰਾਹੀਂ ਦੱਸਿਆ ਗਿਆ ਹੈ ਕਿ ਉਹ ਵੈਂਟੀਲੇਟਰ 'ਤੇ ਨਹੀਂ ਸਗੋਂ ਆਕਸੀਜਨ ਸਪੋਰਟ 'ਤੇ ਹਨ। ਟਵੀਟ 'ਚ ਲਿਖਿਆ ਗਿਆ ਹੈ, 'ਦਿਲੀਪ ਕੁਮਾਰ ਸਾਹਬ ਵੈਂਟੀਲੇਟਰ 'ਤੇ ਨਹੀਂ ਸਗੋਂ ਆਕਸੀਜਨ ਸਪੋਰਟ 'ਤੇ ਹਨ। ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। Pleural Aspiration ਤੋਂ ਪਹਿਲਾਂ ਕੁਝ ਟੈਸਟ ਦੇ ਰਿਜਲਟਸ ਦਾ ਇੰਤਜ਼ਾਰ ਕਰ ਰਹੇ ਹਨ। ਇਹ ਬਿਆਨ ਡਾਕਟਰ ਜਲੀਲ ਪਾਰਕਰ ਨੇ ਦਿੱਤਾ ਹੈ, ਜੋ ਕਿ ਚੈਸਟ ਸਪੈਸ਼ਲਲਿਸਟ ਹਨ ਤੇ ਦਿਲੀਪ ਸਾਹਬ ਦਾ ਟ੍ਰੀਟਮੈਂਟ ਕਰ ਰਹੇ ਹਨ। ਅੱਗੇ ਜੋ ਵੀ ਹੋਵੇਗਾ ਇਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।'
ਦਿਹਾਂਤ ਦੀਆਂ ਖ਼ਬਰਾਂ 'ਤੇ ਸਾਇਰਾ ਬਾਨੋ ਦਾ ਰਿਐਕਸ਼ਨ
ਸਾਇਰਾ ਬਾਨੋ ਨੇ ਦਿਲੀਪ ਕੁਮਾਰ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ- ''ਵ੍ਹਸਟਐਪ ਫਾਰਵਰਡ 'ਤੇ ਯਕੀਨ ਨਾ ਕਰੋ। ਦਿਲੀਪ ਸਾਹਬ ਦੀ ਹਾਲਤ ਸਥਿਤ ਹੈ। ਸ਼ੁਕਰੀਆ ਤੁਸੀਂ ਦਿਲੋਂ ਦੁਆਵਾਂ ਦਿੱਤੀਆਂ ਤੇ ਅਰਦਾਸਾਂ ਕੀਤੀਆਂ। ਡਾਕਟਰਾਂ ਮੁਤਾਬਕ, ਉਹ ਦੋ-ਤਿੰਨ ਦਿਨਾਂ 'ਚ ਘਰ ਹੋਣਗੇ। ਇੰਸ਼ਾਅੱਲ੍ਹਾ।''
ਫੇਫੜਿਆਂ 'ਚ ਪਾਣੀ ਦੀ ਸਮੱਸਿਆ
ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਦਿਲੀਪ ਸਾਹਬ ਦੇ ਡਾਕਟਰ ਜਲੀਲ ਪਾਰਕਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਫੇਫੜਿਆਂ 'ਚ ਪਾਣੀ ਭਰ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ ਤੇ ਉਹ ਬਾਈਲਿਟਰਲ ਪਲਿਊਰਲ ਇਨਫਿਊਜ਼ਨ ਨਾਲ ਜੂਝ ਰਹੇ ਹਨ ਤੇ ਉਨ੍ਹਾਂ ਦਾ ਆਕਸੀਜਨ ਲੈਵਲ ਵੀ ਘੱਟ ਰਿਹਾ ਹੈ।
ਸ਼ਰਦ ਪਵਾਰ ਦਿਲੀਪ ਨੂੰ ਮਿਲਣ ਪਹੁੰਚੇ ਹਸਪਤਾਲ
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਪਹੁੰਚੇ ਸਨ। ਹਾਲ ਹੀ 'ਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਰਦ ਪਵਾਰ ਹਸਪਤਾਲ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਸ਼ਰਦ ਪਾਵਰ ਦਿਲੀਪ ਕੁਮਾਰ ਨੂੰ ਮਿਲਣ ਤੇ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਦਿਲੀਪ ਕੁਮਾਰ ਨੂੰ ਕੁਝ ਚੈਕਅੱਪ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਸਮੇਂ 2 ਦਿਨ ਤੱਕ ਦਾਖ਼ਲ ਹੋਣ ਤੋਂ ਬਾਅਦ ਫਿਰ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਉਦੋਂ ਅਦਾਕਾਰਾ ਅਤੇ ਪਤਨੀ ਸਾਇਰਾ ਬਾਨੋ ਨੇ ਅਦਾਕਾਰ ਲਈ ਦੁਆ ਕਰਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ।
ਨੋਟ - ਦਿਲੀਪ ਕੁਮਾਰ ਦੀ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।
ਜਲਦ ਸ਼ੁਰੂ ਹੋਵੇਗਾ ‘ਖਤਰੋਂ ਕੇ ਖਿਲਾੜੀ’, ਰੋਹਿਤ ਸ਼ੈੱਟੀ ਨੇ ਪੋਸਟ ਸਾਂਝੀ ਕਰਕੇ ਦਿੱਤਾ ਹਿੰਟ
NEXT STORY