ਐਂਟਰਟੇਨਮੈਂਟ ਡੈਸਕ- ਫਿਲਮ ‘ਮਾਲਿਕ’ ਦਾ ਨਵਾਂ ਗੀਤ ‘ਦਿਲ ਥਾਮ ਕੇ’ ਇਨ੍ਹੀਂ ਦਿਨੀਂ ਬਹੁਤ ਸੁਰਖੀਆਂ ਬਟੋਰ ਰਿਹਾ ਹੈ ਅਤੇ ਇਸ ਦਾ ਕਾਰਨ ਹੈ ਹੁਮਾ ਕੁਰੈਸ਼ੀ। ਆਪਣੇ ਦਮਦਾਰ ਲੁਕ ਅਤੇ ਹਾਵ-ਭਾਵ ਨਾਲ ਉਨ੍ਹਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਕ੍ਰੀਨ ’ਤੇ ਉਨ੍ਹਾਂ ਦੀ ਮੌਜੂਦਗੀ ਹੀ ਤਹਿਲਕਾ ਮਚਾਉਣ ਲਈ ਕਾਫ਼ੀ ਹੈ। ‘ਮਾਲਿਕ’ ’ਚ ਰਾਜਕੁਮਾਰ ਰਾਓ ਅਤੇ ਮਾਨੁਸ਼ੀ ਛਿੱਲਰ ਮੁੱਖ ਭੂਮਿਕਾਵਾਂ ਵਿਚ ਹਨ ਅਤੇ ਇਸ ਨੂੰ ਪੁਲਕਿਤ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 11 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਕਾਰਨ ਹੁਮਾ ਕੁਰੈਸ਼ੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ‘ਦਿਲ ਥਾਮ ਕੇ’ ਗੀਤ ਕਰਨ ਦੇ ਪਿੱਛੇ ਕੀ ਕਾਰਨ ਸੀ?
-ਮੈਨੂੰ ਇਹ ਗਾਣਾ ਬਹੁਤ ਪਸੰਦ ਆਇਆ ਸੀ। ਜਦੋਂ ਮੈਨੂੰ ਪਹਿਲੀ ਵਾਰ ਇਹ ਗਾਣਾ ਘਰ ਆ ਕੇ ਸੁਣਾਇਆ ਗਿਆ, ਤਾਂ ਮੈਂ ਇਹੋ ਕਿਹਾ ਸੀ ਕਿ ਇਹ ਗਾਣਾ ਜ਼ਰੂਰ ਹਿੱਟ ਹੋਵੇਗਾ। ਬਾਕੀ ਇਸ ਫਿਲਮ ਵਿਚ ਜੋ ਕੰਮ ਕਰ ਰਹੇ ਹਨ, ਉਹ ਸਾਰੇ ਦੋਸਤ ਹਨ। ਉਂਝ ਵੀ ਮੈਂ ਪੁਲਕਿਤ ਨਾਲ ਕੰਮ ਕਰਨਾ ਸੀ, ਉਨ੍ਹਾਂ ਦੀ ਭਕਸ਼ਕ ਫਿਲਮ ਵੀ ਮੈਨੂੰ ਬਹੁਤ ਪਸੰਦ ਆਈ ਸੀ। ਮੈਂ ਉਨ੍ਹਾਂ ਨੂੰ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਕੁਝ ਵੱਡਾ ਅਤੇ ਡ੍ਰਾਮਾਟਿਕ ਕਰਾਂਗੇ, ਪਰ ਮੈਨੂੰ ਨਹੀਂ ਪਤਾ ਸੀ ਕਿ ਅਸੀਂ ਇਕ ਗੀਤ ਇਕੱਠੇ ਕਰਾਂਗੇ।
ਪ੍ਰ. ਰਾਜਕੁਮਾਰ ਰਾਓ ਦੇ ਨਾਲ ਸ਼ੂਟਿੰਗ ਦਾ ਤਜ਼ਰਬਾ ਕਿਹੋ ਜਿਹਾ ਰਿਹਾ?
-ਉਹ ਤਾਂ ਮੇਰੇ ਬਹੁਤ ਚੰਗੇ ਦੋਸਤ ਹਨ। ਮੇਰੇ ਲਈ ਉਹ ਇਕ ਪਰਿਵਾਰ ਵਾਂਗ ਹਨ। ਜਦੋਂ ਉਹ ਕੰਮ ਕਰ ਰਹੇ ਹੁੰਦੇ ਹਨ ਤਾਂ ਉਹ ਬਹੁਤ ਫੋਕਸਡ ਹੁੰਦੇ ਹਨ, ਪਰ ਜਦੋਂ ਉਹ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਬਹੁਤ ਮਸਤੀ ਕਰਦੇ ਹਨ।
ਪ੍ਰ. ਤੁਸੀਂ ਇੰਡਸਟਰੀ ’ਚ ਇੰਨਾ ਲੰਮਾ ਸਫ਼ਰ ਤੈਅ ਕੀਤਾ, ਜਿੱਥੇ ਤੁਹਾਡੇ ਕੰਮ ਦੀ ਹਮੇਸ਼ਾ ਪ੍ਰਸ਼ੰਸਾ ਹੋਈ ਹੈ, ਤਾਂ ਹੁਣ ਤੁਸੀਂ ਖੁਦ ਨੂੰ ਕਿੱਥੇ ਰੱਖਦੇ ਹੋ?
-ਕਿਤੇ ਨਹੀਂ। ਜਿਸ ਦਿਨ ਮੈਂ ਖੁਦ ਨੂੰ ਕਿਤੇ ਪਲੇਸ ਕਰ ਦਿੱਤਾ, ਉਸ ਦਿਨ ਜੋ ਵੀ ਗੱਲ ਹੈ ਮੇਰੇ ’ਚ, ਉਹ ਖਤਮ ਹੋ ਜਾਵੇਗੀ। ਮੈਂ ਹਮੇਸ਼ਾ ਖੁਦ ਨੂੰ ਇਕ ਬੱਚੇ ਵਾਂਗ ਦੇਖਦੀ ਹਾਂ, ਮੈਂ ਇਹ ਸੋਚਦੀ ਹਾਂ ਕਿ ਮੈਂ ਕੀ ਨਹੀਂ ਕੀਤਾ ਅਜੇ ਤੱਕ। ਮੈਨੂੰ ਉਹ ਕਰਨਾ ਹੈ। ਅੱਗੇ ਵੀ ਮੇਰੇ ਜੋ ਪ੍ਰੋਜੈਕਟ ਆਉਣ ਵਾਲੇ ਹਨ, ਉਹ ਇਕਦਮ ਵੱਖਰੇ ਹੋਣਗੇ। ਉਹ ਵੀ ਆਪਣੀ-ਆਪਣੀ ਕੰਡੀਸ਼ਨ ਦੇ ਕਾਰਨ, ਉਹ ਇਹ ਕਿ ਕੋਈ ਰਿਪੀਟ ਨਹੀਂ ਹੋਣਾ ਚਾਹੀਦਾ, ਜੋ ਮੈਂ ਪਹਿਲਾਂ ਕਰ ਚੁੱਕੀ ਹਾਂ। ਮਹਾਰਾਣੀ ਨੂੰ ਬਹੁਤ ਪਿਆਰ ਮਿਲਿਆ ਹੈ, ਇਸ ਲਈ ਅਸੀਂ ਉਸ ਦਾ ਅਗਲਾ ਸੀਜ਼ਨ ਕਰ ਸਕਦੇ ਹਾਂ, ਪਰ ਮੈਨੂੰ ਕੋਈ ਰਿਪੀਟ ਨਹੀਂ ਕਰਨਾ।
ਪ੍ਰ. ਤੁਸੀਂ ਕਦੇ ਸਟੀਰੀਓ ਟਾਈਪ ਨਹੀਂ ਹੋਏ, ਕੀ ਇਹ ਕਾਨਸ਼ੀਅਸ ਚੁਆਇਸ ਹੈ?
-ਹਾਂ ਜੀ, ਇਹ 100 ਫੀਸਦੀ ਕਾਨਸ਼ੀਅਸ ਚੁਆਇਸ ਹੈ। ਕੁੜੀਆਂ ਨੂੰ ਹਮੇਸ਼ਾ ਤੋਂ ਦੱਸਿਆ ਜਾਂਦਾ ਹੈ ਕਿ ਤੁਹਾਡੀ ਇਕ ਸੈਲਫ਼ ਲਾਈਫ਼ ਹੈ ਜਾਂ ਤੁਸੀਂ ਇਸੇ ਰੋਲ ਲਈ ਬਣੇ ਹੋ, ਇਹ ਫਾਲਤੂ ਦੀਆਂ ਗੱਲਾਂ ਲੋਕ ਬਹੁਤ ਬੋਲਦੇ ਹਨ ਅਤੇ ਬਹੁਤ ਗਿਆਨ ਵੰਡਦੇ ਹਨ। ਲੋਕਾਂ ਨੂੰ ਬਹੁਤ ਚੰਗਾ ਲਗਦਾ ਹੈ ਕਿ ਤੁਹਾਨੂੰ ਤੁਹਾਡੀ ਜਗ੍ਹਾ ਦਿਖਾਈ ਜਾਏ ਕਿ ਤੁਸੀਂ ਕਿਸ ਕਾਬਲ ਹੋ ਜਾਂ ਲਾਇਕ ਹੋ, ਪਰ ਮੇਰੀ ਕੋਸ਼ਿਸ਼ ਹਮੇਸ਼ਾ ਕੁਝ ਵੱਖਰਾ ਕਰਨ ਦੀ ਰਹੀ ਹੈ, ਮੈਂ ਇਕ ਹੀ ਚੀਜ਼ ਵਾਰ-ਵਾਰ ਨਹੀਂ ਕਰ ਸਕਦੀ।
ਪ੍ਰ. ਜਦੋਂ ਵੀ ਤੁਸੀਂ ਕੋਈ ਸਕ੍ਰਿਪਟ ਪੜ੍ਹਦੇ ਹੋ, ਤਾਂ ਕਿਹੜੀ ਚੀਜ਼ ਹੈ ਜਿਸ ਨਾਲ ਤੁਸੀਂ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ?
-ਮੇਰੇ ਲਈ ਤਾਂ ਰਿਸਪੈਕਟ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
ਮੇਰੇ ਵੱਲੋਂ ਵੀ ਅਤੇ ਸਾਹਮਣੇ ਵਾਲੇ ਦੀ ਤਰਫੋਂ ਵੀ। ਰੋਲ ਬੇਸ਼ੱਕ ਦੋਸਤੀ ’ਚ ਹੀ ਕਿਉਂ ਨਾ ਕਰਨਾ ਹੋਵੇ। ਪੈਸੇ ਬਾਰੇ ਮੈਂ ਜ਼ਿਆਦਾ ਨਹੀਂ ਸੋਚਦੀ। ਜਿੱਥੇ ਮੈਨੂੰ ਕੰਮ ਕਰਨਾ ਹੈ, ਉੱਥੇ ਮੈਨੂੰ ਕਿਸ ਤਰ੍ਹਾਂ ਨਾਲ ਟ੍ਰੀਟ ਕੀਤਾ ਜਾਂਦਾ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਥੇ ਮੈਨੂੰ ਲੱਗਦਾ ਹੈ ਕਿ ਇਹ ਲੋਕ ਸਹੀ ਨਹੀਂ ਹਨ, ਉਹ ਰੋਲ ਮੈਂ ਨਹੀਂ ਕਰਦੀ।
ਪ੍ਰ. ਤੁਹਾਡੇ ਸ਼ੁਰੂਆਤੀ ਦਿਨਾਂ ’ਚ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਕੀ ਸੀ?
-ਮੈਨੂੰ ਬਹੁਤ ਵਧੀਆ ਸਲਾਹ ਮਿਲੀ ਸੀ ਇਕ ਔਰਤ ਤੋਂ, ਉਨ੍ਹਾਂ ਦਾ ਨਾਮ ਸੀ ਅਮਿਤਾ ਸਹਿਗਲ। ਉਨ੍ਹਾਂ ਨੇ ਮੈਨੂੰ ਕਿਹਾ ਸੀ ‘ਸੁਣੋ ਮੇਰੀ ਗੱਲ, ਤੁਸੀਂ ਮੈਨੂੰ ਇਕ ਚੰਗੇ ਪਰਿਵਾਰ ਦੀ ਲੜਕੀ ਲੱਗ ਰਹੀ ਹੋ, ਨਾ ਜਾਓ ਇੱਥੇ, ਬਹੁਤ ਘੱਟ ਚੰਗੀਆਂ ਫਿਲਮਾਂ ਦੀ ਕਾਸਟਿੰਗ ਹੁੰਦੀ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਇੱਧਰ-ਉੱਧਰ ਭਟਕਦੇ ਰਹੋਗੇ, ਅਣਜਾਣ ਲੋਕਾਂ ਨਾਲ ਮਿਲੋਗੇ ਅਤੇ ਮਾਯੂਸ ਹੋਵੋਗੇ। ਇਸ਼ਤਿਹਾਰ ਕਰੋ ਜੇਕਰ ਤੁਸੀਂ ਚੰਗੇ ਹੋ ਤਾਂ ਕੈਮਰੇ ਵਿਚ ਲੋਕ ਤੁਹਾਨੂੰ ਦੇਖਣਗੇ। ਪਤਾ ਨਹੀਂ ਕਿਉਂ ਮੈਨੂੰ ਉਨ੍ਹਾਂ ਦੀ ਗੱਲ ਚੰਗੀ ਲੱਗੀ ਅਤੇ ਮੈਂ ਇਸ਼ਤਿਹਾਰ ’ਤੇ ਫੋਕਸ ਕੀਤਾ ਅਤੇ ਫਿਲਮਾਂ ਲਈ ਆਡੀਸ਼ਨ ਦੇਣਾ ਬੰਦ ਕਰ ਦਿੱਤਾ ਅਤੇ ਇਸ਼ਤਿਹਾਰ ਦੇ ਕਾਰਨ ਹੀ ਮੈਨੂੰ ਮੇਰੀ ਪਹਿਲੀ ਫਿਲਮ ‘ਗੈਂਗਸ ਆਫ ਵਾਸੇਪੁਰ’ ਮਿਲੀ ਸੀ। ਮੇਰੀ ਲਾਈਫ਼ ’ਚ ਤਾਂ ਬਹੁਤ ਸਾਰੇ ਅਜਿਹੇ ਲੋਕ ਮਿਲੇ, ਜਿਨ੍ਹਾਂ ਨੇ ਬਿਨਾਂ ਸਵਾਰਥ ਮੇਰੀ ਮਦਦ ਕੀਤੀ ਹੈ।
Good News: ਮਾਂ ਬਣਨ ਵਾਲੀ ਹੈ ਅੰਕਿਤਾ ਲੋਖੰਡੇ! (ਵੀਡੀਓ ਵਾਇਰਲ)
NEXT STORY