ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੂੰ ਅੱਜ ਸ਼ੌਹਰਤ ਦੀ ਕੋਈ ਘਾਟ ਨਹੀਂ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਦਿਲਜੀਤ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪਈ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਉਤਰਾਅ-ਚੜ੍ਹਾਅ ਵੇਖੇ, ਇਨ੍ਹਾਂ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਬੁਲੰਦੀਆਂ ਦੀਆਂ ਸ਼ਿਖਰਾਂ ਨੂੰ ਛੋਹ ਰਿਹਾ ਹੈ। ਲੁਧਿਆਣੇ ਸ਼ਹਿਰ ਨਾਲ ਦਿਲਜੀਤ ਦੀ ਦਿਲੀ ਸਾਂਝ ਹੈ, ਜਿੱਥੇ ਹੀ ਉਹ ਪੜ੍ਹਿਆ-ਲਿਖਿਆ ਤੇ ਵੱਡਾ ਹੋ ਕੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ। ਦਿਲਜੀਤ ਦੀਆਂ ਇਸ ਸ਼ਹਿਰ ਨਾਲ ਕਈ ਯਾਦਾਂ ਜੁੜੀਆਂ ਹੋਈਆਂ ਹਨ। ਦਿਲਜੀਤ ਦੇ ਕਈ ਅਜਿਹੇ ਦੋਸਤ ਬਣੇ, ਜੋ ਉਸ ਦੇ ਦਿਲ 'ਚ ਵਸ ਗਏ। ਕਰੋੜਾਂ-ਅਰਬਾਂ ਦਾ ਮਾਲਕ ਦਿਲਜੀਤ ਇਕ ਸਮਾਂ ਇਸੇ ਸ਼ਹਿਰ 'ਚ ਕੁਝ ਰੁਪਿਆਂ ਲਈ ਵੀ ਮੁਹਤਾਜ ਰਿਹਾ। ਹਾਲਾਂਕਿ, ਉਨ੍ਹਾਂ ਦਿਨਾਂ 'ਚ ਜਿਹੜੇ ਦੋਸਤਾਂ ਨੇ ਮਦਦ ਕੀਤੀ, ਉਹ ਉਨ੍ਹਾਂ ਨੂੰ ਕਦੇ ਨਹੀਂ ਭੁੱਲੇ। ਇਨ੍ਹਾਂ 'ਚੋਂ ਇਕ ਅਜਿਹਾ ਦੋਸਤ ਹੈ, ਜੋ ਅੱਜ ਵੀ ਦਿਲਜੀਤ ਦੀਆਂ ਵਾਇਰਲ ਹੋਣ ਵਾਲੀਆਂ ਰੀਲਜ਼ 'ਚ ਉਨ੍ਹਾਂ ਦੇ ਨਾਲ ਚੱਲਦਾ ਨਜ਼ਰ ਆਉਂਦਾ ਹੈ। ਇਹ ਹੈ ਦੁੱਗਰੀ ਦਾ ਰਹਿਣ ਵਾਲਾ ਬਚਪਨ ਦਾ ਦੋਸਤ ਤਜਿੰਦਰ ਸਿੰਘ ਕੋਹਲੀ।
ਦਿਲਜੀਤ ਦਾ ਛਾਇਆ ਬਣਕੇ ਰਹਿੰਦਾ ਇਹ ਦੋਸਤ
ਤਜਿੰਦਰ ਸਿੰਘ ਕੋਹਲੀ ਨੇ ਦਿਲਜੀਤ ਦੇ ਔਖੇ ਦਿਨਾਂ 'ਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਹੁਣ ਭਾਰਤ ਅਤੇ ਵਿਦੇਸ਼ 'ਚ ਪਰਛਾਵੇਂ ਵਾਂਗ ਉਨ੍ਹਾਂ ਨਾਲ ਰਹਿੰਦਾ ਹੈ। ਹਾਲ ਹੀ 'ਚ ਜਦੋਂ ਦਿਲਜੀਤ ਕਸ਼ਮੀਰ ਦੀਆਂ ਵਾਦੀਆਂ 'ਚ ਕੁਝ ਦਿਨ ਛੁੱਟੀਆਂ ਬਿਤਾਉਣ ਗਏ ਸਨ ਤਾਂ ਕੋਹਲੀ ਵੀ ਉਨ੍ਹਾਂ ਨਾਲ ਸੀ। ਸ਼ਹਿਰ ਦੇ ਮਾਹਿਰ ਦੱਸਦੇ ਹਨ ਕਿ ਇਕ ਸਮਾਂ ਸੀ ਜਦੋਂ ਦਿਲਜੀਤ ਛੋਟੇ-ਮੋਟੇ ਪ੍ਰੋਗਰਾਮ ਹੀ ਕਰਦਾ ਸੀ। ਕਈ ਵਾਰ ਉਨ੍ਹਾਂ ਕੋਲ ਪ੍ਰੋਗਰਾਮ ਵਾਲੀ ਥਾਂ ਤਕ ਪਹੁੰਚਣ ਲਈ ਪੈਸੇ ਨਹੀਂ ਹੁੰਦੇ ਸਨ। ਜਦੋਂ ਦਿਲਜੀਤ ਨੇ ਚੰਡੀਗੜ੍ਹ 'ਚ ਇਕ ਪ੍ਰੋਗਰਾਮ 'ਚ ਜਾਣਾ ਸੀ ਤਾਂ ਉਨ੍ਹਾਂ ਕੋਲ ਉੱਥੇ ਪਹੁੰਚਣ ਲਈ ਪੈਸੇ ਨਹੀਂ ਸਨ। ਕੋਹਲੀ ਨੇ ਉਨ੍ਹਾਂ ਨੂੰ ਬੱਸ 'ਚ ਆਉਣ-ਜਾਣ ਲਈ 150 ਰੁਪਏ ਦਿੱਤੇ ਸਨ। ਦਿਲਜੀਤ ਜਦੋਂ ਬੁਲੰਦੀਆਂ 'ਤੇ ਪਹੁੰਚਿਆ ਤਾਂ ਉਹ ਕੋਹਲੀ ਦੀ ਦੋਸਤੀ ਨੂੰ ਨਾ ਭੁੱਲਿਆ। ਉਨ੍ਹਾਂ ਨੇ ਕੋਹਲੀ ਨੂੰ ਹਮੇਸ਼ਾ ਆਪਣੇ ਨਾਲ ਰੱਖਿਆ। ਹੁਣ ਦਿਲਜੀਤ ਕਿਤੇ ਵੀ ਕੰਸਰਟ ਲਈ ਜਾਂਦਾ ਹੈ। ਦੇਸ਼ ਹੋਵੇ ਜਾਂ ਵਿਦੇਸ਼, ਕੋਹਲੀ ਹਮੇਸ਼ਾ ਨਾਲ ਰਹਿੰਦਾ ਹੈ। ਇੰਨਾ ਹੀ ਨਹੀਂ ਦਿਲਜੀਤ ਜਦੋਂ ਵੀ ਲੁਧਿਆਣਾ ਆਉਂਦਾ ਹੈ ਤਾਂ ਕੋਹਲੀ ਦੇ ਘਰ ਜ਼ਰੂਰ ਪਹੁੰਚਦਾ ਹੈ। ਉਹ ਵੀ ਰਾਤ ਦੇ ਹਨ੍ਹੇਰੇ 'ਚ ਤਾਂ ਕਿ ਦਿਲਜੀਤ ਦੇ ਸ਼ਹਿਰ 'ਚ ਹੋਣ ਦੀ ਖ਼ਬਰ ਕਿਸੇ ਨੂੰ ਨਾ ਮਿਲੇ।
ਲੁਧਿਆਣਾ ਸ਼ਹਿਰ ਨਾਲ ਕਿਉਂ ਹੈ ਦਿਲਜੀਤ ਨੂੰ ਪਿਆਰ?
ਜਲੰਧਰ ਦੇ ਦੋਸਾਂਝਕਲਾਂ 'ਚ ਜੰਮਿਆ ਦਿਲਜੀਤ ਦੋਸਾਂਝ 11 ਸਾਲ ਦੀ ਉਮਰ 'ਚ ਲੁਧਿਆਣੇ ਆਪਣੇ ਮਾਮੇ ਦੇ ਘਰ ਪੜ੍ਹਨ ਲਈ ਆ ਗਿਆ ਸੀ। ਉਨ੍ਹਾਂ ਨੇ ਸਕੂਲ 'ਚ ਪੜ੍ਹਦਿਆਂ ਹੀ ਧਾਰਮਿਕ ਸ਼ਬਦ ਗਾਉਣੇ ਸ਼ੁਰੂ ਕਰ ਦਿੱਤੇ ਸਨ। ਦਿਲਜੀਤ ਦੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਲੁਧਿਆਣਾ 'ਚ ਹੀ ਲਾਂਚ ਹੋਈ ਸੀ। ਦਿਲਜੀਤ ਦੇ ਲੁਧਿਆਣੇ ਨਾਲ ਪਿਆਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਲ ਹੀ 'ਚ ਉਹ ਇਕ ਫ਼ਿਲਮ ਦੀ ਪ੍ਰਮੋਸ਼ਨ ਲਈ ਆਇਆ ਸੀ ਤੇ ਘੰਟਾਘਰ ਤੇ ਚੌੜਾ ਬਾਜ਼ਾਰ 'ਚ ਘੁੰਮਦਾ ਨਜ਼ਰ ਆਇਆ। ਦਿਲਜੀਤ ਸੜਕ ਕਿਨਾਰੇ ਛੋਲੇ-ਕੁਲਚੇ ਖਾਂਦਾ ਇੰਨਾ ਉਤਸ਼ਾਹਤ ਦਿਸਿਆ ਕਿ ਉਨ੍ਹਾਂ ਨੇ ਕਿਹਾ, 'ਇਹ ਮੇਰਾ ਰੀਅਲ ਲੁਧਿਆਣਾ ਹੈ...ਮੇਰਾ ਸ਼ਹਿਰ ਲੁਧਿਆਣਾ।'
ਫ਼ਿਲਮਾਂ 'ਚ ਐਂਟਰੀ
ਦੱਸ ਦੇਈਏ ਕਿ ਇਹ ਸਿਰਫ਼ ਸੰਗੀਤ ਹੀ ਨਹੀਂ ਸੀ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ, ਦਿਲਜੀਤ ਨੇ ਅਦਾਕਾਰੀ 'ਚ ਵੀ ਖਾਸ ਪਛਾਣ ਬਣਾਈ ਹੈ। ਫ਼ਿਲਮਾਂ 'ਚ ਉਸ ਨੂੰ ਪਹਿਲਾਂ ਵੱਡਾ ਬ੍ਰੇਕ 2011 'ਚ ਰਿਲੀਜ਼ ਹੋਈ ਫ਼ਿਲਮ 'ਦਿ ਲਾਇਨ ਆਫ ਪੰਜਾਬ' ਨਾਲ ਮਿਲਿਆ। ਹਾਲਾਂਕਿ ਇਹ ਬਾਕਸ ਆਫਿਸ 'ਤੇ ਬਹੁਤ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਸਭ ਨੇ ਦਿਲਜੀਤ ਦੀ ਅਦਾਕਾਰੀ ਦੀ ਕਾਫੀ ਤਾਰੀਫ਼ ਕੀਤੀ।
ਬਾਅਦ 'ਚ ਉਸ ਨੇ 'ਜੱਟ ਐਂਡ ਜੂਲੀਅਟ', 'ਪੰਜਾਬ 1984' ਅਤੇ 'ਸਰਦਾਰਜੀ' ਵਰਗੀਆਂ ਹਿੱਟ ਫ਼ਿਲਮਾਂ 'ਚ ਰੋਲ ਨਿਭਾਏ, ਜਿਸ ਨੇ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਪੱਕੀ ਕੀਤੀ। 'ਪੰਜਾਬ 1984' ਵਰਗੀਆਂ ਫ਼ਿਲਮਾਂ 'ਚ ਡੂੰਘੇ, ਭਾਵਨਾਤਮਕ ਪਾਤਰਾਂ ਦੇ ਉਸ ਦੇ ਚਿੱਤਰਣ ਨੇ ਉਸ ਨੂੰ ਆਲੋਚਨਾਤਮਕ ਪ੍ਰਸ਼ੰਸਾ ਅਤੇ ਪੁਰਸਕਾਰ ਵੀ ਦਿਵਾਏ ਅਤੇ ਆਖਿਰਕਾਰ ਗਾਇਕ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਇੱਕ ਗਾਇਕ ਹੀ ਨਹੀਂ, ਸਗੋਂ ਇੱਕ ਬਹੁਮੁਖੀ ਅਦਾਕਾਰ ਵੀ ਹਨ।
ਵਿਦੇਸ਼ਾਂ 'ਚ ਨਾਂ ਕੀਤਾ ਰੋਸ਼ਨ
ਦਿਲਜੀਤ ਦੀ ਸਫਲਤਾ ਲਗਾਤਾਰ ਵੱਧਦੀ ਗਈ ਅਤੇ ਉਸ ਦੇ ਪ੍ਰਸ਼ੰਸਕਾਂ ਦਾ ਆਧਾਰ ਭਾਰਤ ਤੋਂ ਬਾਹਰ ਫੈਲ ਗਿਆ। ਉਹ ਪੰਜਾਬੀ ਸੰਗੀਤ ਦੇ ਨਾਲ ਆਧੁਨਿਕ ਪੌਪ ਬੀਟਾਂ ਦੇ ਵਿਲੱਖਣ ਮਿਸ਼ਰਣ ਲਈ ਜਾਣਿਆ ਜਾਂਦਾ ਹੈ। ਉਸ ਦੇ ਟਰੈਕ ਜਿਵੇਂ 'ਪ੍ਰੋਪਰ ਪਟੋਲਾ', 'ਡੂ ਯੂ ਨੋ' ਅਤੇ 'ਲੈਂਬਰਗਿੰਨੀ' ਨਾ ਸਿਰਫ਼ ਭਾਰਤ 'ਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਚਾਰਟਬਸਟਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪ੍ਰੇਰਨਾ ਤੋਂ ਘੱਟ ਨਹੀਂ ਹੈ ਦਿਲਜੀਤ ਦੋਸਾਂਝ ਦਾ ਸਫ਼ਰ, ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਇੰਝ ਬਣਿਆ ਗਲੋਬਲ ਸਟਾਰ
NEXT STORY