ਅਜੋਕੇ ਦੌਰ 'ਚ ਹਰ ਇਨਸਾਨ ਐਨਾ ਕੁ ਰੁੱਝਿਆ ਹੋਇਆ ਹੈ ਕਿ ਉਸ ਕੋਲ ਹੋਰ ਕਿਸੇ ਲਈ ਤਾਂ ਕੀ ਆਪਣੇ ਵਾਸਤੇ ਵੀ ਸਮਾਂ ਨਹੀਂ ਹੈ। ਅਜਿਹੀ ਤਣਾਅਪੂਰਨ ਜ਼ਿੰਦਗੀ 'ਚ ਹੱਸਣਾ-ਖੇਡਣਾ ਅਤੇ ਮਨੋਰੰਜਨ ਕਰਨਾ ਤਾਂ ਦੂਰ ਦੀ ਗੱਲ ਜਾਪਦਾ ਹੈ। ਮੈਂ ਕਈ ਵਾਰ ਸੋਚਦਾ ਹਾਂ ਕਿ ਕਿੰਨੇ ਖੁਸ਼ਕਿਸਮਤ ਨੇ ਉਹ ਲੋਕ, ਜੋ ਜਿਥੇ ਖੁਦ ਖੁਸ਼ ਰਹਿੰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਹਿੱਸੇ ਇਹ ਗੱਲ ਆਉਂਦੀ ਹੈ ਕਿ ਉਹ ਦੂਜਿਆਂ ਨੂੰ ਵੀ ਹਸਾ ਸਕਣ। ਅਜਿਹੇ ਕਲਾਕਾਰਾਂ 'ਚ ਨਾਂ ਆਉਂਦਾ ਹੈ ਫਰੀਦਕੋਟ ਦੇ ਕਾਮੇਡੀ ਕਲਾਕਾਰ ਲਛਮਣ ਭਾਣਾ ਦਾ, ਜੋ ਪਿਛਲੇ ਕਰੀਬ 25 ਵਰ੍ਹਿਆਂ ਤੋਂ ਲਗਾਤਾਰ ਹਾਸੇ ਵੰਡ ਰਹੇ ਹਨ।
ਇਸ ਕਲਾਕਾਰ ਨੇ ਕਈ ਸਾਲ ਪਹਿਲਾਂ ਲੋਕਾਂ ਨੂੰ ਹਸਾਉਣ ਤੇ ਸਮਾਜਿਕ ਕੁਰੀਤੀਆਂ 'ਤੇ ਚੋਟ ਕਰਨ ਲਈ ਭੰਡ ਬਣ ਕੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਨ ਲਈ ਰੰਗਮੰਚ ਨਾਲ ਸਾਂਝ ਪਾਈ। ਲੰਬਾ ਸਮਾਂ ਫਰੀਦਕੋਟ 'ਚ ਹੋਣ ਵਾਲੇ ਨਾਟਕਾਂ 'ਚ ਉਨ੍ਹਾਂ ਦੀ ਸੁਭਾਵਿਕ ਅਦਾਕਾਰੀ ਦੀ ਖੂਬ ਚਰਚਾ ਹੋਈ ਤੇ ਫਿਰ ਉਨ੍ਹਾਂ ਨੇ ਅਮਰਜੀਤ ਸਿੰਘ ਸੇਖੋਂ ਨਾਲ ਭੰਡ ਦੇ ਰੂਪ 'ਚ ਲੋਕਾਂ ਨੂੰ ਖੁਸ਼ੀ ਵੰਡਣ ਦੀ ਸਫਲ ਸ਼ੁਰੂਆਤ ਕੀਤੀ।
ਰੰਗਮੰਚ ਦਾ ਤਜਰਬਾ ਰੱਖਣ ਵਾਲੇ ਇਸ ਕਲਾਕਾਰ ਦੀ ਮਿਹਨਤ ਸਦਕਾ ਉਨ੍ਹਾਂ ਨੇ ਹਰ ਵਾਰ ਨਵੇਂ ਤੇ ਤਾਜ਼ੇ ਟੋਟਕਿਆਂ ਨਾਲ ਜਿਥੇ ਲੋਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕੀਤਾ, ਉਥੇ ਹਰ ਵਾਰ ਕੁਝ ਨਾ ਕੁਝ ਨਵਾਂ ਸੋਚਣ ਵਾਸਤੇ ਵੀ ਮਜਬੂਰ ਕਰਦੇ ਰਹੇ।
ਇਸ ਕਲਾਕਾਰ ਦੀ ਕਲਾ ਨੂੰ ਵੇਖਦਿਆਂ ਜਲੰਧਰ ਦੂਰਦਰਸ਼ਨ ਕੇਂਦਰ ਦੇ ਪ੍ਰੋਗਰਾਮ 'ਲਿਸ਼ਕਾਰਾ', 'ਕਾਲਾ ਡੋਰੀਆ', 'ਮੇਰਾ ਪਿੰਡ ਮੇਰੇ ਖੇਤ', 'ਵਿਰਾਸਤ' ਅਤੇ ਜ਼ੀ ਟੀ. ਵੀ. 'ਤੇ ਕੰਮ ਕਰਨ ਦੇ ਮੌਕੇ ਮਿਲੇ। ਫਿਰ ਬਹੁਤ ਸਾਰੇ ਗਾਇਕਾਂ ਦੀਆਂ ਸਟੇਜਾਂ ਅਤੇ ਵੀਡੀਓਜ਼ 'ਚ ਇਸ ਕਲਾਕਾਰ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਜੇਕਰ ਟੈਲੀਫਿਲਮਾਂ ਦੀ ਗੱਲ ਕਰੀਏ ਤਾਂ 'ਭਜਨਾ ਅਮਲੀ ਬਣ ਗਿਆ ਨੇਤਾ', 'ਭਜਨਾ ਬਦਲ ਗਿਆ', 'ਪੰਗੇ ਭਜਨੇ ਦੇ', 'ਇਹ ਕੀ ਪੁੱਠਾ ਪੰਗਾ ਲੈ ਲਿਆ', 'ਫੈਮਿਲੀ ਭਜਨੇ ਦੀ', 'ਦਲਦਲ', 'ਹਾਏ-ਹਾਏ ਚਾਚੀ ਤਾੜਕਾ', 'ਭੂਆ ਦੀਆਂ ਕੁਤਕਤਾੜੀਆਂ', 'ਭੂਆ ਦਾ ਟਿੱਡਾ', 'ਸੱਪ ਕੱਢਾਂਗੇ ਸੱਪ', 'ਜਾਗਰ ਦੇ ਕਾਰੇ', 'ਜਾਗਰ ਦਾ ਪੁੱਤ ਬਣਦਾ ਹੀਰੋ', 'ਪਛਤਾਵਾ', 'ਅਮਾਨਤ', 'ਨਸ਼ਾ ਮਿੱਠਾ ਜ਼ਹਿਰ', 'ਮਾਂ ਦਾ ਧਰਮਿੰਦਰ', 'ਘਾਲਾਮਾਲਾ-2-3 ਅਤੇ 4 ਪ੍ਰਮੁੱਖ ਹਨ। ਪੰਜਾਬੀ ਫਿਲਮਾਂ 'ਚੋਂ 'ਜੱਟ ਜਿਊਣਾ ਮੌੜ', 'ਜ਼ੈਲਦਾਰ', 'ਹੀਰ ਰਾਂਝਾ', 'ਨਦੀਓਂ ਵਿਛੜੇ ਨੀਰ', 'ਜੱਟ ਬੁਆਏ' ਅਤੇ 'ਅੰਗਰੇਜ' ਜ਼ਿਕਰਯੋਗ ਹਨ।
ਆਉਂਦੇ ਦਿਨਾਂ 'ਚ ਇਹ ਕਲਾਕਾਰ ਕੁਝ ਪੰਜਾਬੀ ਅਤੇ ਹਿੰਦੀ ਫਿਲਮਾਂ 'ਚ ਵੀ ਦਰਸ਼ਕਾਂ ਦਾ ਪਿਆਰ ਪ੍ਰਾਪਤ ਕਰਨ ਵਾਸਤੇ ਵੱਡੇ ਪਰਦੇ 'ਤੇ ਨਜ਼ਰ ਆਵੇਗਾ। ਜੇਕਰ ਪ੍ਰਮੁੱਖ ਤੌਰ 'ਤੇ ਗੱਲ ਕਰੀਏ ਤਾਂ ਰਣਜੀਤ ਬਾਵਾ, ਰੌਸ਼ਨ ਪ੍ਰਿੰਸ, ਹਰਿੰਦਰ ਸੰਧੂ, ਦਰਸ਼ਨਜੀਤ ਦੇ ਗੀਤਾਂ ਅਤੇ ਪੰਜਾਬੀ ਫਿਲਮ 'ਵਾਪਸੀ' ਵਿਚ ਹਰੀਸ਼ ਵਰਮਾ ਨਾਲ ਵੱਡੇ ਪਰਦੇ 'ਤੇ ਦਰਸ਼ਕਾਂ ਦਾ ਪਿਆਰ ਬਟੋਰੇਗਾ।
ਲਛਮਣ ਭਾਣਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਆਮ ਜ਼ਿੰਦਗੀ 'ਚ ਵੀ ਹਮੇਸ਼ਾ ਖੁਸ਼ ਰਹਿੰਦਾ ਹੈ ਤੇ ਕੋਸ਼ਿਸ਼ ਕਰਦਾ ਹੈ ਕਿ ਲੋਕਾਂ ਨੂੰ ਖੁਸ਼ ਰੱਖਿਆ ਜਾਵੇ। ਇਹ ਕਲਾਕਾਰ ਨੈਸ਼ਨਲ ਯੂਥ ਵੈੱਲਫੇਅਰ ਕਲੱਬ ਫਰੀਦਕੋਟ ਨਾਲ ਜੁੜ ਕੇ ਮਾਨਵਤਾ ਦੀ ਭਲਾਈ ਵਾਸਤੇ ਕੀਤੇ ਜਾਂਦੇ ਕਾਰਜਾਂ 'ਚ ਮੋਹਰੀ ਹੋ ਕੇ ਕੰਮ ਕਰਦਾ ਹੈ।
—ਜਸਬੀਰ ਜੱਸੀ ਫਰੀਦਕੋਟ
'ਘਾਯਲ' ਚੱਲ ਗਈ ਤਾਂ ਅੱਗੇ ਬਾਰੇ ਸੋਚਾਂਗਾ- ਸੰਨੀ ਦਿਓਲ
NEXT STORY