ਬਾਲਾਕੋਟ ਏਅਰ ਸਟ੍ਰਾਈਕ ਨੂੰ ਪੂਰੇ 5 ਸਾਲ ਹੋ ਚੁੱਕੇ ਹਨ ਪਰ ਇਹ ਦਿਨ ਅੱਜ ਵੀ ਹਰ ਭਾਰਤੀ ਨੂੰ ਯਾਦ ਹੈ ਅਤੇ ਭੁੱਲਣ ਵੀ ਭਲਾ ਕਿਵੇਂ। ਇਸ ਦਿਨ ਭਾਰਤ ਨੇ ਪਾਕਿਸਤਾਨ ’ਚ ਵੜ ਕੇ ਪੁਲਵਾਮਾ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਸੀ। ਇਸ ਮਿਸ਼ਨ ਨੂੰ ਵੈਸੇ ਤਾਂ ਦਰਸ਼ਕ ਕਈ ਫਿਲਮਾਂ ’ਚ ਦੇਖ ਚੁੱਕੇ ਹਨ ਪਰ ਮਿਸ਼ਨ ਦੇ ਪਿਛੇ ਰਣਨੀਤੀ ਕੀ ਸੀ ਅਤੇ ਉਸ ’ਤੇ ਕਿਵੇਂ ਅਮਲ ਕੀਤਾ ਗਿਆ, ਇਸ ਨੂੰ ਹਾਲ ਹੀ ’ਚ ਰਿਲੀਜ਼ ਹੋਈ ‘ਰਣਨੀਤੀ :ਬਾਲਾਕੋਟ ਐਂਡ ਬੀਓਂਡ’ ’ਚ ਡੂੰਘਾਈ ਨਾਲ ਦਿਖਾਇਆ ਗਿਆ ਹੈ। ਸੰਤੋਸ਼ ਸਿੰਘ ਵੱਲੋਂ ਨਿਰਦੇਸ਼ਤ ਇਸ ਸੀਰੀਜ਼ ’ਚ ਲਾਰਾ ਦੱਤਾ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਆਸ਼ੀਸ਼ ਵਿਦਿਆਰਥੀ, ਆਸ਼ੂਤੋਸ਼ ਰਾਣਾ, ਪ੍ਰਸੰਨਾ ਵਰਗੇ ਅਦਾਕਾਰ ਲੀਡ ਰੋਲ ’ਚ ਹਨ। ਸੀਰੀਜ਼ ਬਾਰੇ ਜਿੰਮੀ ਸ਼ੇਰਗਿੱਲ ਤੇ ਨਿਰਦੇਸ਼ਕ ਸੰਤੋਸ਼ ਸਿੰਘ ਨੇ ਪੰਜਾਬ ਕੇਸਰੀ/ਜਗਬਾਣੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਜਿੰਮੀ ਸ਼ੇਰਗਿੱਲ
ਕਿਸੇ ਪਟਕਥਾ ਦੀ ਚੋਣ ਕਰਦੇ ਸਮੇਂ ਤੁਹਾਡੇ ਦਿਮਾਗ਼ ’ਚ ਕੀ ਰਣਨੀਤੀ ਹੁੰਦੀ ਹੈ?
ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਅਤੇ ਜੇ ਮੈਨੂੰ ਕੋਈ ਕਹਿੰਦਾ ਵੀ ਹੈ ਕਿ ਤੁਹਾਨੂੰ ਨਰੇਸ਼ਨ ਦੇਣਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਪਟਕਥਾ ਦੇਵੋ, ਮੈਂ ਪੜ੍ਹ ਲਵਾਂਗਾ। ਮੈਂ ਪਹਿਲਾਂ ਪੜ੍ਹਾਂਗਾ ਅਤੇ ਫਿਰ ਤੁਸੀਂ ਮੈਨੂੰ ਨਰੇਸ਼ਨ ਵੀ ਦੇ ਦੇਣਾ। ਜਦੋਂ ਪੜ੍ਹਦੇ-ਪੜ੍ਹਦੇ ਮੈਨੂੰ ਪਟਕਥਾ ਚੰਗੀ ਲੱਗਦੀ ਹੈ, ਮੈਨੂੰ ਲੱਗਦਾ ਹੈ ਕਿ ਇਸ ਨੂੰ ਕਰਨ ’ਚ ਮਜ਼ਾ ਆਵੇਗਾ ਤਾਂ ਅਗਲੀ ਚੀਜ਼ ਇਹ ਹੁੰਦੀ ਹੈ ਕਿ ਮੇਕਰਜ਼ ਕੌਣ ਹਨ, ਬਣਾ ਕੌਣ ਰਿਹਾ ਹੈ? ਇਹ ਜਿਸ ਤਰ੍ਹਾਂ ਨਾਲ ਸਮਝ ਆ ਰਹੀ ਹੈ, ਉਸ ਤਰ੍ਹਾਂ ਦੀ ਬਣੇਗੀ ਜਾਂ ਨਹੀਂ। ਜਦੋਂ ਇਹ ਸਾਰੀਆਂ ਚੀਜ਼ਾਂ ਤੋਂ ਮੈਂ ਸੰਤੁਸ਼ਟ ਹੁੰਦਾ ਹਾਂ ਤਾਂ ਜੀਅ-ਜਾਨ ਨਾਲ ਉਸ ਕੰਮ ’ਚ ਲੱਗ ਜਾਂਦਾ ਹਾਂ।
ਸੰਤੋਸ਼ ਸਿੰਘ ਨਾਲ ਤੁਸੀਂ ਪਹਿਲੀ ਵਾਰ ਕੰਮ ਕੀਤਾ ਤਾਂ ਉਨ੍ਹਾਂ ਬਾਰੇ ਕਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਆਈਆਂ?
ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਮੇਰੇ ਕਿਰਦਾਰ ਬਾਰੇ ਚੀਜ਼ਾਂ ਇਨ੍ਹਾਂ ਦੇ ਦਿਮਾਗ਼ ’ਚ ਚੱਲਦੀਆਂ ਹਨ, ਜਿਸ ਢੰਗ ਨਾਲ ਇਨ੍ਹਾਂ ਨੇ ਮੇਰੇ ਕਿਰਦਾਰ ਬਾਰੇ ਮੈਨੂੰ ਦੱਸਣਾ ਸ਼ੁਰੂ ਕੀਤਾ, ਉਸ ਸਮੇਂ ਤੋਂ ਹੀ ਮੈਨੂੰ ਮਜ਼ਾ ਆਉਣ ਲੱਗਾ। ਮੈਂ ਉਸ ਨੂੰ ਰਿਲੇਟ ਕਰਨ ਲੱਗਾ। ਮੈਨੂੰ ਲੱਗਾ ਕਿ ਚੀਜ਼ਾਂ ਤਾਂ ਯਾਰ ਕਮਾਲ ਦੀਆਂ ਹਨ। ਇਹ ਸਭ ਕਿੱਥੋਂ ਸੋਚਿਆ, ਕਿੱਥੋਂ ਲੈ ਕੇ ਆਏ। ਨਿਰਦੇਸ਼ਕ ਤੁਹਾਨੂੰ ਤੁਹਾਡੇ ਕਿਰਦਾਰ ਬਾਰੇ ਬਹੁਤ ਡੂੰਘਾਈ ਨਾਲ ਦੱਸਦਾ ਹੈ, ਉਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਹੀ ਹੱਥਾਂ ’ਚ ਹੋ ਖ਼ਾਸ ਕਰਕੇ ਜਦੋਂ ਪਟਕਥਾ ਬਹੁਤ ਚੰਗੀ ਹੈ। ‘ਰਣਨੀਤੀ’ ਅਜਿਹੀ ਕਹਾਣੀ ਹੈ , ਜੋ ਦੂਜੇ ਨਜ਼ਰੀਏ ਤੋਂ ਬੋਲੀ ਜਾ ਰਹੀ ਹੈ। ਇਹ ਬਣਨੀ ਬਹੁਤ ਜ਼ਰੂਰੀ ਹੈ। ਪਟਕਥਾ ਪੜ੍ਹ ਕੇ ਜੋ ਚੀਜ਼ਾਂ ਮੈਂ ਵਿਸਥਾਰ ’ਚ ਜਾਣੀਆਂ ਹਨ, ਮੈਂ ਹੈਰਾਨ ਸੀ। ਮੈਨੂੰ ਲੱਗਿਆ ਕਿ ਇਹ ਅਜਿਹੀ ਕਹਾਣੀ ਹੈ, ਜੋ ਕਹੀ ਜਾਣੀ ਚਾਹੀਦੀ ਹੈ।
ਤੁਸੀਂ ਕਿਸੇ ਵੀ ਕਿਰਦਾਰ ਵਿਚ ਬਿਲਕੁਲ ਢਲ ਜਾਂਦੇ ਹੋ, ਇਹ ਇੰਨੀ ਆਸਾਨੀ ਨਾਲ ਕਿਵੇਂ ਕਰ ਲੈਂਦੇ ਹੋ?
ਅਜਿਹਾ ਇੱਕ ਦਿਨ ਜਾਂ ਇੱਕ ਰਾਤ ’ਚ ਨਹੀਂ ਹੁੰਦਾ। ਕਈ ਵਾਰ ਟੀਮ ਨਾਲ ਮੀਟਿੰਗ ਹੁੰਦੀ ਹੈ ਤਾਂ ਇਸ ਤਰ੍ਹਾਂ ਹੌਲੀ-ਹੌਲੀ ਚੀਜ਼ਾਂ ਤੁਹਾਡੇ ਅੰਦਰ ਜਾਂਦੀਆਂ ਹਨ। ਇਸ ਸ਼ੋਅ ਵਿਚ ਕਈ ਹਫ਼ਤਿਆਂ ਤੱਕ ਇਸ ਲੁੱਕ ਨੂੰ ਲੈ ਕੇ ਸਾਡੇ ਟ੍ਰਾਇਲ ਹੋਏ। ਕਈ ਸਾਰੇ ਲੁੱਕ ਟੈਸਟ ਹੋਏ। ਆਖ਼ਿਰ ’ਚ ਜਾ ਕੇ ਜੋ ਸ਼ੋਅ ’ਚ ਲੁੱਕ ਦਿਸ ਰਹੀ ਹੈ, ਉਹ ਫਾਈਨਲ ਹੋਈ। ਅਜਿਹਾ ਹੀ ਬਾਕੀ ਕਿਰਦਾਰਾਂ ਨਾਲ ਹੁੰਦਾ ਹੈ। ਕਰਦੇ-ਕਰਦੇ ਹੀ ਟੀਮ ਨਾਲ ਗੱਲਬਾਤ ਕਰਦੇ ਹੋ, ਫਿਰ ਉਸ ਕਿਰਦਾਰ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹੋ।
ਤੁਸੀਂ ਸਟਾਰਡਮ ਦਾ ਵੀ ਇਕ ਪੜਾਅ ਦੇਖਿਆ ਹੈ ਪਰ ਸੋਸ਼ਲ ਮੀਡੀਆ ਦੇ ਸਮੇਂ ’ਚ ਸਟਾਰਡਮ ਵਰਗੀਆਂ ਚੀਜ਼ਾਂ ਬਦਲ ਗਈਆਂ ਹਨ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਸਟਾਰਡਮ ਤਾਂ ਇੱਕ ਵੱਖਰੀ ਗੱਲ ਹੈ ਪਰ ਮੈਨੂੰ ਅਜਿਹਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਦੌਰ ’ਚ ਨੌਜਵਾਨਾਂ ’ਤੇ ਦਬਾਅ ਵਧ ਗਿਆ ਹੈ ਕਿਉਂਕਿ ਉਨ੍ਹਾਂ ਨੇ ਇੱਕ ਮਾਈਂਡਸੈੱਟ ਬਣਾ ਲਿਆ ਹੈ ਕਿ ਅਜਿਹਾ ਦਿਸਣਾ ਹੈ ਜਾਂ ਅਜਿਹਾ ਕਰਨਾ ਹੈ। ਸਾਡੇ ਲੋਕਾਂ ਕੋਲ ਤਾਂ ਅਜਿਹਾ ਕੁਝ ਵੀ ਨਹੀਂ ਸੀ। ਹੁਣ ਚੀਜ਼ਾਂ ਕਾਫ਼ੀ ਬਦਲ ਗਈਆਂ ਹਨ। ਕਈ ਚੀਜ਼ਾਂ ’ਚ ਹੁਣ ਸਾਨੂੰ ਨੌਜਵਾਨਾਂ ਤੋਂ ਸਲਾਹ ਵੀ ਲੈਣੀ ਪੈਂਦੀ ਹੈ।
ਸੰਤੋਸ਼ ਸਿੰਘ
ਇਸ ਵਿਸ਼ੇ ਨੂੰ ਲੈ ਕੇ ਪਹਿਲਾਂ ਵੀ ਫਿਲਮਾਂ ਬਣੀਆਂ ਹਨ ਤਾਂ ਇਸ ’ਚ ਕੀ ਕੁਝ ਨਵਾਂ ਤੇ ਖ਼ਾਸ ਹੋਵੇਗਾ?
ਬਾਲਾਕੋਟ ਏਅਰ ਸਟ੍ਰਾਈਕ ਦੀ ਕਹਾਣੀ ਤਾਂ ਹਰ ਕਿਸੇ ਨੂੰ ਪਤਾ ਹੀ ਹੈ। ਅਸੀਂ ਸਾਰਿਆਂ ਨੇ ਇਸ ਬਾਰੇ ਪੜ੍ਹਿਆ ਵੀ ਹੈ ਤੇ ਖ਼ਬਰਾਂ ਵੀ ਦੇਖੀਆਂ ਹਨ ਪਰ ਉਸ ਦੇ ਪਿੱਛੇ ਕੀ ਯੋਜਨਾ ਸੀ, ਕੀ ਹੋਇਆ ਸੀ, ਕਿਸ ਤਰ੍ਹਾਂ ਉਸ ਨੂੰ ਕੀਤਾ ਗਿਆ, ਉਹ ਕਿਸੇ ਨੂੰ ਨਹੀਂ ਪਤਾ। ਇਸ ਬਾਰੇ ’ਚ ਸਾਨੂੰ ਪਤਾ ਹੈ ਪਰ ਇਸ ਦੇ ਪਿੱਛੇ ਦੀ ਕਹਾਣੀ ਸਾਨੂੰ ਨਹੀਂ ਪਤਾ। ਕਿਹੜੇ ਲੋਕ ਉਸ ਨਾਲ ਜੁੜੇ ਹੋਏ ਸਨ, ਇਹ ਕਦੇ ਕਿਸੇ ਨੂੰ ਪਤਾ ਨਹੀਂ ਲੱਗਦਾ। ਇਹੀ ਚੀਜ਼ਾਂ ਹਨ, ਜੋ ਇਸ ਕਹਾਣੀ ਨੂੰ ਅਲੱਗ ਕਰਦੀਆਂ ਹਨ। ਇਹੀ ਸਭ ਤੋਂ ਮਜ਼ੇਦਾਰ ਚੀਜ਼ ਹੈ। ਇਸ ਤਰ੍ਹਾਂ ਪਹਿਲਾਂ ਕਿਸੇ ਨੇ ਨਹੀਂ ਦੱਸਿਆ। ਇਕ ਨਿਰਦੇਸ਼ਕ ਦੇ ਨਾਤੇ ਇਕ ਜ਼ਿੰਮੇਵਾਰੀ ਹੁੰਦੀ ਹੈ ਕਿ ਇਹ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣ ਤਾਂ ਕਿ ਉਨ੍ਹਾਂ ’ਚ ਜਾਗਰੂਕਤਾ ਪੈਦਾ ਹੋਵੇ।
ਕੀ ਫਿਲਮ ਦੀ ਕਾਸਟਿੰਗ ਤੁਸੀਂ ਖ਼ੁਦ ਕੀਤੀ ਸੀ?
ਜਿੰਮੀ ਸਰ ਬਾਰੇ ਤਾਂ ਪਤਾ ਹੀ ਸੀ। ਵੱਡੇ ਅਤੇ ਹੁਨਰਮੰਦ ਅਦਾਕਾਰ ਹਨ। ਇਹ ਸੀ ਕਿ ਜਿੰਮੀ ਸਰ ਨਾਲ ਮਿਲ ਕੇ ਉਨ੍ਹਾਂ ਨੂੰ ਕਹਾਣੀ ਦੱਸਣੀ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਰਾਜ਼ੀ ਵੀ ਕਰਨਾ ਸੀ ਕਿ ਕਿਤੇ ਮਨਾ ਨਾ ਕਰ ਦੇਣ। ਮੇਰੇ ਦਿਮਾਗ਼ ’ਚ ਸੀ ਕਿ ਸਰ ਨੂੰ ਰਾਜ਼ੀ ਕਰਨਾ ਮੁਸ਼ਕਲ ਹੋਵੇਗਾ ਪਰ ਅਜਿਹਾ ਕੁਝ ਨਹੀਂ ਸੀ। ਅਸੀਂ 10-15 ਮਿੰਟ ਲਈ ਮਿਲੇ। ਉਨ੍ਹਾਂ ਨੂੰ ਕਹਾਣੀ ਚੰਗੀ ਲੱਗੀ ਤੇ ਉਨ੍ਹਾਂ ਨੇ ਕਿਹਾ ਕਿ ਪਟਕਥਾ ਭੇਜ ਦੇਵੋ, ਮੈਂ ਪੜ੍ਹ ਕੇ ਦੱਸ ਦੇਵਾਂਗਾ। ਅਗਲੇ ਦਿਨ ਸਰ ਦਾ ਫੋਨ ਆਇਆ ਤਾਂ ਮੈਂ ਥੋੜ੍ਹਾ ਡਰਿਆ ਹੋਇਆ ਸੀ ਪਰ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਚੰਗੀ ਪਟਕਥਾ ਹੈ, ਮਜ਼ਾ ਆ ਗਿਆ ਪੜ੍ਹਨ ਤੋਂ ਬਾਅਦ ਤੇ ਇਸ ਨੂੰ ਕਰਨਾ ਪਵੇਗਾ।
ਸੋਸ਼ਲ ਮੀਡੀਆ ਦੇ ਸਮੇਂ ’ਚ ਕੀ ਤੁਸੀਂ ਨੌਜਵਾਨਾਂ ਜਾਂ ਆਪਣੀ ਧੀ ਤੋਂ ਕੋਈ ਸਲਾਹ ਲੈਂਦੇ ਹੋ।
ਅੱਜਕੱਲ ਦੇ ਜੋ ਨੌਜਵਾਨ ਤੇ ਬੱਚੇ ਹਨ, ਉਹ ਬਹੁਤ ਸਮਝਦਾਰ ਹਨ ਤਾਂ ਉਨ੍ਹਾਂ ਤੋਂ ਸਲਾਹ ਲੈਣ ਦੀ ਜ਼ਰੂਰਤ ਨਹੀਂ ਪੈਂਦੀ, ਉਹ ਖ਼ੁਦ ਹੀ ਤੁਹਾਨੂੰ ਸਲਾਹ ਦਿੰਦੇ ਹਨ। ਮੇਰੀ ਧੀ 7 ਸਾਲ ਦੀ ਹੈ। ਉਸ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਇੰਟਰਵਿਊ ਲਈ ਜਾ ਰਿਹਾ ਹਾਂ ਤਾਂ ਉਸ ਨੇ ਮੈਨੂੰ ਕਿਹਾ ਕਿ ਪੂਰੇ ਆਤਮਵਿਸ਼ਵਾਸ ਨਾਲ ਜਵਾਬ ਦੇਣਾ ਤੇ ਹਿਚਕਿਚਾਉਣਾ ਨਹੀਂ। ਇਕ ਵਾਰ ਉਹ ਸ਼ੂਟਿੰਗ ’ਤੇ ਵੀ ਆਈ ਤਾਂ ਇਕ ਸੀਨ ’ਚ ਟੋਕ ਕੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਸਭ ਨੂੰ ਕਨਫਿਊਜ਼ ਕਰ ਰਹੇ ਹੋ।
'ਕੌਨ ਬਨੇਗਾ ਕਰੋੜਪਤੀ' ਦਾ ਤੀਜਾ ਸਵਾਲ ਹੈ 'ਖੇਡ ਜਗਤ' ਨਾਲ ਜੁੜਿਆ, ਕੀ ਤੁਸੀਂ ਜਾਣਦੇ ਹੋ ਸਹੀ ਜਵਾਬ
NEXT STORY