ਮੁੰਬਈ (ਬਿਊਰੋ)– ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਪਤੀ ਹਿਰਦੇਸ਼ ਸਿੰਘ (ਹਨੀ ਸਿੰਘ), ਉਸ ਦੇ ਮਾਪਿਆਂ ਤੇ ਛੋਟੀ ਭੈਣ ਦੇ ਖ਼ਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ। ਸ਼ਾਲਿਨੀ ਨੇ ਉਨ੍ਹਾਂ ’ਤੇ ਘਰੇਲੂ ਹਿੰਸਾ, ਮਾਨਸਿਕ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਆਪਣੀ ਪਟੀਸ਼ਨ ’ਚ ਕਿਹਾ ਕਿ ਵਿਆਹ ਤੋਂ ਬਾਅਦ ਤੋਂ ਉਹ ਲਗਾਤਾਰ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀ ਹੈ। ਲੱਖਾਂ ਦਿਲਾਂ ’ਤੇ ਰਾਜ ਕਰਨ ਵਾਲੇ ਹਨੀ ਸਿੰਘ ਕਰੋੜਾਂ ਦੀ ਸੰਪਤੀ ਦੇ ਮਾਲਕ ਹਨ। ਉਸ ਦੀ ਪਤਨੀ ਨੇ ਹਰਜਾਨੇ ਵਜੋਂ ਮੋਟੀ ਰਕਮ ਮੰਗੀ ਹੈ।

ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਪਤਨੀ ਸ਼ਾਲਿਨੀ ਤਲਵਾਰ ਵਿਆਹ ਦੇ 10 ਸਾਲਾਂ ਬਾਅਦ ਆਪਣੀ ਚੁੱਪੀ ਤੋੜ ਦੇਵੇਗੀ ਤੇ ਉਹ ਭੇਦ ਦੁਨੀਆ ਦੇ ਸਾਹਮਣੇ ਆ ਜਾਣਗੇ, ਜੋ ਹੁਣ ਤੱਕ ਸਿਰਫ ਭੇਦ ਹੀ ਸਨ।
ਇਹ ਖ਼ਬਰ ਵੀ ਪੜ੍ਹੋ : ਕੀ ਸ਼ਾਹਰੁਖ ਖ਼ਾਨ ਨੇ ਹਨੀ ਸਿੰਘ ਨੂੰ ਮਾਰਿਆ ਸੀ ਥੱਪੜ? ਪਤਨੀ ਸ਼ਾਲਿਨੀ ਨੇ ਦੱਸੀ ਪੂਰੀ ਹਕੀਕਤ
ਹਨੀ ਸਿੰਘ ਦਾ ਨਾਮ ਅਮੀਰ ਰੈਪਰਾਂ ’ਚ ਸਿਖਰ ’ਤੇ ਗਿਣਿਆ ਜਾਂਦਾ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਲਗਭਗ 173 ਕਰੋੜ ਰੁਪਏ ਦੀ ਸੰਪਤੀ ਦਾ ਮਾਲਕ ਹੈ।
ਹਨੀ ਸਿੰਘ ਹਰ ਸਾਲ ਲਗਭਗ 42 ਕਰੋੜ ਰੁਪਏ ਦੀ ਕਮਾਈ ਕਰਦਾ ਹੈ। ਪਟੀਸ਼ਨ ’ਚ ਉਸ ਦੀ ਪਤਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਆਪਣੇ ਸ਼ੋਅ ਤੋਂ ਕਰੋੜਾਂ ਰੁਪਏ ਕਮਾਉਂਦਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਹਨੀ ਸਿੰਘ ਕੋਲ 25 ਮਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਹੈ, ਯਾਨੀ ਜੇਕਰ ਇਹ ਭਾਰਤੀ ਕਰੰਸੀ ’ਚ ਦੇਖੀ ਜਾਵੇ ਤਾਂ ਲਗਭਗ 173 ਕਰੋੜ ਰੁਪਏ ਬਣਦੇ ਹਨ। ਹਨੀ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਘਰ ਹਨ। ਨੋਇਡਾ, ਗੁੜਗਾਓਂ, ਦਿੱਲੀ, ਮੁੰਬਈ, ਪੰਜਾਬ ਦੇ ਨਾਲ 3 ਕਰੋੜ ਤੋਂ ਵੱਧ ਕੀਮਤ ਦਾ ਬੰਗਲਾ ਹੈ।
ਹਨੀ ਸਿੰਘ ਇਕ ਗਾਣਾ ਗਾਉਣ ਲਈ 15 ਲੱਖ ਰੁਪਏ ਦੀ ਮੋਟੀ ਫੀਸ ਵਸੂਲਦਾ ਹੈ। ਰੈਪਰ ਦੇਸ਼ ਦੇ ਸਭ ਤੋਂ ਵੱਧ ਟੈਕਸ ਭੁਗਤਾਨ ਕਰਨ ਵਾਲੇ ਲੋਕਾਂ ’ਚੋਂ ਇਕ ਹੈ। ਹਨੀ ਨੂੰ ਕਾਰਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਇਕ ਆਡੀ ਕਿਊ 7, ਆਡੀ ਆਰ 8, ਜੈਗੁਆਰ, ਰੋਲਸ ਰਾਇਸ, ਬੀ. ਐੱਮ. ਡਬਲਯੂ. ਵਰਗੀਆਂ ਮਹਿੰਗੀਆਂ ਕਾਰਾਂ ਹਨ।
ਸ਼ਾਲਿਨੀ ਤਲਵਾਰ ਨੇ ਅਦਾਲਤ ’ਚ ਆਪਣੀ 160 ਪੰਨਿਆਂ ਦੀ ਪਟੀਸ਼ਨ ’ਚ ਹਨੀ ਸਿੰਘ ਤੇ ਤਿੰਨ ਹੋਰਨਾਂ ਖ਼ਿਲਾਫ਼ ਪਟੀਸ਼ਨ ਦੇ ਨਾਲ ਹਰਜਾਨੇ ਦੀ ਵੀ ਮੰਗ ਕੀਤੀ ਹੈ।

ਸ਼ਾਲਿਨੀ ਨੇ ਮੰਗ ਕੀਤੀ ਹੈ ਕਿ ਦਿੱਲੀ ਦਾ ਉਹ ਖੇਤਰ ਜਿਥੇ ਉਹ ਰਹਿ ਰਹੀ ਹੈ। ਉਸ ਘਰ ਦਾ ਕਿਰਾਇਆ 5 ਲੱਖ ਹੈ। ਉਸ ਦੀ ਮੰਗ ਹੈ ਕਿ ਹਨੀ ਸਿੰਘ ਉਸ ਨੂੰ ਇਹ ਰਾਸ਼ੀ ਦੇਵੇ। ਇਸ ਦੇ ਨਾਲ ਉਸ ਨੇ ਆਪਣੇ ਗਹਿਣਿਆਂ ਦੀ ਇਕ ਲੰਮੀ ਸੂਚੀ ਵੀ ਦਿੱਤੀ ਹੈ। ਨਾਲ ਹੀ ਉਸ ਨੇ ਅੰਤਰਿਮ ਹਰਜਾਨੇ ਵਜੋਂ 10 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਸ਼ਾਲਿਨੀ ਤਲਵਾਰ ਵਲੋਂ ਘਰੇਲੂ ਹਿੰਸਾ ਦਾ ਕੇਸ ਦਾਇਰ ਕਰਨ ਤੋਂ ਬਾਅਦ ਦਿੱਲੀ ਕੋਰਟ ਨੇ ਯੋ ਯੋ ਹਨੀ ਸਿੰਘ ਨੂੰ 28 ਅਗਸਤ ਤੱਕ ਆਪਣਾ ਜਵਾਬ ਦਾਇਰ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਅਦਾਲਤ ਨੇ ਸ਼ਾਲਿਨੀ ਦੇ ਹੱਕ ’ਚ ਇਕ ਅੰਤਰਿਮ ਆਦੇਸ਼ ਵੀ ਦਿੱਤਾ ਹੈ ਤੇ ਹਨੀ ਸਿੰਘ ਨੂੰ ਉਨ੍ਹਾਂ ਦੀ ਸਾਂਝੀ ਮਲਕੀਅਤ ਵਾਲੀ ਜਾਇਦਾਦ ਦੇ ਮਾਮਲੇ ਦੇ ਨਿਪਟਾਰੇ ਤੋਂ ਰੋਕਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
ਵਿਵਾਦਾਂ ਨਾਲ ਗਾਇਕਾਂ ਦਾ ਗੂੜ੍ਹਾ ਨਾਤਾ, ਕਰਨ ਔਜਲਾ ਤੇ ਸ਼੍ਰੀ ਬਰਾੜ ਸਣੇ ਇਹ ਗਾਇਕ ਫਸੇ ਸਨ ਕਸੂਤੇ
NEXT STORY