ਜਲੰਧਰ (ਬਿਊਰੋ) : ਪੰਜਾਬੀ ਗਾਇਕ (Punjabi Singers) ਆਪਣੀਆਂ ਹਰਕਤਾਂ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਇਕ ਦਿਨ ਪਹਿਲਾਂ ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ (Yo Yo Honey Singh) ਖ਼ਿਲਾਫ਼ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਹੀ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਇਲਾਵਾ ਉਸ ਨੇ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਪੰਜਾਬੀ ਗਾਇਕਾਂ ਦਾ ਇਸ ਤਰ੍ਹਾਂ ਦੇ ਵਿਵਾਦਾਂ 'ਚ ਰਹਿਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗਾਇਕ ਲਹਿੰਬਰ ਹੁਸੈਨਪੂਰੀ, ਗਿੱਪੀ ਗਰੇਵਾਲ, ਸ਼੍ਰੀ ਬਰਾੜ ਅਤੇ ਕਰਨ ਔਜਲਾ ਵੀ ਇਸ ਸਾਲ ਵਿਵਾਦਾਂ 'ਚ ਰਹੇ ਹਨ। ਕਿਸੇ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਦਾ ਅਤੇ ਕਿਸੇ 'ਤੇ ਗਨ ਕਲਚਰ ਨੂੰ ਵਧਾਵਾ ਦੇਣ ਦਾ ਦੋਸ਼ ਲੱਗਾ।

ਲਹਿੰਬਰ ਹੁਸੈਨਪੁਰੀ 'ਤੇ ਲੱਗਾ ਪਤਨੀ ਨੂੰ ਕੁੱਟਣ ਦਾ ਦੋਸ਼
ਕੁਝ ਮਹੀਨੇ ਪਹਿਲਾਂ ਹੀ ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ 'ਤੇ ਜਲੰਧਰ 'ਚ ਪਤਨੀ ਅਤੇ ਬੱਚਿਆਂ ਨੂੰ ਕੁੱਟਣ ਦਾ ਦੋਸ਼ ਲੱਗਾ ਸੀ। ਮਾਮਲੇ 'ਚ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਦੋਂ ਉਨ੍ਹਾਂ ਦੇ ਘਰ ਦੇ ਬਾਹਰ 2 ਘੰਟਿਆਂ ਤਕ ਹੰਗਾਮਾ ਹੋਇਆ ਸੀ। ਹੁਸੈਨਪੁਰੀ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਮਾਮਲਾ ਪੰਜਾਬ ਮਹਿਲਾ ਕਮੀਸ਼ਨ ਤਕ ਪਹੁੰਚਾਉਣ ਤੋਂ ਬਾਅਦ ਪਤੀ-ਪਤਨੀ 'ਚ ਸਮਝੌਤਾ ਹੋਇਆ ਸੀ।

ਗਨ ਕਲਚਰ ਨੂੰ ਵਧਾਵਾ ਦੇਣ ਲਈ ਗ੍ਰਿਫ਼ਤਾਰ ਹੋਇਆ ਸੀ ਗਾਇਕ ਸ਼੍ਰੀ ਬਰਾੜ
ਇਸ ਸਾਲ ਜਨਵਰੀ 'ਚ ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਨੂੰ ਉਨ੍ਹਾਂ ਦੇ ਲੋਕਪ੍ਰਿਅ ਗੀਤ 'ਜਾਨ' 'ਚ ਗਨ ਕਲਚਰ ਨੂੰ ਵਧਾਵਾ ਦੇਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਸੀ। ਇਸ ਗੀਤ ਨੂੰ ਯੂਟਿਊਬ 'ਤੇ ਕਾਫ਼ੀ ਪਸੰਦ ਕੀਤਾ ਗਿਆ ਸੀ।

ਤਾਲਾਬੰਦੀ 'ਚ ਸ਼ੂਟਿੰਗ ਕਰਦਿਆਂ ਗ੍ਰਿਫ਼ਤਾਰ ਹੋਇਆ ਸੀ ਗਿੱਪੀ ਗਰੇਵਾਲ
ਮਈ 'ਚ COVID Guideline Violation ਦੇ ਦੋਸ਼ 'ਚ ਲੁਧਿਆਣਾ 'ਚ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਗਿੱਪੀ ਗਰੇਵਾਲ ਤੋਂ ਇਲਾਵਾ ਕੰਮਾਂਡੋ ਬਟਾਲੀਅਨ 'ਚ ਤਾਇਨਾਤ ਡੀ. ਐੱਸ. ਪੀ. ਪੁਰਸ਼ੋਤਮ ਸਿੰਘ ਸਮੇਤ 100 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਿੱਪੀ ਗਰੇਵਾਲ ਬਨੂੜ ਤੋਂ ਇਲਾਵਾ ਕਰਾਲਾ ਦੇ ਇਕ ਸਟੂਡੀਓ 'ਚ ਫ਼ਿਲਮ 'ਗਿਰਧਾਰੀ ਲਾਲ' ਦੀ ਸ਼ੂਟਿੰਗ ਕਰਨ ਪਹੁੰਚੇ ਸਨ।

ਗਾਇਕ ਕਰਨ ਔਜਲਾ ਨੇ ਤੋੜੇ ਜੇਲ੍ਹ ਦੇ ਨਿਯਮ
ਅਪ੍ਰੈਲ 'ਚ ਮਸ਼ਹੂਰ ਗਾਇਕ ਕਰਨ ਔਜਲਾ ਆਪਣੀ ਟੀਮ ਨਾਲ ਲੁਧਿਆਣਾ ਸੈਂਟਰਲ ਜੇਲ੍ਹ ਦੇ ਸੁਪਰਟੇਂਡੈਂਟ ਦੇ ਅਧਿਕਾਰਤ ਨਿਵਾਸ 'ਤੇ ਮੁਲਾਕਾਤ ਕੀਤੀ ਸੀ। ਮਾਮਲਾ ਮੀਡੀਆ 'ਚ ਆਉਣ ਤੋਂ ਬਾਅਦ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਕਰਨ ਔਜਲਾ ਭਾਰੀ ਇਕੱਠ ਨਾਲ ਲੁਧਿਆਣਾ ਦੀ ਸੈਂਟਰਲ ਜੇਲ੍ਹ 'ਚ ਪਹੁੰਚਿਆ ਸੀ।

ਨੋਟ - ਪੰਜਾਬੀ ਗਾਇਕਾਂ 'ਤੇ ਲੱਗੇ ਦੋਸ਼ਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਕਪਿਲ ਸ਼ਰਮਾ ਦੀ ਇਸ ਹਰਕਤ ਤੋਂ ਨਾਰਾਜ਼ ਹੋਏ ਅਕਸ਼ੈ ਕੁਮਾਰ, ਕਿਹਾ- 'ਮਿਲ ਕੇ ਖ਼ਬਰ ਲੈਂਦਾ ਹਾਂ'
NEXT STORY