ਮੁੰਬਈ (ਬਿਊਰੋ)– ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਸੂਰਿਆਵੰਸ਼ੀ’ ਇਸ ਸਾਲ ਦੇ ਅਖੀਰ ’ਚ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ। ਅਕਸ਼ੇ ਕੁਮਾਰ ਨੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਇਕ ਤਸਵੀਰ ਨਾਲ ਸਾਂਝਾ ਕੀਤਾ, ਜਿਸ ’ਚ ਫ਼ਿਲਮ ਦੇ ਨਿਰਦੇਸ਼ਕ ਨੂੰ ਉਨ੍ਹਾਂ ਦੇ ਸਿਨੇਮਾਈ ਯੂਨੀਵਰਸ ਦੇ ਤਿੰਨਾਂ ਪੁਲਸ ਵਾਲਿਆਂ ਨਾਲ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਇਸ ਤਸਵੀਰ ਨੇ ਸਾਰਿਆਂ ਦਾ ਧਿਆਨ ਖਿੱਚਿਆ, ਉਥੇ ਹੁਣ ਇਸ ਤਸਵੀਰ ’ਤੇ ਆਈ. ਪੀ. ਐੱਸ. ਅਧਿਕਾਰੀ ਆਰ. ਕੇ. ਵਿਜ ਨੇ ਇਕ ਵੱਡੀ ਗਲਤੀ ਕੱਢੀ ਹੈ, ਜਿਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਵੀ ਆਈ. ਪੀ. ਐੱਸ. ਦੀ ਗੱਲ ਦਾ ਜਵਾਬ ਦਿੱਤਾ।
ਆਗਾਮੀ ਐਕਸ਼ਨ ਨਾਲ ਭਰਪੂਰ ਡਰਾਮਾ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਗੱਲ ਕਰਦਿਆਂ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਸਾਥੀ ਕਲਾਕਾਰਾਂ ਤੇ ਫ਼ਿਲਮ ਦੇ ਨਿਰਦੇਸ਼ਕ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ। ਤਿੰਨੇ ਕਲਾਕਾਰ ਪੁਲਸ ਦੀ ਵਰਦੀ ਪਹਿਨੇ ਦਿਖਾਈ ਦਿੱਤੇ, ਜਿਸ ’ਚ ਰਣਵੀਰ ਸਿੰਘ ਇਕ ਟੇਬਲ ’ਤੇ ਬੈਠੇ ਸਨ ਤੇ ਅਜੇ ਦੇਵਗਨ, ਅਕਸ਼ੇ ਕੁਮਾਰ ਤੇ ਰੋਹਿਤ ਸ਼ੈੱਟੀ ਨਾਲ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਆਰ. ਕੇ. ਵਿਜ ਨੇ ਜਦੋਂ ਤਸਵੀਰ ਦੇਖੀ ਤਾਂ ਉਨ੍ਹਾਂ ਨੇ ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਾਨੂੰਨੀ ਮਰਿਆਦਾ ਮੁਤਾਬਕ ਨਹੀਂ ਹੈ। ਹਰਿਆਣਾ ਦੇ ਐੱਸ. ਐੱਸ. ਪੀ. ਡੀ. ਜੀ. ਪੀ. ਨੇ ਟਵੀਟ ਕੀਤਾ, ‘ਇੰਸਪੈਕਟਰ ਸਾਹਿਬ ਬੈਠੇ ਹਨ ਤੇ ਐੱਸ. ਪੀ. ਸਾਹਿਬ ਖੜ੍ਹੇ, ਅਜਿਹਾ ਨਹੀਂ ਹੁੰਦਾ ਹੈ ਜਨਾਬ।’
ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ ਪਰਦੇ ਦੇ ਪਿੱਛੇ ਦੀ ਇਕ ਤਸਵੀਰ ਸੀ ਤੇ ਉਹ ਫ਼ਿਲਮ ਦੀ ਸ਼ੂਟਿੰਗ ਦੌਰਾਨ ਨਿਯਮਾਂ ਤੇ ਪ੍ਰੋਟੋਕਾਲ ਦਾ ਪਾਲਣ ਕਰਨ ਬਾਰੇ ਪੂਰਾ ਧਿਆਨ ਰੱਖਦੇ ਹਨ। ਅਦਾਕਾਰ ਨੇ ਅੱਗੇ ਲਿਖਿਆ, ‘ਸਾਡੇ ਮਹਾਨ ਪੁਲਸ ਬਲਾਂ ਲਈ ਹਮੇਸ਼ਾ ਲਈ ਆਦਰ। ਉਮੀਦ ਹੈ ਕਿ ਜਦੋਂ ਤੁਸੀਂ ਇਸ ਨੂੰ ਦੇਖੋਗੇ ਤਾਂ ਤੁਹਾਨੂੰ ਫ਼ਿਲਮ ਪਸੰਦ ਆਵੇਗੀ।’
ਅਕਸ਼ੇ ਦੇ ਟਵੀਟ ਤੋਂ ਬਾਅਦ ਆਈ. ਪੀ. ਐੱਸ. ਅਧਿਕਾਰੀ ਨੇ ਮੁੜ ਟਵੀਟ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਇਸ ਦਾ ਜ਼ਿਕਰ ਹਲਕੇ ਅੰਦਾਜ਼ ’ਚ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਅਕਸ਼ੇ ਕੁਮਾਰ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਉਹ ਜ਼ਰੂਰ ਇਹ ਫ਼ਿਲਮ ਦੇਖਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੰਦਿਰਾ ਬੇਦੀ ਨੇ ਮੌਨੀ ਰਾਏ ਨੂੰ ਖੂਬਸੂਰਤ ਤਸਵੀਰਾਂ ਸਾਂਝੀਆਂ ਕਰ ਦਿੱਤੀ ਜਨਮਦਿਨ ਦੀ ਵਧਾਈ
NEXT STORY