ਮੁੰਬਈ (ਬਿਊਰੋ)– 71ਵਾਂ ਮਿਸ ਯੂਨੀਵਰਸ ਮੁਕਾਬਲਾ ਅਮਰੀਕੀ ਰਾਜ ਲੁਈਸਿਆਨਾ ਦੇ ਨਿਊ ਔਰਲੇਨਜ਼ ਸ਼ਹਿਰ ’ਚ ਆਯੋਜਿਤ ਕੀਤਾ ਗਿਆ, ਜਿਥੇ ਮਿਸ ਯੂਨੀਵਰਸ 2022 ਸੁੰਦਰਤਾ ਮੁਕਾਬਲੇ ਦਾ ਐਲਾਨ ਕੀਤਾ ਗਿਆ ਤੇ ਇਹ ਖਿਤਾਬ ਅਮਰੀਕਾ ਦੀ ਆਰ. ਬੌਨੀ ਗੈਬਰੀਅਲ ਨੇ ਜਿੱਤਿਆ। ਦੁਨੀਆ ਭਰ ਦੀਆਂ 84 ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਆਰ. ਬੌਨੀ ਗੈਬਰੀਅਲ ਨੇ ਇਹ ਤਾਜ ਜਿੱਤਿਆ। ਇਸ ਦੌਰਾਨ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੇ ਉਸ ਨੂੰ ਇਹ ਤਾਜ ਪਹਿਨਾਇਆ।
ਤੁਹਾਨੂੰ ਦੱਸ ਦੇਈਏ ਕਿ ਵੈਨੇਜ਼ੁਏਲਾ ਦੀ ਅਮਾਂਡਾ ਡੁਡਾਮੇਲ ਨਿਊਮੇਨ, ਅਮਰੀਕਾ ਦੀ ਆਰ. ਬੌਨੀ ਗੈਬਰੀਅਲ ਤੇ ਡੋਮਿਨਿਕਨ ਰੀਪਬਲਿਕ ਦੀ ਏਂਡਰੀਨਾ ਮਾਰਟੀਨੇਜ਼ ਨੂੰ ਇਸ ਲਿਸਟ ’ਚ ਟਾਪ 3 ਮੁਕਾਬਲੇਬਾਜ਼ਾਂ ਦੀ ਸੂਚੀ ’ਚ ਜਗ੍ਹਾ ਮਿਲੀ ਹੈ। ਦੂਜੇ ਪਾਸੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਦਿਵਿਤਾ ਰਾਏ ਨੇ ਟਾਪ 16 ’ਚ ਥਾਂ ਬਣਾਈ ਪਰ ਉਹ ਟਾਪ 5 ’ਚੋਂ ਬਾਹਰ ਹੋ ਗਈ।
ਕੌਣ ਹੈ ਆਰ. ਬੌਨੀ ਗੈਬਰੀਅਲ?
ਮਿਸ ਯੂਨੀਵਰਸ 2022 ਚੁਣੀ ਗਈ ਆਰ. ਬੌਨੀ ਗੈਬਰੀਅਲ ਅਮਰੀਕਾ ਦੇ ਟੈਕਸਾਸ ਦੇ ਹਿਊਸਟਨ ਦੀ ਵਸਨੀਕ ਹੈ ਤੇ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਗੈਬਰੀਅਲ ਦੀ ਮਾਂ ਅਮਰੀਕੀ ਹੈ ਤੇ ਉਸ ਦੇ ਪਿਤਾ ਫਿਲੀਪੀਨਜ਼ ਤੋਂ ਹਨ।
ਇਹ ਖ਼ਬਰ ਵੀ ਪੜ੍ਹੋ : ਟਾਪ 10 Highest Streamed Rappers ਦੀ ਲਿਸਟ 'ਚ ਸਿੱਧੂ ਨੇ ਡਰੇਕ ਨੂੰ ਪਛਾੜ ਹਾਸਲ ਕੀਤਾ ਵੱਡਾ ਮੁਕਾਮ
ਨਵੇਂ ਤਾਜ ’ਚ ਕੀ ਹੈ ਖ਼ਾਸ?
ਇਸ ਸਾਲ ਮਿਸ ਯੂਨੀਵਰਸ ਨੂੰ ਨਵਾਂ ਤਾਜ ਦਿੱਤਾ ਜਾਵੇਗਾ। ਇਸ ਨਵੇਂ ਤਾਜ ਨੂੰ ਮਸ਼ਹੂਰ ਲਗਜ਼ਰੀ ਜਵੈਲਰ ਮੌਵਾਦ ਨੇ ਡਿਜ਼ਾਈਨ ਕੀਤਾ ਹੈ। ਇਸ ਤਾਜ ਦੀ ਕੀਮਤ ਕਰੀਬ 46 ਕਰੋੜ ਹੈ ਤੇ ਇਸ ’ਚ ਹੀਰੇ ਤੇ ਨੀਲਮ ਜੜੇ ਹੋਏ ਹਨ। ਇਸ ਤੋਂ ਇਲਾਵਾ ਇਸ ਤਾਜ ’ਚ ਇਕ ਵੱਡਾ ਨੀਲਮ ਵੀ ਹੈ, ਜਿਸ ਦੇ ਦੁਆਲੇ ਹੀਰੇ ਜੜੇ ਹੋਏ ਹਨ। ਇਸ ਪੂਰੇ ਤਾਜ ’ਚ ਕੁਲ 993 ਸਟੋਨ ਹਨ, ਜਿਨ੍ਹਾਂ ’ਚ 110.83 ਕੈਰੇਟ ਦਾ ਨੀਲਮ ਤੇ 48.24 ਕੈਰੇਟ ਦਾ ਚਿੱਟਾ ਹੀਰਾ ਹੈ। ਤਾਜ ਦੇ ਸਿਖਰ ’ਤੇ ਸ਼ਾਹੀ ਨੀਲੇ ਨੀਲਮ ਦਾ ਭਾਰ 45.14 ਕੈਰੇਟ ਹੈ।
ਪਿਛਲੇ ਸਾਲ ਇਸ ਮਿਸ ਯੂਨੀਵਰਸ ਮੁਕਾਬਲੇ ਦਾ ਖਿਤਾਬ ਭਾਰਤ ਦੀ ਹਰਨਾਜ਼ ਸੰਧੂ ਨੇ ਜਿੱਤਿਆ ਸੀ। ਲਾਰਾ ਦੱਤਾ ਤੇ ਸੁਸ਼ਮਿਤਾ ਸੇਨ ਤੋਂ ਬਾਅਦ ਹਰਨਾਜ਼ ਸੰਧੂ ਇਹ ਤਾਜ ਜਿੱਤਣ ਵਾਲੀ ਤੀਜੀ ਭਾਰਤੀ ਮਹਿਲਾ ਹੈ। 71ਵਾਂ ਮਿਸ ਯੂਨੀਵਰਸ ਸੁੰਦਰਤਾ ਮੁਕਾਬਲਾ ਪਹਿਲਾਂ ਦਸੰਬਰ 2022 ਨੂੰ ਹੋਣਾ ਸੀ ਪਰ ਫੀਫਾ ਵਿਸ਼ਵ ਕੱਪ ਮੈਚ ਦੇ ਕਾਰਨ ਇਸ ਦੀ ਮਿਤੀ 2023 ’ਚ ਰੱਖੀ ਗਈ ਸੀ। ਪਿਛਲੇ ਸਾਲ ਮਿਸ ਯੂਨੀਵਰਸ ਦੀ ਮੇਜ਼ਬਾਨੀ ਕਰਨ ਵਾਲੀ ਸੰਸਥਾ ਨੂੰ ਥਾਈ ਮੋਗਲ ਐਨੇ ਜਾਕਾਪੋਂਗ ਜਕਰਾਜੁਟਿਪ ਵਲੋਂ ਖਰੀਦਿਆ ਗਿਆ ਸੀ, ਜੋ ਟਰਾਂਸਜੈਂਡਰਾਂ ਦੇ ਅਧਿਕਾਰਾਂ ਲਈ ਲੜ ਰਹੀ ਹੈ। ਬਦਲਦੇ ਸਮੇਂ ਦੇ ਨਾਲ ਅਗਲੀ ਵਾਰ ਤੋਂ ਵਿਆਹੁਤਾ ਤੇ ਮਾਂ ਬਣ ਚੁੱਕੀਆਂ ਔਰਤਾਂ ਵੀ ਇਸ ਮਿਸ ਯੂਨੀਵਰਸ ਮੁਕਾਬਲੇ ’ਚ ਹਿੱਸਾ ਲੈ ਸਕਣਗੀਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਨੇ ਕੀਤੀ ਸੀ ਰੱਜ ਕੇ ਬੇਇੱਜ਼ਤੀ, ਵਾਇਰਲ ਹੋਈ ਵੀਡੀਓ
NEXT STORY