ਸਮਾਜ ਦੀ ਬਿਹਤਰੀ, ਭਲਾਈ ਤੇ ਮਨੁੱਖਤਾ ਦੀ ਸੰਭਾਲ ਹੀ ਭਾਰਤਬੋਧ ਦਾ ਸਭ ਤੋਂ ਪ੍ਰਮੁੱਖ ਤੱਥ ਹੈ। ਫ਼ਿਲਮ ਖੇਤਰ ’ਚ ਭਾਰਤੀ ਵਿਚਾਰਾਂ ਲਈ ਇਹੀ ਕੰਮ ਭਾਰਤੀ ‘ਫ਼ਿਲਮਾਂ ਚਿਤਰ ਸਾਧਨਾ’ ਵਰਗੀ ਸਮਰਪਿਤ ਸੰਸਥਾ ਬੀਤੇ ਕਈ ਸਾਲਾਂ ਤੋਂ ਕਰ ਰਹੀ ਹੈ। ਭਾਰਤੀ ਚਿੱਤਰ ਸਾਧਨਾ ਦੀਆਂ ਵੱਕਾਰੀ ਫ਼ਿਲਮਾਂ ਭਾਰਤੀ ਫ਼ਿਲਮ ਉਤਸਵ 2022 ਦਾ ਆਯੋਜਨ ਇਸ ਸਾਲ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਖੇ 25 ਤੋਂ 27 ਮਾਰਚ ਤੱਕ ਕੀਤਾ ਜਾਵੇਗਾ। ਇਸ ਆਯੋਜਨ ਰਾਹੀਂ ਮੱਧ ਪ੍ਰਦੇਸ਼ ਦੇ ਨੌਜਵਾਨਾਂ ਨੂੰ ਕਲਾ ਜਗਤ ਤੇ ਖ਼ਾਸ ਕਰਕੇ ਫ਼ਿਲਮਾਂ ਦੇ ਖੇਤਰ ’ਚ ਨਵੇਂ ਮੌਕੇ ਤੇ ਮਾਰਗਦਰਸ਼ਨ ਮਿਲੇਗਾ।
ਅੱਜ ਦਾ ਸਿਨੇਮਾ ਪੱਛਮ ਦੀ ਨਕਲ ਕਰ ਰਿਹਾ ਹੈ, ਜਦਕਿ ਭਾਰਤੀ ਚਿੱਤਰ ਸਾਧਨਾ ਭਾਰਤੀ ਕਦਰਾਂ-ਕੀਮਤਾਂ ਨੂੰ ਹੱਲਾਸ਼ੇਰੀ ਦੇਣ ਵਾਲੇ ਸਿਨੇਮਾ ’ਤੇ ਕੰਮ ਕਰ ਰਿਹਾ ਹੈ। ਭਾਰਤੀ ਸਿਨੇਮਾ ਦਾ ਇਤਿਹਾਸ ਭਾਰਤ ਦੀ ਆਰਥਿਕ ਸੰਸਕ੍ਰਿਤੀ, ਧਾਰਮਿਕ ਤੇ ਸਿਆਸੀ ਕਦਰਾਂ-ਕੀਮਤਾਂ, ਸੰਵੇਦਨਾਵਾਂ ਦਾ ਅਜਿਹਾ ਇੰਦ੍ਰਧਨੁਸ਼ ਹੈ, ਜਿਸ ’ਚ ਭਾਰਤੀ ਸਮਾਜ ਦੀ ਵੰਨ-ਸੁਵੰਨਤਾ ਉਸ ਦੀ ਸਮਾਜਿਕ ਚੇਤਨਾ ਦੇ ਨਾਲ ਸਾਹਮਣੇ ਆਉਂਦੀ ਹੈ।
ਭਾਰਤ ਸਮਾਜ ਦਾ ਹਰ ਰੰਗ ਸਿਨੇਮਾ ’ਚ ਮੌਜੂਦ ਹੈ। ਭਾਰਤ ’ਚ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਗਿਆ। 1940 ਦੀਆਂ ਫ਼ਿਲਮਾਂ ਦਾ ਦਹਾਕਾ ਗੰਭੀਰ ਤੇ ਸਮਾਜਿਕ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਨੂੰ ਕੇਂਦਰ ’ਚ ਰੱਖ ਕੇ ਫ਼ਿਲਮਾਂ ਦੇ ਨਿਰਮਾਣ ਦਾ ਸਮਾਂ ਸੀ। 1950 ਦਾ ਦਹਾਕਾ ਫ਼ਿਲਮਾਂ ਦਾ ਆਦਰਸ਼ਵਾਦੀ ਦੌਰ ਸੀ। 1960 ਦਾ ਸਮਾਂ 1950 ਦੇ ਦਹਾਕੇ ਤੋਂ ਵੀ ਕਾਫੀ ਵੱਖਰਾ ਸੀ। ਰਾਜ ਕਪੂਰ ਨੇ ਜਿਹੜੀਆਂ ਰੋਮਾਂਟਿਕ ਫ਼ਿਲਮਾਂ ਦਾ ਰੁਝਾਨ ਸ਼ੁਰੂ ਕੀਤਾ ਸੀ, ਉਹ ਇਸ ਦੌਰ ’ਚ ਆਪਣੇ ਪੂਰੇ ਸ਼ਬਾਬ ’ਤੇ ਸੀ। 1970 ਦਾ ਦਹਾਕਾ ਵਿਵਸਥਾ ਪ੍ਰਤੀ ਅਸੰਤੋਸ਼ ਤੇ ਬਗਾਵਤ ਦਾ ਸੀ। 1980 ਦਾ ਫ਼ਿਲਮਾਂ ਦਾ ਦਹਾਕਾ ਯਥਾਰਥਵਾਦੀ ਫ਼ਿਲਮਾਂ ਦਾ ਦੌਰ ਸੀ, ਜਦਕਿ 1990 ਦਾ ਸਮਾਂ ਆਰਥਿਕ ਉਦਾਰੀਕਰਨ ਦਾ ਸੀ।
ਭਾਰਤੀ ਸਿਨੇਮਾ ’ਚ ਆਮ ਲੋਕਾਂ ਤੇ ਭਾਰਤ ਬੋਧ ਦੇ ਆਧਾਰ ’ਤੇ ਫ਼ਿਲਮਾਂ ਦਾ ਨਿਰਮਾਣ ਕਰਨ ਦੀ ਪ੍ਰੰਪਰਾ ਬੜੀ ਪੁਰਾਣੀ ਹੈ। ਬਾਲੀਵੁੱਡ ਦਾ ਸਿਨੇਮਾ ਭਾਰਤੀ ਸਮਾਜ ਦੀ ਕਹਾਣੀ ਨੂੰ ਕਹਿਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਰਿਹਾ ਹੈ। ਇਸ ਰਾਹੀਂ ਭਾਰਤ ਦੀ ਆਜ਼ਾਦੀ ਦੀ ਕਹਾਣੀ, ਕੌਮੀ ਏਕਤਾ ਨੂੰ ਕਾਇਮ ਰੱਖਣ ਦੇ ਸੰਘਰਸ਼ ਦੀ ਦਾਸਤਾਂ ਤੇ ਕੌਮਾਂਤਰੀ ਸਮਾਜ ’ਚ ਭਾਰਤ ਦੀ ਮੌਜੂਦਾ ਦੀ ਕਹਾਣੀ ਨੂੰ ਚਿਤਰਿਤ ਕੀਤਾ ਜਾਂਦਾ ਰਿਹਾ ਹੈ।
ਭਾਰਤੀ ਸਿਨੇਮਾ ਵਿਦੇਸ਼ਾਂ ’ਚ ਕਾਫੀ ਸਫਲ ਹੋਇਆ ਹੈ ਤੇ ਇਸ ਵਰਗਾ ਦੂਜਾ ਕੋਈ ਬ੍ਰਾਂਡ ਨਹੀਂ, ਜੋ ਸਮੁੱਚੀ ਦੁਨੀਆ ’ਚ ਇੰਨਾ ਸਫਲ ਹੋਇਆ ਹੋਵੇ। ਭਾਰਤੀ ਸਿਨੇਮਾ ’ਚ ਬਦਲੇ ਭਾਰਤ ਦੀ ਝਲਕ ਵੀ ਮਿਲਦੀ ਰਹੀ ਹੈ। 1943 ’ਚ ਬਣੀ ਫ਼ਿਲਮ ‘ਕਿਸਮਤ’ ਉਸ ਦੌਰ ਦੀ ਸੁਪਰਹਿੱਟ ਸਾਬਿਤ ਹੋਈ ਸੀ। ਭਾਰਤ ਛੱਡੋ ਅੰਦੋਲਨ ਜਦੋਂ ਸਿਖਰ ’ਤੇ ਸੀ ਤਾਂ ਇਸ ਫ਼ਿਲਮ ਦਾ ਗਾਣਾ ਬੇਹੱਦ ਹਰਮਨ ਪਿਆਰਾ ਹੋਇਆ ਸੀ ‘ਦੂਰ ਹਟੋ ਏ ਦੁਨੀਆ ਵਾਲੋ ਹਿੰਦੋਸਤਾਨ ਹਮਾਰਾ ਹੈ’।
1949 ’ਚ ਭਾਰਤ ਨੂੰ ਆਜ਼ਾਦੀ ਮਿਲੇ ਕੁਝ ਹੀ ਸਮਾਂ ਹੋਇਆ ਸੀ। ਦੇਸ਼ ਵਜੋਂ ਸਾਡੀ ਪਛਾਣ ਅਜੇ ਬਣ ਹੀ ਰਹੀ ਸੀ। ਉਦੋਂ ‘ਸ਼ਬਨਮ’ ਨਾਮੀ ਫ਼ਿਲਮ ’ਚ ਪਹਿਲੀ ਵਾਰ ਵੰਨ-ਸੁਵੰਨੇ ਭਾਸ਼ਾਈ ਗੀਤਾਂ ਦੀ ਵਰਤੋਂ ਕੀਤੀ ਗਈ, ਜਿਸ ’ਚ ਬੰਗਾਲੀ, ਮਰਾਠੀ ਤੇ ਤਾਮਿਲ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਇਸ ਰਾਹੀਂ ਦਰਸ਼ਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਇਹ ਸਭ ਭਾਸ਼ਾਵਾਂ ਭਾਰਤੀ ਹਨ।
ਪ੍ਰਸਿੱਧ ਫ਼ਿਲਮਕਾਰ ਵੀਣ ਸ਼ਾਂਤਾਰਾਮ 1921 ਤੋਂ 1986 ਦਰਮਿਆਨ ਲਗਭਗ 65 ਸਾਲ ਤੱਕ ਫ਼ਿਲਮੀ ਦੁਨੀਆ ’ਚ ਸਰਗਰਮ ਰਹੇ। ਉਨ੍ਹਾਂ 1953 ’ਚ ਵੰਨ-ਸੁਵੰਨੇ ਰੰਗਾਂ ਤੇ ਬਹੁਭਾਸ਼ਾਈ ਸਮਾਜ ਹੋਣ ਪਿੱਛੋਂ ਭਾਰਤ ਦੀ ਏਕਤਾ ਦੇ ਮੁੱਦੇ ’ਤੇ ‘ਤੀਨ ਬੱਤੀ ਚਾਰ ਰਾਸਤੇ’ ਫ਼ਿਲਮ ਬਣਾਈ। ਇਸ ਫ਼ਿਲਮ ਦੀ ਕਹਾਣੀ ’ਚ ਇਕ ਅਜਿਹਾ ਪਰਿਵਾਰ ਸੀ, ਜਿਸ ਦੇ ਘਰ ਦੀਆਂ ਨੂੰਹਾਂ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ।
1960 ’ਚ ਕੇ. ਆਸਿਫ ਨੇ ਅਕਬਰ ਦੀ ਬਾਦਸ਼ਾਹਤ ’ਤੇ ‘ਮੁਗਲ-ਏ-ਆਜ਼ਮ’ ਦੇ ਤੌਰ ’ਤੇ ਇਕ ਵਿਸ਼ਾਲ ਤੇ ਇਤਿਹਾਸਕ ਫ਼ਿਲਮ ਬਣਾਈ, ਜਦਕਿ ਉਸੇ ਸਮੇਂ ਰਾਜ ਕਪੂਰ ਨੇ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਤੇ ਦਿਲੀਪ ਕੁਮਾਰ ਨੇ ‘ਗੰਗਾ-ਜਮੁਨਾ’ ਵਰਗੀਆਂ ਫ਼ਿਲਮਾਂ ਬਣਾਈਆਂ।
1981’ਚ ਪ੍ਰਦਰਸ਼ਿਤ ਮਨੋਜ ਕੁਮਾਰ ਦੀ ਫ਼ਿਲਮ ‘ਕ੍ਰਾਂਤੀ’ ਨੇ ਭਾਰਤ ਬੋਧ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। 2001 ’ਚ ਆਮਿਰ ਖ਼ਾਨ ਦੀ ਫ਼ਿਲਮ ‘ਲਗਾਨ’ ’ਚ ਭਾਰਤ ਦੇ ਇਕ ਪਿੰਡ ਦੇ ਕਿਸਾਨਾਂ ਨੂੰ ਆਪਣੀ ਲਗਾਨ ਦੀ ਮੁਆਫ਼ੀ ਲਈ ਅੰਗਰੇਜ਼ਾਂ ਨਾਲ ਕ੍ਰਿਕਟ ਮੈਚ ਖੇਡਦੇ ਹੋਏ ਦਿਖਾਇਆ ਗਿਆ। ਇਸ ਮੈਚ ’ਚ ਭਾਰਤੀ ਪਿੰਡ ਦੇ ਕਿਸਾਨਾਂ ਨੇ ਅੰਗਰੇਜ਼ਾਂ ਨੂੰ ਹਰਾ ਿਦੱਤਾ। ਇਹ ਭਰੋਸੇਯੋਗ ਭਾਰਤ ਦੀ ਤਸਵੀਰ ਸੀ, ਜੋ ਆਪਣੇ ਬਸਤੀਵਾਦ ਦੇ ਦਿਨਾਂ ਨੂੰ ਨਵੇਂ ਢੰਗ ਨਾਲ ਵੇਖ ਰਿਹਾ ਸੀ।
ਭਾਰਤ ਦੇ ਸਾਫਟ ਪਾਵਰ ਦੀ ਸ਼ਕਤੀ ’ਚ ਸਾਡੀਆਂ ਫ਼ਿਲਮਾਂ ਦੀ ਬੜੀ ਵੱਡੀ ਭੂਮਿਕਾ ਹੈ। ਇਹ ਫ਼ਿਲਮਾਂ ਹੀ ਹਨ, ਜੋ ਸਮੁੱਚੀ ਦੁਨੀਆ ’ਚ ਭਾਰਤੀਅਤਾ ਦੀ ਪ੍ਰਤੀਨਿੱਧਤਾ ਕਰਦੀਆਂ ਹਨ। ਭਾਰਤੀ ਫ਼ਿਲਮਾਂ ਭਾਰਤੀਆਂ ਦਾ ਸ਼ੀਸ਼ਾ ਰਹੀਆਂ ਹਨ। ਦੁਨੀਆ ਨੂੰ ਵੀ ਉਹ ਆਪਣੇ ਵੱਲ ਖਿੱਚਦੀਆਂ ਰਹੀਆਂ ਹਨ। ਸਾਡੀਆਂ ਫ਼ਿਲਮਾਂ ਬਾਕਸ ਆਫਿਸ ’ਤੇ ਤਾਂ ਧੁੰਮਾਂ ਮਚਾਉਂਦੀਆਂ ਰਹਿੰਦੀਆਂ ਹਨ, ਨਾਲ ਹੀ ਪੂਰੀ ਦੁਨੀਆ ’ਚ ਭਾਰਤ ਦੀ ਸਾਖ ਵਧਾਉਣ, ਭਾਰਤ ਨੂੰ ਬ੍ਰੈਂਡ ਬਣਾਉਣ ’ਚ ਵੀ ਬੜਾ ਵੱਡਾ ਰੋਲ ਅਦਾ ਕਰਦੀਆਂ ਹਨ। ਸਿਨੇਮਾ ਦੀ ਇਕ ਸਾਈਲੈਂਟ ਪਾਵਰ ਇਹ ਵੀ ਹੈ ਕਿ ਉਹ ਲੋਕਾਂ ਨੂੰ ਬਿਨਾਂ ਦੱਸੇ, ਬਿਨਾਂ ਇਹ ਅਹਿਸਾਸ ਕਰਵਾਏ ਕਿ ਅਸੀਂ ਤੁਹਾਨੂੰ ਇਹ ਵਿਖਾ ਰਹੇ ਹਾਂ, ਦੱਸ ਰਹੇ ਹਾਂ ਜਾਂ ਇਕ ਨਵੇਂ ਵਿਚਾਰ ਜਗਾਉਣ ਦਾ ਕੰਮ ਕਰ ਰਹੇ ਹਾਂ।
ਭਾਰਤੀ ਫ਼ਿਲਮਾਂ ’ਚ ਅੱਜ ਨਜ਼ਰ ਆ ਰਹੀ ਤਬਦੀਲੀ ਸਿਰਫ ਸਟੀਵਨ ਸਪੀਲਬਰਗ ਦੀਆਂ ਫ਼ਿਲਮਾਂ ਵਰਗੀ ਵਿਸ਼ਾਲ ਨਹੀਂ ਹੈ, ਸਗੋਂ ਇਕ ਖ਼ੂਬਸੂਰਤ ਤਬਦੀਲੀ ਹੈ, ਜੋ ਬਦਲ ਰਹੀ ਹੈ, ਉੱਭਰ ਰਹੀ ਹੈ ਤੇ ਆਪਣੀ ਆਜ਼ਾਦ ਰਾਹ ਪਕੜ ਰਹੀ ਹੈ। ਅੱਜਕੱਲ ਟਾਇਲੇਟ ਵਰਗੇ ਵਿਸ਼ੇ ਹੋਣ, ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਰਗੇ ਵਿਸ਼ੇ ਹੋਣ, ਖੇਡਾਂ ਹੋਣ, ਬੱਚਿਆਂ ਦੀਅਾਂ ਸਮੱਸਿਆਵਾਂ ਨਾਲ ਜੁੜੇ ਪੱਖ ਹੋਣ, ਗੰਭੀਰ ਬੀਮਾਰੀਆਂ ਪ੍ਰਤੀ ਜਾਗਰੂਕਤਾ ਦਾ ਵਿਸ਼ਾ ਹੋਵੇ ਜਾਂ ਫਿਰ ਸਾਡੇ ਜਵਾਨਾਂ ਦੀ ਬਹਾਦਰੀ, ਅੱਜ ਇਕ ਤੋਂ ਇਕ ਵਧੀਆ ਫ਼ਿਲਮਾਂ ਬਣ ਰਹੀਆਂ ਹਨ।
ਵਿਵੇਕ ਅਗਨੀਹੋਤਰੀ ਦੀ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਇਸ ਕੜੀ ਦੀ ਸਭ ਤੋਂ ਤਾਜ਼ਾ ਉਦਾਹਰਣ ਹੈ। ਇਨ੍ਹਾਂ ਫ਼ਿਲਮਾਂ ਦੀ ਸਫਲਤਾ ਨੇ ਸਿੱਧ ਕੀਤਾ ਹੈ ਕਿ ਸਮਾਜਿਕ ਵਿਸ਼ਿਆਂ ਨੂੰ ਲੈ ਕੇ ਵੀ ਜੇ ਵਧੀਆ ਵਿਜ਼ਨ ਨਾਲ ਫ਼ਿਲਮਾਂ ਬਣਨ ਤਾਂ ਉਹ ਬਾਕਸ ਆਫਿਸ ’ਤੇ ਵੀ ਸਫਲ ਹੋ ਸਕਦੀਆਂ ਹਨ ਤੇ ਰਾਸ਼ਟਰ ਨਿਰਮਾਣ ’ਚ ਵੀ ਆਪਣਾ ਯੋਗਦਾਨ ਪਾ ਸਕਦੀਆਂ ਹਨ।
–ਪ੍ਰੋ. ਸੰਜੇ ਦਿਵੇਦੀ
‘ਦਿ ਕੇਰਲ ਸਟੋਰੀ’ ’ਚ ਨਜ਼ਰ ਆਵੇਗੀ ਔਰਤਾਂ ਦੀ ਤਸਕਰੀ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ
NEXT STORY