ਮੁੰਬਈ (ਬਿਊਰੋ) - ਬਾਲੀਵੁੱਡ 'ਚ ਲੰਬੇ ਸਮੇਂ ਲਈ ਆਪਣੇ-ਆਪ ਨੂੰ ਸਥਾਪਿਤ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਖ਼ਾਸ ਕਰਕੇ ਗਾਇਕੀ ਨਾਲ ਜੁੜੇ ਲੋਕਾਂ ਲਈ ਕਿਉਂਕਿ ਇਹ ਅਜਿਹਾ ਖੇਤਰ ਹੈ, ਜਿੱਥੇ ਸਿਰਫ਼ ਆਵਾਜ਼ ਰਾਹੀਂ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਸ 'ਚ ਕੁਝ ਗਾਇਕ ਤਾਂ ਕਾਮਯਾਬ ਹੋ ਜਾਂਦੇ ਹਨ ਅਤੇ ਕੁਝ ਫ਼ਿਲਮੀ ਦੁਨੀਆ ਦੀ ਭੀੜ 'ਚ ਕਿੱਧਰੇ ਗੁਆਚ ਜਾਂਦੇ ਹਨ ਪਰ ਅਲਕਾ ਯਾਗਨਿਕ ਅਜਿਹਾ ਨਾਂ ਹੈ, ਜਿਸ ਨੇ ਇਸ ਖ਼ੇਤਰ 'ਚ ਵੱਖਰਾ ਮੁਕਾਮ ਹਾਸਲ ਕੀਤਾ ਹੈ। ਭਾਰਤ ਦੀ ਇਸ ਨਾਮੀ ਗਾਇਕਾ ਨੇ ਬਾਲੀਵੁੱਡ 'ਚ ਨਾ ਸਿਰਫ਼ ਆਪਣੇ ਪੈਰ ਜਮਾਏ ਸਗੋਂ ਤਿੰਨ ਦਹਾਕਿਆਂ ਤਕ ਗਾਇਕੀ ਦੇ ਖ਼ੇਤਰ 'ਚ ਲੋਹਾ ਮਨਵਾਇਆ। ਆਪਣੇ ਨਿਯਮਾਂ 'ਤੇ ਚੱਲ ਕੇ ਫ਼ਿਲਮੀ ਦੁਨੀਆ 'ਚ ਆਪਣੇ-ਆਪ ਨੂੰ ਸਥਾਪਿਤ ਕਰ ਸਕਣਾ ਕਿਸੇ ਵੀ ਮਹਿਲਾ ਲਈ ਸਭ ਤੋਂ ਵੱਡੀ ਚੁਣੌਤੀ ਹੈ। ਉਸ ਨੇ ਇਨ੍ਹਾਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਦੇਸ਼ ਦੀ ਮਕਬੂਲ ਗਾਇਕਾ ਬਣੀ।
ਦੱਸ ਦਈਏ ਕਿ ਅਲਕਾ ਯਾਗਨਿਕ ਦਾ ਜਨਮ 20 ਮਾਰਚ 1966 ਨੂੰ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਹੋਇਆ। ਉਸ ਦੀ ਮਾਂ ਸੁਭਾ ਯਾਗਨਿਕ ਭਾਰਤੀ ਸ਼ਾਸਤਰੀ ਸੰਗੀਤ ਦੀ ਗਾਇਕਾ ਸੀ। ਉਸ ਦੀ ਪੜ੍ਹਾਈ ਕੋਲਕਾਤਾ 'ਚ ਹੀ ਹੋਈ। ਮਹਿਜ਼ 6 ਸਾਲ ਦੀ ਉਮਰ 'ਚ ਹੀ ਉਸ ਨੂੰ 'ਆਲ ਇੰਡੀਆ ਰੇਡੀਓ' ਲਈ ਗਾਉਣ ਦਾ ਮੌਕਾ ਮਿਲਿਆ। ਜਦੋਂ ਉਹ 10 ਸਾਲ ਦੀ ਹੋਈ ਤਾਂ ਆਪਣੀ ਮਾਂ ਨਾਲ ਮੁੰਬਈ ਆ ਗਈ। ਇੱਥੇ ਉਸ ਦੀ ਮੁਲਾਕਾਤ ਬਾਲੀਵੁੱਡ ਦੇ ਸੁਪਰ ਸਟਾਰ ਰਾਜ ਕਪੂਰ ਨਾਲ ਹੋਈ। ਉਨ੍ਹਾਂ ਨੂੰ ਉਸ ਦੀ ਆਵਾਜ਼ ਬਹੁਤ ਪਸੰਦ ਆਈ ਤੇ ਉਸ ਨੂੰ ਨਾਮੀ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ ਨਾਲ ਮਿਲਵਾਇਆ। ਇਸ ਤੋਂ ਬਾਅਦ ਇਸ ਜੋੜੀ ਨੇ ਉਸ ਤੋਂ ਕਈ ਗਾਣੇ ਗਵਾਏ। ਪਿੱਠਵਰਤੀ ਗਾਇਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਉਸ ਨੇ 1979 'ਚ ਕੀਤੀ।
ਬਤੌਰ ਗਾਇਕਾ ਉਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਸੀ ਕਿ ਜਦੋਂ ਉਸ ਨੇ ਗਾਇਕੀ ਨੂੰ ਆਪਣੇ ਕਰੀਅਰ ਵਜੋਂ ਚੁਣਿਆ ਤਾਂ ਉਸ ਸਾਹਮਣੇ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਸਨ। ਉਸ ਲਈ ਆਪਣੇ-ਆਪ ਨੂੰ ਸਾਬਤ ਕਰਨਾ ਬਹੁਤ ਮੁਸ਼ਕਲ ਸੀ ਕਿਉਂਕਿ ਸੰਗੀਤਕਾਰ ਲਤਾ ਤੇ ਆਸ਼ਾ ਨੂੰ ਛੱਡ ਕੇ ਕਿਸੇ ਹੋਰ 'ਤੇ ਵਿਸ਼ਵਾਸ ਕਰਨ ਦਾ ਰਿਸਕ ਨਹੀਂ ਸੀ ਲੈ ਸਕਦੇ ਪਰ ਉਹ ਵੀ ਕਿੱਥੇ ਹਾਰ ਮੰਨਣ ਵਾਲੀ ਸੀ। ਸ਼ੁਰੂਆਤ 'ਚ ਤਾਂ ਉਸ ਨੂੰ ਬਹੁਤ ਹੀ ਘੱਟ ਗਾਉਣ ਦਾ ਮੌਕਾ ਮਿਲਿਆ ਪਰ 1988 'ਚ ਆਈ ਫ਼ਿਲਮ 'ਤੇਜ਼ਾਬ' ਲਈ ਗਾਇਆ ਉਸ ਦਾ ਗਾਣਾ 'ਏਕ ਦੋ ਤੀਨ' ਇੰਨਾ ਸੁਪਰਹਿੱਟ ਹੋਇਆ ਕਿ ਉਹ ਰਾਤੋਂ-ਰਾਤ ਸਟਾਰ ਬਣ ਗਈ। ਉਸ ਦੇ ਇਸ ਗਾਣੇ ਤੋਂ ਬਾਅਦ ਨਾ ਸਿਰਫ਼ ਸੰਗੀਤ ਦੇ ਦੀਵਾਨੇ ਉਸ ਦੀ ਆਵਾਜ਼ 'ਤੇ ਫ਼ਿਦਾ ਹੋ ਗਏ ਸਗੋਂ ਉਸ ਨੂੰ ਬਾਲੀਵੁੱਡ ਦੇ ਕਈ ਵੱਡੇ ਪ੍ਰਾਜੈਕਟ ਵੀ ਮਿਲਣੇ ਸ਼ੁਰੂ ਹੋ ਗਏ। ਉਂਝ ਉਸ ਨੂੰ ਦੁਨੀਆ ਸਾਹਮਣੇ ਲਿਆਉਣ 'ਚ ਸਭ ਤੋਂ ਵੱਡੀ ਭੂਮਿਕਾ ਸੰਗੀਤਕਾਰ ਲਕਸ਼ਮੀਕਾਂਤ-ਪਿਆਰੇਲਾਲ ਦੀ ਹੈ ਪਰ ਬਾਅਦ ਦੇ ਸੰਗੀਤਕਾਰਾਂ ਨੇ ਵੀ ਉਸ ਨੂੰ ਤਰਾਸ਼ਣ 'ਚ ਬਹੁਤ ਵੱਡੀ ਭੂਮਿਕਾ ਨਿਭਾਈ। ਉਸ ਨੇ ਉਦਿਤ ਨਾਰਾਇਣ, ਕੁਮਾਰ ਸਾਨੂ ਤੇ ਸੋਨੂੰ ਨਿਗਮ ਜਿਹੇ ਕਲਾਕਾਰਾਂ ਨਾਲ ਮਿਲ ਕੇ ਕਈ ਹਿੱਟ ਗਾਣੇ ਦਿੱਤੇ। ਉੁਸ ਨੇ ਹਿੰਦੀ ਤੋਂ ਇਲਾਵਾ ਉਰਦੂ, ਗੁਜਰਾਤੀ, ਅਵਧੀ, ਭੋਜਪੁਰੀ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾ ’ਚ ਵੀ ਗਾਣੇ ਗਾਏ ਹਨ। ਅੱਜ ਵੀ ਉਸ ਦੇ ਗਾਏ ਹੋਏ ਗੀਤ ਲੋਕ ਬਹੁਤ ਪਸੰਦ ਕਰਦੇ ਹਨ। ਹਾਲਾਂਕਿ ਹੁਣ ਉਹ ਬਹੁਤ ਘੱਟ ਗਾਉਂਦੀ ਹੈ। ਉਸ ਦਾ ਮੰਨਣਾ ਹੈ ਕਿ ਬਾਲੀਵੁੱਡ 'ਚ ਗੀਤਾਂ ਦੀ ਮਧੁਰਤਾ ਕਿਤੇ ਗੁਆਚ ਗਈ ਹੈ ਅਤੇ ਅਸ਼ਲੀਲਤਾ ਸਿਰ ਚੜ੍ਹ ਕੇ ਬੋਲ ਰਹੀ ਹੈ।
'ਪਾਇਲ ਕੀ ਝਨਕਾਰ' ਨਾਲ ਸ਼ੁਰੂ ਹੋਇਆ ਫ਼ਿਲਮੀ ਸਫ਼ਰ
14 ਸਾਲ ਦੀ ਛੋਟੀ ਉਮਰ 'ਚ ਅਲਕਾ ਯਾਗਨਿਕ ਨੇ ਫ਼ਿਲਮ 'ਪਾਇਲ ਕੀ ਝਨਕਾਰ' 'ਚ 'ਥਿਰਕਤ ਅੰਗ ਲਚਕ ਝੁਕੀ' ਗੀਤ ਗਾਇਆ। ਇਸ ਤੋਂ ਬਾਅਦ ਸਾਲ 1981 'ਚ ਆਈ ਫ਼ਿਲਮ 'ਲਾਵਾਰਿਸ' ਦੇ ਗੀਤ 'ਮੇਰੇ ਅੰਗਨੇ ਮੇਂ ਤੁਮਾਰਾ ਕਿਆ ਕਾਮ ਹੈ' ਨੇ ਉਸ ਨੂੰ ਸ਼ੋਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ। ਇਹ ਗੀਤ ਉਸ ਜ਼ਮਾਨੇ ਦਾ ਸਭ ਤੋਂ ਸੁਪਰਹਿੱਟ ਗੀਤ ਸੀ। 1988 'ਚ ਆਈ ਫ਼ਿਲਮ 'ਤੇਜ਼ਾਬ' ਦੇ ਗੀਤ 'ਏਕ ਦੋ ਤੀਨ' ਲਈ ਉਸ ਨੂੰ ਪਹਿਲੀ ਵਾਰ ਫਿਲਮਫੇਅਰ ਐਵਾਰਡ ਮਿਲਿਆ।
20,000 ਤੋਂ ਵੀ ਜ਼ਿਆਦਾ ਗਾਏ ਨੇ ਗੀਤ
ਅਲਕਾ ਯਾਗਨਿਕ ਨੇ ਹੁਣ ਤਕ ਕਰੀਬ 700 ਫ਼ਿਲਮਾਂ 'ਚ 20,000 ਤੋਂ ਵੀ ਜ਼ਿਆਦਾ ਗਾਣੇ ਗਾਏ ਹਨ। ਇਸ ਤੋਂ ਇਲਾਵਾ ਉਸ ਨੇ ਕਈ ਭਾਸ਼ਾਵਾਂ ’ਚ ਸੁਪਰਹਿੱਟ ਗਾਣੇ ਗਾਏ ਹਨ। 2015 'ਚ ਫ਼ਿਲਮ 'ਤਮਾਸ਼ਾ' 'ਚ ਉਸ ਨੇ ਲੰਬੇ ਸਮੇਂ ਬਾਅਦ ਇਕ ਗੀਤ 'ਅਗਰ ਤੁਮ ਸਾਥ ਹੋ ਤੋਂ' ਗਾਇਆ, ਜੋ ਸੁਪਰਹਿੱਟ ਰਿਹਾ ਅਤੇ ਕਈ ਦਿਨਾਂ ਤਕ ਟਾਪ ਲਿਸਟ 'ਚ ਸ਼ਾਮਲ ਸੀ। ਅੱਜ ਵੀ ਫ਼ਿਲਮ 'ਤੇਜ਼ਾਬ' ਦਾ ਗੀਤ 'ਏਕ ਦੋ ਤੀਨ ਚਾਰ' ਕਿਤੇ ਚੱਲਦਾ ਹੈ ਤਾਂ ਲੋਕ ਨੱਚਣ ਲਈ ਮਜਬੂਰ ਹੋ ਜਾਂਦੇ ਹਨ।
ਓਸਾਮਾ ਬਿਨ ਲਾਦੇਨ ਵੀ ਸੀ ਦੀਵਾਨਾ
ਅਲਕਾ ਯਾਗਨਿਕ ਦੀ ਆਵਾਜ਼ ਦਾ ਜਾਦੂ ਅਜਿਹਾ ਸੀ ਕਿ ਦੁਨੀਆ ਭਰ 'ਚ ਦਹਿਸ਼ਤ ਫੈਲਾਉਣ ਲਈ ਜਾਣਿਆ ਜਾਂਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਵੀ ਉਸ ਦਾ ਦੀਵਾਨਾ ਸੀ। ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਲਾਦੇਨ ਦੀ ਮੌਤ ਤੋਂ ਬਾਅਦ ਕਈ ਚੀਜ਼ਾਂ 'ਚ ਅਲਕਾ ਯਾਗਨਿਕ ਦੇ ਵੀ ਗਾਣਿਆਂ ਦਾ ਰਿਕਾਰਡ ਮਿਲਿਆ।
ਕਈ ਮਾਣ-ਸਨਮਾਨ ਪਏ ਝੋਲੀ
ਅਲਕਾ ਯਾਗਨਿਕ ਨੂੰ ਬਿਹਤਰੀਨ ਗਾਇਕੀ ਲਈ ਕਈ ਮਾਣ-ਸਨਮਾਨ ਮਿਲ ਚੁੱਕੇ ਹਨ। ਉਸ ਨੂੰ ਮਿਲੇ ਪ੍ਰਮੁੱਖ ਸਨਮਾਨਾਂ ’ਚ ਕੌਮੀ ਪੁਰਸਕਾਰ, ਫਿਲਮਫੇਅਰ ਐਵਾਰਡ, ਲਤਾ ਮੰਗੇਸ਼ਕਰ ਐਵਾਰਡ, ਆਈਫਾ ਐਵਾਰਡ, ਸਟਾਰ ਸਕ੍ਰੀਨ ਐਵਾਰਡ, ਜ਼ੀ ਸਿਨੇ ਐਵਾਰਡ ਆਦਿ ਸ਼ਾਮਲ ਹਨ। ਉਹ ਅਜਿਹੀ ਗਾਇਕਾ ਹੈ, ਜਿਸ ਨੂੰ ਸਭ ਤੋਂ ਵੱਧ ਫਿਲਮਫੇਅਰ ਐਵਾਰਡਾਂ ਲਈ ਨਾਮਜ਼ਦ ਹੋਣ ਦਾ ਮਾਣ ਹਾਸਲ ਹੈ।
ਪਿਤਾ ਬਣਨ ਤੋਂ ਪਹਿਲਾਂ ਬੱਚੇ ਲਈ ਸ਼ਾਪਿੰਗ ਕਰ ਰਹੇ ਹਨ ਅਦਾਕਾਰ ਮੋਹਿਤ ਮਲਿਕ
NEXT STORY