ਜਲੰਧਰ (ਬਿਊਰੋ) : ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਤੇ ਰਾਜ ਕੀਤਾ। ਉਨ੍ਹਾਂ ਨੇ ਸੰਗੀਤ ਜਗਤ 'ਚ ਆਪਣੀ ਖ਼ਾਸ ਪਛਾਣ ਬਣਾਉਣ ਲਈ ਅਣਥੱਕ ਮਿਹਨਤ ਕੀਤੀ। ਉਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਪਰ ਸਰੋਤਿਆਂ ਦੇ ਦਿਲਾਂ 'ਚ ਆਪਣੇ ਗੀਤਾਂ ਦੇ ਨਾਲ ਅੱਜ ਵੀ ਉਹ ਜਿਊਂਦੇ ਹਨ। ਉਨ੍ਹਾਂ ਦੇ ਗੀਤ ਭਾਵੇਂ ਉਹ 'ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਕੋਕਾ' ਹੋਵੇ, 'ਤੇਰਾ ਲਿਖ ਦੂੰ ਸਫੇਦਿਆਂ 'ਤੇ ਨਾਂ' ਹੋਵੇ ਜਾਂ ਫਿਰ 'ਰੋਡਵੇਜ਼ ਦੀ ਲਾਰੀ' ਹੋਵੇ, ਹਰ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਸੀ ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਹਿਲੀ ਐਲਬਮ 'ਰੋਡਵੇਜ਼ ਦੀ ਲਾਰੀ' ਬਾਰੇ ਦਿਲ ਨੂੰ ਛੂਹ ਲੈਣ ਵਾਲਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਦਾ ਖੁਲਾਸਾ ਗਾਇਕ ਨੇ ਇੱਕ ਇੰਟਰਵਿਊ 'ਚ ਕੀਤਾ ਸੀ। ਸਰਦੂਲ ਸਿਕੰਦਰ ਦੀ ਅੱਜ ਬਰਥ ਐਨੀਵਰਸਰੀ ਹੈ, ਜਿਸ ਕਰਕੇ ਸੋਸ਼ਲ ਮੀਡੀਆ 'ਤੇ ਸਰਦੂਲ ਸਾਬ੍ਹ ਨੂੰ ਚਾਹੁਣ ਵਾਲੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਤੇ ਗਾਇਕਾ ਅਮਰ ਨੂਰੀ ਨੇ ਵੀ ਇੱਕ ਬੇਹੱਦ ਹੀ ਖ਼ਾਸ ਪੋਸਟ ਸਾਂਝਾ ਕੀਤੀ ਹੈ।
ਦੱਸ ਦਈਏ ਕਿ ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਰਦੂਲ ਸਾਬ੍ਹ ਦੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, 'ਜਨਮਦਿਨ ਮੁਬਾਰਕ ਮੇਰੀ ਜਾਨ ਤੁਸੀਂ ਜਿਸ ਵੀ ਦੁਨੀਆ 'ਚ ਹੋ ਰੱਬ ਤੁਹਾਨੂੰ ਖੁਸ਼ ਰੱਖੇ... ਤੁਹਾਡੀ ਰੂਹ ਨੂੰ ਰੱਬ ਸਕੂਨ 'ਚ ਰੱਖੇ... ਬਹੁਤ ਯਾਦ ਕਰਦੇ ਹਾਂ ਅਸੀਂ ਤੁਹਾਨੂੰ। ਪਤਾ ਨਹੀਂ ਹੁਣ ਕਦੋਂ ਕਿੱਥੇ ਕਿਹੜੇ ਜਨਮ 'ਚ ਮੁਲਾਕਾਤ ਹੋਵੇਗੀ ਆਪਣੀ, ਮੈਂ ਹਰ ਜਨਮ 'ਚ ਇੰਤਜ਼ਾਰ ਕਰਾਂਗੀ ਤੁਹਾਡਾ। ਲਵ ਯੂ ਬਹੁਤ ਸਾਰਾ।' ਇਸ ਪੋਸਟ 'ਤੇ ਪ੍ਰਸ਼ੰਸਕ ਵੀ ਕੁਮੈਂਟ ਕਰਕੇ ਸਰਦੂਲ ਸਿਕੰਦਰ ਸਾਬ੍ਹ ਨੂੰ ਯਾਦ ਕਰ ਰਹੇ ਹਨ। ਪੰਜਾਬੀ ਕਲਾਕਾਰਾਂ ਨੇ ਵੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਦੱਸਣਯੋਗ ਹੈ ਕਿ ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੇ ਪਸੰਦੀਦਾ ਜੋੜੀਆਂ 'ਚ ਇੱਕ ਰਹੇ ਹਨ। ਦੋਵਾਂ ਦੀ ਪਹਿਲੀ ਮੁਲਾਕਾਤ ਇੱਕ ਵਿਆਹ 'ਚ ਅਖਾੜੇ ਦੌਰਾਨ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਰਦੂਲ ਸਿਕੰਦਰ ਨਾਲ ਕਈ ਅਖਾੜੇ ਲਗਾਏ। ਉਨ੍ਹਾਂ ਦੀ ਜੋੜੀ ਲੋਕਾਂ ਨੂੰ ਇੰਨੀਂ ਪਸੰਦ ਆਈ ਕਿ ਅਸਲ ਜ਼ਿੰਦਗੀ 'ਚ ਵੀ ਉਨ੍ਹਾਂ ਦੀ ਜੋੜੀ ਬਣ ਗਈ। ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਸੀ। ਦੋਵਾਂ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਵੇਂ 'ਰੋਡ ਦੇ 'ਤੇ', 'ਮੇਰਾ ਦਿਓਰ', 'ਇੱਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਭਾਵੇਂ ਸਰਦੂਲ ਸਾਬ੍ਹ ਇਸ ਫਾਨੀ ਸੰਸਾਰ ਤੋਂ ਚੱਲੇ ਗਏ ਹਨ ਪਰ ਉਨ੍ਹਾਂ ਦੀ ਯਾਦ ਤੇ ਗੀਤ ਹਮੇਸ਼ਾ ਪ੍ਰਸ਼ੰਸਕਾਂ ਦੇ ਜ਼ਹਿਨ 'ਚ ਤਾਜ਼ਾ ਰਹਿਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਜਦੋਂ ਮਰਹੂਮ ਗਾਇਕ ਸਰਦੂਲ ਸਿਕੰਦਰ ਦੇ ਕੰਮ ਨੂੰ ਇਸ ਕਰਕੇ ਕਰ ਦਿੱਤਾ ਗਿਆ ਸੀ ਅਣਗੌਲਿਆ, ਜਾਣੋ ਪੁਰਾਣਾ ਕਿੱਸਾ
NEXT STORY