ਜਲੰਧਰ (ਬਿਊਰੋ) : ਪਿਛਲੇ ਕਈ ਦਿਨਾਂ ਤੋਂ ਪੰਜਾਬੀ ਗਾਇਕਾ ਜੈਨੀ ਜੌਹਲ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਨਵੇਂ ਗਾਣੇ 'ਲੈਟਰ ਟੂ ਸੀਐੱਮ' ਕਰਕੇ ਚਰਚਾ 'ਚ ਆਈ ਸੀ। ਇਸ ਗੀਤ 'ਚ ਉਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਸੀ। ਇਸ ਦੇ ਨਾਲ-ਨਾਲ ਜੈਨੀ ਜੌਹਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਸਨ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਸ਼ਿਕਾਇਤ 'ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਵਿਵਾਦ ਛਿੜਿਆ ਸੀ। ਇਸੇ ਵਿਵਾਦ ਦਰਮਿਆਨ ਹੁਣ ਜੈਨੀ ਜੌਹਲ ਨੇ ਆਪਣੇ ਅਗਲੇ ਗੀਤ ਦਾ ਐਲਾਨ ਕੀਤਾ ਹੈ। ਜੈਨੀ ਜੌਹਲ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਿਆਂ ਲਿਖਿਆ, "ਤੂਫ਼ਾਨ, ਬਹੁਤ ਜਲਦੀ। ਜੁੜੇ ਰਹੋ ਮੇਰੇ ਨਾਲ।"
ਦੱਸ ਦਈਏ ਕਿ ਇਸ ਗੀਤ ਨੂੰ ਖ਼ੁਦ ਜੈਨੀ ਜੌਹਲ ਨੇ ਲਿਖਿਆ ਹੈ, ਜਿਸ ਨੂੰ ਉਹ ਆਪਣੀ ਬੁਲੰਦ ਆਵਾਜ਼ 'ਚ ਰਿਲੀਜ਼ ਕਰੇਗੀ। ਇਸ ਗੀਤ ਨੂੰ ਪ੍ਰਿੰਸ ਸੱਗੂ ਨੇ ਮਿਊਜ਼ਿਕ ਦਿੱਤਾ ਹੈ, ਜਿਸ ਨੂੰ ਲਾਊਡ ਵੇਵਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ ਸੀਐੱਮ' ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ 'ਚ ਉਸ ਨੇ ਮੂਸੇਵਾਲਾ ਲਈ ਇਨਸਾਫ਼ ਮੰਗਿਆ ਸੀ ਤੇ ਨਾਲ ਹੀ ਸੀਐਮ ਭਗਵੰਤ ਮਾਨ 'ਤੇ ਤਿੱਖੇ ਹਮਲੇ ਵੀ ਕੀਤੇ ਸਨ। ਜੈਨੀ ਦਾ ਗੀਤ ਬੈਨ ਕਰਨ ਮਗਰੋਂ ਲੋਕ ਉਸ ਦੇ ਹੱਕ ’ਚ ਆ ਗਏ ਹਨ ਤੇ ਇਥੋਂ ਤਕ ਕਿ ਰਾਜਨੀਤਕ ਆਗੂ ਵੀ ਜੈਨੀ ਦੇ ਗੀਤ ਦੀ ਤਾਰੀਫ਼ ਕਰ ਰਹੇ ਹਨ ਤੇ ਆਪ ਸਰਕਾਰ ’ਤੇ ਨਿਸ਼ਾਨਾ ਵਿੰਨ੍ਹ ਰਹੇ ਹਨ। ਇਸ ਸਭ ਵਿਚਾਲੇ ਜੈਨੀ ਨੇ ਇਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਉਹ ਆਪਣੀ ਬੇਬਾਕੀ ਦਾ ਪ੍ਰਗਟਾਵਾ ਕਰ ਰਹੀ ਹੈ। ਜੈਨੀ ਪੋਸਟ ’ਚ ਲਿਖਦੀ ਹੈ, ‘‘ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ।’’
ਆਨੰਦ ਆਹੂਜਾ ਦੀ ਇਸ ਗੱਲ ਕਾਰਨ ਸੋਨਮ ਨੇ ਨਹੀਂ ਰੱਖਿਆ ਵਰਤ, ਕਿਹਾ- ‘ਮੇਰੇ ਪਤੀ ਕਰਵਾ ਚੌਥ ਦੇ ਪ੍ਰਸ਼ੰਸਕ ਨਹੀਂ ਹਨ’
NEXT STORY