ਸਾਊਥ ਦੀਆਂ ਫ਼ਿਲਮਾਂ ’ਚ ਆਪਣੀ ਦਮਦਾਰ ਅਦਾਕਾਰੀ ਤੇ ਖ਼ੂਬਸੂਰਤੀ ਨਾਲ ਸਾਰਿਆਂ ਨੂੰ ਕਾਇਲ ਕਰ ਦੇਣ ਵਾਲੀ ਰਸ਼ਮਿਕਾ ਮੰਦਾਨਾ ਫ਼ਿਲਮ ‘ਗੁੱਡਬਾਏ’ ਰਾਹੀਂ ਬਾਲੀਵੁੱਡ ’ਚ ਡੈਬਿਊ ਕਰਨ ਲਈ ਤਿਆਰ ਹੈ। ਇਹ ਫ਼ਿਲਮ 7 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ’ਚ 2 ਦਿੱਗਜ ਕਲਾਕਾਰਾਂ ਅਮਿਤਾਭ ਬੱਚਨ ਤੇ ਨੀਨਾ ਗੁਪਤਾ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਇਨ੍ਹਾਂ ਤੋਂ ਇਲਾਵਾ ਪਵੇਲ ਗੁਲਾਟੀ, ਐਲੀ ਅਵਰਾਮ, ਸੁਨੀਲ ਗਰੋਵਰ ਤੇ ਸਾਹਿਲ ਮਹਿਤਾ ਵਰਗੇ ਕਲਾਕਾਰ ਵੀ ਫ਼ਿਲਮ ’ਚ ਨਜ਼ਰ ਆਉਣਗੇ। ਫ਼ਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਰਸ਼ਮਿਕਾ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼–
ਸਵਾਲ– ਫ਼ਿਲਮ ‘ਗੁੱਡਬਾਏ’ ਨੂੰ ਹਾਂ ਕਹਿਣ ਦਾ ਪਹਿਲਾ ਕਾਰਨ ਕੀ ਸੀ?
ਜਵਾਬ– ਜਦੋਂ ਮੈਂ ਪਹਿਲੀ ਵਾਰ ਇਹ ਸਕ੍ਰਿਪਟ ਪੜ੍ਹੀ ਤਾਂ ਮੈਨੂੰ ਲੱਗਾ ਕਿ ਇਹ ਆਮ ਜਿਹੀ ਫੈਮਿਲੀ ਸਟੋਰੀ ਹੈ ਪਰ ਜਦੋਂ ਵਿਕਾਸ ਸਰ ਨਾਲ ਗੱਲ ਹੋਈ ਤਾਂ ਉਨ੍ਹਾਂ ਦੱਸਿਆ ਕਿ ਇਸ ’ਚ ਅਮਿਤਾਭ ਬੱਚਨ ਤੁਹਾਡੇ ਪਾਪਾ ਦਾ ਕਿਰਦਾਰ ਨਿਭਾਉਣਗੇ। ਇਹ ਸੁਣ ਕੇ ਮੈਨੂੰ ਯਕੀਨ ਹੀ ਨਹੀਂ ਹੋਇਆ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ? ਫਿਰ ਤਾਂ ਮੈਂ ਖ਼ੁਸ਼ੀ ਨਾਲ ਪਾਗਲ ਹੋ ਗਈ। ਉਸ ਤੋਂ ਬਾਅਦ ਜਦੋਂ ਮੈਂ ਆਪਣੇ ਪੇਰੈਂਟਸ ਨੂੰ ਇਹ ਗੱਲ ਦੱਸੀ ਤਾਂ ਉਹ ਇੰਨੇ ਐਕਸਾਈਟਡ ਸਨ ਜਿੰਨੇ ਪਹਿਲਾਂ ਮੇਰੇ ਕਿਸੇ ਕੰਮ ’ਤੇ ਨਹੀਂ ਹੋਏ।
ਸਵਾਲ– ਫ਼ਿਲਮ ‘ਪੁਸ਼ਪਾ’ ਤੋਂ ਬਾਅਦ ਤੁਹਾਡੀ ਲਾਈਫ ਕਿੰਨੀ ਬਦਲੀ ਹੈ?
ਜਵਾਬ– ‘ਪੁਸ਼ਪਾ’ ਤੋਂ ਬਾਅਦ ਮੇਰੀ ਲਾਈਫ ’ਚ ਬਹੁਤ ਤਬਦੀਲੀ ਆਈ ਹੈ। ਸਭ ਤੋਂ ਖ਼ਾਸ ਗੱਲ ਕਿ ਜਦੋਂ ਵੀ ਮੈਂ ਕਿਤੇ ਸਫਰ ’ਤੇ ਜਾਂਦੀ ਹਾਂ ਤਾਂ ਸਾਰੇ ਕਹਿੰਦੇ ਹਨ ‘ਉਹ ਵੇਖੋ ‘ਪੁਸ਼ਪਾ’ ਵਾਲੀ ਜਾਂ ਕੋਈ ਕਹਿੰਦਾ ਹੈ ‘ਵੇਖੋ ਸ਼੍ਰੀਵੱਲੀ’। ਮੈਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ। ਪੂਰੀ ਦੁਨੀਆ ਮੈਨੂੰ ‘ਸ਼੍ਰੀਵੱਲੀ’ ਦੇ ਨਾਂ ਨਾਲ ਜਾਣਦੀ ਹੈ, ਰਸ਼ਮਿਕਾ ਦੇ ਨਾਂ ਨਾਲ ਨਹੀਂ।
ਸਵਾਲ– ਜਦੋਂ ਤੁਸੀਂ 19 ਸਾਲ ਦੇ ਸੀ ਤਾਂ ਤੁਸੀਂ ਕੰਨੜ ਇੰਡਸਟਰੀ ’ਚ ਡੈਬਿਊ ਕੀਤਾ ਸੀ। ਅਜੇ 5 ਸਾਲ ਹੀ ਹੋਏ ਹਨ ਤੇ ਤੁਸੀਂ ਇਸ ਮੁਕਾਮ ’ਤੇ ਹੋ ਤਾਂ ਕਿਵੇਂ ਇਹ ਸਭ ਮੈਨੇਜ ਕਰਦੇ ਹੋ?
ਜਵਾਬ– ਮੈਂ ਸਿਰਫ ਇਹੀ ਕਹਾਂਗੀ ਕਿ ਇਹ ਜਰਨੀ ਬਹੁਤ ਪਿਆਰ ਭਰੀ ਰਹੀ। ਇਹ ਸਭ ਬਹੁਤ ਮਜ਼ੇਦਾਰ ਹੈ ਤੇ ਮੈਂ ਹਮੇਸ਼ਾ ਬਹੁਤ ਗਰਾਊਂਡਿਡ ਰਹਿੰਦੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਰੀਜਨਲ ਐਕਟਰ ਹਾਂ ਕਿਉਂਕਿ ਮੈਂ ਸਾਰਿਆਂ ਨਾਲ ਹਰ ਬੋਲੀ ’ਚ ਗੱਲ ਕਰ ਲੈਂਦੀ ਹਾਂ ਤੇ ਜੋ ਮੈਨੂੰ ਨਹੀਂ ਆਉਂਦਾ, ਉਸ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਹਰ ਭਾਸ਼ਾ ਦੀ ਫ਼ਿਲਮ ਕਰਨੀ ਚਾਹੁੰਦੀ ਹਾਂ।
ਸਵਾਲ– ਬਿੱਗ ਬੀ ਨਾਲ ਸ਼ੂਟਿੰਗ ਦਾ ਪਹਿਲਾ ਦਿਨ ਕਿਹੋ-ਜਿਹਾ ਸੀ, ਕੋਈ ਕਿੱਸਾ?
ਜਵਾਬ– ਮੈਂ ਪਹਿਲੇ ਦਿਨ ਬਹੁਤ ਜ਼ਿਆਦਾ ਨਰਵਸ ਸੀ। ਮੈਨੂੰ ਯਾਦ ਹੈ ਕਿ ਜਦੋਂ ਸ਼ੂਟਿੰਗ ਦਾ ਪਹਿਲਾ ਦਿਨ ਸੀ ਤਾਂ 2 ਦਿਨ ਪਹਿਲਾਂ ਹੀ ਮੇਰਾ ਜਨਮਦਿਨ ਸੀ। ਮੈਂ ਜਦੋਂ ਉਨ੍ਹਾਂ ਨੂੰ ਸੈੱਟ ’ਤੇ ਮਿਲੀ ਤਾਂ ਮੈਂ ਕਿਹਾ, ‘‘ਹਾਏ! ਮੈਂ ਤਾਰਾ ਤੁਹਾਡੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਹਾਂ।’’ ਬਹੁਤ ਮਜ਼ਾ ਆਇਆ। ਮੈਂ ਸੁਪਨਿਆਂ ’ਚ ਜੀਅ ਰਹੀ ਸੀ ਤੇ ਰੋਜ਼ ਰਾਤ ਨੂੰ ਮੰਮੀ-ਪਾਪਾ ਨੂੰ ਫੋਨ ਕਰਕੇ ਦੱਸਦੀ ਸੀ ਕਿ ਅੱਜ ਕੀ-ਕੀ ਹੋਇਆ।
ਸਵਾਲ– ਵਿਕਾਸ ਬਹਿਲ ਨਾਲ ਤੁਹਾਡੀ ਕਿਹੋ-ਜਿਹੀ ਇਕਵੇਸ਼ਨ ਹੈ? ਕੀ ਤੁਸੀਂ ਉਨ੍ਹਾਂ ਦੀ ਪਹਿਲੀ ਫ਼ਿਲਮ ‘ਕੁਈਨ’ ਵੇਖੀ ਹੈ?
ਜਵਾਬ– ਹਾਂ ਮੈਂ ‘ਕੁਈਨ’ ਵੇਖੀ ਹੈ। ਵਿਕਾਸ ਸਰ ਬਹੁਤ ਚੰਗੇ ਹਨ। ਉਨ੍ਹਾਂ ਦਾ ਡਾਇਰੈਕਸ਼ਨ ਤੇ ਉਨ੍ਹਾਂ ਦੀ ਕੰਪਨੀ ਮੈਂ ਸੈੱਟ ’ਤੇ ਇੰਜੁਆਏ ਕੀਤੀ ਹੈ। ਮੈਂ ਉਨ੍ਹਾਂ ਨੂੰ ਪਹਿਲਾਂ ਹੀ ਪੁੱਛ ਲੈਂਦੀ ਸੀ ਕਿ ਸਰ ਇਹ ਸੀਨ ਹੈ, ਕਿਵੇਂ ਕਰਨਾ ਹੈ, ਕੁਝ ਦੱਸੋ। ਉਹ ਕਹਿੰਦੇ ਸਨ ਕਿ ਕੁਝ ਦੱਸਣ ਦੀ ਲੋੜ ਨਹੀਂ। ਇਸ ’ਚ ਤੂੰ ਤਾਰਾ ਹੈ ਤੇ ਉਹ ਤੇਰੇ ਪੇਰੈਂਟਸ। ਇਹ ਤੇਰਾ ਕਿਰਦਾਰ ਹੈ, ਤੈਨੂੰ ਖ਼ੁਦ ਪਤਾ ਹੋਣਾ ਚਾਹੀਦਾ ਹੈ, ਕਿਵੇਂ ਗੱਲ ਕਰਨੀ ਹੈ, ਕੀ ਕਰਨਾ ਹੈ।
ਸਵਾਲ– ਹਿੰਦੀ ਫ਼ਿਲਮ ’ਚ ਕੰਮ ਕਰਨ ਦਾ ਖ਼ਾਸ ਕਾਰਨ?
ਜਵਾਬ– ਜੀ ਹਾਂ, ਉਹ ਕਾਰਨ ਮੇਰੇ ਪ੍ਰਸ਼ੰਸਕ ਹਨ, ਜੋ ਚਾਹੁੰਦੇ ਹਨ ਕਿ ਮੈਂ ਇਥੇ ਆ ਕੇ ਕੰਮ ਕਰਾਂ, ਇਸ ਲਈ ਮੈਂ ਆਈ। ਜਦੋਂ ਫ਼ਿਲਮ ‘ਪੁਸ਼ਪਾ’ ਆਈ ਤਾਂ ਫ਼ਿਲਮ ਨੂੰ ਜੋ ਹੁੰਗਾਰਾ ਮਿਲਿਆ, ਉਸੇ ਕਾਰਨ ਮੈਂ ਅੱਜ ‘ਗੁੱਡਬਾਏ’ ਦੇ ਨਾਲ ਇਥੇ ਹਾਂ।
ਸਵਾਲ– ਇਥੇ ਆ ਕੇ ਕਿਹੋ-ਜਿਹਾ ਫੀਲ ਕਰ ਰਹੇ ਹੋ?
ਜਵਾਬ– ਮੈਂ ਬਹੁਤ ਐਕਸਾਈਟਿਡ ਹਾਂ, ਬਹੁਤ ਜ਼ਿਆਦਾ ਖ਼ੁਸ਼ ਹਾਂ। ਮੈਂ ਪਹਿਲੀ ਵਾਰ ਹਿੰਦੀ ’ਚ ਇੰਟਰਵਿਊ ਦੇ ਰਹੀ ਹਾਂ। ਕੁਝ ਗਲਤੀਆਂ ਹੋ ਜਾਣ ਤਾਂ ਮੁਆਫ਼ ਕਰਨਾ। ਫ਼ਿਲਮ ਬਹੁਤ ਮਜ਼ੇਦਾਰ ਤੇ ਵੇਖਣ ਲਾਇਕ ਹੈ।
ਸਵਾਲ– ਸੋਸ਼ਲ ਮੀਡੀਆ ’ਤੇ ਤੁਹਾਡੇ 33 ਮਿਲੀਅਨ ਫਾਲੋਅਰਜ਼ ਹਨ। ਕੀ ਤੁਸੀਂ ਜਿਸ ਤਰ੍ਹਾਂ ਦੇ ਹੋ, ਖ਼ੁਦ ਨੂੰ ਉਸ ਤਰ੍ਹਾਂ ਦੇ ਹੀ ਸੋਸ਼ਲ ਮੀਡੀਆ ’ਤੇ ਵਿਖਾਉਂਦੇ ਹੋ ਜਾਂ ਪਰਸਨਲ ਲਾਈਫ ’ਚ ਕੁਝ ਵੱਖਰੇ ਹੋ?
ਜਵਾਬ– ਨਹੀਂ-ਨਹੀਂ ਅਜਿਹਾ ਨਹੀਂ ਹੈ। ਮੇਰੀ ਫੈਮਿਲੀ, ਮੇਰੇ ਦੋਸਤ, ਇਹ ਸਭ ਪ੍ਰਾਈਵੇਟ ਹਨ ਪਰ ਮੈਂ ਇਕ ਆਮ ਇਨਸਾਨ ਹੀ ਹਾਂ ਤੇ ਉਸੇ ਅਨੁਸਾਰ ਖ਼ੁਦ ਨੂੰ ਵਿਖਾਉਂਦੀ ਹਾਂ। ਮੈਂ ਧਿਆਨ ਰੱਖਦੀ ਹਾਂ ਕਿ ਜਿਹੜੀ ਵੀ ਫੋਟੋ ਅਪਲੋਡ ਕਰਾਂ, ਉਸ ਦੀ ਕੈਪਸ਼ਨ ਚੰਗੀ ਹੋਵੇ।
ਹਾਲੀਵੁੱਡ ਗਾਇਕਾ ਲੋਰੇਟਾ ਲਿਨ ਦਾ ਹੋਇਆ ਦਿਹਾਂਤ
NEXT STORY