ਕੁਝ ਕਹਾਣੀਆਂ ਤੁਹਾਨੂੰ ਸੋਚਣ ਲਈ ਮਜਬੂਰ ਕਰਦੀਆਂ ਹਨ, ਕੁਝ ਡਰਾਉਂਦੀਆਂ ਹਨ ਪਰ ਫਿਰ ਆਉਂਦੀ ਹੈ ‘ਮੰਡਲਾ ਮਰਡਰਜ਼’, ਜੋ ਤੁਹਾਨੂੰ ਕਹਾਣੀ ਦਾ ਹਿੱਸਾ ਬਣਾ ਦਿੰਦੀ ਹੈ। ਨੈੱਟਫਲਿਕਸ ਦੀ ਇਸ ਸੀਰੀਜ਼ ਨੇ ਦਿਖਾਇਆ ਕਿ ਜਦੋਂ ਡਾਇਰੈਕਸ਼ਨ, ਪਰਫਾਰਮੈਂਸ ਤੇ ਸਕ੍ਰਿਪਟ ਤਿੰਨੋਂ ਆਪਣੀ ਥਾਂ ’ਤੇ ਹੋਣ ਤਾਂ ਜਾਦੂ ਕਿਵੇਂ ਚਲਦਾ ਹੈ। ‘ਮੰਡਲਾ ਮਰਡਰਜ਼’ 25 ਜੁਲਾਈ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ’ਚ ਕਹਾਣੀ ਨੂੰ ਬਿਲਕੁਲ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਸੀਰੀਜ਼ ’ਚ ਵਾਣੀ ਕਪੂਰ, ਸੁਰਵੀਨ ਚਾਵਲਾ ਅਤੇ ਵੈਭਵ ਰਾਜ ਗੁਪਤਾ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਹਨ ਅਤੇ ਇਸ ਨੂੰ ਗੋਪੀ ਪੁਥਰਨ ਨੇ ਨਿਰਦੇਸ਼ਿਤ ਕੀਤਾ ਹੈ। ਸੀਰੀਜ਼ ਦੀ ਲੀਡ ਐਕਟਰ ਵਾਣੀ ਕਪੂਰ ਅਤੇ ਡਾਇਰੈਕਟਰ ਗੋਪੀ ਪੁਥਰਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਲਈ ਪੱਤਰਕਾਰ ਸੰਦੇਸ਼ ਔਲਖ ਸ਼ਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ ...
ਇਸ ਕਿਰਦਾਰ ਲਈ ਕੀਤੀ ਸੀ ਖੋਜ : ਵਾਣੀ ਕਪੂਰ
ਪ੍ਰ. ਜੋ ‘ਮੰਡਲਾ ਮਰਡਰਜ਼’ ਨੂੰ ਹੁੰਗਾਰਾ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ?
-ਜਦੋਂ ਵੀ ਕੋਈ ਕਹਿੰਦਾ ਹੈ ਕਿ ‘ਮੰਡਲਾ ਮਰਡਰਜ਼’ ਦੀ ਕਹਾਣੀ ਬਹੁਤ ਚੰਗੀ ਲੱਗੀ ਤਾਂ ਇਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲਾ ਅਨੁਭਵ ਹੁੰਦਾ ਹੈ। ਮੈਂ ਬਹੁਤ ਖ਼ੁਸ਼ ਹਾਂ ਅਤੇ ਦਿਲੋਂ ਧੰਨਵਾਦੀ ਹਾਂ ਕਿ ਜੋ ਕੁਝ ਵੀ ਨਵਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਲੋਕਾਂ ਨਾਲ ਜੁੜ ਸਕਿਆ ਅਤੇ ਇਸ ਲਈ ਮੈਂ ਗੋਪੀ ਸਰ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ।
ਪ੍ਰ. ਕ੍ਰਾਈਮ ਥ੍ਰਿਲਰ ਸੀਰੀਜ਼ ਦਾ ਹਿੱਸਾ ਬਣਨ ਦਾ ਅਨੁਭਵ ਕਿਹੋ ਜਿਹਾ ਰਿਹਾ?
-ਮੈਨੂੰ ਇਹ ਕਿਰਦਾਰ ਨਿਭਾਅ ਕੇ ਸੱਚਮੁਚ ਬਹੁਤ ਚੰਗਾ ਲੱਗਾ। ਰੀਆ ਥਾਮਸ ਵਰਗਾ ਕਿਰਦਾਰ ਮੈਨੂੰ ਪਹਿਲਾਂ ਕਦੇ ਨਿਭਾਉਣ ਦਾ ਮੌਕਾ ਨਹੀਂ ਮਿਲਿਆ ਸੀ। ਜਿਸ ਚੀਜ਼ ਨੇ ਮੈਨੂੰ ਸਭ ਤੋਂ ਵੱਧ ਆਕਰਸ਼ਿਤ ਕੀਤਾ, ਉਹ ਸੀ ਇਸ ਕਹਾਣੀ ਦੀ ਗੁੰਝਲਤਾ ਤੇ ਡੂੰਘਾਈ। ਗੋਪੀ ਸਰ ਦੀ ਇਕ ਬਹੁਤ ਹੀ ਵੱਖਰੀ ਅਤੇ ਖ਼ਾਸ ਕਹਾਣੀ ਕਹਿਣ ਦੀ ਸ਼ੈਲੀ ਹੈ, ਉਹ ਰੂਟੇਡ ਹਨ, ਇਮੋਸ਼ਨਲ ਹਨ ਤੇ ਉਨ੍ਹਾਂ ਦੀਆਂ ਕਹਾਣੀਆਂ ਵਿਚ ਇਕ ਅਚਨਚੇਤ ਮੋੜ ਵੀ ਹੁੰਦਾ ਹੈ, ਜੋ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਕਹਾਣੀ ’ਚ ਹਰ ਕਿਰਦਾਰ ਇਕ-ਦੂਜੇ ਤੋਂ ਬਿਲਕੁਲ ਵੱਖਰਾ ਹੈ ਪਰ ਜਦੋਂ ਉਹ ਮਿਲ ਕੇ ਇੱਕ ਰਹੱਸ ਨੂੰ ਸੁਲਝਾਉਣ ਲਈ ਇਕੱਠੇ ਹੁੰਦੇ ਹਨ ਤਾਂ ਉਹ ਸਫ਼ਰ ਬਹੁਤ ਆਕਰਸ਼ਕ ਹੁੰਦਾ ਹੈ। ਇਹ ਕਿਰਦਾਰ ਇੰਨਾ ਵੱਖਰਾ ਸੀ ਕਿ ਮੈਨੂੰ ਸ਼ੁਰੂਆਤ ’ਚ ਥੋੜ੍ਹੀ ਘਬਰਾਹਟ ਵੀ ਹੋਈ ਸੀ ਕਿ ਕੀ ਮੈਂ ਇਸ ਨੂੰ ਸਹੀ ਢੰਗ ਨਾਲ ਨਿਭਾਅ ਸਕਾਂਗੀ? ਕੀ ਲੋਕ ਇਸ ਨੂੰ ਸਵੀਕਾਰ ਕਰਨਗੇ? ਇਸ ਕਿਰਦਾਰ ਨੂੰ ਬਹੁਤ ਹੀ ਵਿਲੱਖਣ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਸੀ ਤੇ ਸ਼ਾਇਦ ਇਸੇ ਲਈ ਇਹ ਸਫ਼ਰ ਮੇਰੇ ਲਈ ਹੋਰ ਵੀ ਜ਼ਿਆਦਾ ਖ਼ਾਸ ਬਣ ਗਿਆ।
ਪ੍ਰ. ਇਸ ਕਿਰਦਾਰ ਦੀ ਮਾਨਸਿਕਤਾ ਨੂੰ ਸਮਝਣ ’ਚ ਕਿੰਨਾ ਸਮਾਂ ਲੱਗਿਆ ਅਤੇ ਇਸ ਨੂੰ ਕਿਵੇਂ ਸਮਝਿਆ?
- ਮੈਂ ਇਸ ਕਿਰਦਾਰ ਲਈ ਖੋਜ ਵੀ ਕੀਤੀ ਸੀ ਅਤੇ ਗੋਪੀ ਸਰ ਨਾਲ ਲਗਾਤਾਰ ਗੱਲਬਾਤ ਵੀ ਕਰਦੀ ਰਹਿੰਦੀ ਸੀ। ਜੋ ਸੰਖੇਪ ਅਤੇ ਇਸ ਦੀ ਬਣਤਰ ਸੀ, ਉਹ ਇਹੋ ਕਹਿੰਦੀ ਸੀ ਕਿ ਉਹ ਇਕ ਕਾੱਪ ਹੈ ਪਰ ਇਕ ਅਜਿਹੀ ਕਾੱਪ, ਜੋ ਆਪਣੇ ਨਾਲ ਇਕ ਡੂੰਘਾ ਬੈਗੇਜ਼ ਲੈ ਕੇ ਚੱਲਦੀ ਹੈ। ਉੱਥੇ ਹੀ ਰੀਆ ਥਾਮਸ ਉਸ ਦੁਨੀਆ ਵਿਚ ਬਿਲਕੁਲ ਵੱਖਰੀ ਸੀ ਇਕ ਆਊਟਸਾਈਡਰ, ਜੋ ਕਿਤੇ ਹੋਰ ਥਾਂ ਤੋਂ ਇਸ ਕੇਸ ਨੂੰ ਸੁਲਝਾਉਣ ਲਈ ਆਈ ਸੀ। ਉਸ ਦਾ ਸੁਭਾਅ ਚਮਕੀਲਾ ਜਾਂ ਬਹੁਤ ਜ਼ਿਆਦਾ ਸਮਾਰਟ ਨਹੀਂ ਸੀ। ਉਸ ਅੰਦਰ ਇਕ ਨਿਯੰਤਰਿਤ ਚੁੱਪੀ ਸੀ। ਇਸ ਕਿਰਦਾਰ ਨੂੰ ਕਿਸੇ ਵੀ ਕਿਸਮ ਦਾ ਗਲੈਮਰ ਜਾਂ ਕਿਊਟਨੈੱਸ ਦੀ ਲੋੜ ਨਹੀਂ ਸੀ, ਇਸ ਨੂੰ ਸਿਰਫ਼ ਇਮਾਨਦਾਰੀ ਅਤੇ ਦ੍ਰਿੜ੍ਹਤਾ ਦੀ ਲੋੜ ਸੀ। ਇਕ ਅਜਿਹਾ ਇੰਟੈਲੀਜੈਂਸ ਸੀ ਉਸ ਅੰਦਰ, ਜੋ ਗੁੰਝਲਦਾਰ ਸੀ, ਉਹ ਤੇਜ਼-ਤਰਾਰ ਸੀ ਪਰ ਸ਼ਾਂਤ ਸੀ। ਉਸ ਦੇ ਕਿਰਦਾਰ ਦੀਆਂ ਪਰਤਾਂ ਬਹੁਤ ਅੰਦਰੂਨੀ ਸਨ। ਜਿਵੇਂ ਜੇ ਤੁਸੀਂ ਕਦੇ ਕਿਸੇ ਪੀ. ਟੀ. ਐੱਸ. ਡੀ. ਪੀੜਤ ਵਿਅਕਤੀ ਨੂੰ ਦੇਖਦੇ ਹੋ ਤਾਂ ਉਹ ਬਹੁਤ ਐਕਸਪ੍ਰੈਸਿਵ ਨਹੀਂ ਹੁੰਦਾ, ਆਪਣੀਆਂ ਨਿੱਜੀ ਚੀਜ਼ਾਂ ਨੂੰ ਆਸਾਨੀ ਨਾਲ ਸਾਂਝਾ ਨਹੀਂ ਕਰਦਾ, ਰੀਆ ਵੀ ਅਜਿਹੀ ਹੀ ਸੀ, ਇਸ ਲਈ ਮੇਰੇ ਲਈ ਸਭ ਤੋਂ ਵੱਡੀ ਚੁਣੌਤੀ ਇਹੋ ਸੀ ਕਿ ਕਿਵੇਂ ਉਸ ਕਿਰਦਾਰ ਦੀ ਸਾਰੀ ਕੰਪਲੈਕਸਿਟੀ ਨੂੰ ਇਕਦਮ ਸਹੀ ਤਰੀਕੇ ਨਾਲ ਦਿਖਾਇਆ ਜਾਵੇ। ਉਸ ਫਰੇਮਵਰਕ ਅੰਦਰ ਰਹਿ ਕੇ ਉਸ ਕਿਰਦਾਰ ਨੂੰ ਇਮਾਨਦਾਰੀ ਨਾਲ ਨਿਭਾੳਣਾ, ਇਹੋ ਸਭ ਤੋਂ ਵੱਧ ਚੁਣੌਤੀਪੂਰਨ ਅਨੁਭਵ ਸੀ।
ਪ੍ਰ. ਜਦੋਂ ਸੀਰੀਜ਼ ਬਣ ਰਹੀ ਸੀ ਤਾਂ ਤੁਹਾਡਾ ਮਾਈਂਡਸੈੱਟ ਕੀ ਸੀ?
-ਮੈਂ ਤਾਂ ਬਹੁਤ ਖ਼ੁਸ਼ ਹਾਂ, ਜਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ। ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ ਕੁਝ ਨਵਾਂ ਲਿਆਉਣਾ ਕਿਉਂਕਿ ਜਾਂ ਤਾਂ ਇਹ ਬਹੁਤ ਸਹੀ ਜਾਂਦਾ ਹੈ ਜਾਂ ਫਿਰ ਬਹੁਤ ਗ਼ਲਤ ਹੋ ਸਕਦਾ ਹੈ, ਇਸ ਲਈ ਇਹ ਚੁਣੌਤੀਪੂਰਨ ਵੀ ਹੈ ਅਤੇ ਐਕਸਾਈਟਿੰਗ ਵੀ ਹੈ ਕਿ ਇਸ ਕਹਾਣੀ, ਇਸ ਦੁਨੀਆ ਨੂੰ ਜੋ ਕਿ ਕਾਫ਼ੀ ਵੱਖਰੀ ਹੈ, ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਇਹ ਸਫ਼ਰ ‘ਦਿ ਰੋਡ ਲੈੱਸ ਟ੍ਰੈਵਲਡ’ ਵਰਗਾ ਸੀ: ਗੋਪੀ ਪੁਥਰਨ
ਪ੍ਰ. ‘ਮੰਡਲਾ ਮਰਡਰਜ਼’ ਲਈ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਹੈ?
-ਜਦੋਂ ਅਸੀਂ ਇਸ ਪ੍ਰਾਜੈਕਟ ਨੂੰ ਬਣਾ ਰਹੇ ਸੀ ਤਾਂ ਸਾਨੂੰ ਇਸ ਗੱਲ ਦੀ ਸਮਝ ਸੀ ਕਿ ਅਸੀਂ ਇਕ ਅਜਿਹੇ ਰਾਹ ’ਤੇ ਚੱਲ ਰਹੇ ਹਾਂ, ਜਿਸ ਨੂੰ ‘ਦਿ ਰੋਡ ਲੈੱਸ ਟ੍ਰੈਵਲਡ’ ਕਿਹਾ ਜਾਂਦਾ ਹੈ ਯਾਨੀ ਕਿ ਇਕ ਅਜਿਹੀ ਦਿਸ਼ਾ ਜਿੱਥੇ ਪਹਿਲਾਂ ਜ਼ਿਆਦਾ ਲੋਕ ਨਹੀਂ ਗਏ। ਇਸ ਦਾ ਮਤਲਬ ਸੀ ਕਿ ਸਾਨੂੰ ਇਸ ਜੰਗਲ ਵਿਚ ਆਪਣਾ ਰਸਤਾ ਖ਼ੁਦ ਬਣਾਉਣਾ ਪਵੇਗਾ ਭਾਵੇਂ ਰਸਤੇ ਵਿਚ ਪੱਥਰ ਤੋੜਨੇ ਹੋਣ ਜਾਂ ਨਵੀਂ ਦਿਸ਼ਾ ਤੈਅ ਕਰਨੀ ਹੋਵੇ। ਇਸ ਲਈ ਜਦੋਂ ਇਹ 25 ਤਰੀਕ ਨੂੰ ਇਹ ਰਿਲੀਜ਼ ਹੋਈ ਤਾਂ ਮਨ ਵਿਚ ਇਕ ਬੇਚੈਨੀ ਜ਼ਰੂਰ ਸੀ ਕਿ ਪਤਾ ਨਹੀ ਕੀ ਹੋਵੇਗਾ ਕਿਉਂਕਿ ਇਹ ਕੋਈ ਆਮ ਜਾਂ ਆਸਾਨ ਗੱਲ ਨਹੀਂ ਸੀ ਅਤੇ ਇਸ ਨੂੰ ਬਹੁਤ ਆਸਾਨੀ ਨਾਲ ਨਕਾਰਿਆ ਵੀ ਜਾ ਸਕਦਾ ਸੀ ਪਰ ਪਿਛਲੇ ਇਕ ਹਫ਼ਤੇ ’ਚ ਜੋ ਸਭ ਤੋਂ ਵਧੀਆ ਅਨੁਭਵ ਰਿਹਾ, ਉਹ ਸੀ ਵੱਖ-ਵੱਖ ਥਾਵਾਂ ਤੋਂ ਆਏ ਮੈਸੇਜ ਤੇ ਉਨ੍ਹਾਂ ਸਾਰਿਆਂ ਵਿਚ ਇਕ ਗੱਲ ਸਾਂਝੀ ਸੀ। ਸਾਰਿਆਂ ਨੇ ਕਿਹਾ ਕਿ ਇਹ ਕਿੰਨਾ ਯੂਨੀਕ ਕੰਸੈਪਟ ਹੈ। ਕਿਵੇਂ ਇਹ ਸੀਰੀਜ਼ ਇਕ ਬਿਲਕੁਲ ਵੱਖਰੀ ਦੁਨੀਆ ਵਿਚ ਲੈ ਜਾਂਦੀ ਹੈ। ਜਦੋਂ ਮੈਂ ਇਹ ਸਭ ਪੜ੍ਹਿਆ ਅਤੇ ਸੁਣਿਆ ਤਾਂ ਇਮਾਨਦਾਰੀ ਨਾਲ ਕਹਾਂ ਕਿ ਪਿਛਲੇ ਸਾਢੇ ਚਾਰ ਸਾਲਾਂ ਦੀ ਸਖ਼ਤ ਮਿਹਨਤ, ਜੋ ਅਸੀਂ ਪੂਰੀ ਟੀਮ ਨਾਲ ਕੀਤੀ, ਉਹ ਪੂਰੀ ਤਰ੍ਹਾਂ ਰੰਗ ਲਿਆਈ। ਉਹ ਅਹਿਸਾਸ ਸੱਚਮੁੱਚ ਬਹੁਤ ਸਕੂਨ ਦੇਣ ਵਾਲਾ ਸੀ।
ਪ੍ਰ. ਸੀਰੀਜ਼ ਬਣਾਉਣ ਸਮੇਂ ਸਭ ਤੋਂ ਚੁਣੌਤੀਪੂਰਨ ਕੀ ਲੱਗਾ?
-ਮੇਰੇ ਲਈ ਸਭ ਤੋਂ ਚੁਣੌਤੀਪੂਰਨ ਹਿੱਸਾ ਉਹ ਸਮਾਂ ਸੀ, ਜਦੋਂ ਅਸੀਂ ਇਸ ਪ੍ਰਾਜੈਕਟ ’ਤੇ ਲਗਾਤਾਰ ਚਾਰ ਸਾਲਾਂ ਤੋਂ ਕੰਮ ਕਰ ਰਹੇ ਸੀ। ਇੰਨੇ ਲੰਬੇ ਸਮੇਂ ’ਚ ਇਕ ਅਜਿਹਾ ਮੋੜ ਆਉਂਦਾ ਹੈ ਜਦੋਂ ਹਰ ਪਾਸਿਓਂ ਤੂਫ਼ਾਨ ਆਉਂਦਾ ਹੈ, ਬਾਹਰੋਂ ਵੀ ਅਤੇ ਅੰਦਰੋਂ ਵੀ ਤੇ ਉਦੋਂ ਤੁਹਾਡੇ ਸਾਹਮਣੇ ਕੁਝ ਬੁਨਿਆਦੀ, ਹੋਂਦ ਨਾਲ ਜੁੜੇ ਸਵਾਲ ਖੜ੍ਹੇ ਹੋ ਜਾਂਦੇ ਹਨ, ਕੀ ਅਸੀਂ ਜੋ ਕਰ ਰਹੇ ਹਾਂ ਉਹ ਸਹੀ ਹੈ? ਕੀ ਇਸ ਦੀ ਸੱਚਮੁੱਚ ਜ਼ਰੂਰਤ ਹੈ? ਕੀ ਇਹ ਸਭ ਬੇਕਾਰ ਤਾਂ ਨਹੀਂ ਜਾ ਰਿਹਾ? ਇਨ੍ਹਾਂ ਸਵਾਲਾਂ ਦਾ ਸਾਹਮਣਾ ਸਿਰਫ਼ ਮੈਂ ਹੀ ਨਹੀਂ ਕੀਤਾ, ਵਾਣੀ ਨੇ ਵੀ ਕੀਤਾ, ਵੈਭਵ, ਸੁਰਵੀਨ, ਸਾਡੇ ਡੀ.ਓ.ਪੀ. ਤੇ ਸਾਡੇ ਨਿਰਮਾਤਾ ਨੇ ਵੀ ਕੀਤਾ। ਇਕ ਸਾਲ ਦਾ ਪ੍ਰੀ-ਪ੍ਰੋਡਕਸ਼ਨ ਸੀ। ਮੈਂ ਇਕ ਉਦਾਹਰਨ ਦੇਵਾਂ ਤਾਂ ਜਿਹੜਾ ਯੰਤਰ ਤੁਸੀਂ ਸਕ੍ਰੀਨ ’ਤੇ ਦੇਖਿਆ, ਉਸ ਨੂੰ ਇੰਜੀਨੀਅਰਾਂ ਤੇ ਆਰਕੀਟੈਕਟਾਂ ਨੇ ਮਿਲ ਕੇ ਡਿਜ਼ਾਈਨ ਕੀਤਾ। ਮੈਨੂੰ ਉਸ ਦੀ ਡਿਜ਼ਾਈਨਿੰਗ ’ਚ ਚਾਰ ਮਹੀਨੇ ਲੱਗੇ ਤੇ ਉਸ ਨੂੰ ਬਣਵਾਉਣ ’ਚ ਵੀ ਚਾਰ ਮਹੀਨੇ ਲੱਗੇ ਅਤੇ ਇਹ ਤਾਂ ਸਿਰਫ਼ ਇਕ ਉਦਾਹਰਨ ਹੈ। ਇਸ ਤਰ੍ਹਾਂ ਇਕ-ਇਕ ਕਰ ਕੇ ਅਸੀਂ ਪੂਰੀ ਦੁਨੀਆ ਰਚੀ ਹੈ।
ਪ੍ਰ. ਜਦੋਂ ਤੁਸੀਂ ਇਸ ਸੀਰੀਜ਼ ਨੂੰ ਲਿਖ ਰਹੇ ਸੀ ਤਾਂ ਤੁਹਾਡੇ ਦਿਮਾਗ਼ ’ਚ ਰੀਅਲ ਲਾਈਫ ਕੇਸ ਸਟੱਡੀ ਆਈ ਸੀ?
-ਬਿਲਕੁਲ ਨਹੀਂ ਅਤੇ ਮੈਂ ਇਹ ‘ਬਿਲਕੁਲ’ ਸ਼ਬਦ ਵਾਰ-ਵਾਰ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਮੇਰੀ ਪਿਛਲੀ ਫਿਲਮ ‘ਮਰਦਾਨੀ’ ਸੀ, ਉਹ ਪੂਰੀ ਤਰ੍ਹਾਂ ਰੀਅਲ ਲਾਈਫ ਕੇਸਾਂ ’ਤੇ ਆਧਾਰਤ ਸੀ। ਉਨ੍ਹਾਂ ਕੇਸਾਂ ਤੋਂ ਫੈਕਟਸ ਲੈ ਕੇ ਉਨ੍ਹਾਂ ਦੇ ਇਰਦ-ਗਿਰਦ ਫਿਕਸ਼ਨ ਬੁਣਿਆ ਗਿਆ ਸੀ ਪਰ ਇਸ ਵਾਰ ਮੈਂ ਉਹੀ ਪੈਟਰਨ ਨਹੀਂ ਸੀ ਦੁਹਰਾਉਣਾ ਚਾਹੁੰਦਾ। ‘ਮੰਡਲਾ’ ’ਚ ਮੈਂ ਆਪਣੇ ਅਵਚੇਤਨ ਮਨ ਨੂੰ ਪੂਰੀ ਤਰ੍ਹਾਂ ਖੁੱਲ੍ਹਾ ਛੱਡ ਦਿੱਤਾ। ਉਹ ਕਹਾਣੀਆਂ ਜੋ ਅਸੀਂ ਬਚਪਨ ਵਿਚ ਸੁਣੀਆਂ ਸੀ, ਜੋ ਅਸੀਂ ਟੀ. ਵੀ. ’ਤੇ ਦੇਖੀਆਂ ਸੀ, ਜੋ ਹੈਰਾਨੀ ਨਾਲ ਭਰੀਆਂ ਹੁੰਦੀਆਂ ਸਨ, ਜਿਵੇਂ ਇਕ ਰਸ ਹੁੰਦਾ ਹੈ ‘ਵਿਸਮਯ ਰਸ’, ਜੋ ਤੁਹਾਨੂੰ ਹੈਰਾਨ ਕਰਦਾ ਹੈ, ਚਮਤਕਾਰਤ ਕਰਦਾ ਹੈ, ਅਜਿਹੀਆਂ ਕਹਾਣੀਆਂ ਹੁਣ ਬਹੁਤ ਘੱਟ ਹੋ ਗਈਆਂ ਹਨ ਤਾਂ ਮੇਰੇ ਅੰਦਰ ਕਿਤੇ ਨਾ ਕਿਤੇ ਇਹ ਭਾਵਨਾ ਸੀ ਕਿ ਕਿਉਂ ਨਾ ਪਹਿਲਾਂ ਖ਼ੁਦ ਨੂੰ ਅਤੇ ਫਿਰ ਬਾਕੀ ਦਰਸ਼ਕਾਂ ਨੂੰ ਅਜਿਹੀ ਕਹਾਣੀ ਸੁਣਾਈ ਜਾਵੇ।
ਪ੍ਰ. ਕਹਾਣੀ ਦੇ ਪੇਪਰ ਤੋਂ ਸਕ੍ਰੀਨ ਤੱਕ ਆਉਣ ਦਾ ਸਫ਼ਰ ਕਿਵੇਂ ਰਿਹਾ? ਕੀ ਕੁਝ ਅਜਿਹਾ ਹੈ ਜੋ ਪਹਿਲਾਂ ਸਕ੍ਰਿਪਟ ’ਚ ਸੀ ਅਤੇ ਬਾਅਦ ਵਿਚ ਬਦਲਣਾ ਪਿਆ?
ਬਿਲਕੁਲ, ਬਿਲਕੁਲ ਕਿਉਂਕਿ ਬਤੌਰ ਸਕ੍ਰਿਪਟ ਲੇਖਕ ਤੇ ਨਿਰਦੇਸ਼ਕ ਜਦੋਂ ਮੈਂ ਦੋਵੇਂ ਭੂਮਿਕਾਵਾਂ ਨਿਭਾਅ ਰਿਹਾ ਹੁੰਦਾ ਹਾਂ ਤਾਂ ਇਕ ਗੱਲ ਮੇਰੇ ਲਈ ਹਮੇਸ਼ਾ ਸਪੱਸ਼ਟ ਹੁੰਦੀ ਹੈ ਕਿ ਸਕ੍ਰਿਪਟ ਇਕ ਵਧੀਆ ਮਾਰਗਦਰਸ਼ਕ ਵਜੋਂ ਕੰਮ ਕਰਦੀ ਹੈ ਅਤੇ ਜ਼ਰੂਰੀ ਨਹੀਂ ਕਿ ਇਸ ਨੂੰ ਬਿਲਕੁਲ ਉਵੇਂ ਹੀ ਸ਼ੂਟ ਕੀਤਾ ਜਾਵੇ, ਅਸਲ ਗੱਲ ਹੈ ਉਸ ਦੀ ‘ਸਪਿਰਟ’ ਨੂੰ ਸਮਝਣਾ ਤੇ ਉਸ ਨੂੰ ਫੜਨਾ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਤੁਸੀਂ ਕੁਝ ਲਿਖਿਆ ਹੈ ਪਰ ਜਦੋਂ ਤੁਸੀਂ ਉਸ ਨੂੰ ਵਿਜ਼ੂਅਲੀ ਦੇਖਦੇ ਹੋ, ਮਹਿਸੂਸ ਕਰਦੇ ਹੋ ਤਾਂ ਉਹ ਖ਼ੁਦ ਤੁਹਾਨੂੰ ਦੱਸਣ ਲੱਗਦੀ ਹੈ ਕਿ ਉਸ ਨੂੰ ਕਿਸ ਦਿਸ਼ਾ ਵਿਚ ਜਾਣਾ ਹੈ। ਜਿਵੇਂ ਵਾਣੀ ਨੇ ਹੁਣੇ ਖ਼ੂਬਸੂਰਤੀ ਨਾਲ ਦੱਸਿਆ ਕਿ ਰੀਆ ਦਾ ਕਿਰਦਾਰ ਕਿਵੇਂ ਦਾ ਸੀ, ਇਸ ਲਈ ਮੇਰਾ ਕੰਮ ਸੀ ਕਿ ਵਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਉਸ ਕਿਰਦਾਰ ਵਿਚ ਕਿਵੇਂ ਸਹਿਜਤਾ ਨਾਲ ਲਿਆਂਦਾ ਜਾਵੇ ਤੇ ਜੇ ਕਈ ਵਾਰ ਸਕ੍ਰਿਪਟ ਉਸ ਪ੍ਰਵਾਹ ਵਿਚ ਰੁਕਾਵਟ ਬਣ ਰਹੀ ਸੀ, ਤਾਂ ਅਸੀਂ ਸੀਨ ਨੂੰ ਵੀ ਥੋੜ੍ਹਾ -ਬਹੁਤ ਬਦਲ ਦਿੱਤਾ ਕਿਉਂਕਿ ਸਭ ਤੋਂ ਮਹੱਤਵਪੂਰਨ ਇਹ ਸੀ ਕਿ ਉਹ ਕਿਰਦਾਰ ਅਤੇ ਉਹ ਸਥਿਤੀ ‘ਜ਼ਿੰਦਾ’ ਲੱਗੇ। ਇਸ ਕਹਾਣੀ ਦੀ ਇਹੋ ਖ਼ੂਬਸੂਰਤੀ ਹੈ ਕਿ ਅਸੀਂ ਹਰ ਪੜਾਅ ’ਤੇ ਛੋਟੇ-ਛੋਟੇ ਬਦਲਾਅ ਕੀਤੇ।
ਪ੍ਰ. ਕੀ ਤੁਹਾਨੂੰ ਲੱਗਦਾ ਹੈ ਕਿ ਓ. ਟੀ. ਟੀ. ਦੇ ਦਰਸ਼ਕਾਂ ਦੀਆਂ ਉਮੀਦਾਂ ਵੱਖਰੀਆਂ ਹੁੰਦੀਆਂ ਹਨ? ਜੇ ਹਾਂ ਤਾਂ ਜਦੋਂ ਸੀਰੀਜ਼ ਬਣ ਰਹੀ ਸੀ ਤਾਂ ਤੁਹਾਡਾ ਮਾਈਂਡ ਸੈੱਟ ਕੀ ਸੀ?
-100% ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਦੀਆਂ ਉਮੀਦਾਂ ਵੱਖਰੀਆਂ ਹਨ। ਖ਼ਾਸ ਕਰ ਕੇ ਜੋ ਕੋਵਿਡ ਦਾ ਇਕ ਦੌਰ ਲੰਘਿਆ, ਉਸ ’ਚ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਦਰਸ਼ਕਾਂ ਨੇ ਆਪਣੀਆਂ ਉਮੀਦਾਂ ਬਦਲ ਦਿੱਤੀਆਂ ਹਨ। ਥੀਏਟਰ ’ਚ ਹਾਲੇ ਉਹ ਇਕ ਤਰ੍ਹਾਂ ਦੇ ਅਨੁਭਵ ਲਈ ਜਾਂਦੇ ਹਨ ਤੇ ਓ. ਟੀ. ਟੀ. ’ਤੇ ਆਪਣੇ ਫੋਨ ’ਤੇ ਵੱਖਰਾ ਅਤੇ ਘਰ ’ਚ ਪਰਿਵਾਰ ਨਾਲ ਇਕ ਵੱਖਰਾ ਅਨੁਭਵ ਚਾਹੁੰਦੇ ਹਨ। ਸਥਿਤੀ ਪੂਰੀ ਤਰ੍ਹਾਂ ਬਦਲ ਗਈ ਹੈ, ਕਹਾਣੀਆਂ ਓ. ਟੀ. ਟੀ. ’ਤੇ ਜ਼ਿਆਦਾ ਆਸਾਨ, ਵਧੇਰੇ ਦਿਲਚਸਪ ਅਤੇ ਕੁਝ ਜ਼ਿਆਦਾ ਹਟ ਕੇ ਚਾਹੀਦੀਆਂ ਹੁੰਦੀਆਂ ਹਨ।
ਅਮਿਤਾਭ ਬੱਚਨ ਨੇ KBC ਦੀ ਸ਼ੂਟਿੰਗ ਸ਼ੁਰੂ ਕਰ ਕੇ 25 ਸਾਲਾਂ ਦੀ ਸਫ਼ਲਤਾ ਦਾ ਜਸ਼ਨ ਮਨਾਇਆ
NEXT STORY