ਸੰਜੇ ਲੀਲਾ ਭੰਸਾਲੀ ਦੀ ਡੈਬਿਊ ਵੈੱਬ ਸੀਰੀਜ਼ ‘ਹੀਰਾਮੰਡੀ: ਦਿ ਡਾਇਮੰਡ ਬਾਜ਼ਾਰ’ 1 ਮਈ ਨੂੰ ਨੈੱਟਫਲਿਕਸ ’ਤੇ ਸਟ੍ਰੀਮ ਹੋ ਚੁੱਕੀ ਹੈ। ਸੀਰੀਜ਼ ਦੇ ਟ੍ਰੇਲਰ ਤੋਂ ਬਾਅਦ ਪ੍ਰਸ਼ੰਸਕਾਂ ’ਚ ਇਸ ਦੀ ਕਾਫ਼ੀ ਚਰਚਾ ਹੋਈ। ਸੀਰੀਜ਼ ’ਚ ਤਵਾਇਫ਼ਾਂ ਦੀ ਦੁਨੀਆ ਦੇ ਭੇਦ, ਜਨੂੰਨ, ਡਰਾਮਾ ਤੇ ਦੇਸ਼ ਭਗਤੀ ਦਾ ਜਜ਼ਬਾ ਦੇਖਣ ਨੂੰ ਮਿਲਣ ਵਾਲਾ ਹੈ। ਇਸ ’ਚ ਅਜਿਹੀ ਦੁਨੀਆ ਦਾ ਜ਼ਿਕਰ ਕੀਤਾ ਗਿਆ ਹੈ, ਜਿੱਥੇ ਤਵਾਇਫ਼ਾਂ ਮਹਾਰਾਣੀਆਂ ਵਾਂਗ ਰਾਜ ਕਰਦੀਆਂ ਹਨ। ਸੀਰੀਜ਼ ’ਚ ਸ਼ੇਖਰ ਸੁਮਨ ਤੇ ਉਨ੍ਹਾਂ ਦੇ ਬੇਟੇ ਅਧਿਅਨ ਸੁਮਨ ਨਵਾਬਾਂ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਇਸ ਸੀਰੀਜ਼ ਬਾਰੇ ਸ਼ੇਖਰ ਸੁਮਨ ਤੇ ਅਧਿਅਨ ਸੁਮਨ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
‘ਐਕਟਰ ਹੋਣ ਦਾ ਤਜ਼ਰਬਾ ਕਿਰਦਾਰਾਂ ਨੂੰ ਸਮਝਣ ’ਚ ਕਾਫ਼ੀ ਮਦਦ ਕਰਦਾ ਹੈ’
ਸ਼ੇਖਰ ਸੁਮਨ
ਜਦੋਂ ਤੁਹਾਨੂੰ ਨਵਾਬ ਜ਼ੁਲਫਿਕਾਰ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਤਾਂ ਤੁਹਾਡੀ ਪ੍ਰਤੀਕਿਰਿਆ ਕੀ ਸੀ?
ਮੇਰੀ ਪ੍ਰਤੀਕਿਰਿਆ ਬਹੁਤ ਕਮਾਲ ਦੀ ਸੀ ਕਿਉਂਕਿ ਮੈਂ ਬਚਪਨ ਤੋਂ ਹੀ ਨਵਾਬ ਬਣਨਾ ਚਾਹੁੰਦਾ ਸੀ। ਮੈਂ ਨਵਾਬਾਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦਾ ਸੀ ਤੇ ਲੋਕ ਕਹਿੰਦੇ ਵੀ ਸਨ ਕਿ ਤੁਸੀਂ ਨਵਾਬ ਵਰਗੇ ਹੋ, ਹਰ ਕੰਮ ਆਪਣੀ ਮਰਜ਼ੀ ਨਾਲ ਕਰਦੇ ਹੋ, ਨਵਾਬ ਹੋ ਕੀ? ਉਦੋਂ ਮੈਂ ਕਹਿੰਦਾ ਸੀ ਕਿ ਅਸੀਂ ਨਵਾਬ ਹਾਂ। ਨਵਾਬ ਦੇ ਕਿਰਦਾਰ ਨੂੰ ਸਮਝਣ ਤੇ ਨਿਭਾਉਣ ’ਚ ਮੈਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਨਵਾਬਾਂ ਦੇ ਮਿਜਾਜ਼, ਉਨ੍ਹਾਂ ਦੀ ਕੈਫ਼ੀਅਤ ਤੋਂ ਮੈਂ ਪਹਿਲਾਂ ਤੋਂ ਹੀ ਜਾਣੂ ਹਾਂ। ਮੈਂ ਇਸ ਕਿਰਦਾਰ ਨੂੰ ਸਮਝਿਆ ਤੇ ਕੀਤਾ। ਇਸ ’ਚ ਮੈਨੂੰ ਲੋਕਾਂ ਵੱਲੋਂ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ।
ਤੁਸੀਂ ਨਵਾਬ ਜ਼ੁਲਫ਼ਿਕਾਰ ਦੀ ਭੂਮਿਕਾ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ?
ਮੈਂ ਨਵਾਬਾਂ ਦੇ ਅਜਿਹੇ ਕਿਰਦਾਰਾਂ ਤੋਂ ਪਹਿਲਾਂ ਤੋਂ ਹੀ ਜਾਣੂ ਹਾਂ ਕਿਉਂਕਿ ਅਸੀਂ ਪਹਿਲਾਂ ਵੀ ਕਈ ਫਿਲਮਾਂ ਦੇਖ ਚੁੱਕੇ ਹਾਂ, ਜਿਨ੍ਹਾਂ ’ਚ ਨਵਾਬਾਂ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਵਿਚ ਉਨ੍ਹਾਂ ਦੀ ਅਦਾਇਗੀ, ਬੋਲਚਾਲ ਤੇ ਸ਼ਿਸ਼ਟਾਚਾਰ ਨੂੰ ਦੇਖਿਆ ਹੈ। ਉਨ੍ਹਾਂ ਗੱਲਾਂ ਨੇ ਮੈਨੂੰ ਕਿਤੇ ਨਾ ਕਿਤੇ ਭਾਵੁਕ ਕਰ ਦਿੱਤਾ। ਮੈਨੂੰ ਦੱਸਿਆ ਗਿਆ ਕਿ ਮੇਰਾ ਕਿਰਦਾਰ ਕਿਸ ਤਰ੍ਹਾਂ ਦਾ ਹੈ, ਇਸ ਨਾਲ ਕਿਰਦਾਰ ਨਿਭਾਉਣ ’ਚ ਮਦਦ ਮਿਲਦੀ ਹੈ। ਜੇ ਨਿਰਦੇਸ਼ਕ ਵੀ ਇਸ ਦੀਆਂ ਬਾਰੀਕੀਆਂ ਸਮਝਾ ਦਿੰਦੇ ਹਨ ਤਾਂ ਕੰਮ ਸੌਖਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਅਦਾਕਾਰ ਹੋਣ ਦਾ ਤਜਰਬਾ ਕਿਰਦਾਰਾਂ ਨੂੰ ਸਮਝਣ ’ਚ ਬਹੁਤ ਮਦਦ ਕਰਦਾ ਹੈ। ਜਦੋਂ ਤੁਸੀਂ ਨਵਾਬਾਂ ਦੀਆਂ ਪੋਸ਼ਾਕਾਂ ਪਹਿਨਦੇ ਹੋ ਤਾਂ ਤੁਹਾਡੇ ’ਚ ਆਪਣੇ ਆਪ ਹੀ ਨਵਾਬੀਅਤ ਆ ਜਾਂਦੀ ਹੈ। ਗੇਟਅੱਪ, ਮਾਹੌਲ ਅਤੇ ਸੈੱਟ ਸਭ ਦਾ ਬਹੁਤ ਪ੍ਰਭਾਵ ਪੈਂਦਾ ਹੈ।
ਤੁਸੀਂ ਸੀਰੀਜ਼ ’ਚ ਆਪਣੇ ਬੇਟੇ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ ਤਾਂ ਤੁਹਾਡੇ ਦੋਹਾਂ ਵਿਚਾਲੇ ਪ੍ਰਫੈਸ਼ਨਲ ਰਿਸ਼ਤਾ ਕਿਹੋ ਜਿਹਾ ਰਿਹਾ? ਤੁਸੀਂ ਉਨ੍ਹਾਂ ਨੂੰ ਕੀ ਕੁਝ ਸਿਖਾਇਆ?
ਮੈਂ ਅਧਿਅਨ ਨੂੰ ਮੂਲ ਰੂਪ-ਰੇਖਾ ਸਮਝਾ ਦਿੱਤੀ ਸੀ ਕਿਉਂਕਿ ਉਹ ਉਸ ਦੌਰ ਅਤੇ ਉਨ੍ਹਾਂ ਕਿਰਦਾਰਾਂ ਤੋਂ ਜਾਣੂ ਨਹੀਂ ਸੀ। ਮੈਂ ਉਸ ਨੂੰ ਉਹ ਬਾਰੀਕੀਆਂ ਸਮਝਾਈਆਂ। ਨਵਾਬਾਂ ਦਾ ਰਹਿਣ-ਸਹਿਣ, ਨਵਾਬਾਂ ਦੀ ਸ਼ਾਨ, ਉਨ੍ਹਾਂ ਦੇ ਸ਼ੌਕ, ਗੱਲਬਾਤ ਕਰਨ ਦਾ ਤਰੀਕਾ ਅਤੇ ਨਾਲ ਉਨ੍ਹਾਂ ਦਾ ਹੰਕਾਰ, ਇਨ੍ਹਾਂ ਚੀਜ਼ਾਂ ਬਾਰੇ ਸਿਖਾਇਆ। ਉਰਦੂ ਦੇ ਉਚਾਰਨ ਬਾਰੇ ਦੱਸਿਆ। ਜਦੋਂ ਉਹ ਸੈੱਟ ’ਤੇ ਗਿਆ ਤਾਂ ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਭੰਸਾਲੀ ਸਾਹਿਬ ਨੇ ਕਿਹਾ ਕਿ ਲੱਗਦਾ ਹੈ ਕਿ ਤੁਸੀਂ ਆਪਣੇ ਪਾਪਾ ਤੋਂ ਸਿੱਖ ਕੇ ਆਏ ਹੋ ਕਿਉਂਕਿ ਇਸ ਪੀੜ੍ਹੀ ਤੋਂ ਮੈਂ ਉਮੀਦ ਨਹੀਂ ਕਰਦਾ ਹਾਂ ਕਿ ਉਹ ਇਸ ਤਰ੍ਹਾਂ ਗੱਲ ਕਰੇ। ਇਸ ’ਤੇ ਅਧਿਅਨ ਨੇ ਕਿਹਾ ਕਿ ਮੈਂ ਡੈਡੀ ਨਾਲ ਕਾਫ਼ੀ ਰਿਹਰਸਲ ਕੀਤੀ ਹੈ।
‘ਮੈਨੂੰ ਅਜੇ ਵੀ ਲੱਗ ਰਿਹਾ, ਮੈਂ ਸੁਪਨਾ ਦੇਖ ਰਿਹਾ ਹਾਂ’
ਅਧਿਅਨ ਸੁਮਨ
ਪਹਿਲੀ ਝਲਕ ਤੋਂ ਹੀ ਤੁਹਾਨੂੰ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ? ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?
ਮੈਨੂੰ ਅਜੇ ਵੀ ਲੱਗ ਰਿਹਾ ਹੈ ਜਿਵੇਂ ਮੈਂ ਸੁਪਨਾ ਦੇਖ ਰਿਹਾ ਹਾਂ। ਕਦੇ ਨਹੀਂ ਸੋਚਿਆ ਸੀ ਕਿ ਮੈਂ ਇੰਨੇ ਵੱਡੇ ਨਿਰਦੇਸ਼ਕ ਜੋ ਮੇਰੇ ਪਸੰਦੀਦਾ ਵੀ ਹਨ, ਸੰਜੇ ਲੀਲਾ ਭੰਸਾਲੀ ਸਰ ਨਾਲ ਕੰਮ ਕਰਾਂਗਾ। ਮੈਂ ਜਿਸ ਪੁਜ਼ੀਸ਼ਨ ’ਤੇ ਸੀ, ਉਸ ਨੂੰ ਦੇਖ ਕੇ ਇਹ ਇੱਕ ਸੁਪਨਾ ਜਾਪਦਾ ਸੀ ਪਰ ਇਹ ਮੇਰੀ ਮਾਂ ਦੀਆਂ ਦੁਆਵਾਂ ਤੇ ਮੇਰੀ ਸਖ਼ਤ ਮਿਹਨਤ ਹੈ ਕਿ ਮੈਂ ਆਡੀਸ਼ਨ ਦਿੱਤਾ। ਆਡੀਸ਼ਨ ਤੋਂ ਬਾਅਦ ਵੀ ਮੈਨੂੰ ਇਹ ਸ਼ੋਅ ਨਹੀਂ ਮਿਲਿਆ ਸੀ। ਮੈਂ ਪਹਾੜਾਂ ’ਤੇ ਸੀ, ਉਸ ਸਮੇਂ ਆਪਣੇ ਮੰਮੀ-ਪਾਪਾ ਦੀ ਐਨੀਵਰਸਰੀ ਸੈਲੀਬ੍ਰੇਟ ਕਰ ਕੇ ਅਸੀਂ ਹੇਠਾਂ ਆ ਰਹੇ ਸੀ। ਉਦੋਂ ਮੈਨੂੰ ਆਡੀਸ਼ਨ ਲਈ ਫੋਨ ਆਇਆ ਸੀ। ਮੇਰੇ ਪਾਪਾ ਹਮੇਸ਼ਾ ਕਹਿੰਦੇ ਹਨ ਕਿ ਜੋ ਤੁਹਾਡੀ ਕਿਸਮਤ ’ਚ ਹੈ, ਉਸ ਨੂੰ ਕੋਈ ਖੋਹ ਨਹੀਂ ਸਕਦਾ। ਮੈਨੂੰ ਉਨ੍ਹਾਂ ਦੀ ਇਸ ਗੱਲ ’ਤੇ ਪੂਰਾ ਭਰੋਸਾ ਹੈ ਅਤੇ ਜਿਸ ਦੀ ਕਿਸਮਤ ’ਚ ਇਹ ਰੋਲ ਸੀ, ਉਸ ਨੂੰ ਮਿਲ ਗਿਆ। ਇਸ ਲਈ ਸਾਈਨ ਕਿਸੇ ਹੋਰ ਨੂੰ ਕੀਤਾ ਗਿਆ ਸੀ ਪਰ ਬਾਅਦ ’ਚ ਮੈਨੂੰ ਮਿਲ ਗਿਆ। ਇਕ ਹੀ ਨਹੀਂ, ਦੂਜਾ ਕਿਰਦਾਰ ਵੀ ਮੈਨੂੰ ਮਿਲਿਆ। ਜਿੱਥੋਂ ਤੱਕ ਪਿਆਰ ਦੀ ਗੱਲ ਹੈ ਤਾਂ ਉਹ ਹਰ ਅਦਾਕਾਰ ਚਾਹੁੰਦਾ ਹੈ। ਪਿਛਲੇ 15 ਸਾਲਾਂ ਤੋਂ ਮੇਰੀ ਸਖ਼ਤ ਮਿਹਨਤ ਰਹੀ ਹੈ ਕਿ ਲੋਕ ਮੇਰੇ ਕੰਮ ਦੀ ਸ਼ਲਾਘਾ ਕਰਨ ਤੇ ਇਹ ਦੁਨੀਆ ਤੱਕ ਪਹੁੰਚ ਸਕੇ।
ਜਦੋਂ ਤੁਹਾਨੂੰ ਅਚਾਨਕ ਆਡੀਸ਼ਨ ਲਈ ਫੋਨ ਆਇਆ ਤਾਂ ਤੁਸੀਂ ਇਸ ਦੀ ਤਿਆਰੀ ਕਿਵੇਂ ਕੀਤੀ?
ਜਦੋਂ ਵਿਅਕਤੀ ਕੋਲ ਕੋਈ ਰਸਤਾ ਨਹੀਂ ਹੁੰਦਾ ਅਤੇ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਮੌਕਾ ਦੁਬਾਰਾ ਨਹੀਂ ਆਵੇਗਾ, ਤਾਂ ਉਹ ਜੋ ਵੀ ਕਰ ਸਕਦਾ ਹੈ, ਕਰਦਾ ਹੈ। ਉਹ ਆਪਣੀ ਸਾਰੀ ਤਾਕਤ ਲਾ ਦਿੰਦਾ ਹੈ। ਇਸ ਰੋਲ ਲਈ ਬਹੁਤ ਸਾਰੇ ਲੋਕ ਲਾਈਨ ’ਚ ਸਨ। ਮੇਰੇ ਦਿਮਾਗ਼ ’ਚ ਚੱਲ ਰਿਹਾ ਸੀ ਕਿ ਜੇ ਸਰ ਮੇਰੀ ਥਾਂ ਕਿਸੇ ਹੋਰ ਨੂੰ ਪਸੰਦ ਕਰ ਲੈਣ ਤਾਂ ਕੀ ਹੋਵੇਗਾ? ਮੈਂ ਕਾਰ ’ਚ ਆਪਣਾ ਆਡੀਸ਼ਨ ਬਣਾ ਲਵਾਂਗਾ। ਉਨ੍ਹਾਂ ਨੂੰ ਇਹ ਨਾ ਲੱਗੇ ਕਿ ਇਨ੍ਹਾਂ ਨੇ ਤਾਂ ਕੀਤਾ ਹੀ ਨਹੀਂ। ਮੈਂ ਹਰ ਉਹ ਕੋਸ਼ਿਸ਼ ਕੀਤੀ, ਜੋ ਮੈਂ ਕਰ ਸਕਦਾ ਸੀ।
ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
ਮੈਨੂੰ ਲੱਗਦਾ ਹੈ ਕਿ ਜੋ ਕੰਮ ਕਰਨ ’ਚ ਸਮਰੱਥ ਹੁੰਦਾ ਹੈ, ਉਸ ਨਾਲ ਕੰਮ ਕਰਨ ’ਚ ਹਮੇਸ਼ਾ ਮਜ਼ਾ ਹੀ ਆਉਂਦਾ ਹੈ। ਤੁਸੀਂ ਇੱਕ ਅਜਿਹੇ ਮਾਹੌਲ ’ਚ ਦਾਖ਼ਲ ਹੁੰਦੇ ਹੋ, ਜਿੱਥੇ ਸਭ ਕੁਝ ਨਿਯਮਾਂ ਅਤੇ ਸੋਚ-ਵਿਚਾਰ ਨਾਲ ਕੀਤਾ ਜਾਂਦਾ ਹੈ। ਹੁਣ ਇਹ ਭਾਵੇਂ ਸੈੱਟ ਹੋਵੇ, ਪਹਿਰਾਵਾ ਹੋਵੇ ਜਾਂ ਸੰਗੀਤ। ਸੰਜੇ ਲੀਲਾ ਭੰਸਾਲੀ ਦੇਸ਼ ਦੇ ਮੁਕੰਮਲ ਨਿਰਦੇਸ਼ਕ ਹਨ। ਸਕ੍ਰੀਨਪਲੇ, ਕਿਰਦਾਰ, ਡਾਇਲਾਗ, ਸੈੱਟ ਅਤੇ ਬੈਕਗਰਾਊਂਡ ਸਕੋਰ ਸਾਰਿਆਂ ’ਤੇ ਉਨ੍ਹਾਂ ਦੀ ਬਰਾਬਰ ਪਕੜ ਹੈ। ਅਜਿਹੇ ਲੋਕਾਂ ਨਾਲ ਕੰਮ ਕਰਨ ’ਚ ਉਤਸ਼ਾਹ ਹੋਰ ਵਧ ਜਾਂਦਾ ਹੈ। ਉਹ ਉਸਤਾਦ ਹਨ।
ਪਹਿਲਾਂ ਤੁਹਾਨੂੰ ਸੀਰੀਜ਼ ’ਚ ਰੋਲ ਮਿਲਿਆ, ਬਾਅਦ ’ਚ ਤੁਹਾਡੇ ਪਿਤਾ ਸ਼ੇਖਰ ਸੁਮਨ ਵੀ ਇਸ ਦਾ ਹਿੱਸਾ ਬਣ ਗਏ। ਤੁਹਾਨੂੰ ਕਿਵੇਂ ਲੱਗਾ ਕਿ ਹੁਣ ਸੈੱਟ ’ਤੇ ਤੁਹਾਡੇ ਨਾਲ ਕੋਈ ਹੋਵੇਗਾ?
ਪਾਪਾ ਦਾ ਸੀਰੀਜ਼ ’ਚ ਮੇਰੇ ਨਾਲ ਵੀ ਟ੍ਰੈਕ ਹੈ ਪਰ ਸਾਡੇ ਦੋਵਾਂ ਦਾ ਸਿਰਫ਼ ਇੱਕ ਹੀ ਸੀਨ ਹੈ। ਦੋਵੇਂ ਵੱਖ-ਵੱਖ ਸਮੇਂ ’ਤੇ ਸ਼ੂਟ ਕਰਦੇ ਸਨ ਪਰ ਇਹ ਬਹੁਤ ਚੰਗੀ ਗੱਲ ਸੀ ਕਿ ਪਿਓ-ਪੁੱਤ ਦੋਵੇਂ ਇਕ ਹੀ ਸੀਰੀਜ਼ ’ਚ ਕੰਮ ਕਰ ਰਹੇ ਹਨ। ਮੰਮੀ ਦਾ ਸੁਪਨਾ ਸੀ ਕਿ ਅਸੀਂ ਦੋਵੇਂ ਇਕੱਠੇ ਕੰਮ ਕਰੀਏ। ਪਾਪਾ ਤਾਂ ਮੈਨੂੰ ਸੈੱਟ ’ਤੇ ਮਿਲਣ ਤੇ ਸਰ ਨੂੰ ਹੈਲੋ-ਹਾਏ ਕਹਿਣ ਆਏ ਸਨ ਪਰ ਸੰਜੇ ਸਰ ਨੇ ਉਨ੍ਹਾਂ ’ਚ ਕੁਝ ਦੇਖਿਆ ਅਤੇ ਕਿਹਾ ਕਿ ਮੈਂ ਸ਼ੇਖਰ ਨੂੰ ਵੀ ਲੈਣਾ ਹੈ। ਫਿਰ ਪਾਪਾ ਵੀ ਇਸ ਸੀਰੀਜ਼ ’ਚ ਸ਼ਾਮਲ ਹੋ ਗਏ। ਇਹ ਮੇਰੇ ਲਈ ਚਮਤਕਾਰ ਹੀ ਹੈ।
ਤੁਸੀਂ ਜਿੰਨਾ ਮਰਜ਼ੀ ਹੋਮਵਰਕ ਕਰ ਲਓ, ਸੰਜੇ ਲੀਲਾ ਭੰਸਾਲੀ ਸਾਹਮਣੇ ਘੱਟ ਹੀ ਰਹਿ ਜਾਂਦਾ ਹੈ। ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਤੁਹਾਡੇ ਲਈ ਕਿੰਨਾ ਚੁਣੌਤੀਪੂਰਨ ਸੀ?
ਉਨ੍ਹਾਂ ਦੇ ਫਿਲਮ ਸਕੂਲ ਤੋਂ ਵਧੀਆ ਦੁਨੀਆ ’ਚ ਕੋਈ ਫਿਲਮ ਸਕੂਲ ਨਹੀਂ ਹੈ ਕਿਉਂਕਿ ਤੁਹਾਨੂੰ ਉੱਥੇ ਇੰਨੀ ਸਖ਼ਤ ਸਿਖਲਾਈ ਮਿਲਦੀ ਹੈ ਕਿ ਤੁਸੀਂ ਜ਼ਿੰਦਗੀ ’ਚ ਕਿਤੇ ਵੀ ਕੁਝ ਵੀ ਕਰ ਸਕਦੇ ਹੋ। ਮੈਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਬਤੌਰ ਅਦਾਕਾਰ ਤੇ ਨਿਰਦੇਸ਼ਕ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ।
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ
NEXT STORY