ਮੁੰਬਈ (ਬਿਊਰੋ)– ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ਤੇ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਸਰਕਾਰ ਤੇ ਉਨ੍ਹਾਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ, ਜੋ ਕੋਵਿਡ-19 ਦੇ ਸੰਕਟ ’ਚ ਹਰ ਇਕ ਦੀ ਮਦਦ ਕਰ ਰਹੀਆਂ ਹਨ। ਉਹ ਉਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਸੋਚਦੇ ਹਨ, ਜੋ ਮਹਾਮਾਰੀ ’ਚ ਆਪਣੇ ਮਾਪਿਆਂ ਨੂੰ ਗੁਆ ਚੁੱਕੇ ਹਨ।
ਵੀਡੀਓ ’ਚ ਸੋਨੂੰ ਸੂਦ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, ‘ਨਮਸਤੇ ਮੈਂ ਅੱਜ ਸਰਕਾਰ ਤੋਂ ਤੇ ਉਨ੍ਹਾਂ ਸਾਰਿਆਂ ਤੋਂ ਮਦਦ ਮੰਗਣਾ ਚਾਹੁੰਦਾ ਹਾਂ, ਜਿਹੜੇ ਮਦਦ ’ਚ ਅੱਗੇ ਆਉਣਾ ਚਾਹੁੰਦੇ ਹਨ। ਕੋਰੋਨਾ ਦੀ ਇਸ ਦੂਜੀ ਲਹਿਰ ’ਚ ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਹੈ, ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੁਆ ਚੁੱਕੇ ਹਨ। ਕੁਝ ਮਾਵਾਂ ਦੀ ਮੌਤ ਹੋ ਗਈ ਹੈ, ਕੁਝ ਆਪਣੇ ਪਿਤਾ ਨੂੰ ਗੁਆ ਚੁੱਕੇ ਹਨ। ਕੋਈ 9 ਸਾਲ ਦਾ ਹੈ ਤੇ ਕੁਝ 8-12 ਸਾਲ ਦੀ ਉਮਰ ਦੇ ਹਨ। ਮੈਂ ਹਮੇਸ਼ਾ ਸੋਚਦਾ ਹਾਂ ਕਿ ਉਨ੍ਹਾਂ ਦੇ ਭਵਿੱਖ ਦਾ ਕੀ ਹੋਵੇਗਾ?’
ਸੋਨੂੰ ਨੇ ਅੱਗੇ ਕਿਹਾ, ‘ਮੈਂ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਇਕ ਨਿਯਮ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਕੋਵਿਡ ਦੌਰਾਨ ਉਹ ਸਾਰੇ ਲੋਕ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਦੀ ਸਕੂਲ ਤੋਂ ਲੈ ਕੇ ਕਾਲਜ ਤਕ, ਭਾਵੇਂ ਉਹ ਸਰਕਾਰੀ ਸਕੂਲ ’ਚ ਪੜ੍ਹਦੇ ਹੋਣ ਜਾਂ ਫਿਰ ਪ੍ਰਾਈਵੇਟ ’ਚ, ਉਨ੍ਹਾਂ ਦੀ ਪੜ੍ਹਾਈ ਮੁਫ਼ਤ ਹੋਣੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਭਵਿੱਖ ਸੁਰੱਖਿਅਤ ਕਰ ਸਕਣ।’
ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਤੇ ਜਾਨੀ ਦੇ ਗੀਤ ‘ਫਿਲਹਾਲ’ ਨੇ ਪਾਈਆਂ ਧੁੰਮਾਂ, 100 ਕਰੋੜ ਤੋਂ ਵੱਧ ਹੋਏ ਵਿਊਜ਼
ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਹ ਆਪਣੇ ਫੋਨ ਦੀ ਸਕ੍ਰੀਨ ਦਿਖਾਉਂਦੇ ਹੋਏ ਦਿਖਾਈ ਦਿੱਤੇ ਸਨ। ਉਸ ਦੀ ਵੀਡੀਓ ’ਚ ਸਾਰੇ ਨੋਟੀਫਿਕੇਸ਼ਨਜ਼ ਸਨ, ਜਿਸ ’ਚ ਸਿਰਫ ਮਦਦ ਦੀ ਬੇਨਤੀ ਕੀਤੀ ਗਈ ਸੀ। ਵੀਡੀਓ ਨੂੰ ਸਾਂਝਾ ਕਰਦਿਆਂ ਅਦਾਕਾਰ ਨੇ ਕੈਪਸ਼ਨ ’ਚ ਲਿਖਿਆ, ‘ਬੇਨਤੀ ਇਸ ਰਫਤਾਰ ਨਾਲ ਸਾਰੇ ਦੇਸ਼ ਤੋਂ ਆ ਰਹੀ ਹੈ... ਮੈਂ ਸਾਰਿਆਂ ਤੱਕ ਪਹੁੰਚਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ... ਕਿਰਪਾ ਕਰਕੇ ਅੱਗੇ ਆਓ... ਸਾਨੂੰ ਵਧੇਰੇ ਮਦਦ ਦੀ ਲੋੜ ਹੈ... ਆਪਣੀ ਯੋਗਤਾ ਅਨੁਸਾਰ ਆਪਣੀ ਪੂਰੀ ਕੋਸ਼ਿਸ਼ ਕਰੋ।’
ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਜਲਦ ਹੀ ਕਲਰਜ਼ ਟੀ. ਵੀ. ਦੇ ਸ਼ੋਅ ‘ਡਾਂਸ ਦੀਵਾਨੇ 3’ ’ਚ ਜੱਜ ਦੇ ਰੂਪ ’ਚ ਨਜ਼ਰ ਆਉਣਗੇ। ਸੋਨੂੰ ਸੂਦ ਸਟੇਜ ’ਤੇ ਮਾਧੁਰੀ ਦੀਕਸ਼ਿਤ ਦੀ ਜਗ੍ਹਾ ਆਪਣੀਆਂ ਟਿੱਪਣੀਆਂ ਨਾਲ ਮੁਕਾਬਲੇਬਾਜ਼ਾਂ ਨੂੰ ਖੁਸ਼ ਕਰਨਗੇ।
ਨੋਟ– ਸੋਨੂੰ ਸੂਦ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
1 ਮਈ ਤੋਂ ਸ਼ੁਰੂ ਹੋਣ ਵਾਲੀ ਵੈਕਸੀਨੇਸ਼ਨ ਰਜਿਸਟ੍ਰੇਸ਼ਨ ਨੂੰ ਲੈ ਕੇ ਸੰਨੀ ਲਿਓਨ ਨੇ ਆਖੀਆਂ ਖ਼ਾਸ ਗੱਲਾਂ, ਪੜ੍ਹੋ ਪੂਰੀ ਖ਼ਬਰ
NEXT STORY