ਜਲੰਧਰ (ਬਿਊਰੋ)- ਪੰਜਾਬੀ ਸਿਨੇਮਾ ਦੀ ਆਉਣ ਵਾਲੀ ਚਰਚਿਤ ਫਿਲਮ ‘ਸਿੰਘ ਵਰਸਿਜ਼ ਕੌਰ-2’ ਇਨ੍ਹੀਂ ਦਿਨੀਂ ਦਰਸ਼ਕਾਂ ’ਚ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੇ ਗੀਤ ਇਕ ਤੋਂ ਬਾਅਦ ਇਕ ਦਰਸ਼ਕਾਂ ਦੇ ਰੂ-ਬ-ਰੂ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਲੈ ਕੇ ਪੰਜਾਬੀ ਸੰਗੀਤ ਪ੍ਰੇਮੀਆਂ ’ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਿਲਮ ਦੇ ਦੋ ਗੀਤ ‘ਨੋਟਾਂ’ ਅਤੇ ‘ਸੋਹਣੀ’ ਨੇ ਇਸ ਦੀ ਚਰਚਾ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਫਿਲਮ ਦਾ ਗੀਤ ‘ਨੋਟਾਂ’ ਜੋਸ਼, ਮਸਤੀ ਅਤੇ ਪੰਜਾਬੀ ਰੰਗ ਨਾਲ ਭਰਪੂਰ ਨਜ਼ਰ ਆਉਂਦਾ ਹੈ। ਗੀਤ ’ਚ ਗਿੱਪੀ ਗਰੇਵਾਲ ਦਾ ਦਮਦਾਰ ਅੰਦਾਜ਼ ਦੇਖਣ ਨੂੰ ਮਿਲਦਾ ਹੈ। ਗੀਤ ਦੀ ਧੁਨ ਅਤੇ ਬੋਲ ਇਸ ਨੂੰ ਇਕ ਅਜਿਹਾ ਮਸਤੀ ਭਰਿਆ ਗੀਤ ਬਣਾਉਂਦੇ ਹਨ, ਜੋ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰਦਾ ਨਜ਼ਰ ਆ ਰਿਹਾ ਹੈ। ਗੀਤ ਰਾਹੀਂ ਫਿਲਮ ਦੇ ਹਾਸੇ-ਮਜ਼ਾਕ ਅਤੇ ਮਨੋਰੰਜਨ ਭਰੇ ਮਾਹੌਲ ਦੀ ਵੀ ਝਲਕ ਮਿਲਦੀ ਹੈ।
ਦੂਜੇ ਪਾਸੇ ‘ਸੋਹਣੀ’ ਗੀਤ ’ਚ ਫਿਲਮ ਦਾ ਰੋਮਾਂਟਿਕ ਪੱਖ ਸਾਹਮਣੇ ਆਇਆ ਹੈ। ਇਸ ਗੀਤ ’ਚ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਖਾਸ ਖਿੱਚ ਦਾ ਕੇਂਦਰ ਬਣੀ ਹੋਈ ਹੈ। ਗੀਤ ਦੇ ਦ੍ਰਿਸ਼ਾਂ ’ਚ ਦੋਵਾਂ ਵਿਚਕਾਰ ਪਿਆਰ ਭਰੀ ਨੋਕ-ਝੋਕ ਅਤੇ ਖੂਬਸੂਰਤ ਪਲ ਦੇਖਣ ਨੂੰ ਮਿਲਦੇ ਹਨ। ਸ਼ਹਿਨਾਜ਼ ਗਿੱਲ ਦਾ ਅੰਦਾਜ਼ ਅਤੇ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੀ ਜੋੜੀ ਗੀਤ ਨੂੰ ਹੋਰ ਦਿਲਚਸਪ ਬਣਾਉਂਦੀ ਹੈ।
‘ਸੋਹਣੀ’ ਗੀਤ ਰਾਹੀਂ ਫਿਲਮ ਦੀ ਕਹਾਣੀ ’ਚ ਪਿਆਰ ਦੇ ਰੰਗ ਦੀ ਝਲਕ ਵੀ ਮਿਲਦੀ ਹੈ। ਗੀਤ ਦੇ ਬੋਲ ਦਿਲ ਨੂੰ ਛੂਹਣ ਵਾਲੇ ਹਨ, ਜਦਕਿ ਇਸ ਦਾ ਸੰਗੀਤ ਪੰਜਾਬੀ ਸੁਰਾਂ ਨਾਲ ਰੋਮਾਂਟਿਕ ਮਾਹੌਲ ਪੈਦਾ ਕਰਦਾ ਹੈ। ਗਿੱਪੀ ਗਰੇਵਾਲ ਦੀ ਆਵਾਜ਼ ’ਚ ਗਾਇਆ ਇਹ ਗੀਤ ਫਿਲਮ ਦੇ ਪ੍ਰੇਮ ਪੱਖ ਨੂੰ ਹੋਰ ਉਭਾਰਦਾ ਹੈ।
ਫਿਲਮ ’ਚ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਹਨੀ ਮੱਟੂ, ਗੁਲਜ਼ਾਰ ਚਹਿਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ ਅਤੇ ਭਾਨਾ ਐੱਲ. ਏ. ਵਰਗੇ ਕਈ ਮਸ਼ਹੂਰ ਕਲਾਕਾਰ ਵੀ ਨਜ਼ਰ ਆਉਣਗੇ। ਕਲਾਕਾਰਾਂ ਦੀ ਵੱਡੀ ਟੀਮ ਕਾਰਨ ਫਿਲਮ ’ਚ ਹਾਸੇ-ਮਜ਼ਾਕ ਅਤੇ ਮਨੋਰੰਜਨ ਦੀ ਕੋਈ ਕਮੀ ਨਾ ਰਹਿਣ ਦੀ ਉਮੀਦ ਹੈ।
‘ਸਿੰਘ ਵਰਸਿਜ਼ ਕੌਰ-2’ ਦਾ ਨਿਰਦੇਸ਼ਨ ਨਵਨੀਅਤ ਸਿੰਘ ਨੇ ਕੀਤਾ ਹੈ। ਇਹ ਫਿਲਮ 2013 ’ਚ ਆਈ ‘ਸਿੰਘ ਵਰਸਿਜ਼ ਕੌਰ’ ਦੀ ਅਗਲੀ ਕੜੀ ਹੈ। ਨਵੀਂ ਕਹਾਣੀ, ਨਵੇਂ ਕਿਰਦਾਰਾਂ ਅਤੇ ਨਵੇਂ ਅੰਦਾਜ਼ ਨਾਲ ਤਿਆਰ ਕੀਤੀ ਗਈ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ’ਚ ਪਹਿਲਾਂ ਹੀ ਕਾਫ਼ੀ ਉਤਸੁਕਤਾ ਹੈ।
ਫਿਲਮ ਦੇ ਗੀਤਾਂ ਨੂੰ ਮਿਲ ਰਹੇ ਹੁੰਗਾਰੇ ਤੋਂ ਬਾਅਦ ਹੁਣ ਦਰਸ਼ਕਾਂ ਦੀਆਂ ਨਜ਼ਰਾਂ ਫਿਲਮ ਦੀ ਰਿਲੀਜ਼ ’ਤੇ ਟਿਕੀਆਂ ਹੋਈਆਂ ਹਨ। ‘ਸਿੰਘ ਵਰਸਿਜ਼ ਕੌਰ-2’ 11 ਸਤੰਬਰ 2026 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਹੁਣ ਦੇਖਣਾ ਹੋਵੇਗਾ ਕਿ ਗਿੱਪੀ ਗਰੇਵਾਲ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਅਤੇ ਫਿਲਮ ਦੀ ਕਹਾਣੀ ਵੱਡੇ ਪਰਦੇ ’ਤੇ ਦਰਸ਼ਕਾਂ ਦਾ ਦਿਲ ਜਿੱਤਣ ’ਚ ਕਿੰਨੀ ਕਾਮਯਾਬ ਰਹਿੰਦੀ ਹੈ।
ਹਰਿਆਣਵੀ ਗਾਇਕ ਅੰਕਿਤ ਕਤਲਕਾਂਡ: ਪੁਲਸ ਐਨਕਾਊਂਟਰ 'ਚ ਦੋਵੇਂ ਸ਼ੂਟਰ ਢੇਰ
NEXT STORY