ਚੰਡੀਗੜ੍ਹ- ਫਿਲਮ ‘ਯੁਧ੍ਰਾ’ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਐਕਸ਼ਨ, ਡਰਾਮਾ ਅਤੇ ਭਾਵਨਾਵਾਂ ਨਾਲ ਭਰਪੂਰ ਇਕ ਨਵੀਂ ਥ੍ਰਿਲਰ ਹੈ, ਜਿਸ ਦਾ ਨਿਰਦੇਸ਼ਨ ਰਵੀ ਉਦੈਵਾਰ ਨੇ ਕੀਤਾ ਹੈ। ਇਸ ਫਿਲਮ ’ਚ ਸਿਧਾਂਤ ਚਤੁਰਵੇਦੀ, ਮਾਲਵਿਕਾ ਮੋਹਨਨ ਤੇ ਰਾਘਵ ਜੁਯਾਲ ਵਰਗੇ ਕਈ ਕਲਾਕਾਰ ਨਜ਼ਰ ਆਉਣਗੇ। ਇਸ ਨੂੰ ਫ਼ਰਹਾਨ ਅਖ਼ਤਰ ਤੇ ਸ਼੍ਰੀਧਰ ਰਾਘਵਨ ਨੇ ਲਿਖਿਆ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਬਹੁਤ ਪ੍ਰਸ਼ੰਸਾ ਮਿਲੀ ਹੈ। ਫਿਲਮ ‘ਯੁਧ੍ਰਾ’ ’ਚ ਦਰਸ਼ਕਾਂ ਨੂੰ ਇਕ ਤੋਂ ਵਧ ਕੇ ਇਕ ਕਈ ਸ਼ਾਨਦਾਰ ਦ੍ਰਿਸ਼ ਦੇਖਣ ਨੂੰ ਮਿਲਣਗੇ। ਫਿਲਮ ਬਾਰੇ ਸਿਧਾਂਤ ਚਤੁਰਵੇਦੀ ਅਤੇ ਮਾਲਵਿਕਾ ਮੋਹਨਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਸਿਧਾਂਤ ਚਤੁਰਵੇਦੀ
ਜਦੋਂ ਤੁਸੀਂ ਆਪਣਾ ਕਿਰਦਾਰ ਪੜ੍ਹਿਆ ਤਾਂ ਕੀ ਕੋਈ ਤਸਵੀਰ ਤੁਹਾਡੇ ਦਿਮਾਗ਼ ’ਚ ਆਈ ਸੀ?
ਜਦੋਂ ਤੁਸੀਂ ਫਿਲਮ ਦੇਖੋਗੇ ਤਾਂ ਤੁਹਾਨੂੰ ਸਮਝ ’ਚ ਆਵੇਗਾ ਕਿ ਇਸ ਦਾ ਕੋਈ ਰੈਫਰੈਂਸ ਪੁਆਇੰਟ ਨਹੀਂ ਹੈ। ਮੈਨੂੰ ਕੁਝ ਨਵਾਂ ਕਰਨਾ ਚੰਗਾ ਲੱਗਦਾ ਹੈ ਅਤੇ ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਹਾਂ, ਜੋ ਲੋਕਾਂ ਨੇ ਪਹਿਲਾਂ ਕਦੇ ਨਾ ਦੇਖਿਆ ਹੋਵੇ। ਇਸ ਲਈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਜੋ ਵੀ ਕਰਾਂ, ਉਹ ਨਵਾਂ ਹੋਵੇ।ਮੇਰੇ ਦਿਮਾਗ਼ ’ਚ ਕੋਈ ਤਸਵੀਰ ਤਾਂ ਨਹੀਂ ਆਈ ਪਰ ਮੇਰੇ ਹਿਸਾਬ ਨਾਲ ਇਹ ਇਕ ਐਂਗਰੀ ਯੰਗ ਮੈਨ ਤੋਂ ਜ਼ਿਆਦਾ ਕ੍ਰੇਜ਼ੀ ਯੰਗ ਮੈਨ ਹੈ ਕਿਉਂਕਿ ਉਸ ਨੂੰ ਗੁੱਸਾ ਬਿਨਾਂ ਕਿਸੇ ਕਾਰਨ ਤੋਂ ਨਹੀਂ ਆਉਂਦਾ। ਜਦੋਂ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਦਿਲੋਂ ਦੁਖੀ ਵੀ ਹੁੰਦਾ ਹੈ। ਇਸ ਲਈ ਮੇਰੇ ਖ਼ਿਆਲ ਨਾਲ ਇਹ ਐਂਗਰੀ ਯੰਗ ਮੈਨ ਤੋਂ ਜ਼ਿਆਦਾ ਕ੍ਰੇਜ਼ੀ ਯੰਗ ਮੈਨ ਹੈ।
ਤੁਹਾਡੀ ਕੈਮਿਸਟਰੀ ਹਰ ਅਭਿਨੇਤਰੀ ਨਾਲ ਚੰਗੀ ਲੱਗਦੀ ਹੈ। ਇਸ ਦਾ ਕੋਈ ਵਿਸ਼ੇਸ਼ ਫਾਰਮੂਲਾ ਹੈ?
ਮੇਰੀ ਕੈਮਿਸਟਰੀ ਸਿਰਫ਼ ਅਭਿਨੇਤਰੀਆਂ ਨਾਲ ਹੀ ਨਹੀਂ ਸਗੋਂ ਮਰਦ ਅਦਾਕਾਰਾਂ ਨਾਲ ਵੀ ਚੰਗੀ ਰਹੀ ਹੈ। ‘ਗਲੀ ਬੁਆਏ’ ’ਚ ਰਣਵੀਰ ਨਾਲ, ‘ਫੋਨਭੂਤ’ ’ਚ ਈਸ਼ਾਨ ਨਾਲ ਤੇ ਇਸ ਫਿਲਮ ’ਚ ਰਾਘਵ ਨਾਲ ਮੇਰੀ ਕੈਮਿਸਟਰੀ ਦੀ ਤਾਰੀਫ਼ ਹੋਈ ਹੈ। ਮੈਂ ਬਹੁਤ ਹੀ ਗ੍ਰਹਿਣਸ਼ੀਲ ਹਾਂ ਅਤੇ ਹਰ ਭਾਵਨਾ ਨੂੰ ਸਮਝਦਾ ਹਾਂ, ਜੋ ਉਸ ਸਮੇਂ ਜ਼ਰੂਰੀ ਹੁੰਦੀ ਹੈ। ਮੈਂ ਸਾਰਿਆਂ ਨਾਲ ਕੈਮਿਸਟਰੀ ਬਣਾ ਲੈਂਦਾ ਹਾਂ। ਇਕ ਅਭਿਨੇਤਾ ਵਜੋਂ ਮੇਰਾ ਕੰਮ ਹੁੰਦਾ ਹੈ ਸਾਹਮਣੇ ਵਾਲੇ ਵਿਅਕਤੀ ਨੂੰ ਸਹਿਜ ਮਹਿਸੂਸ ਕਰਵਾਉਣਾ ਤੇ ਭਰੋਸਾ ਦਿਵਾਉਣਾ।
ਅੱਜਕੱਲ ਐਕਸ਼ਨ ਫ਼ਿਲਮਾਂ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ?
ਇਹ ਮੇਰੇ ਲਈ ਵੀ ਪਹਿਲੀ ਵਾਰ ਸੀ। ਸੈੱਟ ’ਤੇ ਚੀਜ਼ਾਂ ਉਸ ਤਰ੍ਹਾਂ ਨਹੀਂ ਹੁੰਦੀਆਂ, ਜਿਵੇਂ ਮੈਂ ਸੋਚਦਾ ਸੀ। ਤੁਹਾਨੂੰ ਬਹੁਤ ਚੌਕਸ ਰਹਿਣਾ ਪੈਂਦਾ ਹੈ ਤਾਂ ਜੋ ਕਿਸੇ ਨੂੰ ਵੀ ਸੱਟ ਨਾ ਲੱਗੇ ਤੇ ਖ਼ੁਦ ਨੂੰ ਵੀ ਨਾ ਲੱਗੇ। ਤੁਹਾਨੂੰ ਤਕਨੀਕੀ ਤੌਰ ’ਤੇ ਨਿਪੁੰਨ ਹੋਣਾ ਚਾਹੀਦਾ ਹੈ। ਤੁਸੀਂ ਇਸ ਤਰ੍ਹਾਂ ਦਿਖਾਉਣਾ ਹੈ ਕਿ ਤੁਸੀਂ ਮਾਰ ਰਹੇ ਹੋ ਪਰ ਇਸ ਲਈ ਬਹੁਤ ਠਹਿਰਾਅ ਦੀ ਲੋੜ ਹੈ। ਅਸੀਂ ਆਪਣੀ ਫਿਲਮ ’ਚ ਕੋਸ਼ਿਸ਼ ਕੀਤੀ ਹੈ ਕਿ ਸਭ ਕੁਝ ਰਿਅਲ ਅਤੇ ਆਥੈਂਟਿਕ ਰਹੇ।
‘ਯੁਧ੍ਰਾ’ ਫਿਲਮ ਲਈ ਤੁਸੀਂ ਕੀ ਤਿਆਰੀ ਕੀਤੀ ਸੀ?
ਮੈਂ ਬਹੁਤ ਮਿਹਨਤ ਕੀਤੀ, ਜੋ ਹਰ ਫਿਲਮ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੇਰਾ ਮਾਰਸ਼ਲ ਆਰਟਸ ਦਾ ਪਿਛੋਕੜ ਵੀ ਹੈ। ਜਦੋਂ ਮੈਂ ਸੁਣਿਆ ਕਿ ਇਕ ਐਕਸ਼ਨ ਫਿਲਮ ਬਣ ਰਹੀ ਹੈ ਤਾਂ ਮੈਂ ਆਪਣੇ ਟ੍ਰੇਨਿੰਗ ਵੀਡੀਓਜ਼ ਦਿਖਾਏ, ਜਿਸ ’ਚ ਮੈਂ ਗੱਡੀ ਦੇ ਉੱਪਰ ਤੋਂ ਛਲਾਂਗ ਮਾਰ ਰਿਹਾ ਹਾਂ। ਇਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਮੈਂ ਬ੍ਰਾਜ਼ੀਲੀਅਨ ਮਾਰਸ਼ਲ ਆਰਟ ਫਾਰਮ ਜਿਉ-ਜਿਤਸੂ ਸਿੱਖਿਆ, ਜਿਸ ਲਈ ਇਕ ਮਹੀਨੇ ਫੁਕੇਟ ’ਚ ਤੇ ਫਿਰ ਬਾਲੀ ’ਚ ਟ੍ਰੇਨਿੰਗ ਲਈ। ਮੈਂ ਗਤੀਸ਼ੀਲਤਾ ਤੇ ਰਿਫਲੈਕਸੈੱਸ ’ਤੇ ਧਿਆਨ ਦਿੱਤਾ।
ਮਾਲਵਿਕਾ ਮੋਹਨਨ
ਇਸ ਐਕਸ਼ਨ ਫਿਲਮ ’ਚ ਐਕਸ਼ਨ ਤੋਂ ਇਲਾਵਾ ਕੀ ਰੋਮਾਂਟਿਕ ਸੀਨ ਵੀ ਹਨ?
ਇਸ ਫਿਲਮ ’ਚ ਰੋਮਾਂਸ ਵੀ ਹੈ ਪਰ ਮੈਂ ਪਹਾੜਾਂ ’ਤੇ ਸਾੜ੍ਹੀ ਪਾ ਕੇ ਨਹੀਂ ਘੁੰਮ ਰਹੀ। ਇਹ ਇਕ ਮਾਡਰਨ ਰੋਮਾਂਟਿਕ ਗੀਤ ਹੈ। ਇਸ ਤੋਂ ਇਲਾਵਾ ਕਈ ਅਜਿਹੇ ਸੀਨ ਹਨ, ਜਿਨ੍ਹਾਂ ’ਚ ਰੋਮਾਂਸ ਹੈ।
ਕੈਮਿਸਟਰੀ ਬਣਾਉਣਾ ਆਸਾਨ ਹੈ ਤੇ ਕੀ ਇਹ ਹਰ ਕਿਸੇ ਨਾਲ ਬਣਾਈ ਜਾ ਸਕਦੀ ਹੈ?
ਇਹ ਪਰਸਨ ਟੂ ਪਰਸਨ ’ਤੇ ਨਿਰਭਰ ਕਰਦਾ ਹੈ। ਹਰ ਕਿਸੇ ਨਾਲ ਇਕੋ ਜਿਹੀ ਕੈਮਿਸਟਰੀ ਨਹੀਂ ਹੁੰਦੀ। ਜਦੋਂ ਤੁਸੀਂ ਇੰਟੀਮੇਟ ਸੀਨ ਕਰ ਰਹੇ ਹੁੰਦੇ ਹੋ ਤਾਂ ਇਹ ਮਹੱਤਵਪੂਰਨ ਹੁੰਦਾ ਹੈ ਕਿ ਤੁਸੀਂ ਸਹਿਜ ਮਹਿਸੂਸ ਕਰੋ। ਮੈਨੂੰ ਸਿਧਾਂਤ ਨਾਲ ਕਾਫ਼ੀ ਸਹਿਜਤਾ ਮਹਿਸੂਸ ਹੋਈ ਕਿਉਂਕਿ ਉਨ੍ਹਾਂ ਨੇ ਹਰ ਚੀਜ਼ ਦਾ ਧਿਆਨ ਰੱਖਿਆ।
‘ਯੁਧ੍ਰਾ’ ਫਿਲਮ ਲਈ ਤੁਸੀਂ ਕੀ ਤਿਆਰੀ ਕੀਤੀ ਸੀ? ਕੀ ਤੁਸੀਂ ਵੀ ਐਕਸ਼ਨ ਕੀਤੇ ਹਨ?
ਹਾਂ, ਮੇਰੇ ਕੁਝ ਐਕਸ਼ਨ ਸੀਨ ਹਨ, ਜਿਨ੍ਹਾਂ ਲਈ ਮੈਂ ਤਿਆਰੀ ਕੀਤੀ। ਮੈਂ ਇਸ ਤੋਂ ਪਹਿਲਾਂ ਵੀ ਐਕਸ਼ਨ ਫਿਲਮਾਂ ਕੀਤੀਆਂ ਹਨ -ਇਕ ਤਾਮਿਲ ਫਿਲਮ ਤੇ ਇਕ ਤੇਲਗੂ ਫਿਲਮ। ਇਸ ਤੋਂ ਇਲਾਵਾ ਮੈਂ ਪਿਆਨੋ ਵੀ ਸਿੱਖਿਆ ਕਿਉਂਕਿ ਮੇਰੇ ਕਿਰਦਾਰ ’ਚ ਇਹ ਸ਼ਾਮਲ ਸੀ। ਮੈਂ ਆਪਣੀ ਹਿੰਦੀ ’ਤੇ ਵੀ ਕੰਮ ਕੀਤਾ, ਜਿਸ ’ਚ ਸਿਧਾਂਤ ਨੇ ਮੇਰੀ ਮਦਦ ਕੀਤੀ।
ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਦੇ ਪਿਤਾ ਦਾ ਹੋਇਆ ਦਿਹਾਂਤ
NEXT STORY