ਸਾਦਿਕ (ਪਰਮਜੀਤ) : ਸਾਦਿਕ ਨੇੜੇ ਪਿੰਡ ਮਾਨ ਸਿੰਘ ਵਾਲਾ ਵਿਖੇ ਸੜਕ ਨਾ ਬਨਣ ਕਾਰਨ ਟ੍ਰੈਕਟਰ ਪਲਟ ਗਿਆ ਤੇ ਟ੍ਰੈਕਟਰ ਡ੍ਰਾਈਵਰ ਹੇਠਾਂ ਆਉਣ ਨਾਲ ਗੰਭੀਰ ਫੱਟੜ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਦਿਕ ਤੋਂ ਸ੍ਰੀ ਮੁਕਤਸਰ ਸਾਹਿਬ ਵਾਲੀ ਮੁੱਖ ਸੜਕ ਤੋਂ ਕਰੀਬ 2 ਕੁ ਕਿਲੋਮੀਟਰ ਹਟਵਾਂ ਸਾਡਾ ਪਿੰਡ ਮਾਨ ਸਿੰਘ ਵਾਲਾ ਹੈ ਤੇ ਇਹ ਸੜਕ ਲਗਭਗ ਟੁੱਟ ਚੁੱਕੀ ਹੈ। ਇਸ ਦੀ ਰਿਪੇਅਰ ਲਈ ਕਰੀਬ ਚਾਰ ਮਹੀਨੇ ਤੋਂ ਸੜਕ ਦੇ ਕਿਨਾਰੇ ਪੱਥਰ ਸੁੱਟ ਰੱਖਿਆ ਹੈ, ਜਿਸ ਨਾਲ ਨਿੱਤ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ। ਸੜਕ ਬਣਾਉਣ ਲਈ ਲੈ ਕੇ ਅਸੀਂ ਕਈ ਵਾਰ ਸਬੰਧਤ ਐੱਸ. ਡੀ. ਓ. ਤੇ ਜੇ. ਈ. ਨੂੰ ਕਿਹਾ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ।
ਅੱਜ ਬੱਗਾ ਸਿੰਘ ਪੁੱਤਰ ਸ਼ਿੰਦਰ ਸਿੰਘ ਪਿੰਡ ਭੰਗੇਵਾਲਾ ਇਸ ਸੜਕ ’ਤੇ ਟਰੈਕਟਰ ਲੈ ਕੇ ਆ ਰਿਹਾ ਸੀ ਕਿ ਪੱਥਰਾਂ ਦੀ ਢੇਰੀ ’ਤੇ ਚੜ੍ਹਨ ਨਾਲ ਟਰੈਕਟਰ ਪਲਟ ਗਿਆ ਤੇ ਬੱਗਾ ਸਿੰਘ ਹੇਠਾਂ ਆ ਗਿਆ। ਪਿੰਡ ਦੇ ਲੋਕਾਂ ਤੇ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਟਰੈਕਟਰ ਹੇਠੋਂ ਕੱਢਿਆ ਅਤੇ ਫੱਟੜ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ। ਸਰਪੰਚ ਨੇ ਦੱਸਿਆ ਕਿ ਬੱਗਾ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਹਨ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸੇ ਦੀ ਕੀਮਤੀ ਜਾਨ ਜਾਣ ਤੋਂ ਪਹਿਲਾਂ ਇਹ ਸੜਕ ਬਣਾਈ ਜਾਵੇ।
ਸ੍ਰੀ ਮੁਕਤਸਰ ਸਾਹਿਬ ਰਜਬਾਹੇ 'ਚੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
NEXT STORY