ਵੈੱਬ ਡੈਸਕ : ਤਕਨੀਕੀ ਦਿੱਗਜ ਕੰਪਨੀ ਐਪਲ (Apple) ਦੇ ਲੰਬੇ ਸਮੇਂ ਤੋਂ ਚਰਚਿਤ ਫੋਲਡੇਬਲ ਆਈਫੋਨ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਐਪਲ ਦਾ ਇਹ ਪਹਿਲਾ ਫੋਲਡੇਬਲ ਫੋਨ ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਡਿਵਾਈਸ ਸਤੰਬਰ 2026 ਤੱਕ ਬਾਜ਼ਾਰ 'ਚ ਦਸਤਕ ਦੇ ਸਕਦੀ ਹੈ।
ਕਿੰਨੀ ਹੋ ਸਕਦੀ ਹੈ ਕੀਮਤ?
ਫੂਬੋਨ ਰਿਸਰਚ (Fubon Research) ਦੇ ਵਿਸ਼ਲੇਸ਼ਣ ਮੁਤਾਬਕ, ਆਈਫੋਨ ਫੋਲਡ (iPhone Fold) ਦੀ ਕੀਮਤ 2,399 ਡਾਲਰ (ਲਗਭਗ 2 ਲੱਖ ਰੁਪਏ ਤੋਂ ਵੱਧ) ਤੱਕ ਹੋ ਸਕਦੀ ਹੈ। ਇਹ ਕੀਮਤ ਮੌਜੂਦਾ ਸੈਮਸੰਗ, ਗੂਗਲ ਅਤੇ ਮੋਟੋਰੋਲਾ ਦੇ ਫੋਲਡੇਬਲ ਫੋਨਾਂ ਨਾਲੋਂ ਕਿਤੇ ਜ਼ਿਆਦਾ ਹੈ। ਹਾਲਾਂਕਿ, ਕੁਝ ਹੋਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਦੀ ਕੀਮਤ 1,800 ਤੋਂ 2,000 ਡਾਲਰ ਦੇ ਵਿਚਕਾਰ ਰਹਿ ਸਕਦੀ ਹੈ।
'ਕ੍ਰੀਜ਼-ਫ੍ਰੀ' ਡਿਸਪਲੇਅ ਹੋਵੇਗੀ ਖਾਸੀਅਤ
ਐਪਲ ਦੇ ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦਾ 'ਕ੍ਰੀਜ਼-ਫ੍ਰੀ' (Crease-free) ਡਿਸਪਲੇਅ ਹੋਣਾ ਦੱਸਿਆ ਜਾ ਰਿਹਾ ਹੈ। ਆਮ ਤੌਰ 'ਤੇ ਫੋਲਡੇਬਲ ਫੋਨਾਂ 'ਚ ਜਿੱਥੋਂ ਸਕਰੀਨ ਮੁੜਦੀ ਹੈ, ਉੱਥੇ ਇੱਕ ਲਕੀਰ (ਕ੍ਰੀਜ਼) ਦਿਖਾਈ ਦਿੰਦੀ ਹੈ, ਪਰ ਐਪਲ ਨੇ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਨਾਲ ਇਹ ਲਕੀਰ ਨਜ਼ਰ ਨਹੀਂ ਆਵੇਗੀ। ਇਸ ਦੇ ਲਈ ਕੰਪਨੀ ਨੇ ਹਿੰਗ (Hinge) ਬਣਾਉਣ ਲਈ ਲਿਕਵਿਡ ਮੈਟਲ ਦੀ ਵਰਤੋਂ ਕੀਤੀ ਹੈ ਤਾਂ ਜੋ ਡਿਵਾਈਸ ਮਜ਼ਬੂਤ ਰਹੇ।
ਕਿਉਂ ਮਹਿੰਗਾ ਹੋਵੇਗਾ ਇਹ ਫੋਨ?
ਰਿਪੋਰਟਾਂ ਮੁਤਾਬਕ ਇਸ ਦੀ ਉੱਚੀ ਕੀਮਤ ਦੇ ਕਈ ਕਾਰਨ ਹਨ, ਜਿਵੇਂ ਕਿ-
• ਉੱਨਤ ਡਿਸਪਲੇਅ: ਇਸ ਵਿੱਚ ਸੈਮਸੰਗ ਡਿਸਪਲੇਅ ਵੱਲੋਂ ਸਪਲਾਈ ਕੀਤੇ ਗਏ ਖਾਸ OLED ਪੈਨਲਾਂ ਦੀ ਵਰਤੋਂ ਕੀਤੀ ਜਾਵੇਗੀ।
• ਗੁੰਝਲਦਾਰ ਡਿਜ਼ਾਈਨ: ਫੋਨ ਦਾ ਗੁੰਝਲਦਾਰ ਹਿੰਗ ਮਕੈਨਿਜ਼ਮ ਅਤੇ ਹਲਕੇ ਅੰਦਰੂਨੀ ਪੁਰਜ਼ੇ ਇਸ ਦੀ ਲਾਗਤ ਵਧਾ ਰਹੇ ਹਨ।
• ਵਧਦੀਆਂ ਕੀਮਤਾਂ: ਪਿਛਲੇ ਇੱਕ ਸਾਲ ਵਿੱਚ ਰੈਮ (RAM) ਦੀਆਂ ਕੀਮਤਾਂ ਵਿੱਚ ਲਗਭਗ 75 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਦਾ ਅਸਰ ਫੋਨ ਦੀ ਕੀਮਤ 'ਤੇ ਪਵੇਗਾ।
ਤਿਆਰੀਆਂ ਹੋਈਆਂ ਤੇਜ਼
ਤੈਵਾਨੀ ਕੰਪਨੀ ਹੋਨ ਹਾਈ (Hon Hai Technology Group) ਨੇ ਇਸ ਫੋਨ ਦੀ ਟੈਸਟਿੰਗ ਲਈ ਇੱਕ ਵਿਸ਼ੇਸ਼ ਪ੍ਰੋਡਕਸ਼ਨ ਲਾਈਨ ਤਿਆਰ ਕੀਤੀ ਹੈ, ਜਿੱਥੇ ਫੁੱਲ-ਸਕੇਲ ਉਤਪਾਦਨ ਤੋਂ ਪਹਿਲਾਂ ਕੁਝ ਯੂਨਿਟ ਬਣਾ ਕੇ ਟੈਸਟ ਕੀਤੇ ਜਾਣਗੇ। ਜੇਕਰ ਐਪਲ ਆਪਣੀ ਗੁਣਵੱਤਾ ਅਤੇ ਟਿਕਾਊਪਨ ਦੇ ਵਾਅਦੇ 'ਤੇ ਖਰਾ ਉਤਰਦਾ ਹੈ ਤਾਂ ਇਹ ਆਈਫੋਨ ਪ੍ਰੀਮੀਅਮ ਸਮਾਰਟਫੋਨ ਮਾਰਕੀਟ ਦੀ ਪੂਰੀ ਪਰਿਭਾਸ਼ਾ ਬਦਲ ਸਕਦਾ ਹੈ।
BSNL ਜਲਦ ਹੀ ਬੰਦ ਕਰੇਗੀ ਆਪਣੀ ਇਹ ਸੇਵਾ, ਕਰੋੜਾਂ ਯੂਜ਼ਰਸ 'ਤੇ ਪਵੇਗਾ ਅਸਰ
NEXT STORY