ਗੈਜੇਟ ਡੈਸਕ– ਦੇਸ਼ ’ਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਸ ਦੇ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਗਿਆ ਹੈ। ਅਜਿਹੇ ’ਚ ਵੋਟਰਾਂ ਨੂੰ ਹੋਰ ਵੀ ਮਜਬੂਤ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਇਕ ਮੋਬਾਇਲ ਐਪ ਲਾਂਚ ਕੀਤੀ ਗਈ ਹੈ। ਇਸ ਐਪ ਦੀ ਮਦਦ ਨਾਲ ਕੋਈ ਵੀ ਵੋਟਰ ਆਪਣੇ ਖੇਤਰ ’ਚ ਹੋ ਰਹੇ ਚੋਣ ਜ਼ਾਬਤੇ ਦੇ ਉਲੰਘਣ ਦੀ ਫੋਟੋ ਜਾਂ ਵੀਡੀਓ ਕਮਿਸ਼ਨ ਨੂੰ ਭੇਜ ਸਕਦਾ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਸੰਬੰਧਿਤ ਕਾਰਵਾਈ ਕੀਤੀ ਜਾਵੇਗੀ। ਚੰਗੀ ਗੱਲ ਇਹ ਹੈ ਕਿ ਇਸ ਐਪ ’ਚ ਯੂਜ਼ਰ ਦੀ ਪਛਆਣ ਗੁੱਪਤ ਹੋਵੇਗੀ ਅਤੇ ਉਸ ਨੂੰ ਆਪਣਾ ਨਾਂ ਜਾਂ ਡਿਟੇਲ ਨਹੀਂ ਦੱਸਣੀ ਪਵੇਗੀ।

ਮੁੱਖ ਚੋਣ ਅਧਿਕਾਰੀ ਸੁਨੀਲ ਅਰੋੜਾ ਨੇ ਇਸ ਐਪ ਬਾਰੇ ਕਿਹਾ ਕਿ ‘ਸੀ-ਵਿਜਿਲ ਐਪ’ ਦੀ ਮਦਦ ਨਾਲ ਨਾਗਰਿਕ ਆਪਣੇ ਮੋਬਾਇਲ ’ਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਰਿਕਾਰਡ ਕਰਕੇ ਚੋਣ ਕਮਿਸ਼ਨ ਨੂੰ ਰਿਪੋਰਟ ਕਰ ਸਕਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਚੋਣ ਜ਼ਾਬਤਾ ਉਲੰਘਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਸ਼ਿਕਾਇਤਕਰਤਾ ਨੂੰ ਕਿਸੇ ਵੀ ਦਫਤਰ ਨਹੀਂ ਜਾਣਾ ਪਵੇਗਾ ਅਤੇ ਲਿਖਿਤ ਸ਼ਿਕਾਇਤ ਕਰਨ ਦੀ ਲੰਬੀ ਪ੍ਰਕਿਰਿਆ ’ਚੋਂ ਨਹੀਂ ਗੁਜਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਐਪ ਦਾ ਮਕਸਦ ਵੋਟਰਾਂ ਨੂੰ ਹੋਰ ਤਾਕਤ ਦੇਣਾ ਹੈ।

ਸੀ-ਵਿਜਿਲ ਇਕ ਆਸਾਨ ਜਿਹੀ ਐਂਡਰਾਇਡ ਐਪ ਹੈ ਅਤੇ ਯੂਜ਼ਰਜ਼ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸਿਰਫ ਤਸਵੀਰ ’ਤੇ ਕਲਿੱਕ ਕਰਨੀ ਹੋਵੇਗੀ ਜਾਂ ਫਿਰ ਵੀਡੀਓ ਬਣਾਉਣੀ ਹੋਵੇਗੀ। ਨਾਲ ਹੀ ਉਲੰਘਣ ਬਾਰੇ ਸੰਖੇਪ ’ਚ ਜਾਣਕਾਰੀ ਦੇ ਕੇ ਅਗਲੇ ਸਟੈੱਪ ’ਤੇ ਇਸ ਨੂੰ ਚੋਣ ਕਮਿਸ਼ਨ ਕੋਲ ਅਪਲੋਡ ਕਰਨਾ ਹੋਵੇਗਾ। ਇਹ ਪ੍ਰਕਿਰਿਆ ਆਸਾਨ ਹੈ ਅਤੇ ਇਸ ਵਿਚ ਯੂਜ਼ਰ ਦੀ ਪਛਾਣ ਵੀ ਜ਼ਾਹਰ ਨਹੀਂ ਹੋਵੇਗੀ। ਡਿਸਟ੍ਰਿਕ ਕੰਟਰੋਲ ਰੂਮ ਮੌਕੇ ’ਤੇ ਫਲਾਇੰਗ ਸਕਵਾਡ ਭੇਜ ਕੇ ਮਾਮਲੇ ਦੀ ਜਾਣਕਾਰੀ ਕਨਫਰਮ ਕਰਨਗੇ ਅਤੇ ਕਾਰਵਾਈ ਕਰਨਗੇ।

ਅਰੋੜਾ ਨੇ ਕਿਹਾ ਕਿ ਅਥਾਰਿਟੀਜ਼ ਅਤੇ ਸੰਬੰਧਿਤ ਅਧਿਕਾਰੀ ਸ਼ਿਕਾਇਤ ਦੇ 100 ਮਿੰਟ ਦੇ ਅੰਦਰ ਇਸ ’ਤੇ ਕਾਰਵਾਈ ਕਰਨਗੇ। ਇਸ ਤੋਂ ਇਲਾਵਾ ਵੋਟਰਾਂ ਨੂੰ ਆਪਣੇ ਖੇਤਰ ਦੇ ਉਮੀਦਵਾਰ ਨੂੰ ਪਛਾਣਨ ’ਚ ਪਰੇਸ਼ਾਨੀ ਨਾ ਹੋਵੇ, ਇਸ ਲਈ ਬੈਲਟ ਪੇਪਰ ’ਤੇ ਉਨ੍ਹਾਂ ਦੇ ਫੋਟੋ ਪ੍ਰਿੰਟ ਕੀਤੀ ਜਾਵੇਗੀ ਅਤੇ ਇਸ ਨੂੰ ਈ.ਵੀ.ਐੱਮ. ’ਤੇ ਵੀ ਛਾਪਿਆ ਜਾਵੇਗਾ। ਇਸ ਦੀ ਮਦਦ ਨਾਲ ਕਿਸੇ ਤਰ੍ਹਾ ਦਾ ਕੋਈ ਭਰਮ ਨਹੀਂ ਹੋਵੇਗਾ ਅਤੇ ਵੋਟਰ ਆਪਣੇ ਪਸੰਦੀਦਾ ਉਮੀਦਵਾਰ ਦੀ ਤਸਵੀਰ ਦੇਖ ਕੇ ਸਹੀ ਵੋਟ ਪਾ ਸਕਦਾ ਹੈ। ਇਸ ਲਈ ਉਮੀਦਵਾਰਾਂ ਤੋਂ ਉਨ੍ਹਾਂ ਦੀਆਂ ਤਸਵੀਰਾਂ ਵੀ ਮੰਗੀਆਂ ਗਈਆਂ ਹਨ। ਦੱਸ ਦੇਈਏ ਕਿ ਦੇਸ਼ ਭਰ ’ਚ 11 ਅਪ੍ਰੈਲ ਤੋਂ 19 ਮਈ ਵਿਚਕਾਰ ਲੋਕ ਸਭ ਚੋਣਾਂ ਲਈ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ।
ਫੁੱਲ ਚਾਰਜ ’ਤੇ 110km ਤਕ ਚੱਲੇਗਾ ਇਹ ਇਲੈਕਟ੍ਰਿਕ ਸਕੂਟਰ
NEXT STORY