ਗੈਜੇਟ ਡੈਸਕ– ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਕਾਰਨ ਆਨਲਾਈਨ ਵੀਡੀਓ ਵੇਖਣ ਵਾਲਿਆਂ ਦੀ ਗਿਣਤੀ 35 ਕਰੋੜ ਤੋਂ ਪਾਰ ਹੋ ਗਈ ਹੈ। ਇਹ ਗਿਣਤੀ ਸਾਲ 2018 ਤੋਂ 2020 ਤਕ ਹਰ ਸਾਲ 24 ਫੀਸਦੀ ਦੀ ਦਰ ਨਾਲ ਵਧੀ ਹੈ, ਜੋ ਚੀਨ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਤੁਲਨਾ ’ਚ ਦੁੱਗਣੀ ਵੱਧ ਹੈ। ਪ੍ਰਬੰਧਨ ਸਲਾਹਕਾਰ ਕੰਪਨੀ ‘ਬੇਨ ਐਂਡ ਕੰਪਨੀ’ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਆਨਲਾਈਨ ਵੀਡੀਓ ਵੇਖਣ ਦੇ ਸਮੇਂ ਵਿਚ 60 ਤੋਂ 70 ਫੀਸਦੀ ਦਾ ਵਾਧਾ ਹੋਇਆ ਹੈ। ਭਾਰਤ ਵਿਚ ਇੰਟਰਨੈੱਟ ਯੂਜ਼ਰਜ਼ ਵਿਚੋਂ 60 ਫੀਸਦੀ ਹੀ ਆਨਲਾਈਨ ਵੀਡੀਓ ਵੇਖਦੇ ਹਨ, ਜਦੋਂਕਿ ਚੀਨ ਵਿਚ ਇਹ ਅੰਕੜਾ 90 ਫੀਸਦੀ ਤੋਂ ਵੱਧ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਲਗਭਗ 64 ਕਰੋੜ ਇੰਟਰਨੈੱਟ ਯੂਜ਼ਰਜ਼ ਹਨ, ਜਿਨ੍ਹਾਂ ਵਿਚੋਂ ਲਗਭਗ 55 ਕਰੋੜ ਸਮਾਰਟਫੋਨ ਯੂਜ਼ਰਜ਼ ਹਨ।
ਇਕ ਯੂਜ਼ਰ ਬਿਤਾਉਂਦਾ ਹੈ 45 ਮਿੰਟ ਤਕ ਦਾ ਸਮਾਂ
ਇਸ ਰਿਪੋਰਟ ਦੇ ਲੇਖਕਾਂ ਨੇ 15 ਸੈਕੰਡ ਤਕ ਦੀ ਮਿਆਦ ਦੀ ਵੀਡੀਓ ਨੂੰ ਛੋਟੀ ਵੀਡੀਓ ਅਤੇ 2 ਮਿੰਟ ਤੋਂ ਵੱਧ ਦੀ ਵੀਡੀਓ ਨੂੰ ਲੰਮੀ ਵੀਡੀਓ ਮੰਨਿਆ ਹੈ। ਵੀਡੀਓ ਯੂਜ਼ਰਜ਼ ਤੇ ਪੇਸ਼ੇਵਰ ਨਿਰਮਾਤਾ ਬਣਾ ਸਕਦੇ ਹਨ ਜਾਂ ਉਹ ਪਹਿਲਾਂ ਤੋਂ ਰਿਕਾਰਡ ਜਾਂ ਲਾਈਵ ਸਟ੍ਰੀਮਡ ਹੋ ਸਕਦੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦੀਆਂ ਵੱਡੀਆਂ ਸੋਸ਼ਲ ਮੀਡੀਆ ਤੇ ਮਨੋਰੰਜਨ ਕੰਪਨੀਆਂ ਆਨਲਾਈਨ ਵੀਡੀਓ ’ਤੇ ਹੱਥ ਅਜ਼ਮਾ ਰਹੀਆਂ ਹਨ। ਭਾਰਤ ਵਿਚ ਛੋਟੀਆਂ ਵੀਡੀਓਜ਼ ਦਾ ਬਾਜ਼ਾਰ ਟਿਕਟਾਕ ਦੇ ਆਉਣ ਨਾਲ ਸ਼ੁਰੂ ਹੋਇਆ ਸੀ। ਇਹ ਇਸ ਚੀਨੀ ਕੰਪਨੀ ਦੇ ਦੇਸ਼ ’ਚੋਂ ਬਾਹਰ ਜਾਣ ਦੇ ਬਾਵਜੂਦ ਲਗਾਤਾਰ ਵਧ ਰਿਹਾ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਛੋਟੀਆਂ ਵੀਡੀਓਜ਼ ਦੇ ਪਲੇਟਫਾਰਮਾਂ ’ਤੇ ਯੂਜ਼ਰਜ਼ ਦੀ ਗਿਣਤੀ ਵਿਚ 3.5 ਗੁਣਾ ਅਤੇ ਕੁਲ ਸਮਾਂ ਬਿਤਾਉਣ ਵਿਚ 12 ਗੁਣਾ ਵਾਧਾ ਹੋਇਆ ਹੈ। ਸਾਲ 2020 ਵਿਚ 20 ਕਰੋੜ ਤੋਂ ਵੱਧ ਭਾਰਤੀਆਂ ਨੇ ਘੱਟੋ-ਘੱਟ ਇਕ ਵਾਰ ਛੋਟੀਆਂ ਵੀਡੀਓਜ਼ ਵੇਖੀਆਂ। ਇਕ ਸਰਗਰਮ ਯੂਜ਼ਰ ਰੋਜ਼ਾਨਾ ਇਨ੍ਹਾਂ ਪਲੇਟਫਾਰਮਾਂ ’ਤੇ 45 ਮਿੰਟ ਦਾ ਸਮਾਂ ਬਿਤਾ ਰਿਹਾ ਹੈ।
35 ਤੋਂ 40 ਕਰੋੜ ਲੋਕ ਵੇਖਦੇ ਹਨ ਲੰਮੀਆਂ ਵੀਡੀਓਜ਼
ਰਿਪੋਰਟ ਵਿਚ ਵੇਖਿਆ ਗਿਆ ਹੈ ਕਿ ਲੰਮੀਆਂ ਵੀਡੀਓਜ਼ 35 ਤੋਂ 40 ਕਰੋੜ ਲੋਕ ਵੇਖਦੇ ਹਨ, ਜਿਨ੍ਹਾਂ ਦੀ ਗਿਣਤੀ ਛੋਟੀਆਂ ਵੀਡੀਓਜ਼ ਵੇਖਣ ਵਾਲਿਆਂ ਦੇ ਮੁਕਾਬਲੇ ਲਗਭਗ ਦੁੱਗਣੀ ਹੈ। ਲੰਮੀਆਂ ਵੀਡੀਓਜ਼ ਵਿਚ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ। ਇਨ੍ਹਾਂ ਦੇ ਯੂਜ਼ਰਜ਼ ਤੇ ਵਰਤੋਂ ਸਾਲ 2018 ਤੋਂ 2020 ਤਕ ਲਗਭਗ ਡੇਢ ਗੁਣਾ ਵਧੀ ਹੈ। ਲੰਮੀਆਂ ਵੀਡੀਓਜ਼ ਦੇ ਪਲੇਟਫਾਰਮ ’ਤੇ ਸਰਗਰਮ ਯੂਜ਼ਰਜ਼ ਰੋਜ਼ਾਨਾ 2.5 ਘੰਟੇ ਤੋਂ ਵੱਧ ਸਮਾਂ ਬਿਤਾਉਂਦੇ ਹਨ, ਜਿਸ ਵਿਚ ਕੋਵਿਡ-19 ਦੇ ਲਾਕਡਾਊਨ ਤੇ ਮਹਾਮਾਰੀ ਦੌਰਾਨ ਘਰਾਂ ਵਿਚ ਰਹਿਣ ਦੀ ਸਲਾਹ ਕਾਰਨ ਵਾਧਾ ਹੋਇਆ ਹੈ।
ਲੰਮੀਆਂ ਵੀਡੀਓਜ਼ ਦੇ ਯੂਜ਼ਰਜ਼ ਸਾਲ 2025 ਤਕ 50 ਕਰੋੜ ਤੋਂ ਵਧ ਕੇ 65 ਕਰੋੜ ਹੋਣ ਦੀ ਸੰਭਾਵਨਾ ਹੈ। ਇੰਸਟਾਗ੍ਰਾਮ (ਫੇਸਬੁੱਕ), ਯੂ-ਟਿਊਬ (ਗੂਗਲ), ਨੈੱਟਫਲਿਕਸ ਤੇ ਅਮੇਜ਼ਨ ਪ੍ਰਾਈਮ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਛੋਟੀਆਂ ਤੇ ਵੱਡੀਆਂ ਵੀਡੀਓਜ਼ ਵੱਲ ਧਿਆਨ ਦੇ ਰਹੀਆਂ ਹਨ। ਛੋਟੀਆਂ ਵੀਡੀਓਜ਼ ਵਿਚ ਬਹੁਤ ਸਾਰੀਆਂ ਕੰਪਨੀਆਂ ਦੀ ਮੌਜੂਦਗੀ ਹੈ। ਇਨ੍ਹਾਂ ਵਿਚ ਵੱਡੀਆਂ ਤਕਨੀਕੀ ਕੰਪਨੀਆਂ (ਇੰਸਟਾਗ੍ਰਾਮ ਰੀਲਜ਼, ਫੇਸਬੁੱਕ ਰੀਲਜ਼, ਸਨੈਪਚੈਟ ਸਪਾਟਲਾਈਟ), ਮੁੱਖ ਤੌਰ ’ਤੇ ਛੋਟੀਆਂ ਵੀਡੀਓਜ਼ ਵਾਲੀਆਂ ਸਿੰਗਲ ਐਪਸ (ਮੋਜ, ਜੋਸ਼, ਐੱਮ. ਐਕਸ. ਟਕਾਟਕ, ਰੋਪੋਸੋ, ਜਿਲ) ਅਤੇ ਸਿਰਫ ਛੋਟੀਆਂ ਵੀਡੀਓਜ਼ ਵਾਲੀਆਂ ਐਪਸ (ਮਿੱਤਰੋ, ਟ੍ਰੇਲ, ਚਿੰਗਾਰੀ) ਸ਼ਾਮਲ ਹਨ। ਇਸ ਤੋਂ ਇਲਾਵਾ ਲੰਮੀਆਂ ਵੀਡੀਓਜ਼ ਮੁਹੱਈਆ ਕਰਵਾਉਣ ਵਾਲੀ ਯੂ-ਟਿਊਬ ਵੀ ਛੋਟੀਆਂ ਵੀਡੀਓਜ਼ ਲਈ ਯੂ-ਟਿਊਬ ਸ਼ਾਟਸ ਲੈ ਕੇ ਆਈ ਹੈ।
WhatsApp ਡਾਊਨ ਹੋਣ ’ਤੇ ਇਸ ਐਪ ਨੂੰ ਹੋਇਆ ਫਾਇਦਾ, ਕਰੋੜਾਂ ਯੂਜ਼ਰਸ ਨੇ ਕੀਤਾ ਇੰਸਟਾਲ
NEXT STORY