ਜਲੰਧਰ (ਬਿਊਰੋ)– ਬੱਚੇ ਦਾ ਜਨਮ ਉਸ ਦੀ ਮਾਂ ਲਈ ਖ਼ੁਸ਼ੀ ਦਾ ਮੌਕਾ ਹੁੰਦਾ ਹੈ ਪਰ ਬੱਚੇ ਦੇ ਜਨਮ ਤੋਂ ਲੈ ਕੇ ਸ਼ੁਰੂਆਤੀ ਸਾਲਾਂ ਤੱਕ ਉਸ ਦੀ ਪਰਵਰਿਸ਼ ਸੌਖੀ ਨਹੀਂ ਹੁੰਦੀ। ਅਜਿਹੇ ’ਚ ਮਾਂ ਨੂੰ ਕਈ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਖ਼ਾਸ ਤੌਰ ’ਤੇ ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਦੀਆਂ ਸਮੱਸਿਆਵਾਂ ਕਈ ਗੁਣਾ ਵਧ ਜਾਂਦੀਆਂ ਹਨ। ਇਨ੍ਹਾਂ ’ਚ ਛਾਤੀ ਦਾ ਦੁੱਧ ਚੁੰਘਾਉਣ ਨਾਲ ਸਬੰਧਤ ਸਮੱਸਿਆਵਾਂ ਵੀ ਸ਼ਾਮਲ ਹੋ ਸਕਦੀਆਂ ਹਨ।
ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਹੋ ਸਕਦੀਆਂ ਨੇ ਇਹ ਸਮੱਸਿਆਵਾਂ
ਦੁੱਧ ਚੁੰਘਾਉਣ ਵਾਲੀਆਂ ਔਰਤਾਂ ’ਚ ਕੁਝ ਸਮੱਸਿਆਵਾਂ ਆਮ ਤੌਰ ’ਤੇ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਨਿੱਪਲ ਦਾ ਦਰਦ, ਫਟਣਾ, ਉਲਟਾ ਨਿੱਪਲ, ਛਾਲੇ, ਸੋਜ, ਛਾਤੀ ’ਚ ਦਰਦ, ਛਾਤੀ ਦਾ ਭਾਰਾ ਹੋਣਾ, ਦੁੱਧ ਦੀਆਂ ਗੰਢਾਂ, ਦੁੱਧ ਦਾ ਘੱਟ ਜਾਂ ਵਧ ਉਤਪਾਦਨ, ਦੁੱਧ ਦਾ ਲੀਕ ਹੋਣਾ ਤੇ ਛਾਤੀ ਦੀ ਇੰਫੈਕਸ਼ਨ ਆਦਿ। ਇਸ ਦੇ ਨਾਲ ਹੀ ਮਾਸਟਾਈਟਸ ਜਾਂ ਕੁਝ ਹੋਰ ਕਾਰਨਾਂ ਕਰਕੇ ਛਾਤੀ ’ਚ ਦੁੱਧ ਦੀ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜਿਨ੍ਹਾਂ ’ਚ ਬੁਖਾਰ ਜਾਂ ਫਲੂ ਵਰਗੇ ਲੱਛਣਾਂ ਦੇ ਨਾਲ-ਨਾਲ ਛਾਤੀ ’ਚ ਦਰਦ, ਸੋਜ ਜਾਂ ਗਰਮੀ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ।
ਬੱਚੇ ਦੀ ਸਿਹਤ ’ਤੇ ਵੀ ਪੈ ਸਕਦੈ ਮਾੜਾ ਅਸਰ
ਕਈ ਵਾਰ ਮਾਂ ’ਚ ਦੁੱਧ ਚੁੰਘਾਉਣ ਨਾਲ ਸਬੰਧਤ ਸਮੱਸਿਆਵਾਂ ਵੀ ਬੱਚੇ ਲਈ ਦੁੱਧ ਦੀ ਸਹੀ ਮਾਤਰਾ ਨੂੰ ਪ੍ਰਭਾਵਿਤ ਕਰਦੀਆਂ ਹਨ। ਜੇਕਰ ਔਰਤ ਨੂੰ ਬੱਚੇ ਦੇ ਛੇ ਮਹੀਨੇ ਹੋਣ ਤੋਂ ਪਹਿਲਾਂ ਹੀ ਅਜਿਹੀਆਂ ਸਮੱਸਿਆਵਾਂ ਹੋ ਰਹੀਆਂ ਹਨ ਤੇ ਉਹ ਇਨ੍ਹਾਂ ਕਾਰਨਾਂ ਕਰਕੇ ਬੱਚੇ ਨੂੰ ਲੋੜੀਂਦੀ ਮਾਤਰਾ ’ਚ ਦੁੱਧ ਨਹੀਂ ਚੁੰਘਾਉਂਦੀਆਂ ਤਾਂ ਬੱਚੇ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਛਾਤੀ ’ਚ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਹੋਣ ਕਾਰਨ ਬੱਚੇ ਦੀ ਸਿਹਤ ’ਤੇ ਵੀ ਅਸਰ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਕਿਸੇ ਵਰਦਾਨ ਤੋਂ ਘੱਟ ਨਹੀਂ ਮੂੰਗਫਲੀ, ਕਈ ਬੀਮਾਰੀਆਂ ਨੂੰ ਦੂਰ ਕਰਕੇ ਸਰੀਰ ਨੂੰ ਦਿੰਦੀ ਹੈ ਅਨੋਖੇ ਫ਼ਾਇਦੇ
ਦੁੱਧ ਚੁੰਘਾਉਣ ਵੇਲੇ ਆਉਣ ਵਾਲੀਆਂ ਸਮੱਸਿਆਵਾਂ ਤੋਂ ਕਿਵੇਂ ਬਚੀਏ?
ਇਹ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਜਣੇਪੇ ਤੋਂ ਤੁਰੰਤ ਬਾਅਦ ਔਰਤ ਨੂੰ ਦੁੱਧ ਪਿਲਾਉਣ ਲਈ ਸਹੀ ਸਥਿਤੀ ਤੇ ਹੋਰ ਲੋੜੀਂਦੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾਵੇ। ਜਿਨ੍ਹਾਂ ’ਚੋਂ ਕੁਝ ਹੇਠ ਲਿਖੇ ਅਨੁਸਾਰ ਹਨ–
1. ਬੱਚੇ ਨੂੰ ਹਮੇਸ਼ਾ ਆਰਾਮਦਾਇਕ ਸਥਿਤੀ ’ਚ ਬਿਠਾ ਕੇ ਦੁੱਧ ਪਿਲਾਉਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਬੱਚਾ ਦੁੱਧ ਪੀ ਰਿਹਾ ਹੋਵੇ ਤਾਂ ਉਸ ਦਾ ਨੱਕ ਨਹੀਂ ਦਬਾਇਆ ਜਾਣਾ ਚਾਹੀਦਾ। ਇਸ ਲਈ ਬੱਚੇ ਨੂੰ ਸ਼ੁਰੂ ’ਚ ਦੋ ਉਂਗਲਾਂ ਦੇ ਵਿਚਕਾਰ ਨਿੱਪਲ ਰੱਖ ਕੇ ਦੁੱਧ ਪਿਲਾਇਆ ਜਾ ਸਕਦਾ ਹੈ।
2. ਆਮ ਤੌਰ ’ਤੇ ਔਰਤਾਂ ਨੂੰ ਜਣੇਪੇ ਤੋਂ ਬਾਅਦ ਛਾਤੀ ਦਾ ਦੁੱਧ ਚੁੰਘਾਉਣ ਦੌਰਾਨ ਸਿੱਧੇ ਬੈਠਣ ਤੇ ਝੁਕਣ ’ਚ ਮੁਸ਼ਕਿਲ ਹੁੰਦੀ ਹੈ। ਇਸ ਸਥਿਤੀ ’ਚ ਸਿਰਹਾਣਾ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਨਾਲ ਹੀ ਬੱਚੇ ਨੂੰ ਦੁੱਧ ਚੁੰਘਾਉਂਦੇ ਸਮੇਂ ਉਸ ਨੂੰ ਸਿਰਹਾਣੇ ਦੀ ਮਦਦ ਨਾਲ ਜਾਂ ਉਸ ’ਤੇ ਲੇਟ ਕੇ ਵੀ ਦੁੱਧ ਚੁੰਘਾਇਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਮਾਂ ਨੂੰ ਦੁੱਧ ਚੁੰਘਾਉਣਾ ਸੌਖਾ ਹੋਵੇਗਾ, ਸਗੋਂ ਮਾਂ ਨੂੰ ਬੈਠਣ ’ਚ ਵੀ ਆਰਾਮ ਮਿਲਦਾ ਹੈ ਤੇ ਹੱਥਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- 1. ਦੁੱਧ ਚੁੰਘਾਉਣ ਤੋਂ ਪਹਿਲਾਂ ਤੇ ਬਾਅਦ ’ਚ ਨਿੱਪਲ ਨੂੰ ਸਾਫ਼ ਕਰੋ
- 2. ਨਿੱਪਲ ਨੂੰ ਹਮੇਸ਼ਾ ਸਾਫ਼ ਤੇ ਸੁੱਕਾ ਰੱਖੋ
- 3. ਨਿੱਪਲ ’ਤੇ ਕਿਸੇ ਵੀ ਸਖ਼ਤ ਸਾਬਣ ਤੇ ਕ੍ਰੀਮ ਦੀ ਵਰਤੋਂ ਨਾ ਕਰੋ
- 4. ਫਟੇ ਹੋਏ ਨਿੱਪਲ ’ਤੇ ਲੈਨੋਲਿਨ ਵਾਲੀ ਕ੍ਰੀਮ ਜਾਂ ਜੈਤੂਨ ਦਾ ਤੇਲ ਲਗਾਓ ਜਾਂ ਛਾਤੀ ਦੇ ਦੁੱਧ ਨੂੰ ਨਿੱਪਲ ’ਤੇ ਲਗਾਓ ਤੇ ਇਸ ਨੂੰ ਸੁੱਕਣ ਦਿਓ। ਇਸ ’ਚ ਵਿਟਾਮਿਨ ਈ ਸਮੇਤ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਸ ਦੇ ਨਾਲ ਹੀ ਇਸ ’ਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ
- 5. ਛਾਤੀ ’ਚ ਹਲਕੇ ਦਰਦ ਨੂੰ ਠੰਡੇ ਜਾਂ ਗਰਮ ਕੰਪਰੈੱਸ ਤੇ ਛਾਤੀ ਦੀ ਮਾਲਸ਼ ਨਾਲ ਰਾਹਤ ਦਿੱਤੀ ਜਾ ਸਕਦੀ ਹੈ ਪਰ ਜੇਕਰ ਦਰਦ ਵਧਣ ਲੱਗੇ ਤੇ ਦਰਦ ਦੇ ਨਾਲ-ਨਾਲ ਬੁਖਾਰ ਵੀ ਮਹਿਸੂਸ ਹੋਵੇ ਜਾਂ ਛਾਤੀ ’ਚ ਗੰਢ ਮਹਿਸੂਸ ਹੋਵੇ ਤਾਂ ਡਾਕਟਰ ਦੀ ਸਲਾਹ ਲਓ
- 6. ਜਣੇਪਾ ਜਾਂ ਨਵੀਂ ਮਾਂ ਨੂੰ ਆਪਣੇ ਨਿਯਮਿਤ ਭੋਜਨ ’ਚ ਪੌਸ਼ਟਿਕ ਆਹਾਰ ਸ਼ਾਮਲ ਕਰਨੇ ਚਾਹੀਦੇ ਹਨ। ਇਸ ਕਾਰਨ ਦੁੱਧ ਦਾ ਉਤਪਾਦਨ ਸਹੀ ਰਹਿੰਦਾ ਹੈ
ਕੰਮ ਕਰਨ ਵਾਲੀਆਂ ਮਾਵਾਂ ਲਈ ਖ਼ਾਸ ਸੁਝਾਅ
ਕੰਮਕਾਜੀ ਔਰਤਾਂ ਲਈ ਆਪਣੇ ਬੱਚਿਆਂ ਨੂੰ ਲੋੜੀਂਦੀ ਮਾਤਰਾ ’ਚ ਦੁੱਧ ਚੁੰਘਾਉਣਾ ਕਦੇ-ਕਦੇ ਔਖਾ ਹੋ ਜਾਂਦਾ ਹੈ। ਹਾਲਾਂਕਿ ਮੌਜੂਦਾ ਸਮੇਂ ’ਚ ਜ਼ਿਆਦਾਤਰ ਸਰਕਾਰੀ ਤੇ ਨਿੱਜੀ ਦਫ਼ਤਰਾਂ ’ਚ ਜਣੇਪਾ ਛੁੱਟੀ ਉਪਲੱਬਧ ਹੈ ਪਰ ਇਸ ਦੀ ਮਿਆਦ ਵੱਖ-ਵੱਖ ਹੋ ਸਕਦੀ ਹੈ। ਅਜਿਹੀ ਸਥਿਤੀ ’ਚ ਦੁੱਧ ਨੂੰ ਬ੍ਰੈਸਟ ਪੰਪ ਤੋਂ ਕੱਢ ਕੇ ਜਾਂ ਛਾਤੀ ਤੋਂ ਦਬਾ ਕੇ ਵੀ ਸੀਮਤ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ ਤਾਂ ਜੋ ਬੱਚਿਆਂ ਦੇ ਪੋਸ਼ਣ ’ਤੇ ਕੋਈ ਅਸਰ ਨਾ ਪਵੇ। ਇਸ ਦੁੱਧ ਨੂੰ ਫਰਿੱਜ ਜਾਂ ਕਿਸੇ ਵੀ ਸਾਫ-ਸੁਥਰੀ ਜਗ੍ਹਾ ’ਤੇ ਰੱਖਿਆ ਜਾ ਸਕਦਾ ਹੈ ਪਰ ਧਿਆਨ ਰੱਖੋ ਕਿ ਇਸ ਦੁੱਧ ਨੂੰ ਗੈਸ ਜਾਂ ਮਾਈਕ੍ਰੋਵੇਵ ’ਚ ਸਿੱਧਾ ਗਰਮ ਨਹੀਂ ਕਰਨਾ ਚਾਹੀਦਾ। ਇਸ ਨਾਲ ਦੁੱਧ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਦੇ ਨਾਲ ਹੀ ਇਸ ਦੁੱਧ ਨੂੰ ਸਟੋਰ ਕਰਨ ਲਈ ਬ੍ਰੈਸਟ ਮਿਲਕ ਸਟੋਰੇਜ ਬੈਗ ਵੀ ਬਾਜ਼ਾਰ ’ਚ ਉਪਲੱਬਧ ਹਨ।
ਮਾਵਾਂ ਇਨ੍ਹਾਂ ਬੈਗਸ ’ਚ ਆਪਣਾ ਦੁੱਧ ਇਕੱਠਾ ਕਰ ਸਕਦੀਆਂ ਹਨ ਤੇ ਲੋੜ ਪੈਣ ’ਤੇ ਜਾਂ ਜਨਤਕ ਥਾਵਾਂ ’ਤੇ ਛਾਤੀ ਦਾ ਦੁੱਧ ਚੁੰਘਾਉਣ ਦੀ ਬਜਾਏ ਆਸਾਨੀ ਨਾਲ ਇਸ ਬੈਗ ਨਾਲ ਬੱਚੇ ਨੂੰ ਦੁੱਧ ਪਿਲਾ ਸਕਦੀਆਂ ਹਨ। ਇਸ ਤੋਂ ਇਲਾਵਾ ਕਈ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਛਾਤੀ ਤੋਂ ਦੁੱਧ ਦੇ ਲਗਾਤਾਰ ਲੀਕ ਹੋਣ ਦੀ ਸਮੱਸਿਆ ਵੀ ਹੁੰਦੀ ਹੈ, ਜੋ ਕਈ ਵਾਰ ਦਫ਼ਤਰ ਜਾਂ ਬਾਹਰ ਮੁਸੀਬਤ ਜਾਂ ਸ਼ਰਮ ਦਾ ਕਾਰਨ ਬਣ ਜਾਂਦੀ ਹੈ। ਇਸ ਸਥਿਤੀ ’ਚ ਬ੍ਰੈਸਟ ਪੈਡ ਬਹੁਤ ਮਦਦਗਾਰ ਹੁੰਦੇ ਹਨ। ਇਨ੍ਹਾਂ ਪੈਡਸ ਨੂੰ ਛਾਤੀ ਦੇ ਉੱਪਰ ਤੇ ਬ੍ਰਾ ਦੇ ਕੱਪ ’ਚ ਰੱਖਣਾ ਹੁੰਦਾ ਹੈ। ਉਹ ਦੁੱਧ ਨੂੰ ਜਜ਼ਬ ਕਰਦੇ ਰਹਿੰਦੇ ਹਨ ਤੇ ਤੁਹਾਡੇ ਕੱਪੜਿਆਂ ਨੂੰ ਗਿੱਲਾ ਨਹੀਂ ਹੋਣ ਦਿੰਦੇ।
ਜੇਕਰ ਬ੍ਰੈਸਟ ਪੰਪ ਜਾਂ ਬ੍ਰੈਸਟ ਪੈਡ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਨ੍ਹਾਂ ਦੀ ਸਫਾਈ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਇੰਫੈਕਸ਼ਨ ਜਾਂ ਕਿਸੇ ਹੋਰ ਸਮੱਸਿਆ ਦਾ ਖ਼ਤਰਾ ਨਾ ਹੋਵੇ। ਬ੍ਰੈਸਟ ਪੰਪ ਨੂੰ ਵਰਤਣ ਤੋਂ ਪਹਿਲਾਂ ਤੇ ਬਾਅਦ ’ਚ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਰਦੀਆਂ ’ਚ ਕਿਸੇ ਵਰਦਾਨ ਤੋਂ ਘੱਟ ਨਹੀਂ ਮੂੰਗਫਲੀ, ਕਈ ਬੀਮਾਰੀਆਂ ਨੂੰ ਦੂਰ ਕਰਕੇ ਸਰੀਰ ਨੂੰ ਦਿੰਦੀ ਹੈ ਅਨੋਖੇ ਫ਼ਾਇਦੇ
NEXT STORY