ਹੈਲਥ ਡੈਸਕ - ਦਫ਼ਤਰਾਂ 'ਚ ਲਗਾਤਾਰ 8 ਤੋਂ 10 ਘੰਟੇ ਕੁਰਸੀ 'ਤੇ ਬੈਠ ਕੇ ਕੰਮ ਕਰਨਾ ਹੁਣ ਤੁਹਾਡੀ ਸਿਹਤ ਲਈ ਮਾਰੂ ਸਾਬਤ ਹੋ ਸਕਦਾ ਹੈ। ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾ ਦੇਰ ਬੈਠਣਾ ਟਾਈਪ-2 ਸ਼ੂਗਰ ਦਾ ਮੁੱਖ ਕਾਰਨ ਬਣ ਰਿਹਾ ਹੈ। ਹਾਲਾਂਕਿ, ਇਸ ਦਾ ਇਕ ਬਹੁਤ ਹੀ ਸਰਲ ਹੱਲ ਸਾਹਮਣੇ ਆਇਆ ਹੈ 'ਸਟੈਂਡਿੰਗ ਡੈਸਕ' ਦੀ ਵਰਤੋਂ।
ਬਲੱਡ ਸ਼ੂਗਰ 'ਚ 43 ਫੀਸਦੀ ਤੱਕ ਦੀ ਗਿਰਾਵਟ
ਮਾਹਿਰਾਂ ਅਨੁਸਾਰ, ਸ਼ੂਗਰ ਦੇ ਮਰੀਜ਼ਾਂ ਲਈ ਖਾਣੇ ਤੋਂ ਬਾਅਦ ਵਧਣ ਵਾਲਾ ਬਲੱਡ ਸ਼ੂਗਰ ਲੈਵਲ ਇਕ ਵੱਡੀ ਚੁਣੌਤੀ ਹੁੰਦਾ ਹੈ। ਖੋਜ 'ਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਦੁਪਹਿਰ ਦੇ ਖਾਣੇ ਤੋਂ ਬਾਅਦ ਲਗਾਤਾਰ ਬੈਠਣ ਦੀ ਬਜਾਏ ਤਿੰਨ ਘੰਟੇ ਖੜ੍ਹੇ ਹੋ ਕੇ ਕੰਮ ਕਰਦਾ ਹੈ, ਤਾਂ ਉਸ ਦੇ ਬਲੱਡ ਸ਼ੂਗਰ ਲੈਵਲ 'ਚ 43 ਫੀਸਦੀ ਤੱਕ ਦੀ ਕਮੀ ਦੇਖੀ ਜਾ ਸਕਦੀ ਹੈ। ਖੜ੍ਹੇ ਰਹਿਣ ਨਾਲ ਸਰੀਰ ਇੰਸੁਲਿਨ ਦੀ ਬਿਹਤਰ ਵਰਤੋਂ ਕਰ ਪਾਉਂਦਾ ਹੈ, ਜਿਸ ਨਾਲ ਸ਼ੂਗਰ ਸਥਿਰ ਰਹਿੰਦੀ ਹੈ ਅਤੇ ਦੁਪਹਿਰ ਵੇਲੇ ਹੋਣ ਵਾਲੀ ਸੁਸਤੀ ਜਾਂ ਚਿੜਚਿੜੇਪਨ ਤੋਂ ਵੀ ਛੁਟਕਾਰਾ ਮਿਲਦਾ ਹੈ।
ਦਰਦ ਤੋਂ ਰਾਹਤ ਅਤੇ ਮਾਨਸਿਕ ਚੁਸਤੀ
ਸਟੈਂਡਿੰਗ ਡੈਸਕ ਦੇ ਫਾਇਦੇ ਸਿਰਫ਼ ਸ਼ੂਗਰ ਤੱਕ ਹੀ ਸੀਮਤ ਨਹੀਂ ਹਨ। ਰਿਪੋਰਟ ਮੁਤਾਬਕ ਖੜ੍ਹੇ ਹੋ ਕੇ ਕੰਮ ਕਰਨ ਨਾਲ :-
- ਪਿੱਠ ਅਤੇ ਗਰਦਨ ਦੇ ਦਰਦ 'ਚ 54 ਫੀਸਦੀ ਤੱਕ ਦੀ ਕਮੀ ਆਉਂਦੀ ਹੈ।
- ਘਬਰਾਹਟ ਘੱਟ ਹੁੰਦੀ ਹੈ ਅਤੇ ਵਿਅਕਤੀ ਦਾ ਮੂਡ ਬਿਹਤਰ ਰਹਿੰਦਾ ਹੈ।
- ਇਸ ਨਾਲ ਦਿਮਾਗ ਜਾਣਕਾਰੀ ਨੂੰ ਵਧੇਰੇ ਤੇਜ਼ੀ ਨਾਲ ਪ੍ਰੋਸੈਸ ਕਰਨ ਦੇ ਯੋਗ ਹੁੰਦਾ ਹੈ।
ਕੀ ਹੈ 'ਸਟੈਂਡਿੰਗ ਡੈਸਕ' ਅਤੇ ਕਿਵੇਂ ਕਰੀਏ ਵਰਤੋਂ?
ਇਹ ਇਕ ਖਾਸ ਕਿਸਮ ਦਾ ਉੱਚਾ ਡੈਸਕ ਹੁੰਦਾ ਹੈ ਜਿਸ 'ਤੇ ਖੜ੍ਹੇ ਹੋ ਕੇ ਕੰਮ ਕੀਤਾ ਜਾ ਸਕਦਾ ਹੈ। ਮਾਹਰ ਇਸ ਲਈ '50/50 ਨਿਯਮ' ਅਪਣਾਉਣ ਦੀ ਸਲਾਹ ਦਿੰਦੇ ਹਨ, ਜਿਸ ਤਹਿਤ ਹਰ 30-40 ਮਿੰਟ ਬੈਠਣ ਤੋਂ ਬਾਅਦ 10 ਤੋਂ 20 ਮਿੰਟ ਖੜ੍ਹੇ ਹੋਣ ਦਾ ਅਭਿਆਸ ਕਰਨਾ ਚਾਹੀਦਾ ਹੈ।
ਵਰਤੋ ਇਹ ਸਾਵਧਾਨੀਆਂ :-
- ਕੰਮ ਕਰਦੇ ਸਮੇਂ ਸਕ੍ਰੀਨ ਅੱਖਾਂ ਦੇ ਬਰਾਬਰ ਹੋਵੇ ਅਤੇ ਕੂਹਣੀਆਂ 90 ਡਿਗਰੀ ਦੇ ਕੋਣ 'ਤੇ ਹੋਣ।
- ਨੰਗੇ ਪੈਰ ਜਾਂ ਹੀਲ ਪਹਿਨਣ ਦੀ ਬਜਾਏ ਆਰਾਮਦਾਇਕ ਜੁੱਤੇ ਪਹਿਨੋ।
- ਜੋੜਾਂ 'ਤੇ ਦਬਾਅ ਘਟਾਉਣ ਲਈ ਜ਼ਮੀਨ 'ਤੇ 'ਐਂਟੀ-ਫਟੀਗ ਮੈਟ' (ਨਰਮ ਚਟਾਈ) ਦੀ ਵਰਤੋਂ ਕਰੋ।
ਇਸ ਛੋਟੀ ਜਿਹੀ ਤਬਦੀਲੀ ਨਾਲ ਤੁਸੀਂ ਸ਼ੂਗਰ ਅਤੇ ਮੋਟਾਪੇ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ।
ਗਿੱਟੇ-ਗੋਡਿਆਂ ਦੇ ਦਰਦ ਤੇ ਕਮਜ਼ੋਰੀ ਨੂੰ ਜੜ੍ਹੋਂ ਖ਼ਤਮ ਕਰਨਗੇ ਇਹ ਦੇਸੀ ਫੂਡ ! ਅੱਜ ਹੀ ਡਾਈਟ 'ਚ ਕਰੋ ਸ਼ਾਮਲ
NEXT STORY