ਨਵੀਂ ਦਿੱਲੀ— ਹਾਰਮੋਨ ਅਸੰਤੁਲਨ ਇਕ ਅਜਿਹਾ ਸਾਈਲੈਂਟ ਕਿਲਰ ਹੈ, ਜੋ ਹੌਲੀ-ਹੌਲੀ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਇਸ ਅਸੰਤੁਲਨ ਦਾ ਪ੍ਰਭਾਵ ਭੁੱਖ, ਨੀਂਦ, ਸਵਾਦ, ਮੂਡ ਤੋਂ ਲੈ ਕੇ ਸੈਕਸ ਲਾਈਫ ਤੱਕ ਪੈਂਦਾ ਹੈ। ਜੇ ਅਸੀਂ ਸਿਹਤਮੰਦ ਰਹਿਣਾ ਚਾਹੁੰਦੇ ਹਾਂ ਤਾਂ ਇਸ ਦਾ ਸੰਤੁਲਨ ਵਿਚ ਰਹਿਣਾ ਬਹੁਤ ਜ਼ਰੂਰੀ ਹੈ। ਮਰਦਾਂ ਦੇ ਮੁਕਾਬਲੇ ਇਸ ਸਮੱਸਿਆ ਦਾ ਜ਼ਿਆਦਾ ਸ਼ਿਕਾਰ ਔਰਤਾਂ ਹੀ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ, ਗੁੱਸਾ ਅਤੇ ਥਕਾਵਟ ਆਮ ਦੇਖਣ ਨੂੰ ਮਿਲਦੀ ਹੈ। ਉਂਝ ਔਰਤਾਂ ਵਿਚ ਹਾਰਮੋਨ ਬਦਲਾਅ ਪ੍ਰੈਗਨੈਂਸੀ, ਮਾਹਵਾਰੀ ਅਤੇ ਮੋਨੋਪਾਜ ਦੇ ਸਮੇਂ ਆਉਂਦਾ ਹੈ ਪਰ ਲਗਾਤਾਰ ਕਿਸੇ ਦਵਾਈ ਦਾ ਸੇਵਨ ਵੀ ਇਸ ਵਿਚ ਅਸੰਤੁਲਨ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਹਾਰਮੋਨਲ ਪ੍ਰੇਸ਼ਾਨੀ ਆਉਣ ਦਾ ਵੱਡਾ ਕਾਰਨ ਖਾਣ-ਪੀਣ ਦਾ ਸਹੀ ਨਾ ਹੋਣਾ ਵੀ ਹੈ। ਹਾਰਮੋਨ ਦੀ ਗੜਬੜੀ ਦੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਸਰੀਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਅਸੀਂ ਤੁਹਾਨੂੰ ਔਰਤਾਂ ਦੇ ਸਰੀਰ ਵਿਚ ਹੋਣ ਵਾਲੇ ਹਾਰਮੋਨ ਇੰਬੈਲੇਂਸ ਦੇ ਕੁਝ ਲੱਛਣ ਦੱਸਦੇ ਹਾਂ, ਜਿਨ੍ਹਾਂ ਨੂੰ ਜ਼ਿਆਦਾਤਰ ਔਰਤਾਂ ਨਜ਼ਰ-ਅੰਦਾਜ਼ ਕਰ ਦਿੰਦੀਆਂ ਹਨ। ਜੇ ਤੁਹਾਨੂੰ ਵੀ ਅਜਿਹੇ ਲੱਛਣ ਸਰੀਰ ਵਿਚ ਦਿਖਾਈ ਦੇਣ ਤਾਂ ਤੁਰੰਤ ਚੈੱਕਅਪ ਕਰਵਾਓ।
1. ਨੀਂਦ ਨਾ ਆਉਣਾ
ਜੇ ਤੁਸੀਂ ਭਰਪੂਰ ਨੀਂਦ ਨਹੀਂ ਲੈ ਪਾ ਰਹੇ ਜਾਂ ਨੀਂਦ ਪੂਰੀ ਹੋਣ ਤੋਂ ਸੰਤੁਸ਼ਟ ਨਹੀਂ ਹੋ ਤਾਂ ਇਹ ਹਾਰਮੋਨ ਗੜਬੜੀ ਦਾ ਸੰਕੇਤ ਹੈ। ਪ੍ਰੋਜੈਸਟੇਰਾਨ ਹਾਰਮੋਨ ਦਾ ਪੱਧਰ ਆਮ ਤੋਂ ਘੱਟ ਹੋਣ 'ਤੇ ਨੀਂਦ ਨਹੀਂ ਆਉਂਦੀ ਅਤੇ ਐਸਟ੍ਰੋਜਨ ਦੀ ਕਮੀ ਨਾਲ ਰਾਤ ਨੂੰ ਪਸੀਨਾ ਆਉਂਦਾ ਹੈ, ਜਿਸ ਨਾਲ ਤੁਹਾਡੀ ਨੀਂਦ ਪ੍ਰਭਾਵਿਤ ਹੁੰਦੀ ਹੈ।
2. ਪੀਰੀਅਡਸ ਵਿਚ ਗੜਬੜੀ
ਜੇ ਲੰਮੇ ਸਮੇਂ ਤੋਂ ਪੀਰੀਅਡਸ ਸਹੀ ਸਮੇਂ 'ਤੇ ਨਹੀਂ ਆ ਰਹੇ ਤਾਂ ਇਹ ਹਾਰਮੋਨਸ ਦੇ ਅਸੰਤੁਲਨ ਹੋਣ ਦੇ ਹੀ ਸੰਕੇਤ ਹਨ। ਅਜਿਹਾ ਐਸਟ੍ਰੋਜਨ ਅਤੇ ਪ੍ਰੋਜੈਸਟੇਰਾਨ ਹਾਰਮੋਨਸ ਦੇ ਵੱਧ ਜਾਂ ਘੱਟ ਹੋਣ ਕਾਰਨ ਹੁੰਦਾ ਹੈ।
3. ਲਗਾਤਾਰ ਮੁਹਾਸੇ
ਜੇ ਤੁਹਾਡੇ ਚਿਹਰੇ 'ਤੇ ਲਗਾਤਾਰ ਮੁਹਾਸੇ ਹੋ ਰਹੇ ਹਨ ਅਤੇ ਠੀਕ ਹੋਣ ਦਾ ਨਾਂ ਨਹੀਂ ਲੈ ਰਹੇ ਤਾਂ ਇਹ ਵੀ ਹਾਰਮੋਨ ਅਸੰਤੁਲਨ ਦਾ ਹੀ ਸੰਕੇਤ ਹੈ।
4. ਥਕਾਵਟ
ਜੇ ਤੁਸੀਂ ਬਿਨਾਂ ਕਿਸੇ ਕੰਮ ਦੇ ਵੀ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਹ ਵੀ ਹਾਰਮੋਨਸ ਦੇ ਅਸੰਤੁਲਨ ਦਾ ਕਾਰਨ ਹੋ ਸਕਦਾ ਹੈ। ਅਜਿਹਾ ਪ੍ਰੋਜੈਸਟੇਰਾਨ ਦੇ ਵੱਧ ਹੋਣ ਕਰਕੇ ਹੁੰਦਾ ਹੈ, ਜਿਸ ਨਾਲ ਤੁਹਾਨੂੰ ਹਰ ਸਮੇਂ ਨੀਂਦ ਅਤੇ ਥਕਾਵਟ ਮਹਿਸੂਸ ਹੁੰਦੀ ਹੈ।
5. ਬਹੁਤ ਜ਼ਿਆਦਾ ਪਸੀਨਾ ਆਉਣਾ
ਹਾਰਮੋਨਸ ਸਾਡੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ ਪਰ ਜਦੋਂ ਇਨ੍ਹਾਂ ਵਿਚ ਗੜਬੜੀ ਆਉਂਦੀ ਹੈ ਤਾਂ ਬਾਡੀ ਟੈਂਪਰੇਚਰ ਵਿਚ ਵੀ ਬਦਲਾਅ ਦੇਖਣ ਨੂੰ ਮਿਲਦਾ ਹੈ। ਨਾਈਟ ਸਵੈਟਸ ਅਤੇ ਹੌਟ ਫਲੈਸ਼ੇਜ ਔਰਤਾਂ ਵਿਚ ਹਾਰਮੋਨਲ ਬਦਲਾਅ ਦੀ ਨਿਸ਼ਾਨੀ ਹੈ। ਅਚਾਨਕ ਰਾਤ ਨੂੰ ਤੇਜ਼ ਗਰਮੀ ਤੇ ਪਸੀਨਾ ਆਉਣਾ ਹਾਰਮੋਨ ਬਦਲਾਅ ਦਾ ਹੀ ਸੰਕੇਤ ਹੈ।
6. ਤੇਜ਼ੀ ਨਾਲ ਵਧਦਾ ਭਾਰ
ਜੇ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਤੁਹਾਡੇ ਵਲੋਂ ਕੋਸ਼ਿਸ਼ ਕਰਨ ਤੋਂ ਬਾਅਦ ਵੀ ਕੰਟਰੋਲ ਵਿਚ ਨਹੀਂ ਆ ਰਿਹਾ ਤਾਂ ਇਹ ਸੰਕੇਤ ਤੁਹਾਡੇ ਹਾਰਮੋਨ ਗੜਬੜੀ ਦਾ ਹੈ। ਜਦੋਂ ਸਰੀਰ ਵਿਚ ਇੰਸੁਲਿਨ ਅਤੇ ਮੈਟਾਬਾਲਿਜ਼ਮ ਦਾ ਪੱਧਰ ਵਿਗੜ ਜਾਂਦਾ ਹੈ ਤਾਂ ਇੰਟਰਨਲ ਆਰਗਨ ਚਰਬੀ ਨੂੰ ਘੱਟ ਕਰ ਸਕਣ ਵਿਚ ਅਸਮਰੱਥ ਹੋ ਜਾਂਦੇ ਹਨ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ।
7. ਤਣਾਅ ਅਤੇ ਚਿੰਤਾ
ਜੇ ਤੁਹਾਨੂੰ ਅਜਿਹਾ ਲੱਗਦਾ ਹੈ ਕਿ ਤੁਸੀਂ ਮਨ ਤੋਂ ਚੰਗਾ ਮਹਿਸੂਸ ਨਹੀਂ ਕਰਦੇ ਜਾਂ ਤਣਾਅ ਭਰਪੂਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਹਾਰਮੋਨਸ ਇੰਬੈਲੇਂਸ ਹੀ ਹੈ। ਸੁਭਾਅ ਵਿਚ ਬਦਲਾਅ ਹੋਣ ਦਾ ਕਾਰਨ ਵੀ ਹਾਰਮੋਨਸ ਅਸੰਤੁਲਨ ਹੀ ਹੈ। ਇਸ ਦੇ ਲਈ ਹੈਲਦੀ ਡਾਈਟ, ਐਕਸਰਸਾਈਜ਼, ਯੋਗ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।
8. ਜ਼ਿਆਦਾ ਭੁੱਖ ਲੱਗਣਾ
ਐਸਟ੍ਰੋਜਨ ਹਾਰਮੋਨ ਦੇ ਪੱਧਰ ਵਿਚ ਕਮੀ ਕਾਰਨ ਤੁਹਾਨੂੰ ਲੋੜ ਤੋਂ ਵੱਧ ਭੁੱਖ ਲੱਗਦੀ ਹੈ ਅਤੇ ਲੋੜ ਤੋਂ ਵੱਧ ਖਾਣਾ ਤੁਹਾਨੂੰ ਮੋਟਾਪੇ ਦਾ ਸ਼ਿਕਾਰ ਬਣਾਉਂਦਾ ਹੈ।
9. ਅਣਚਾਹੇ ਵਾਲ
ਚਿਹਰੇ ਜਾਂ ਸਰੀਰ ਦੇ ਹੋਰ ਹਿੱਸਿਆਂ (ਫੋਰਹੈੱਡ, ਹੱਥ-ਪੈਰ, ਅਪਰ ਲਿੱਪ, ਪੇਟ, ਛਾਤੀ) ਉੱਤੇ ਮੋਟੇ ਅਤੇ ਸਖਤ ਵਾਲੇ ਆਉਣਾ ਵੀ ਹਾਰਮੋਨਲ ਅਸੰਤੁਲਨ ਦਾ ਕਾਰਨ ਹੋ ਸਕਦਾ ਹੈ।
10. ਸੈਕਸ 'ਚ ਰੁਚੀ ਨਹੀਂ
ਹਾਰਮੋਨ ਗੜਬੜੀ ਕਾਰਨ ਲਵ ਲਾਈਫ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਇਹ ਸੈਕਸ ਦੀ ਇੱਛਾ ਨੂੰ ਖਤਮ ਕਰ ਦਿੰਦਾ ਹੈ। ਐਸਟ੍ਰੋਜਨ ਇਸ ਰੁਚੀ ਵਿਚ ਵਾਧਾ ਅਤੇ ਪ੍ਰੋਜੈਸਟੇਰਾਨ ਕਮੀ ਲਿਆਉਂਦਾ ਹੈ।
11. ਕਮਜ਼ੋਰ ਯਾਦਦਾਸ਼ਤ
ਜੇ ਤੁਸੀਂ ਵਾਰ-ਵਾਰ ਛੋਟੀਆਂ-ਛੋਟੀਆਂ ਗੱਲਾਂ ਭੁੱਲ ਜਾਂਦੇ ਹੋ ਜਾਂ ਰੋਜ਼ਾਨਾ ਦੀਆਂ ਚੀਜ਼ਾਂ ਯਾਦ ਨਹੀਂ ਰੱਖ ਪਾਉਂਦੇ ਤਾਂ ਇਹ ਤੁਹਾਡੇ ਸਰੀਰ ਵਿਚ ਹਾਰਮੋਨਲ ਅਸੰਤੁਲਨ ਨੂੰ ਜਨਮ ਦੇ ਸਕਦੀਆਂ ਹਨ।
12. ਪਾਚਣ ਸਮੱਸਿਆ
ਜੇ ਖਾਧਾ-ਪੀਤਾ ਚੰਗੀ ਤਰ੍ਹਾਂ ਪਚ ਨਹੀਂ ਰਿਹਾ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਲਗਾਤਾਰ ਤੁਹਾਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਤਾਂ ਇਸ ਦਾ ਕਾਰਨ ਵੀ ਹਾਰਮੋਨਲ ਉਤਾਰ-ਚੜ੍ਹਾਅ ਹੋ ਸਕਦਾ ਹੈ। ਅਜਿਹਾ ਸਟ੍ਰੈੱਸ ਕਾਰਨ ਹੁੰਦਾ ਹੈ, ਜਿਸ ਨਾਲ ਹਾਰਮੋਨ ਚੇਂਜ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਤੋਂ ਇਲਾਵਾ ਮਾਈਗ੍ਰੇਨ, ਸਿਰਦਰਦ, ਸਰੀਰ ਦਰਦ, ਕਈ ਮਾਨਸਿਕ ਸਮੱਸਿਆਵਾਂ ਵੀ ਹਾਰਮੋਨਸ ਵਿਚ ਬਦਲਾਅ ਕਾਰਨ ਹੀ ਹੁੰਦੀਆਂ ਹਨ।
13. ਪ੍ਰਾਈਵੇਟ ਪਾਰਟ ਡ੍ਰਾਈਨੈੱਸ
ਔਰਤਾਂ ਵਿਚ ਐਸਟ੍ਰੋਜਨ ਹਾਰਮੋਨਸ ਦਾ ਅਸੰਤੁਲਨ ਹੋਣ 'ਤੇ ਵੈਜਾਈਨਾ ਡ੍ਰਾਈਨੈੱਸ ਦੀ ਸਮੱਸਿਆ ਹੋਣ ਲੱਗਦੀ ਹੈ, ਜਿਸ ਨਾਲ ਇੰਟਰਕੋਰਸ ਤੋਂ ਬਾਅਦ ਪ੍ਰਾਈਵੇਟ ਪਾਰਟ ਵਿਚ ਖਾਰਿਸ਼, ਦਰਦ ਅਤੇ ਇਰੀਟੇਸ਼ਨ ਹੋਣ ਲੱਗਦੀ ਹੈ।
14. ਬੇਢੰਗਾ ਸਰੀਰ
ਹਾਰਮੋਨਲ ਗੜਬੜੀ ਤੁਹਾਡੇ ਗਠੀਲੇ ਸਰੀਰ ਅਤੇ ਮਸਲਸ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਸ ਨਾਲ ਮਸਲਸ ਕਾਫੀ ਕਮਜ਼ੋਰ ਹੋ ਜਾਂਦੇ ਹਨ। ਜੇ ਤੁਹਾਡਾ ਸਰੀਰ ਲਗਾਤਾਰ ਬੇਢੰਗਾ ਹੁੰਦਾ ਜਾ ਰਿਹਾ ਹੈ ਤਾਂ ਚੈੱਕਅਪ ਜ਼ਰੂਰ ਕਰਵਾਓ।
ਅਜਵਾਈਨ ਦਾ ਪਾਣੀ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ
NEXT STORY