ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਅਸ਼ੋਕ ਗੁਪਤਾ) : ਪੰਜਾਬ ਦੀ ਮਾਨ ਸਰਕਾਰ ਨੂੰ ਸੱਤਾ 'ਚ ਆਏ ਕਰੀਬ 6 ਮਹੀਨੇ ਦਾ ਸਮਾਂ ਹੋ ਗਿਆ ਹੈ ਪਰ ਇਸ ਸਰਕਾਰ ਨੇ ਅੱਜ ਤੱਕ ਨਾ ਤਾਂ ਪੰਜਾਬ ਦੇ ਵਿਕਾਸ ਵੱਲ ਧਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਠੋਸ ਰਣਨੀਤੀ ਉਲੀਕੀ ਹੈ, ਜਿਸ ਕਾਰਨ ਨੌਜਵਾਨਾਂ ਦਾ ਭਵਿੱਖ ਹਨੇਰੇ ਦੀ ਡੂੰਘਾਈ ਵਿੱਚ ਡੁੱਬਦਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਬਸਪਾ ਦੇ ਹਲਕਾ ਇੰਚਾਰਜ ਟਾਂਡਾ ਲਖਵਿੰਦਰ ਸਿੰਘ ਲੱਖੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਇਹ ਵੀ ਪੜ੍ਹੋ : ਇਕ ਹਫ਼ਤੇ ਬਾਅਦ ਟੇਰਕੀਆਣਾ ਨਹਿਰ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ
ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮ, ਕਿਸਾਨ ਅਤੇ ਗੈਰ-ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸਰਕਾਰ ਨੂੰ ਅਪੀਲਾਂ ਕਰ ਰਹੇ ਹਨ ਪਰ ਸਰਕਾਰ ਵੱਲੋਂ ਮੰਗਾਂ ਨਾ ਮੰਨਣ 'ਤੇ ਉਨ੍ਹਾਂ ਨੂੰ ਧਰਨੇ ਅਤੇ ਰੋਹ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦੇ ਸੌਦਾਗਰਾਂ ਦੀਆਂ ਗਤੀਵਿਧੀਆਂ ਪਹਿਲਾਂ ਨਾਲੋਂ ਵੱਧ ਗਈਆਂ ਹਨ ਅਤੇ ਮਾਈਨਿੰਗ ਮਾਫੀਆ ਦਾ ਜਾਲ ਇੰਨਾ ਫੈਲ ਗਿਆ ਹੈ ਕਿ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਕਾਰਨ ਪੰਜਾਬ ਨਾਲ ਲੱਗਦੀ ਸਰਹੱਦ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਵਿਕਾਸ ਕੰਮਾਂ 'ਚ ਤੇਜ਼ੀ ਲਿਆਉਣ ਸਬੰਧੀ ਵਿਧਾਇਕ ਕੋਟਲੀ ਨੇ ਸਰਪੰਚਾਂ ਨਾਲ ਕੀਤੀ ਮੁਲਾਕਾਤ
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ 'ਚੋਂ ਰਿਸ਼ਵਤਖੋਰੀ ਦਾ ਖਾਤਮਾ ਕੀਤਾ ਜਾਵੇਗਾ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜਦਕਿ ਹੁਣ 'ਆਪ' ਦੇ ਵੱਡੇ ਆਗੂਆਂ 'ਤੇ ਵੀ ਰਿਸ਼ਵਤਖੋਰੀ ਦੇ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ ਪਰ ਮਾਨ ਸਰਕਾਰ ਉਨ੍ਹਾਂ ਖਿਲਾਫ਼ ਕੋਈ ਢੁੱਕਵੀਂ ਕਾਰਵਾਈ ਨਹੀਂ ਕਰ ਰਹੀ। ਲਖਵਿੰਦਰ ਸਿੰਘ ਲੱਖੀ ਨੇ ਕਿਹਾ ਕਿ ਸਰਕਾਰ ਦੇ 6 ਮਹੀਨਿਆਂ ਦੇ ਕੰਮਾਂ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਦਾ 'ਆਪ' ਪਾਰਟੀ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਕਾਲੀ ਦਲ ਦੀ ਸਰਕਾਰ ਚੰਗੀ ਰਹੀ, ਜਿਸ ਦੌਰਾਨ ਪਿੰਡਾਂ ਦੀਆਂ ਲਿੰਕ ਸੜਕਾਂ ਨਵੀਆਂ ਬਣਾ ਕੇ ਉਨ੍ਹਾਂ ਨੂੰ ਕੌਮੀ ਮਾਰਗ ਨਾਲ ਜੋੜ ਦਿੱਤਾ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਮਾਨ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਲੋਕ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨੇ ਅਤੇ ਪ੍ਰਦਰਸ਼ਨਾਂ ਦਾ ਸਹਾਰਾ ਲੈ ਰਹੇ ਹਨ, ਜਿਸ ਲਈ ਸਰਕਾਰ ਵੱਲੋਂ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਇਸ ਮੌਕੇ ਰਮੇਸ਼ ਪਟਵਾਰੀ, ਜਗਤਾਰ ਤਾਰਾ, ਮੀਨਾ ਕੁਮਾਰੀ, ਜਗਦੀਸ਼ ਦਸ਼ਮੇਸ਼ ਨਗਰ, ਡਾ: ਬਲਵਿੰਦਰ ਮਰਵਾਹਾ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਇਕ ਹਫ਼ਤੇ ਬਾਅਦ ਟੇਰਕੀਆਣਾ ਨਹਿਰ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ
NEXT STORY