ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ ਦੇ ਸ਼ਹਿਰ ਕਾਵਾਸਾਕੀ 'ਚ ਇਕ ਸਿਰਫਿਰੇ ਵਿਅਕਤੀ ਨੇ ਸਕੂਲੀ ਬੱਚਿਆਂ ਸਮੇਤ 20 ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਦੀ ਮੌਤ ਹੋ ਗਈ ਤੇ ਬਾਕੀ 19 ਇਲਾਜ ਕਰਵਾ ਰਹੇ ਹਨ। ਹਾਲਾਂਕਿ ਮੀਡੀਆ ਦਾ ਕਹਿਣਾ ਹੈ ਕਿ ਜ਼ਖਮੀਆਂ 'ਚੋਂ ਇਕ ਬੱਚੇ ਤੇ ਇਕ ਬਾਲਗ ਨੇ ਦਮ ਤੋੜ ਦਿੱਤਾ ਹੈ ਪਰ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਹੋਈ। ਘਟਨਾ ਮੰਗਲਵਾਰ ਸਵੇਰੇ 7.45 ਵਜੇ ਵਾਪਰੀ।
ਤਾਜਾ ਜਾਣਕਾਰੀ ਮੁਤਾਬਕ ਜ਼ਖਮੀਆਂ 'ਚ 16 ਬੱਚੇ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਹਨ। ਅਧਿਕਾਰੀਆਂ ਨੇ ਦੱਸਿਆ ਕਿ 40-50 ਸਾਲਾ ਸ਼ੱਕੀ ਹਮਲਾਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਖੁਦ ਨੂੰ ਵੀ ਜ਼ਖਮੀ ਕੀਤਾ ਹੈ। ਪੁਲਸ ਮੁਤਾਬਕ ਹਮਲਾਵਰ ਨੇ ਹੋਰਾਂ 'ਤੇ ਹਮਲਾ ਕਰਕੇ ਆਪਣੇ ਮੋਢੇ ਅਤੇ ਗਰਦਨ 'ਤੇ ਚਾਕੂ ਮਾਰਿਆ ਤੇ ਬੇਹੋਸ਼ ਹੋ ਕੇ ਡਿੱਗ ਗਿਆ। ਪੁਲਸ ਨੇ ਘਟਨਾ ਵਾਲੇ ਸਥਾਨ ਤੋਂ ਦੋ ਚਾਕੂ ਬਰਾਮਦ ਕੀਤੇ ਹਨ। ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਜਾਪਾਨ 'ਚ ਬਹੁਤ ਘੱਟ ਅਪਰਾਧਕ ਮਾਮਲੇ ਦੇਖਣ ਨੂੰ ਮਿਲਦੇ ਹਨ ਪਰ ਪਿਛਲੇ ਕੁੱਝ ਸਾਲਾਂ 'ਚ ਅਪਰਾਧਾਂ 'ਚ ਵਾਧਾ ਹੋਇਆ ਹੈ। ਇੱਥੇ ਇੰਨੀ ਵੱਡੀ ਘਟਨਾ ਵਾਪਰਨ ਕਾਰਨ ਲੋਕਾਂ ਦੇ ਦਿਲਾਂ 'ਚ ਡਰ ਬੈਠ ਗਿਆ ਹੈ। 2016 'ਚ ਵੀ ਅਜਿਹੀ ਇਕ ਘਟਨਾ ਵਾਪਰੀ ਸੀ । ਉਸ ਸਮੇਂ ਇਕ ਵਿਅਕਤੀ ਨੇ 19 ਲੋਕਾਂ ਦਾ ਕਤਲ ਤੇ ਹੋਰ 20 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ 2008 ਅਤੇ 2001 'ਚ ਵੀ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਸਨ।
ਬ੍ਰਾਜ਼ੀਲ 'ਚ ਬਾਰ ਦੇ ਬਾਹਰ ਹੋਈ ਗੋਲੀਬਾਰੀ, 4 ਲੋਕਾਂ ਦੀ ਮੌਤ ਤੇ ਕਈ ਜ਼ਖਮੀ
NEXT STORY