ਰੋਮ— ਕੋਰੋਨਾ ਵਾਇਰਸ ਕਾਰਨ ਹੁਣ ਤਕ 70 ਤੋਂ ਵਧੇਰੇ ਦੇਸ਼ ਇਸ ਦੀ ਲਪੇਟ 'ਚ ਆ ਚੁੱਕੇ ਹਨ। ਇਕ ਅੰਦਾਜ਼ੇ ਮੁਤਾਬਕ ਕੋਰੋਨਾ ਵਾਇਰਸ ਕਾਰਨ 300 ਮਿਲੀਅਨ ਭਾਵ 30 ਕਰੋੜ ਵਿਦਿਆਰਥੀਆਂ ਨੂੰ ਸਕੂਲਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦੇ ਫੈਲਣ ਕਾਰਨ ਕਈ ਦੇਸ਼ਾਂ ਨੇ ਸਕੂਲ-ਕਾਲਜਾਂ ਨੂੰ ਬੰਦ ਕਰ ਦਿੱਤਾ ਹੈ।
ਕੋਰੋਨਾ ਵਾਇਰਸ ਕਾਰਨ ਹੁਣ ਤਕ 95,000 ਤੋਂ ਵਧੇਰੇ ਲੋਕ ਪੀੜਤ ਹੋਏ ਹਨ। ਦੁਨੀਆ ਭਰ 'ਚ ਇਸ ਜਾਨਲੇਵਾ ਵਾਇਰਸ ਕਾਰਨ 3200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤਕ ਸਭ ਤੋਂ ਵਧ ਮੌਤਾਂ ਚੀਨ 'ਚ ਹੋਈਆਂ ਹਨ। ਚੀਨ ਦੇ ਸੂਬੇ ਹੁਵੇਈ ਦੇ ਕਈ ਸ਼ਹਿਰਾਂ ਨੂੰ ਅਸਥਾਈ ਰੂਪ ਨਾਲ ਹੋਰ ਸ਼ਹਿਰਾਂ ਨਾਲੋਂ ਕੱਟ ਦਿੱਤਾ ਗਿਆ ਹੈ। ਕਈ ਸ਼ਹਿਰਾਂ 'ਚ ਕਾਰਖਾਨੇ ਅਤੇ ਸਕੂਲਾਂ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆਉਣ ਮਗਰੋਂ ਨੋਇਡਾ ਦੇ ਇਕ ਸਕੂਲ ਨੂੰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਜਦਕਿ ਇਕ ਹੋਰ ਸਕੂਲ 'ਚ 11 ਮਾਰਚ ਤਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ।
ਉੱਥੇ ਹੀ ਇਟਲੀ 'ਚ ਵੀ ਕੋਰੋਨਾ ਵਾਇਰਸ ਕਾਰਨ 3000 ਤੋਂ ਵਧੇਰੇ ਲੋਕ ਪੀੜਤ ਹਨ ਤੇ ਇੱਥੇ 107 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਲਈ ਇੱਥੇ ਸਾਰੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ 15 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਈਰਾਨ 'ਚ ਵੀ ਕਈ ਸਕੂਲ ਬੰਦ ਕੀਤੇ ਗਏ ਹਨ। ਆਸਟ੍ਰੇਲੀਆ ਨੇ ਚੀਨ ਦੇ ਲੋਕਾਂ ਦੇ ਦੇਸ਼ 'ਚ ਦਾਖਲ ਹੋਣ 'ਤੇ ਕੁਝ ਸਮੇਂ ਲਈ ਰੋਕ ਦਿੱਤਾ ਹੈ, ਇਸ ਕਾਰਨ ਚੀਨੀ ਵਿਦਿਆਰਥੀਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਹੈ। ਦੱਖਣੀ ਕੋਰੀਆ 'ਚ ਵੀ ਕਈ ਸਕੂਲ ਬੰਦ ਹੋਣ ਕਾਰਨ ਵਿਦਿਆਰਥੀ ਘਰਾਂ 'ਚ ਬੰਦ ਰਹਿਣ ਲਈ ਮਜਬੂਰ ਹਨ।
ਕੋਵਿਡ-19 ਦੇ ਡਰ ਕਾਰਨ ਸਾਊਦੀ ਨੇ 'ਉਮਰਾ' ਯਾਤਰਾ 'ਤੇ ਵੀ ਲਾਈ ਰੋਕ
NEXT STORY