ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਸ਼ਾਂਤੀ ਸਥਾਪਤ ਨਹੀਂ ਹੋਈ ਹੈ। ਰੂਸ ਨੇ ਯੂਕ੍ਰੇਨ ਦੇ ਕਈ ਸ਼ਹਿਰ ਤਬਾਹ ਕਰ ਦਿੱਤੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਰੂਸ ਦੇ ਲੜਾਕੂ ਜਹਾਜ਼ ਨੇ ਗ਼ਲਤੀ ਨਾਲ ਆਪਣੇ ਹੀ ਇਲਾਕੇ 'ਚ ਬੰਬ ਸੁੱਟ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਰੂਸ ਦੇ ਇੱਕ ਲੜਾਕੂ ਜਹਾਜ਼ ਨੇ ਗ਼ਲਤੀ ਨਾਲ ਯੂਕ੍ਰੇਨ ਨੇੜੇ ਆਪਣੇ ਹੀ ਬੇਲਗੋਰੋਡ ਸ਼ਹਿਰ ਵਿੱਚ ਹਥਿਆਰ ਦਾਗ ਦਿੱਤੇ। ਇਸ ਨਾਲ ਜ਼ਬਰਦਸਤ ਧਮਾਕਾ ਹੋਇਆ। ਇਸ ਕਾਰਨ ਕਈ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਜਦਕਿ ਕੁਝ ਲੋਕ ਜ਼ਖਮੀ ਵੀ ਹੋਏ ਹਨ।
ਰੂਸੀ ਰੱਖਿਆ ਮੰਤਰਾਲੇ ਮੁਤਾਬਕ ਵੀਰਵਾਰ ਦੇਰ ਰਾਤ ਬੇਲਗੋਰੋਡ 'ਚ ਇਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਧਮਾਕਾ ਕਿਸੇ ਹੋਰ ਨੇ ਨਹੀਂ, ਸਗੋਂ ਰੂਸੀ ਜਹਾਜ਼ਾਂ ਨੇ ਆਪਣੇ ਇਲਾਕੇ ਵਿੱਚ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਬੇਲਗੋਰੋਡ ਸ਼ਹਿਰ ਯੂਕ੍ਰੇਨ ਦੀ ਸਰਹੱਦ ਨੇੜੇ ਸਥਿਤ ਹੈ। ਦਰਅਸਲ ਇਸ ਰੂਸੀ ਲੜਾਕੂ ਜਹਾਜ਼ ਨੇ ਗ਼ਲਤੀ ਨਾਲ ਆਪਣੇ ਹੀ ਖੇਤਰ ਵਿੱਚ ਧਮਾਕਾ ਕਰ ਦਿੱਤਾ। ਏਜੰਸੀ ਮੁਤਾਬਕ ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰੂਸੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਸੁਖੋਈ SU-34 ਬੇਲਗੋਰੋਡ ਸ਼ਹਿਰ ਦੇ ਉੱਪਰ ਉੱਡ ਰਿਹਾ ਸੀ, ਜਦੋਂ ਗ਼ਲਤੀ ਨਾਲ ਜਹਾਜ਼ ਨੇ ਗੋਲਾ ਬਾਰੂਦ ਦਾਗ ਦਿੱਤਾ।
ਬੇਲਗੋਰੋਡ ਦੇ ਖੇਤਰੀ ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ 'ਤੇ 20 ਮੀਟਰ (65 ਫੁੱਟ) ਡੂੰਘਾ ਟੋਆ ਪੈ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਚਾਰ ਕਾਰਾਂ ਅਤੇ ਕਈ ਇਮਾਰਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਕੁਝ ਔਰਤਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਹ ਕੋਈ ਛੋਟੀ ਗ਼ਲਤੀ ਨਹੀਂ ਹੈ। ਆਪਣੇ ਹੀ ਇਲਾਕੇ ਵਿੱਚ ਬੰਬ ਕਿਵੇਂ ਸੁੱਟਿਆ ਜਾ ਸਕਦਾ ਹੈ? ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਮਲੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਸੜਕ ’ਤੇ ਕੰਕਰੀਟ ਦਾ ਢੇਰ ਲੱਗਿਆ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ। ਕਈ ਕਾਰਾਂ ਨੁਕਸਾਨੀਆਂ ਗਈਆਂ ਹਨ। ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਕਦੋਂ ਸ਼ੁਰੂ ਹੋਈ, ਕਿੰਨਾ ਨੁਕਸਾਨ ਹੋਇਆ?
ਦੋਵਾਂ ਦੇਸ਼ਾਂ ਵਿਚਾਲੇ 24 ਫਰਵਰੀ 2022 ਨੂੰ ਜੰਗ ਸ਼ੁਰੂ ਹੋਈ ਸੀ। ਦਸੰਬਰ 2022 ਤੱਕ ਰੂਸੀ ਹਮਲਿਆਂ ਵਿੱਚ ਯੂਕ੍ਰੇਨ ਦਾ 138 ਬਿਲੀਅਨ ਡਾਲਰ ਦਾ ਬੁਨਿਆਦੀ ਢਾਂਚਾ ਤਬਾਹ ਹੋ ਗਿਆ ਹੈ। ਭਾਰਤੀ ਮੁਦਰਾ ਵਿੱਚ ਇਹ ਰਕਮ 11 ਲੱਖ ਕਰੋੜ ਰੁਪਏ ਤੋਂ ਵੱਧ ਹੈ। ਕੀਵ ਸਕੂਲ ਆਫ ਇਕਨਾਮਿਕਸ ਮੁਤਾਬਕ ਦਸੰਬਰ 2022 ਤੱਕ ਰੂਸੀ ਹਮਲਿਆਂ ਵਿੱਚ 1,49,300 ਰਿਹਾਇਸ਼ੀ ਇਮਾਰਤਾਂ ਜਾਂ ਤਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ ਜਾਂ ਨੁਕਸਾਨੀਆਂ ਗਈਆਂ ਹਨ। ਤਿੰਨ ਹਜ਼ਾਰ ਤੋਂ ਵੱਧ ਵਿਦਿਅਕ ਅਦਾਰੇ ਤਬਾਹ ਹੋ ਚੁੱਕੇ ਹਨ। ਡੇਢ ਹਜ਼ਾਰ ਦੇ ਕਰੀਬ ਸੱਭਿਆਚਾਰ, ਖੇਡਾਂ ਅਤੇ ਧਾਰਮਿਕ ਸੰਸਥਾਵਾਂ ਦਾ ਨੁਕਸਾਨ ਹੋਇਆ ਹੈ। 1100 ਤੋਂ ਵੱਧ ਹਸਪਤਾਲ ਤਬਾਹ ਹੋ ਚੁੱਕੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ 'ਚ ਪਹਿਲਾਂ ਤੋਂ ਮੁਲਤਵੀ ਚੋਣਾਂ 205 ਦਿਨਾਂ ਬਾਅਦ ਵੀ ਹੋ ਸਕਦੀਆਂ ਹਨ: ਹੱਕ
NEXT STORY