ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ) : ਭਾਰਤ ਕਾਬੁਲ ਵਿਚ ਘਾਤਕ ਅੱਤਵਾਦੀ ਹਮਲਿਆਂ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਸੁਰੱਖਿਆ ਸਥਿਤੀ ਦਾ ਮੁਲਾਂਕਣ ਕਰਨ ਲਈ ਪ੍ਰਮੁੱਖ ਕੌਮਾਂਤਰੀ ਹਿੱਸੇਦਾਰਾਂ ਨਾਲ ਨਜ਼ਦੀਕੀ ਸੰਪਰਕ ’ਚ ਹੈ, ਜੋ ਆਈ. ਐੱਸ. ਆਈ. ਦੇ ਸਮਰਥਨ ਵਾਲੇ ਇਸਲਾਮਿਕ ਸਟੇਟ-ਖੋਰਾਸਨ ਜਾਂ ਆਈ. ਐੱਸ. ਕੇ. ਦੀ ਕਰਤੂਤ ਹੋ ਸਕਦੀ ਹੈ। ਘਟਨਾਚੱਕਰ ਤੋਂ ਜਾਣੂ ਲੋਕਾਂ ਅਨੁਸਾਰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਅੱਤਵਾਦੀ ਸਮੂਹ ਸਰਗਰਮ ਹੋ ਰਹੇ ਹਨ। ਆਈ. ਐੱਸ.-ਕੇ. ਇਸਲਾਮਿਕ ਸਟੇਟ ਸਮੂਹ ਦਾ ਖੇਤਰੀ ਸਹਿਯੋਗੀ ਹੈ। ਇਹ ਅਫ਼ਗਾਨਿਸਤਾਨ ਦੇ ਸਾਰੇ ਅੱਤਵਾਦੀ ਸੰਗਠਨਾਂ ਵਿਚ ਸਭ ਤੋਂ ਹਿੰਸਕ ਹੈ। ਮਾਮਲੇ ਦੇ ਜਾਣਕਾਰ ਕਹਿੰਦੇ ਹਨ ਕਿ ਭਾਰਤ ਵਿਚ ਪਾਕਿਸਤਾਨੀ ਆਈ. ਐੱਸ. ਆਈ. ਇਸ ਸੰਗਠਨ ਰਾਹੀਂ ਮਾਹੌਲ ਖ਼ਰਾਬ ਕਰ ਸਕਦੇ ਹਨ। ਇਸ ਸੰਗਠਨ ਦਾ ਹੱਕਾਨੀ ਨੈੱਟਵਰਕ ਨਾਲ ਵੀ ਮਜ਼ਬੂਤ ਰਿਸ਼ਤਾ ਹੈ। ਜਾਣਕਾਰਾਂ ਅਨੁਸਾਰ ਹੱਕਾਨੀ ਨੈੱਟਵਰਕ ਤਾਲਿਬਾਨੀ ਸਰਕਾਰ ਵਿਚ ਭਾਰਤ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਇਹ ਅਫ਼ਗਾਨਿਸਤਾਨ ਵਿਚ ਭਾਰਤ ਨੂੰ ਕਈ ਵਾਰ ਨਿਸ਼ਾਨਾ ਬਣਾ ਚੁੱਕਾ ਹੈ।
ਪਾਕਿ ਜਿਹਾਦੀਆਂ ਨੂੰ ਭਰਤੀ ਕਰਦਾ ਹੈ ਆਈ. ਐੱਸ.-ਕੇ.
ਆਈ. ਐੱਸ.-ਕੇ. ਦੀ ਸਥਾਪਨਾ ਜਨਵਰੀ 2015 ’ਚ ਇਰਾਕ ਤੇ ਸੀਰੀਆ ਵਿਚ ਆਈ. ਐੱਸ. ਦੀ ਤਾਕਤ ਦੇ ਸਿਖ਼ਰ ’ਤੇ ਕੀਤੀ ਗਈ ਸੀ। ਇਹ ਸੰਗਠਨ ਅਫ਼ਗਾਨੀ ਤੇ ਪਾਕਿਸਤਾਨੀ ਦੋਵਾਂ ਤਰ੍ਹਾਂ ਦੇ ਜਿਹਾਦੀਆਂ ਦੀ ਭਰਤੀ ਕਰਦਾ ਹੈ। ਆਈ. ਐੱਸ.-ਕੇ. ਤੇ ਪਾਕਿ ਦੇ ਸਮਰਥਨ ਵਾਲੇ ਹੱਕਾਨੀ ਨੈੱਟਵਰਕ ਦਰਮਿਆਨ ਮਜ਼ਬੂਤ ਰਿਸ਼ਤੇ ਹਨ, ਜੋ ਤਾਲਿਬਾਨ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਹੈ। ਹੁਣ ਕਾਬੁਲ ਵਿਚ ਸੁਰੱਖਿਆ ਦਾ ਮੁਖੀ ਖਲੀਲ ਹੱਕਾਨੀ ਹੈ। ਅਮਰੀਕਾ ਨੇ ਖਲੀਲ ਹੱਕਾਨੀ ਦੇ ਸਿਰ ’ਤੇ 50 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। 2019 ਤੇ 2021 ਦਰਮਿਆਨ ਹੋਏ ਕਈ ਵੱਡੇ ਹਮਲਿਆਂ ਵਿਚ ਉਸ ਦਾ ਹੱਥ ਸੀ।
ਇਹ ਵੀ ਪੜ੍ਹੋ: ਮਾਹਿਰਾਂ ਦੀ ਚਿਤਾਵਨੀ, ਤਾਲਿਬਾਨ ਦੀ ਦਹਿਸ਼ਤ 'ਚ ਅਫ਼ਗਾਨ ਔਰਤਾਂ ਦਾ ਭਵਿੱਖ ਅਸੁਰੱਖਿਅਤ
ਲੜਕੀਆਂ ਦੇ ਸਕੂਲ ਅਤੇ ਹਸਪਤਾਲ ਤਕ ਨਿਸ਼ਾਨੇ ’ਤੇ
ਪਿਛਲੇ ਕੁਝ ਸਾਲਾਂ ਦੌਰਾਨ ਹੋਏ ਸਭ ਤੋਂ ਜਾਨਲੇਵਾ ਹਮਲਿਆਂ ਲਈ ਇਸਲਾਮਿਕ ਸਟੇਟ ਦੀ ਖੁਰਾਸਾਨ ਸ਼ਾਖਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਦੇ ਨਿਸ਼ਾਨੇ ’ਤੇ ਲੜਕੀਆਂ ਦੇ ਸਕੂਲ, ਹਸਪਤਾਲ ਤੇ ਮੈਟਰਨਿਟੀ ਵਾਰਡ ਰਹੇ ਹਨ। ਮੈਟਰਨਿਟੀ ਵਾਰਡਾਂ ’ਤੇ ਹਮਲੇ ਵਿਚ ਇਸ ਦੇ ਲੜਾਕਿਆਂ ਨੇ ਗਰਭਵਤੀ ਔਰਤਾਂ ਤੇ ਨਰਸਾਂ ਨੂੰ ਗੋਲੀ ਮਾਰ ਦਿੱਤੀ ਸੀ। ਆਈ. ਐੱਸ.-ਕੇ. ਤਾਲਿਬਾਨ ਵਾਂਗ ਨਹੀਂ ਹੈ, ਜਿਸ ਨੇ ਆਪਣੀਆਂ ਹੱਦਾਂ ਅਫ਼ਗਾਨਿਸਤਾਨ ਤੱਕ ਸੀਮਿਤ ਰੱਖੀਆਂ ਹਨ।
ਪੂਰੀ ਦੁਨੀਆ ’ਚ ਅੱਤਵਾਦ ਫੈਲਾਉਣਾ ਹੈ ਆਈ. ਐੱਸ.-ਕੇ. ਦਾ ਮਕਸਦ
ਇਹ ਸੰਗਠਨ ਇਸਲਾਮਿਕ ਸਟੇਟ ਦੇ ਸੰਸਾਰਕ ਨੈੱਟਵਰਕ ਦਾ ਹਿੱਸਾ ਹੈ, ਜਿਸ ਦਾ ਮਕਸਦ ਪੱਛਮੀ, ਕੌਮਾਂਤਰੀ ਤੇ ਮਨੁੱਖਤਾਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਹੈ। ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਨੰਗਰਹਾਰ ’ਚ ‘ਆਈ. ਐੱਸ.-ਕੇ.’ ਦਾ ਟਿਕਾਣਾ ਹੈ। ਪਾਕਿਸਤਾਨ ਤੇ ਅਫ਼ਗਾਨਿਸਤਨ ਦਰਮਿਆਨ ਹੋਣ ਵਾਲੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਅਤੇ ਮਨੁੱਖੀ ਸਮਗਲਿੰਗ ਦੇ ਰਸਤੇ ਇਸ ਦੇ ਨੇੜਿਓਂ ਹੀ ਲੰਘਦੇ ਹਨ। ਇਕ ਵੇਲਾ ਸੀ ਜਦੋਂ ਇਸਲਾਮਿਕ ਸਟੇਟ ਕੋਲ ਲਗਭਗ 3 ਹਜ਼ਾਰ ਲੜਾਕੇ ਹੁੰਦੇ ਹਨ।
ਇਹ ਵੀ ਪੜ੍ਹੋ: ਨਿਕਾਰਾਗੁਆ ’ਚ ਮੂਲ ਨਿਵਾਸੀਆਂ ’ਤੇ ਹਮਲਾ, 12 ਨੂੰ ਕੁਹਾੜੀਆਂ ਨਾਲ ਵੱਢ ਕੇ ਦਰਖ਼ਤ ਨਾਲ ਲਟਕਾਇਆ
2008 ’ਚ ਧਮਾਕਿਆਂ ਨਾਲ 6 ਭਾਰਤੀਆਂ ਸਮੇਤ 58 ਵਿਅਕਤੀਆਂ ਦੀ ਹੋਈ ਸੀ ਮੌਤ
ਦੱਸਿਆ ਜਾਂਦਾ ਹੈ ਕਿ ਹੱਕਾਨੀ ਨੈੱਟਵਰਕ ਨੇ 7 ਜੁਲਾਈ 2008 ਨੂੰ ਕਾਬੁਲ ’ਚ ਸਥਿਤ ਭਾਰਤੀ ਅੰਬੈਸੀ ’ਤੇ ਹਮਲਾ ਕੀਤਾ ਸੀ। ਇਹ ਜਗ੍ਹਾ ਗ੍ਰਹਿ ਮੰਤਰਾਲਾ ਦੇ ਨੇੜੇ ਸੀ। ਇਸ ਲਈ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਅੱਤਵਾਦੀਆਂ ਨੇ ਸੁਰੱਖਿਆ ’ਚ ਸੰਨ੍ਹ ਲਾ ਕੇ ਕਾਰ ਧਮਾਕਾ ਕੀਤਾ ਸੀ, ਜਿਸ ਵਿਚ 6 ਭਾਰਤੀਆਂ ਸਮੇਤ 58 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦੋਂਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਇਕ ਹੋਰ ਹਮਲਾ 2009 ਵਿਚ ਕਾਬੁਲ ’ਚ ਸਥਿਤ ਅੰਬੈਸੀ ਵਿਚ ਹੋਇਆ। ਇਸ ਵਾਰ ਆਤਮਘਾਤੀ ਹਮਲੇ ’ਚ 17 ਵਿਅਕਤੀਆਂ ਦੀ ਮੌਤ ਹੋਈ ਅਤੇ 83 ਵਿਅਕਤੀ ਜ਼ਖਮੀ ਹੋਏ। ਕਿਹਾ ਜਾਂਦਾ ਹੈ ਕਿ ਇਹ ਹਮਲੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਹੁਕਮ ’ਤੇ ਕੀਤੇ ਗਏ ਸਨ। ਇਸ ਦੇ ਨਾਲ ਹੀ ਹੱਕਾਨੀ ਨੈੱਟਵਰਕ ਨੇ ਅਫ਼ਗਾਨਿਸਤਾਨ ਵਿਚ ਚੱਲ ਰਹੇ ਭਾਰਤ ਦੇ ਕਈ ਹੋਰ ਪ੍ਰਾਜੈਕਟਾਂ ਨੂੰ ਵੀ ਨਿਸ਼ਾਨਾ ਬਣਾਇਆ।
ਤਾਲਿਬਾਨੀਆਂ ’ਚ ਪਾਵਰਫੁੱਲ ਪਲੇਅਰ ਹੱਕਾਨੀ ਨੈੱਟਵਰਕ
ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਵੱਡੇ ਨੇਤਾਵਾਂ ਦੀਆਂ ਸਰਗਰਮੀਆਂ ’ਤੇ ਇਸ ਦੇ ਗੁਆਂਢੀ ਦੇਸ਼ਾਂ ਸਮੇਤ ਦੁਨੀਆ ਦੇ ਸਾਰੇ ਦੇਸ਼ਾਂ ਦੀ ਨਜ਼ਰ ਹੈ। ਤਾਲਿਬਾਨ ਨਵੀਂ ਇਸਲਾਮਿਕ ਸਰਕਾਰ ਬਣਾਉਣ ਦਾ ਖਾਕਾ ਤਿਆਰ ਕਰ ਰਿਹਾ ਹੈ। ਅੱਤਵਾਦੀ ਸੰਗਠਨ ਹੱਕਾਨੀ ਨੈੱਟਵਰਕ ਵੀ ਇਸ ਸਰਕਾਰ ਵਿਚ ਸ਼ਾਮਲ ਹੋ ਰਿਹਾ ਹੈ, ਜੋ ਉਸ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਸੰਗਠਨ ਨੇ ਕਈ ਘਾਤਕ ਹਮਲਿਆਂ ਨੂੰ ਅੰਜਾਮ ਦਿੱਤਾ ਹੈ, ਜਿਨ੍ਹਾਂ ਵਿਚ ਆਮ ਨਾਗਰਿਕਾਂ, ਸਰਕਾਰੀ ਅਧਿਕਾਰੀਆਂ ਤੇ ਵਿਦੇਸ਼ੀ ਫੌਜੀਆਂ ਦੀ ਮੌਤ ਹੋਈ। ਇਸ ਦੇ ਬਾਵਜੂਦ ਹੱਕਾਨੀ ਨੈੱਟਵਰਕ ਤਾਲਿਬਾਨੀ ਸਰਕਾਰ ਵਿਚ ਸਭ ਤੋਂ ਵੱਡਾ ਪਾਵਰਫੁੱਲ ਪਲੇਅਰ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿੱਖਿਆ ਮਾਹਿਰਾਂ ਨੇ ਅਫਗਾਨਿਸਤਾਨ ਦੀ ਸਿੱਖਿਆ ਪ੍ਰਣਾਲੀ ਵਿਕਸਿਤ ਕਰਨ ਦਾ ਦਿੱਤਾ ਸੱਦਾ
NEXT STORY