ਜਲੰਧਰ (ਵਿਸ਼ੇਸ਼)–ਐੱਸ. ਡੀ. ਕਾਲਜ ਰੋਡ ’ਤੇ ਧੜੱਲੇ ਨਾਲ ਹੋ ਰਹੇ ਕਥਿਤ ਨਾਜਾਇਜ਼ ਉਸਾਰੀ ਨੂੰ ਲੈ ਕੇ ਨਗਰ ਨਿਗਮ ਦੀ ਕਾਰਵਾਈ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਨਗਰ ਨਿਗਮ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦੇ ਬਾਵਜੂਦ ਉਸਾਰੀ ਦਾ ਕੰਮ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੌਕੇ 'ਤੇ ਲਗਾਤਾਰ ਨਿਰਮਾਣ ਸਮੱਗਰੀ ਪਹੁੰਚ ਰਹੀ ਹੈ ਅਤੇ ਇਮਾਰਤ ਦਾ ਕੰਮ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਸਾਹਮਣੇ ਆਇਆ ਸੀ ਕਿ ਐੱਸ. ਡੀ. ਕਾਲਜ ਰੋਡ 'ਤੇ ਇਕ ਹੀ ਪਲਾਟ ਦੇ ਤਿੰਨ ਹਿੱਸੇ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਇਕ ਹਿੱਸੇ ਵਿਚ ਨਿਯਮਾਂ ਨੂੰ ਤਾਕ 'ਤੇ ਰੱਖ ਕੇ ਉਸਾਰੀ ਕੀਤੇ ਜਾਣ ਦੀ ਸ਼ਿਕਾਇਤ ਸਾਹਮਣੇ ਆਈ ਸੀ। ਨਿਗਮ ਵੱਲੋਂ ਨੋਟਿਸ ਜਾਰੀ ਕਰਨ ਦੀ ਕਾਰਵਾਈ ਤਾਂ ਕੀਤੀ ਗਈ ਪਰ ਇਸ ਦੇ ਬਾਅਦ ਵੀ ਉਸਾਰੀ ਜਾਰੀ ਰਹਿਣ ਨਾਲ ਨਿਗਮ ਦੀ ਕਾਰਵਾਈ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਇਕ ਹੋਰ ਹੈਰਾਨ ਕਰਦਾ ਖ਼ੁਲਾਸਾ! ਮੁਲਜ਼ਮ ਨੇ ਬੱਸ ਸਟੈਂਡ 'ਤੇ...
ਨੋਟਿਸ ਸਿਰਫ਼ ਕਾਗਜ਼ਾਂ ਤਕ ਸੀਮਤ?
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਉਸਾਰੀ ਵਿਚ ਨਿਯਮਾਂ ਦਾ ਉਲੰਘਣ ਸਾਹਮਣੇ ਆਉਣ ’ਤੇ ਨਿਗਮ ਨੋਟਿਸ ਜਾਰੀ ਕਰਦਾ ਹੈ ਤਾਂ ਉਸ ਦੇ ਬਾਅਦ ਮੌਕੇ ’ਤੇ ਉਸਾਰੀ ਰੁਕਣੀ ਚਾਹੀਦੀ ਹੈ ਪਰ ਇਥੇ ਨੋਟਿਸ ਦੇ ਬਾਵਜੂਦ ਕੰਮ ਜਾਰੀ ਰਹਿਣਾ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਆਖਿਰ ਜ਼ਿੰਮੇਵਾਰ ਅਧਿਕਾਰੀਆਂ ਦੀ ਨਿਗਰਾਨੀ ਕਿਥੇ ਹੈ। ਲੋਕਾਂ ਦਾ ਦੋਸ਼ ਹੈ ਕਿ ਦਿਨ ਸਮੇਂ ਵੀ ਉਸਾਰੀ ਸਰਗਰਮੀਆਂ ਜਾਰੀ ਹਨ ਅਤੇ ਸੰਬੰਧਿਤ ਵਿਭਾਗ ਵੱਲੋਂ ਕੋਈ ਪ੍ਰਭਾਵੀ ਰੋਕ ਨਹੀਂ ਲਾਈ ਗਈ।
ਪਹਿਲਾਂ ਇਕ ਮੰਜ਼ਿਲ, ਹੁਣ ਵਧਦੀ ਗਈ ਉਸਾਰੀ
ਮਾਮਲੇ ਨਾਲ ਜੁੜੇ ਲੋਕਾਂ ਅਨੁਸਾਰ ਉਸਾਰੀ ਸ਼ੁਰੂ ਹੋਣ ਸਮੇਂ ਸਥਿਤੀ ਵੱਖ ਸੀ ਪਰ ਹੌਲੀ-ਹੌਲੀ ਇਮਾਰਤ ਦੀਆਂ ਮੰਜ਼ਿਲਾਂ ਵਧਦੀਆਂ ਗਈਆਂ। ਹੁਣ ਮੌਕੇ ’ਤੇ ਉਸਾਰੀ ਕਾਫੀ ਅੱਗੇ ਵਧ ਚੁੱਕੀ ਹੈ। ਅਜਿਹੇ ਵਿਚ ਸਵਾਲ ਇਹ ਵੀ ਹਨ ਕਿ ਜੇਕਰ ਉਸਾਰੀ ਨਿਯਮਾਂ ਦੇ ਉਲਟ ਸੀ ਤਾਂ ਸ਼ੁਰੂਆਤੀ ਪੱਧਰ ’ਤੇ ਹੀ ਇਸ ਨੂੰ ਕਿਉਂ ਨਹੀਂ ਰੋਕਿਆ ਗਿਆ। ਹੁਣ ਤਾਂ ਚੌਥੀ ਮੰਜ਼ਿਲ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਇੰਸਪੈਕਟਰ ਅਤੇ ਏ. ਟੀ. ਪੀ. ਦੀ ਭੂਮਿਕਾ ’ਤੇ ਫਿਰ ਸਵਾਲ
ਇਸ ਮਾਮਲੇ ਵਿਚ ਨਗਰ ਨਿਗਮ ਦੇ ਸੰਬੰਧਿਤ ਇੰਸਪੈਕਟਰ ਤੋਂ ਉਸ ਦਾ ਪੱਖ ਲੈਣ ਲਈ ਫੋਨ ਕੀਤਾ ਗਿਆ ਪਰ ਕੋਈ ਜਵਾਬ ਨਹੀਂ ਆਇਆ। ਇਲਾਕਾ ਏ. ਟੀ. ਪੀ. ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿਚ ਹੈ। ਨੋਟਿਸ ਜਾਰੀ ਕਰਨ ਦੇ ਬਾਅਦ ਉਸਾਰੀ ਬੰਦ ਕਰਵਾਉਣ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕਰਨ ਦੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੁੰਦੀ ਹੈ। ਇਸ ਦੇ ਬਾਵਜੂਦ ਜੇਕਰ ਉਸਾਰੀ ਜਾਰੀ ਰਹਿੰਦੀ ਹੈ ਤਾਂ ਇਹ ਮਹਿਜ਼ ਨੋਟਿਸ ਜਾਰੀ ਕਰਨ ਦੀ ਕਾਰਵਾਈ ਤਕ ਸੀਮਤ ਰਹਿਣ ਦਾ ਮਾਮਲਾ ਨਜ਼ਰ ਆਉਂਦਾ ਹੈ।
ਹੋ ਗਈ ਉੱਚ ਪੱਧਰ ’ਤੇ ਸ਼ਿਕਾਇਤ
ਪਤਾ ਲੱਗਾ ਹੈ ਕਿ ਮਾਮਲੇ ਦੀ ਇਕ ਸ਼ਿਕਾਇਤ ਲੋਕਪਾਲ ਅਤੇ ਸੀ. ਐੱਮ. ਪੋਰਟਲ ’ਤੇ ਵੀ ਦਰਜ ਕੀਤੀ ਗਈ ਹੈ, ਜਿਸ ਦੇ ਬਾਅਦ ਇਸ ਨਾਜਾਇਜ਼ ਉਸਾਰੀ ਵਿਚ ਸ਼ਾਮਲ ਅਫਸਰਾਂ ’ਤੇ ਗਾਜ ਡਿੱਗਣੀ ਤੈਅ ਹੈ। ਇਹ ਵੀ ਸਾਫ ਹੋ ਜਾਵੇਗਾ ਕਿ ਇਸ ਪੂਰੇ ਨਾਜਾਇਜ਼ ਕੰਮ ਦੇ ਪਿੱਛੇ ਕਿਸ ਦੀ ਸ਼ਹਿ ਹੈ? ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਇਸ ਮਾਮਲੇ ਵਿਚ ਸਿਰਫ ਨੋਟਿਸ ਜਾਰੀ ਕਰਨ ਤਕ ਸੀਮਤ ਰਹਿੰਦਾ ਹੈ ਜਾਂ ਮੌਕੇ ’ਤੇ ਚੱਲ ਰਹੀ ਉਸਾਰੀ ਨੂੰ ਅਸਲ ਵਿਚ ਰੁਕਵਾ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਦਾ ਹੈ ਕਿਉਂਕਿ ਜੇਕਰ ਕਿਸੇ ਗਰੀਬ ਵਿਅਕਤੀ ਦਾ ਛੋਟਾ ਜਿਹਾ ਘਰ ਬਣ ਰਿਹਾ ਹੁੰਦਾ ਤਾਂ ਇਹ ਕਦੋਂ ਦਾ ਸੀਲ ਹੋ ਗਿਆ ਹੁੰਦਾ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਲਸ ਨੇ ਨਸ਼ਾ ਕਰਦੇ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ
NEXT STORY